ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤੀ ਸਮੇਂ ਦੀ ਲੋੜ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਮੁੱਖ ਅਧਿਆਪਕ ਜਥੇਬੰਦੀ

 ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤੀ ਸਮੇਂ ਦੀ ਲੋੜ।

       ਪ੍ਰਾਇਮਰੀ ਸਕੂਲਾਂ ਵਿੱਚ ਤਿੰਨ ਸਾਲ ਦਾ ਵਿਦਿਆਰਥੀ ਪ੍ਰੀ -ਪ੍ਰਾਇਮਰੀ ਕਲਾਸਾਂ ਵਿਚ ਦਾਖਲ ਹੋ ਜਾਂਦਾ ਹੈ। ਪ੍ਰਾਇਮਰੀ ਸਿੱਖਿਆ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਪ੍ਰੀ ਪ੍ਰਾਇਮਰੀ ਤੋਂ ਦੂਸਰੀ ਕਲਾਸ ਅਤੇ ਤੀਸਰੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਵੰਡਿਆ ਗਿਆ ਹੈ ਤਿੰਨ ਸਾਲਾ ਬੱਚਾ ਜਦੋਂ ਪ੍ਰੀ ਪ੍ਰਾਇਮਰੀ ਸਕੂਲ ਵੀ ਦਾਖ਼ਲ ਹੁੰਦਾ ਹੈ ਤਾਂ ਉਹ ਸ਼ਬਦੀ ਗਿਆਨ ਤੋਂ ਬਿਲਕੁਲ ਕੋਰਾ ਹੁੰਦਾ ਹੈੱ।ਅੱਖਰਾਂ ਦੀ ਬਣਤਰ ,ਅੱਖਰਾਂ ਦਾ ਗਿਆਨ, ਗਿਣਤੀ, ਅੰਗਰੇਜ਼ੀ ਦੇ ਅਲਫਾਬੇਟ ਉਹ ਮੁੱਢਲੀਆਂ ਕਲਾਸਾਂ ਵਿੱਚ ਪੜ੍ਹਨਾ ਅਤੇ ਲਿਖਣਾ ਸਿੱਖਦਾ ਹੈ। ਜਿਹੜਾ ਇੱਕ ਬਹੁਤ ਹੀ ਔਖਾ ਕਾਰਜ ਹੁੰਦਾ ਹੈ। ਘਰ ਦੇ ਮਾਹੌਲ ਤੋਂ ਬੱਚਾ ਜਦੋਂ ਸਕੂਲੀ ਮਾਹੌਲ ਵਿਚ ਢਲਦਾ ਹੈ ਤਾਂ ਉਹ ਕਈ- ਕਈ ਦਿਨ ਰੋਣਾ ਬੰਦ ਨਹੀਂ ਕਰਦਾ ਅਤੇ ਉਸ ਨੂੰ ਆਪਣੇ ਸਹਿਪਾਠੀਆਂ ਵਿੱਚੋਂ ਮਿੱਤਰ ਬਣਾਉਣ ਤੇ ਵੀ ਕਾਫ਼ੀ ਜ਼ਿਆਦਾ ਸਮਾਂ ਲੱਗਦਾ ਹੈ ।ਬੱਚੇ ਦਾ ਸਕੂਲੀ ਸਿੱਖਿਆ ਵਿੱਚ ਦਿਲ ਲਗਵਾਉਣ ਲਈ ਪ੍ਰੀ ਪ੍ਰਾਇਮਰੀ ਵਿਚ ਸ਼ਾਨਦਾਰ ਝੂਲੇ, ਬੱਚਿਆਂ ਦੇ ਪੈਣ ਲਈ ਗੱਦੇ, ਹਵਾਦਾਰ ਕਮਰੇ,ਖੇਡਾਂ ਦਾ ਸਾਮਾਨ,ਖਿਡਾਉਣੇ ਅਤੇ ਮਾਪਿਆਂ ਵਰਗੇ ਅਧਿਆਪਕਾਂ ਦਾ ਹੋਣਾ ਬੜਾ ਲਾਜ਼ਮੀ ਤੇ ਅਹਿਮ ਹੈ।



          ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਵਧੀਆ ਸਿੱਖਿਆ ਗ੍ਰਹਿਣ ਕਰਨ ਤਾਂ ਉਨ੍ਹਾਂ ਲਈ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਕਲਾਸਾਂ ਦੀ ਸਿੱਖਿਆ ਬਹੁਤ ਅਹਿਮ ਸਥਾਨ ਰੱਖਦੀ ਹੈ। ਵਿਦਿਆਰਥੀਆਂ ਨੇ ਸਿੱਖਣ ਦੀਆਂ ਸਾਰੀਆਂ ਗਤੀਵਿਧੀਆਂ ਲਗਪਗ ਪ੍ਰਾਇਮਰੀ ਸਕੂਲ ਵਿੱਚ ਸਿੱਖ ਲੈਣੀਆਂ ਹੁੰਦੀਆਂ ਹਨ।ਪੜ੍ਹਨਾ, ਲਿਖਣਾ, ਖੇਡਣਾ, ਉਠਣਾ ,ਬੈਠਣਾ ਅਤੇ ਵੱਖ- ਵੱਖ ਗਤੀਵਿਧੀਆਂ ਪ੍ਰਾਇਮਰੀ ਸਿੱਖਿਆ ਦਾ ਇੱਕ ਅਹਿਮ ਹਿੱਸਾ ਹਨ। ਪੰਜਾਬੀ, ਅੰਗਰੇਜ਼ੀ, ਹਿੰਦੀ ਤਿੰਨੇ ਭਾਸ਼ਾਵਾਂ ਦੀ ਜਾਣਕਾਰੀ ਪ੍ਰਾਇਮਰੀ ਕਲਾਸਾਂ ਵਿਚ ਸਿਖਾਈ ਜਾਂਦੀ ਹੈ। ਗਣਿਤ ,ਵਾਤਾਵਰਨ ,ਸੁਆਗਤ ਜ਼ਿੰਦਗੀ ਜਿਹੇ ਵੱਖ- ਵੱਖ ਵਿਸ਼ਿਆਂ ਦਾ ਗਿਆਨ ਵੀ ਵਿਦਿਆਰਥੀ ਪ੍ਰਾਇਮਰੀ ਸਕੂਲਾਂ ਵਿੱਚ ਹੀ ਸਿੱਖ ਜਾਂਦਾ ਹੈ । ਅਜੋਕੇ ਸਮੇਂ ਦੀ ਸਭ ਤੋਂ ਪਹਿਲੀ ਮੰਗ ਹੈ ਪ੍ਰਾਇਮਰੀ ਸਿੱਖਿਆ ਵੱਲ ਸਾਰਾ ਧਿਆਨ ਕੇਂਦਰਤ ਕਰਨਾ। ਵੱਖ- ਵੱਖ ਵਿਕਸਤ ਦੇਸ਼ਾਂ ਨੇ ਪ੍ਰਾਇਮਰੀ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾ ਕੇ ਖੇਡਾਂ ਸਮੇਤ ਵੱਖ -ਵੱਖ ਖੇਤਰਾਂ ਵਿੱਚ ਅਹਿਮ ਮੱਲਾਂ ਮਾਰੀਆਂ ਹਨ।

        ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਅਧਿਆਪਕਾਂ ਤੋਂ ਸੁਝਾਅ ਮੰਗੇ ਹਨ ਕਿ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਲਈ ਕਿੰਨਾ ਕਿੰਨਾ ਖੇਤਰਾਂ, ਕਿੰਨਾ- ਕਿੰਨਾ ਚੀਜ਼ਾਂ ਤੇ ਵੱਧ ਫੋਕਸ ਕਰਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਤਾਂ ਜੇਕਰ ਅਸੀਂ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣਾ ਚਾਹੁੰਦੇ ਹਾਂ ਤਾਂ ਪ੍ਰਾਇਮਰੀ ਸਿੱਖਿਆ ਨੂੰ ਵਜ਼ਨਦਾਰ ਬਣਾਉਣਾ ਪਵੇਗਾ। ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿਚ ਸਭ ਤੋਂ ਪਹਿਲਾਂ ਤਾਂ ਸਫ਼ਾਈ ਲਈ ਸਫ਼ਾਈ ਸੇਵਕਾਂ ਦੀ ਭਰਤੀ ਬਹੁਤ ਅਹਿਮ ਤੇ ਜ਼ਰੂਰੀ ਗੱਲ ਹੈ। ਉਸ ਤੋਂ ਬਾਅਦ ਪੰਜਾਬ ਭਰ ਦੇ 

ਸਕੂਲਾਂ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰਨਾ ਬਹੁਤ ਅਹਿਮ ਹੈ ਕਿਉਂਕਿ ਜੇਕਰ ਬੱਚਿਆਂ ਕੋਲ ਅਧਿਆਪਕ ਹੋਵੇਗਾ ਤਾਂ ਹੀ ਅਸੀਂ ਇਕ ਚੰਗੇ ਭਵਿੱਖ ਦੀ ਕਾਮਨਾ ਕਰ ਸਕਦੇ ਹਾਂ। ਪਿਛਲੀ ਸਰਕਾਰ ਸਮੇ ਪ੍ਰਾਇਮਰੀ ਕਾਡਰ ਦੀਆਂ ਜਿੰਨੀਆਂ ਵੀ ਭਰਤੀਆਂ ਆਈਆਂ ਜਾਂ ਤਾਂ ਉਹ ਅਦਾਲਤ ਵੱਲੋਂ ਖਾਰਜ ਕਰ ਦਿੱਤੀਆਂ ਗਈਆਂ ਜਾਂ ਅਜੇ ਅਦਾਲਤਾਂ ਵਿਚ ਪੈਂਡਿੰਗ ਚੱਲ ਰਹੀਆਂ ਹਨ। ਜੇਕਰ ਵੇਖਿਆ ਜਾਵੇ ਤਾਂ ਪਿਛਲੇ 5 ਸਾਲ ਤੋਂ ਪ੍ਰਾਇਮਰੀ ਕਾਡਰ ਵਿਚ ਇਕ ਵੀ ਅਧਿਆਪਕ ਦੀ ਭਰਤੀ ਨਹੀਂ ਕੀਤੀ ਗਈ ਜਦੋਂ ਕਿ ਪ੍ਰਾਇਮਰੀ ਸਕੂਲਾਂ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਦਾਖਲਾ ਗਿਣਤੀ ਵਿੱਚ ਵਾਧਾ ਹੋਇਆ ਹੈ। 2364 ਪ੍ਰਾਇਮਰੀ ਅਧਿਆਪਕਾਂ ਅਤੇ 8393 ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਭਰਤੀਆ ਅਦਾਲਤ ਨੇ ਖਾਰਜ ਕਰ ਦਿੱਤੀਆਂ ਹਨ ਅਤੈ 6635 ਅਧਿਆਪਕਾਂ ਦੀ ਭਰਤੀ ਉੱਪਰ ਸਟੇਅ ਹੋਣ ਕਾਰਣ ਅਦਾਲਤ ਵਿੱਚ ਵਿਚਾਰ ਅਧੀਨ ਹੈ।5994 ਅਧਿਆਪਕਾਂ ਦੀ ਭਰਤੀ ਲਈ ਅਜੇ ਇਸਤਿਹਾਰ ਜਾਰੀ ਹੋਣਾ ਹੈ।ਇਨ੍ਹਾਂ ਅਧਿਆਪਕਾਂ ਦੀਆਂ ਭਰਤੀਆਂ ਪੂਰੀਆਂ ਹੋਣ ਤੋਂ ਬਾਅਦ ਹੀ ਪ੍ਰਾਇਮਰੀ ਸਿੱਖਿਆ ਦਾ ਭਵਿੱਖ ਉਜਾਲੇ ਵਿੱਚ ਹੋਵੇਗਾ।

       ਪ੍ਰੀ ਪ੍ਰਾਇਮਰੀ ਸਿੱਖਿਆ ਪ੍ਰਾਇਮਰੀ ਖੇਤਰ ਦਾ ਅਹਿਮ ਅੰਗ ਹੈ ਇਸ ਲਈ ਹਰੇਕ ਪ੍ਰਾਇਮਰੀ ਸਕੂਲ ਵਿਚ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਲਈ ਵੱਖਰੇ ਸ਼ਾਨਦਾਰ ਕਮਰੇ, ਉਨ੍ਹਾਂ ਲਈ ਟਰੇਂਡ ਅਧਿਆਪਕ,ਉਨ੍ਹਾਂ ਵਿਦਿਆਰਥੀਆਂ ਲਈ ਵਰਦੀਆਂ ਕਿਤਾਬਾਂ ਅਤੇ ਮਿਡ ਡੇ ਮੀਲ ਦਾ ਪ੍ਰਬੰਧ ਕਰਨਾ ਸਮੇਂ ਦੀ ਅਹਿਮ ਜ਼ਰੂਰਤ ਹੈ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਡਾਈਪਰ ਤੋਂ ਲੈ ਕੇ ਹੋਰ ਮੁੱਢਲੀਆਂ ਸਹੂਲਤਾਂ ਵੀ ਸਮੇਂ ਅਨੁਸਾਰ ਉਮੰਗ ਕਰਦੀਆਂ ਹਨ ਤੇ ਜੇਕਰ ਅਸੀਂ ਨੰਨ੍ਹੇ ਮੁੰਨੇ ਬੱਚਿਆਂ ਨੂੰ ਸਕੂਲੀ ਸਿੱਖਿਆ ਨਾਲ ਜੋੜਨਾ ਹੈ ਤਾਂ ਸਾਨੂੰ ਉਨ੍ਹਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਦਿਆਂ ਬਜਟ ਵਿੱਚ ਪ੍ਰਾਇਮਰੀ ਸਿੱਖਿਆ ਲਈ ਵਿਸੇਸ ਪੈਕਜ ਦੇ ਕੇ ਪ੍ਰਾਇਮਰੀ ਸਿੱਖਿਆ ਨੂੰ ਪ੍ਰਭਾਵਸਾਲੀ ਬਣਾਉਣਾ ਪਵੇਗਾ।

        ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਸਟੇਟਾਂ ,ਗੁਆਂਢੀ ਦੇਸ਼ਾਂ ਦੀ ਪ੍ਰਾਇਮਰੀ ਸਿੱਖਿਆ ਸਬੰਧੀ ਵੀ ਜਾਣਕਾਰੀ ਸਮੇਂ ਦੀ ਜਰੂਰਤ ਹੈ।ਅਧਿਆਪਕਾਂ ਨੂੰ ਗ਼ੈਰ ਵਿੱਦਿਅਕ ਕੰਮਾਂ ਤੋਂ ਹਟਾ ਕੇ ਸਿਰਫ਼ ਤੇ ਸਿਰਫ਼ ਪੜ੍ਹਾਈ ਤਕ ਹੀ ਕੇਂਦਰਿਤ ਰੱਖਣਾ ਪ੍ਰਾਇਮਰੀ ਸਿੱਖਿਆ ਨੂੰ ਹੋਰ ਪ੍ਰਭਾਵਸਾਲੀ ਬਣਾਵੇਗਾ।ਅੱਜ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਿੱਖਿਆ ਦਾ ਢਾਂਚਾ ਪੰਜਾਬ ਵਿਚ ਬਿਹਤਰ ਬਣੇ ਤਾਂ ਸਾਨੂੰ ਪਹਿਲਾਂ ਪ੍ਰਾਇਮਰੀ ਸਿੱਖਿਆ ਨੂੰ ਬਿਹਤਰ ਬਣਾਉਣਾ ਪਵੇਗਾ।

       ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ।

9876074055

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends