ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ
ਮਿਸ਼ਨ ਫਤਿਹ 2.0 ਨੂੰ ਪਿੰਡਾਂ ‘ਚ ਸੁਚਾਰੂ ਢੰਗ ਨਾਲ ਲਾਗੂ
ਕੀਤਾ ਜਾਵੇਗਾ-ਲਤੀਫ਼ ਅਹਿਮਦ
*ਸਰਪੰਚਾਂ, ਪੰਚਾਂ ਅਤੇ ਆਂਗਣਵਾੜੀ ਵਰਕਰਾਂ ਨੰੂ ਸਿਹਤ ਕਾਮਿਆਂ ਨਾਲ ਸਹਿਯੋਗ ਕਰਨ ਦੀ ਅਪੀਲ
ਧੂਰੀ/ ਮਲੇਰਕੋਟਲਾ 21ਮਈ:
ਮਿਸ਼ਨ ਫਤਿਹ 2.0 ਨੂੰ ਪਿੰਡਾਂ ਵਿੱਚ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਧੂਰੀ ਦੇ ਸਬ ਡਵੀਜ਼ਨਲ ਮੈਜਿਸਟ੍ਰੇਟ ਲਤੀਫ ਅਹਿਮਦ ਵੱਲੋਂ ਸਿਹਤ ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾ ਸਮੇਤ ਫਤਹਿਗੜ੍ਹ ਪੰਜਗਰਾਈਆਂ ਅਤੇ ਗੁਰਬਖਸ਼ਪੁਰਾ ਪਿੰੰਡਾਂ ਦਾ ਦੌਰਾ ਕੀਤਾ ਗਿਆ।
ਐਸ ਡੀ ਐਮ ਲਤੀਫ਼ ਅਹਿਮਦ ਵੱਲੋਂ ਪਿੰਡਾਂ ਦੇ ਸਰਪੰਚਾਂ, ਪੰਚਾਇਤ ਮੈਂਬਰਾਂ, ਆਂਗਣਵਾੜੀ ਵਰਕਰ ਅਤੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਸਿਹਤ ਕਾਮਿਆਂ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਸਮੂਹਿਕ ਸ਼ਮੂਲੀਅਤ ਨਾਲ ਕੋਰੋਨਾਵਾਇਰਸ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਿਸ਼ਨ ਫਤਿਹ 2.0 ਤਹਿਤ ਹਰ ਪਿੰਡ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਘਰ- ਘਰ ਜਾ ਕੇ ਕੋਵਿਡ 19 ਦੇ ਲੱਛਣਾਂ ਬਾਰੇ ਸਰਵੇ ਕਰਨਗੀਆਂ ਅਤੇ ਲੋਕਾਂ ਨੂੰ ਕੋਵਿਡ 19 ਦੇ ਲੱਛਣ ਨਜ਼ਰ ਆਉਣ ’ਤੇ ਕੋਵਿਡ ਟੈਸਟ ਕੀਤੇ ਜਾਣਗੇ।
ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬਲਾਕ ਵਿੱਚ ਰੋਜਾਨਾ ਕੋਵਿਡ 19 ਦੇ ਸੈਂਪਲ ਲਏ ਜਾ ਰਹੇ ਹਨ ਅਤੇ ਨਾਲੋ ਨਾਲ ਕੋਵਿਡ ਦੇ ਮਰੀਜਾਂ ਦੀ ਰੋਜਾਨਾ ਜਾਂਚ ਵਿਭਾਗ ਦੇ ਅਣਥੱਕ ਸਿਹਤ ਕਾਮਿਆਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਬਲਾਕ ਪ੍ਰਸਾਰ ਸਿੱਖਿਅਕ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਜਿਹੜੇ ਇਲਾਕਿਆਂ ਵਿੱਚ ਕੋਵਿਡ ਦੇ ਮਰੀਜ ਵਧੇਰੇ ਹਨ, ਉਹਨਾਂ ਨੂੰ ਕੰਟੋਨਮੈਂਟ ਖੇਤਰ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਇਹਨਾਂ ਖੇਤਰਾਂ ਵਿੱਚ ਵਿਸ਼ੇਸ਼ ਰੂਪ ਵਿੱਚ ਕੋਵਿਡ ਸਾਵਧਾਨੀਆਂ ਰੱਖਣ ਲਈ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਾ ਸ਼ਗੁਫਤਾ, ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਸਤਿੰਦਰ ਸਿੰਘ, ਹਰਭਜਨ ਸਿੰਘ, ਸਿਹਤ ਸੁਪਰਵਾਈਜ਼ਰ ਕਮਲਜੀਤ ਕੌਰ, ਬਹੁ-ਮੰਤਵੀ ਸਿਹਤ ਕਾਮੇ ਰਾਜੇਸ਼ ਰਿਖੀ, ਦਲੀਪ ਸਿੰਘ, ਗੁਰਮੀਤ ਕੌਰ, ਮਲਕੀਤ ਸਿੰਘ, ਗੈਂਗਮੈਨ ਸਿਕੰਦਰ ਸਿੰਘ, ਵਾਰਡ ਅਟੈਂਡੈਂਟ ਬੰਭੂਲ ਦੇ ਨਾਲ ਨਾਲ ਪਿੰਡਾਂ ਦੇ ਸਰਪੰਚ ਸਾਹਿਬਾਨ, ਪੰਚਾਇਤ ਮੈਂਬਰ, ਜੀ.ਓ.ਜੀ ਆਦਿ ਮੌਜੂਦ ਰਹੇ।