PSEB CLASS 10 PUNJABI B ਮਹਤਵਪੂਰਣ ਲੇਖ

ਪ੍ਰਸ਼ਨ 2: ਲੇਖ ਰਚਨਾ (ਮਾਡਲ ਟੈਸਟ ਪੇਪਰ ਅਨੁਸਾਰ)

ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ 'ਤੇ ਲਗ-ਪਗ 400 ਸ਼ਬਦਾਂ ਦਾ ਲੇਖ ਲਿਖੋ:

ਸਹੀ ਉੱਤਰ (ਲੇਖ) ਦੇਖਣ ਲਈ ਹੇਠਾਂ ਦਿੱਤੇ ਵਿਸ਼ਿਆਂ 'ਤੇ ਕਲਿੱਕ ਕਰੋ।

(ੳ) ਨਾਨਕ ਸਿੰਘ ਨਾਵਲਕਾਰ

(ਅ) ਬੇਰੁਜ਼ਗਾਰੀ ਦੀ ਸਮੱਸਿਆ

(ੲ) ਅੱਖੀਂ ਡਿੱਠਾ ਮੇਲਾ

(ਸ) ਮੋਬਾਈਲ ਫ਼ੋਨ ਦਾ ਵਧਦਾ ਰੁਝਾਨ

ਜਾਣ-ਪਛਾਣ - ਮੋਬਾਈਲ ਫ਼ੋਨ ਅੱਜ ਦੇ ਸਮੇਂ ਦਾ ਹਰਮਨ-ਪਿਆਰਾ ਸੰਚਾਰ ਦਾ ਸਾਧਨ ਬਣ ਗਿਆ ਹੈ। ਇਸ ਨੂੰ ਸੈਲਫ਼ੋਨ ਵੀ ਕਹਿੰਦੇ ਹਨ। ਅੱਜ ਤੁਸੀਂ ਭਾਵੇਂ ਕਿਤੇ ਵੀ ਹੋਵੋ, ਤੁਹਾਨੂੰ ਇੱਧਰ-ਉੱਧਰ ਕੋਈ ਨਾ ਕੋਈ ਮੋਬਾਈਲ ਫ਼ੋਨ 'ਤੇ ਗੱਲਾਂ ਕਰਦਾ ਦਿਖ ਹੀ ਪਵੇਗਾ ਜਾਂ ਘੱਟੋ-ਘੱਟ ਕਿਸੇ ਦੀ ਜੇਬ ਜਾਂ ਪਰਸ ਵਿੱਚ ਮੋਬਾਈਲ ਫ਼ੋਨ ਦੀ ਘੰਟੀ ਵੱਜਦੀ ਜ਼ਰੂਰ ਸੁਣ ਪਵੇਗੀ। ਆਮ ਲੋਕਾਂ ਦੁਆਰਾ ਪਹਿਲੀ ਵਾਰੀ ਮੋਬਾਈਲ ਫ਼ੋਨ ਸੇਵਾ ਦੀ ਵਰਤੋਂ ਦਾ ਆਰੰਭ ਸਹੀ ਅਰਥਾਂ ਵਿੱਚ 1983 ਈ. ਵਿੱਚ ਅਮਰੀਕਾ ਵਿਖੇ ਹੋਇਆ ਤੇ ਮਗਰੋਂ ਇਸ ਸੰਚਾਰ ਸਾਧਨ ਦੀ ਲੋਕ-ਪ੍ਰਿਅਤਾ ਦਿਨੋ-ਦਿਨ ਤੇਜ਼ੀ ਨਾਲ਼ ਆਪਣੇ ਪੈਰ ਪਸਾਰਦੀ ਗਈ।

ਨਵੀਂ ਪੀੜ੍ਹੀ ਵਿੱਚ ਫ਼ੋਨ ਦਾ ਵਧਦਾ ਰੁਝਾਨ - ਮੋਬਾਈਲ ਫ਼ੋਨ ਦੇ ਖ਼ਪਤਕਾਰਾਂ ਵਿੱਚ ਬਹੁਤੀ ਗਿਣਤੀ ਨੌਜਵਾਨ ਮੁੰਡਿਆਂ-ਕੁੜੀਆਂ ਦੀ ਹੈ। ਬਹੁਤਿਆਂ ਲਈ ਤਾਂ ਇਹ ਆਪਣੀ ਅਮੀਰੀ ਤੇ ਉੱਚੀ ਰਹਿਣੀ-ਬਹਿਣੀ ਦੇ ਦਿਖਾਵੇ ਦਾ ਚਿੰਨ੍ਹ ਹੈ, ਜਿਸਦਾ ਪ੍ਰਦਰਸ਼ਨ ਕਰਨ ਵਿੱਚ ਉਹ ਮਾਣ ਤੇ ਵਡਿਆਈ ਸਮਝਦੇ ਹਨ। ਇਸੇ ਕਾਰਨ ਆਮ ਕਰਕੇ ਉਹ ਮਹਿੰਗਾ ਤੇ ਬਹੁ-ਮੰਤਵੀ ਆਈ-ਫ਼ੋਨ ਤੇ ਸਮਾਰਟ ਮੋਬਾਈਲ ਫ਼ੋਨ ਪ੍ਰਾਪਤ ਕਰਨ ਤੇ ਰੱਖਣ ਦੀ ਹੋੜ ਵਿੱਚ ਲੱਗੇ ਰਹਿੰਦੇ ਹਨ।

ਆਮ ਲੋਕਾਂ ਵਿੱਚ ਵਰਤੋਂ - ਅੱਜ ਦੇ ਸਮੇਂ ਨੌਜਵਾਨ ਵਰਗ ਤੋਂ ਇਲਾਵਾ ਮੋਬਾਈਲ ਫ਼ੋਨ ਦੀ ਵਰਤੋਂ ਸਮਾਜ ਵਿੱਚ ਹਰ ਪੱਧਰ 'ਤੇ ਹਰ ਕਿੱਤੇ ਨਾਲ਼ ਸੰਬੰਧਤ ਲੋਕ ਕਰ ਰਹੇ ਹਨ। ਅੱਜ ਦੀ ਜ਼ਿੰਦਗੀ ਮੋਬਾਈਲ ਫ਼ੋਨਾਂ ਦੇ ਸਿਰ 'ਤੇ ਹੀ ਚੱਲ ਰਹੀ ਜਾਪਦੀ ਹੈ। ਅੱਜ ਦੀ ਦੁਨੀਆ ਵਿੱਚ ਮੋਬਾਈਲ ਫ਼ੋਨ ਸਰਬ-ਵਿਆਪਕ ਚੀਜ਼ ਬਣ ਗਿਆ ਹੈ।

ਸਭ ਤੋਂ ਵੱਧ ਵਰਤੋਂ ਵਾਲ਼ਾ ਸੰਚਾਰ ਦਾ ਸਾਧਨ - ਮੋਬਾਈਲ ਫ਼ੋਨ ਸੰਚਾਰ ਦਾ ਹਰਮਨ ਪਿਆਰਾ ਸਾਧਨ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿੱਚ ਹੋਵੋ, ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿੱਚ ਮੌਜੂਦ ਤੁਹਾਡੇ ਮਿੱਤਰ-ਪਿਆਰੇ, ਸਨੇਹੀ ਰਿਸ਼ਤੇਦਾਰ ਜਾਂ ਵਪਾਰਕ ਸੰਬੰਧੀ ਤੱਕ ਪਹੁੰਚਾ ਸਕਦਾ ਹੈ, ਸਗੋਂ ਉਸ ਦਾ ਉੱਤਰ ਵੀ ਨਾਲੋ ਨਾਲ਼ ਤੁਹਾਡੇ ਤੱਕ ਪਹੁੰਚਾ ਦਿੰਦਾ ਹੈ। ਇਸ ਦੀ ਵਰਤੋਂ ਕਰਦਿਆਂ ਸਾਡੇ ਕੋਲ਼ ਆਪਣੇ ਨਾਲ਼ ਸੰਬੰਧਤ ਹਰ ਪ੍ਰਕਾਰ ਦੇ ਵਿਅਕਤੀ ਦੀਆਂ ਸਰਗਰਮੀਆਂ ਤੇ ਸਥਿਤੀ ਬਾਰੇ ਕਾਫ਼ੀ ਹੱਦ ਤਕ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਮੌਜੂਦ ਰਹਿੰਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਦ੍ਰਿੜਤਾ, ਅਚੂਕਤਾ ਤੇ ਤੇਜ਼ੀ ਆਉਂਦੀ ਹੈ ਜੋ ਕਿ ਜ਼ਿੰਦਗੀ ਲਈ ਇਕ ਉਸਾਰੂ ਲੱਛਣ ਹੈ।

ਮਨੋਰੰਜਨ ਦਾ ਸਾਧਨ - ਮੋਬਾਈਲ ਫ਼ੋਨ ਦੇ ਜਲਦੀ ਹਰਮਨ-ਪਿਆਰਾ ਹੋਣ ਦਾ ਕਾਰਨ ਇਹ ਵੀ ਹੈ ਕਿ ਇਹ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਹੈ। ਮੋਬਾਈਲ ਫ਼ੋਨ ਜੇਬ ਵਿੱਚ ਹੁੰਦਿਆਂ ਸਾਨੂੰ ਇਕੱਲ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ। ਇਸ ਨਾਲ਼ ਜਿੱਥੇ ਅਸੀਂ ਆਪਣੀ ਇਕੱਲ ਨੂੰ ਤੋੜਨ ਲਈ ਕਿਸੇ ਵੀ ਮਨ-ਭਾਉਂਦੇ ਵਿਅਕਤੀ ਨਾਲ਼ ਗੱਲਾਂ ਕਰ ਸਕਦੇ ਹਾਂ, ਉੱਥੇ ਅਸੀਂ ਇੰਟਰਨੈੱਟ ਦੀ ਵਰਤੋਂ ਕਰ ਕੇ ਆਪਣਾ ਦਿਲ-ਪਰਚਾਵਾ ਕਰਨ ਦੇ ਨਾਲ਼-ਨਾਲ਼ ਆਪਣੀ ਜਾਣਕਾਰੀ ਤੇ ਗਿਆਨ ਵਿੱਚ ਵੀ ਵਾਧਾ ਕਰ ਸਕਦੇ ਹਾਂ। ਇਸ ਪ੍ਰਕਾਰ ਇਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆ ਦੇ ਹਰ ਪ੍ਰਕਾਰ ਦੇ ਦਿਲ-ਪਰਚਾਵੇ ਦੇ ਸਾਧਨਾਂ ਨਾਲ਼ ਜੁੜੇ ਰਹਿੰਦੇ ਹਾਂ।

ਵਪਾਰਕ ਅਦਾਰਿਆਂ ਨੂੰ ਲਾਭ - ਮੋਬਾਈਲ ਫ਼ੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਮੋਬਾਈਲ ਫ਼ੋਨ ਉਤਪਾਦਕ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੇ ਨਵੇਂ-ਨਵੇਂ ਦਿਲ-ਖਿੱਚਵੇਂ ਮਾਡਲਾਂ ਨੂੰ ਮਾਰਕਿਟ ਵਿੱਚ ਪਰੋਸ ਕੇ ਤੇ ਇਸ ਸੰਚਾਰ ਸਾਧਨ ਦੀ ਸੇਵਾ ਮੁਹੱਈਆ ਕਰਾਉਣ ਵਾਲ਼ੀਆਂ ਕੰਪਨੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਸਕੀਮਾਂ ਤੇ ਪੈਕਿਜਾਂ ਨਾਲ਼ ਮੋਬਾਈਲ ਫ਼ੋਨਾਂ ਨੂੰ ਆਮ ਲੋਕਾਂ ਦੀਆਂ ਲੋੜਾਂ ਦੇ ਅਨੁਕੂਲ ਬਣਾਉਂਦੀਆਂ ਹੋਈਆਂ ਖ਼ਪਤਕਾਰਾਂ ਦੀ ਗਿਣਤੀ ਵਧਾ ਕੇ ਅਰਬਾਂ ਰੁਪਏ ਕਮਾ ਰਹੀਆਂ ਹਨ। ਇਹ ਕੰਪਨੀਆਂ ਇਸ ਧਨ ਨੂੰ ਬਹੁਤ ਸਾਰੇ ਹੋਰ ਪ੍ਰੋਜੈਕਟਾਂ ਵਿੱਚ ਲਾ ਕੇ ਜਿੱਥੇ ਆਪ ਹੋਰ ਧਨ ਕਮਾਉਂਦੀਆਂ ਹਨ, ਉੱਥੇ ਦੇਸ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਂਦੀਆਂ ਹਨ ਤੇ ਲੱਖਾਂ ਬੇਰਜ਼ੁਗਾਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਦੀਆਂ ਹਨ।

ਸਫ਼ਰ ਵਿੱਚ ਅਗਵਾਈ - ਮੋਬਾਈਲ ਇੰਟਰਨੈੱਟ 'ਤੇ ਪ੍ਰਾਪਤ ਜੀ.ਪੀ.ਐਸ. ਦੀ ਸਹੂਲਤ ਅਜੋਕੇ ਮਨੁੱਖ ਨੂੰ ਸਫ਼ਰ ਕਰਦੇ ਸਮੇਂ ਉਸਦੇ ਮਿੱਥੇ ਨਿਸ਼ਾਨੇ 'ਤੇ ਪਹੁੰਚਾਉਣ ਵਿੱਚ ਬਹੁਤ ਹੀ ਭਰੋਸੇਯੋਗ ਅਗਵਾਈ ਕਰਦੀ ਹੈ। ਇਸ ਨਾਲ਼ ਨਾ ਤਾਂ ਕਿਸੇ ਅਗਿਆਤ ਥਾਂ ਵਿੱਚ ਲੰਘ ਰਿਹਾ ਵਿਅਕਤੀ ਕਿਤੇ ਭਟਕਦਾ ਹੀ ਹੈ ਤੇ ਨਾ ਹੀ ਉਸਨੂੰ ਪੁੱਛ-ਗਿੱਛ ਕਰਨ ਦੀ ਜ਼ਰੂਰਤ ਪੈਂਦੀ ਹੈ।

ਟੀ.ਵੀ. ਅਤੇ ਰੇਡੀਓ ਦੀ ਲੋੜ ਨੂੰ ਪੂਰਾ ਕਰਦਾ - ਮੋਬਾਈਲ ਫ਼ੋਨ ਜਿੱਥੇ ਲੋਕਾਂ ਨੂੰ ਇਕ-ਦੂਜੇ ਨਾਲ਼ ਗੱਲਾਂ ਅਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ, ਉੱਥੇ ਨਾਲ਼ ਹੀ ਉਨਾਂ ਦੀ ਟੀ.ਵੀ.ਵਿੱਚ ਦਿਖਾਏ ਜਾ ਰਹੇ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰ ਕੇ ਉਨਾਂ ਅੰਦਰ ਮੁਕਾਬਲੇਬਾਜ਼ੀ ਦੀ ਭਾਵਨਾ, ਆਸ਼ਾਵਾਦ ਤੇ ਜਿਗਿਆਸਾ ਨੂੰ ਵੀ ਪੈਦਾ ਕਰਦਾ ਹੈ, ਜਿਸ ਨਾਲ਼ ਜ਼ਿੰਦਗੀ ਵਿੱਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖ਼ਾਸ ਕਰ ਕਲਾਕਾਰਾਂ ਨੂੰ ਪਦਾਰਥਕ ਲਾਭਾਂ ਦੇ ਨਾਲ਼-ਨਾਲ਼ ਲੋਕ-ਮਕਬੂਲੀਅਤ ਵੀ ਹਾਸਲ ਹੁੰਦੀ ਹੈ। ਮੋਬਾਈਲ ਫ਼ੋਨ ਇਕੱਲਾ ਹੀ ਟੀ.ਵੀ. ਅਤੇ ਰੇਡੀਓ ਦੀ ਲੋੜ ਨੂੰ ਪੂਰਾ ਕਰਦਾ ਹੈ।

ਕੁਝ ਹਾਨੀਕਾਰਕ ਪ੍ਰਭਾਵ - ਮੋਬਾਈਲ ਫ਼ੋਨ ਜਿੱਥੇ ਮਨੁੱਖ ਲਈ ਏਨਾ ਲਾਭਕਾਰੀ ਹੈ, ਉੱਥੇ ਇਸ ਦੇ ਕੁਝ ਹਾਨੀਕਾਰਕ ਪ੍ਰਭਾਵ ਵੀ ਹਨ। ਇਸ ਦੇ ਸਮਾਜ-ਵਿਰੋਧੀ, ਗੁੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥਾਂ ਵਿੱਚ ਆਉਣ ’ਤੇ ਉਹ ਇਸ ਦੀ ਦੁਰਵਰਤੋਂ ਕਰਦੇ ਹਨ। ਇਸ ਨਾਲ਼ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ-ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ। ਅੱਜ-ਕਲ੍ਹ ਕੋਈ ਵੀ ਵੱਡਾ ਜੁਰਮ, ਚੋਰੀ, ਡਾਕਾ, ਅਗਵਾ-ਕਾਂਡ ਜਾਂ ਅੱਤਵਾਦੀ ਕਾਰਵਾਈ ਇਸ ਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜ੍ਹਦੀ। ਇਨ੍ਹਾਂ ਰਾਹੀਂ ਨਾ-ਬਾਲਗਾਂ ਵਿੱਚ ਅਸ਼ਲੀਲ ਸਮੱਗਰੀ ਦੇ ਆਦਾਨ-ਪ੍ਰਦਾਨ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਕਾਲਜਾਂ ਵਿੱਚ ਵੀ ਕੈਮਰੇ ਵਾਲ਼ੇ ਮੋਬਾਈਲ ਫ਼ੋਨ ਅਤੇ ਐਮ. ਐਮ. ਐਸ. ਦੀ ਲੱਚਰਤਾ ਭਰੀ ਵਰਤੋਂ ਬਾਰੇ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਮੋਬਾਈਲ ਫ਼ੋਨ ਦੇ ਹੈਂਡਸੈੱਟ ਅਤੇ ਸਟੇਸ਼ਨ ਟਾਵਰ ਵਰਗੇ ਐਨਟੀਨਾਂ ਵਿੱਚੋਂ ਨਿਕਲ਼ਦੀ ਰੇਡੀਓ ਫਰੀਕੁਐਂਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ 'ਤੇ ਪੈਂਦੇ ਇਸ ਦੇ ਬੁਰੇ ਅਸਰਾਂ ਬਾਰੇ ਦੱਸਿਆ ਹੈ। ਇਸ ਦੀ ਜ਼ਿਆਦਾ ਵਰਤੋਂ ਅੱਖਾਂ 'ਤੇ ਵੀ ਮਾੜੇ ਪ੍ਰਭਾਵ ਪਾਉਂਦੀ ਹੈ।

ਸਿੱਟਾ – ਇਸ ਤਰ੍ਹਾਂ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮੋਬਾਈਲ ਫ਼ੋਨ ਸੰਚਾਰ ਦਾ ਹਰਮਨ-ਪਿਆਰਾ ਸਾਧਨ ਹੋਣ ਕਰਕੇ ਦਿਨੋ-ਦਿਨ ਇਸ ਦੀ ਵਰਤੋਂ ਦਾ ਰੁਝਾਨ ਵੱਧ ਰਿਹਾ ਹੈ। ਇਸ ਦੀ ਵਰਤੋਂ ਸੰਜਮ ਅਤੇ ਸਾਵਧਾਨੀ ਨਾਲ਼ ਹੀ ਕੀਤੀ ਜਾਣੀ ਚਾਹੀਦੀ ਹੈ। ਸਾਵਧਾਨੀ ਨਾਲ਼ ਵਰਤੋਂ ਕਰਕੇ ਹੀ ਇਸ ਦੇ ਬਹੁਤ ਸਾਰੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।

(ਹ) ਲਾਇਬ੍ਰੇਰੀ

ਪਾਠਕ੍ਰਮ/ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਲੇਖ

1. ਵਿਦਿਆਰਥੀ ਅਤੇ ਅਨੁਸ਼ਾਸਨ

ਭੂਮਿਕਾ - ਵਿਦਿਆਰਥੀ ਜੀਵਨ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਿਸ ਦੌਰਾਨ ਮਨੁੱਖ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਚਰਿੱਤਰ ਚੰਗੇ ਗੁਣਾਂ ਅਤੇ ਚੰਗੀਆਂ ਆਦਤਾਂ ਦਾ ਸਮੂਹ ਹੈ। ਜਿਹੋ ਜਿਹੀਆਂ ਆਦਤਾਂ ਵਿਦਿਆਰਥੀ ਜੀਵਨ ਵਿੱਚ ਬਣ ਜਾਂਦੀਆਂ ਹਨ ਉਹੋ ਜਿਹਾ ਹੀ ਮਨੁੱਖ ਦਾ ਚਰਿੱਤਰ ਬਣ ਜਾਂਦਾ ਹੈ। ਅਨੁਸ਼ਾਸਨ ਚੰਗੇ ਚਰਿੱਤਰ ਦੀ ਰੀੜ ਦੀ ਹੱਡੀ ਹੁੰਦਾ ਹੈ। ਅਨੁਸ਼ਾਸਨ ਤੋਂ ਭਾਵ ਹੈ ਨਿਯਮਾਂ ਦਾ ਪਾਲਣ ਕਰਨਾ ਅਤੇ ਆਪਣੇ ਮਨ ਦੇ ਘੋੜੇ ਦੀਆਂ ਵਾਗਾਂ ਨੂੰ ਨਿਯਮਿਤ ਰੱਖਣਾ। ਜ਼ਿੰਦਗੀ ਦੇ ਹਰੇਕ ਪੜਾਅ 'ਤੇ ਅਨੁਸ਼ਾਸਨ ਦਾ ਮਹੱਤਵ ਹੈ ਅਤੇ ਹਰ ਮੋੜ 'ਤੇ ਇਸ ਦੀ ਲੋੜ ਹੈ।

ਅਨੁਸ਼ਾਸਨ ਕੀ ਹੈ? - ਅਨੁਸ਼ਾਸਨ ਅਜਿਹਾ ਵਿਲੱਖਣ ਗੁਣ ਹੈ ਜਿਸ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ। ਸਮੇਂ ਸਿਰ ਜਾਗਣਾ, ਸਮੇਂ ਸਿਰ ਸੌਣਾ, ਅਧਿਆਪਕਾਂ ਵੱਲੋਂ ਦਿੱਤਾ ਗਿਆ ਕੰਮ ਸਮੇਂ ਸਿਰ ਕਰਨਾ, ਸਮੇਂ ਸਿਰ ਸਕੂਲ ਪਹੁੰਚ ਕੇ ਇਕਾਗਰਤਾ ਨਾਲ਼ ਪੜ੍ਹਾਈ ਕਰਨਾ ਅਤੇ ਨਿਮਰਤਾ ਨਾਲ਼ ਅਧਿਆਪਕ ਤੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਪੁੱਛਣਾ, ਇੱਕ ਅਨੁਸ਼ਾਸਿਤ ਵਿਦਿਆਰਥੀ ਦੇ ਲੱਛਣ ਹਨ। ਚੰਗਾ ਵਿਦਿਆਰਥੀ ਸਿਰਫ਼ ਸਕੂਲ ਵਿੱਚ ਹੀ ਨਹੀਂ, ਸਗੋਂ ਘਰ ਵਿੱਚ ਅਤੇ ਆਪਣੇ ਆਲ਼ੇ-ਦੁਆਲ਼ੇ ਵਿੱਚ ਵੀ ਅਨੁਸ਼ਾਸਨ ਦਾ ਪਾਲਣ ਕਰਦਾ ਹੈ।

ਅਨੁਸ਼ਾਸਨ ਦੀ ਲੋੜ - ਕੁਝ ਵਿਦਿਆਰਥੀ ਫੋਕੀ ਹਉਮੈਂ ਦਾ ਸ਼ਿਕਾਰ ਹੋ ਕੇ ਅਨੁਸ਼ਾਸਨ ਨੂੰ ਗ਼ੁਲਾਮੀ ਸਮਝਣ ਲੱਗਦੇ ਹਨ। ਇਹ ਗ਼ਲਤ ਧਾਰਨਾ ਹੈ। ਸਮੁੱਚੀ ਕੁਦਰਤ ਨਿਯਮਾਂ ਵਿੱਚ ਬੱਝੀ ਚੱਲ ਰਹੀ ਹੈ। ਦਿਨ ਚੜ੍ਹਦਾ ਹੈ, ਰਾਤ ਪੈਂਦੀ ਹੈ ਅਤੇ ਤਰਤੀਬ ਅਨੁਸਾਰ ਮੌਸਮ ਬਦਲਦੇ ਹਨ। ਸਮੁੱਚਾ ਬ੍ਰਹਿਮੰਡ ਅਨੁਸ਼ਾਸਨਬੱਧ ਹੈ। ਕੁਦਰਤ ਦਾ ਅਨੁਸ਼ਾਸਨ ਰਤਾ ਕੁ ਵੀ ਭੰਗ ਹੋਵੇ ਤਾਂ ਪਰਲੋ ਦੀ ਸਥਿਤੀ ਬਣ ਜਾਂਦੀ ਹੈ। ਜ਼ਿੰਦਗੀ ਦਾ ਅਨੰਦ ਲੈਣ ਲਈ ਅਨੁਸ਼ਾਸਨ ਜ਼ਰੂਰੀ ਹੈ। ਨਿਯਮਬੱਧਤਾ ਗ਼ੁਲਾਮੀ ਨਹੀਂ ਹੁੰਦੀ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਜ਼ਾਦੀ ਦੀਆਂ ਵੀ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਬੇਮੁਹਾਰੀ ਅਜ਼ਾਦੀ ਬਰਬਾਦੀ ਦਾ ਕਾਰਨ ਬਣ ਸਕਦੀ ਹੈ। ਕੁਝ ਵਿਦਿਆਰਥੀ ਅਧਿਆਪਕ ਦਾ ਕਹਿਣਾ ਨਾ ਮੰਨਣ ਅਤੇ ਸਕੂਲ ਦਾ ਵਿੱਦਿਅਕ ਮਾਹੌਲ ਭੰਗ ਕਰਨ ਨੂੰ ਆਪਣੀ ਸ਼ਾਨ ਸਮਝਣ ਲੱਗਦੇ ਹਨ ਅਤੇ ਬੇਸਮਝੀ ਵਿੱਚ ਆਪਣਾ ਭਵਿੱਖ ਬਰਬਾਦ ਕਰ ਲੈਂਦੇ ਹਨ।

ਅਨੁਸ਼ਾਸਨ ਦੀ ਕਮੀ - ਵਰਤਮਾਨ ਸਮੇਂ ਵਿੱਚ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਵਧ ਰਹੀ ਹੈ। ਪਦਾਰਥਵਾਦੀ ਯੁੱਗ ਵਿੱਚ ਵਿੱਦਿਆ ਵਪਾਰ ਬਣ ਗਈ ਹੈ। ਅਧਿਆਪਕ ਅਤੇ ਵਿਦਿਆਰਥੀ ਵਿੱਚ ਪਹਿਲਾਂ ਵਰਗੀ ਨੇੜਤਾ ਨਹੀਂ ਰਹੀ। ਅੱਜ ਅਧਿਆਪਕ ਵਿਦਿਆਰਥੀ ਦੀ ਭਲਾਈ ਲਈ ਵੀ ਉਸ ਨੂੰ ਝਿੜਕ ਨਹੀਂ ਸਕਦਾ। ਭਾਵੇਂ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਇਹ ਠੀਕ ਹੈ ਪਰ ਕੁਝ ਸਿੱਖਿਆ-ਸ਼ਾਸਤਰੀ ਇਹ ਮੰਨਦੇ ਹਨ ਕਿ ਚੰਗੇ ਕੰਮਾਂ ਲਈ ਇਨਾਮ ਅਤੇ ਗ਼ਲਤ ਲਈ ਸਜ਼ਾ ਦਾ ਵਿਧਾਨ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਨਾਲ਼ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰੱਖਿਆ ਜਾ ਸਕਦਾ ਹੈ, ਪਰ ਲਾਜ਼ਮੀ ਸਿੱਖਿਆ ਦੇ ਕਾਨੂੰਨ ਅਧੀਨ ਵਿਦਿਆਰਥੀਆਂ ਨੂੰ ਸਜ਼ਾ ਦੇਣ ਦੀ ਥਾਂ ਉਹਨਾਂ ਵਿੱਚ ਸਵੈ-ਅਨੁਸ਼ਾਸਨ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਸਿੱਖਿਆ ਪ੍ਰਣਾਲ਼ੀ ਅਤੇ ਮੁਲਾਂਕਣ - ਅਨੁਸ਼ਾਸਨਹੀਣਤਾ ਲਈ ਪ੍ਰੀਖਿਆ-ਪ੍ਰਣਾਲ਼ੀ ਨੂੰ ਵੀ ਦੋਸ਼ੀ ਮੰਨਿਆ ਜਾਂਦਾ ਹੈ। ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਅੰਕਾਂ ਨੂੰ ਹੀ ਉਸਦੇ ਚੰਗੇ ਜਾਂ ਮਾੜੇ ਹੋਣ ਦਾ ਆਧਾਰ ਮੰਨਿਆ ਜਾਂਦਾ ਹੈ ਅਤੇ ਬਾਕੀ ਗੁਣ ਜਾਂ ਔਗੁਣ ਅੱਖੋਂ ਪਰੋਖੇ ਕਰ ਦਿੱਤੇ ਜਾਂਦੇ ਹਨ, ਪਰ ਕੁਝ ਸਾਲਾਂ ਤੋਂ ਲਗਾਤਾਰ ਸਮੁੱਚਾ ਮੁਲਾਂਕਣ (CCE) ਪ੍ਰਣਾਲ਼ੀ ਲਾਗੂ ਹੋ ਗਈ ਹੈ ਜਿਸ ਵਿੱਚ ਵਿਦਿਆਰਥੀ ਦੀ ਸਰਬਪੱਖੀ ਕਾਰਜਸ਼ੀਲਤਾ ਦੇ ਆਧਾਰ 'ਤੇ ਮੁਲਾਂਕਣ ਕੀਤਾ ਜਾਂਦਾ ਹੈ। ਇਸ ਪ੍ਰਣਾਲ਼ੀ ਦੇ ਲਾਗੂ ਹੋਣ ਨਾਲ਼ ਵਿਦਿਆਰਥੀਆਂ ਵਿੱਚ ਵਧ ਰਹੀ ਅਨੁਸ਼ਾਸਨਹੀਣਤਾ ਵਿੱਚ ਸੁਧਾਰ ਹੋਣ ਦੀ ਆਸ ਹੈ।

ਸਮਾਜ ਦੀ ਜ਼ੁੰਮੇਵਾਰੀ - ਸਮਾਜ ਵੀ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਪੈਦਾ ਕਰਨ ਲਈ ਜ਼ੁੰਮੇਵਾਰ ਹੈ। ਪਦਾਰਥਵਾਦੀ ਯੁੱਗ ਵਿੱਚ ਬੰਦੇ ਦੀ ਕੀਮਤ ਉਸ ਦੀਆਂ ਨੈਤਿਕ ਕਦਰਾਂ-ਕੀਮਤਾਂ ਨਾਲ਼ ਨਹੀਂ ਸਗੋਂ ਉਸ ਦੇ ਪੈਸੇ ਅਤੇ ਰੁਤਬੇ ਨੂੰ ਦੇਖ ਕੇ ਪਾਈ ਜਾਂਦੀ ਹੈ। ਬਹੁਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਨੈਤਿਕਤਾ ਸਿਖਾਉਣ ਪੱਖੋਂ ਅਵੇਸਲੇ ਹਨ। ਉਹਨਾਂ ਦਾ ਬਹੁਤਾ ਧਿਆਨ ਇਸ ਪੱਖ 'ਤੇ ਹੀ ਕੇਂਦਰਿਤ ਰਹਿੰਦਾ ਹੈ ਕਿ ਬੱਚਾ ਚੰਗੇ ਨੰਬਰਾਂ ਵਿੱਚ ਵੱਡੀਆਂ ਡਿਗਰੀਆਂ ਪ੍ਰਾਪਤ ਕਰਕੇ ਚੰਗੀ ਕਮਾਈ ਕਰਨ ਯੋਗ ਹੋ ਜਾਵੇ। ਅਜਿਹੇ ਆਲ਼ੇ-ਦੁਆਲ਼ੇ ਵਿੱਚ ਵਿਦਿਆਰਥੀ ਅਨੁਸ਼ਾਸਨ ਦੀ ਪਰਵਾਹ ਨਹੀਂ ਕਰਦੇ।

ਬੱਚਿਆਂ ’ਤੇ ਸਿਨਮੇ ਅਤੇ ਟੈਲੀਵੀਜ਼ਨ ਦੇ ਪ੍ਰਭਾਵ - ਸਿਨਮਾ ਅਤੇ ਟੈਲੀਵੀਜ਼ਨ ਦੇ ਪ੍ਰਭਾਵ ਸਦਕਾ ਅੱਜ ਦੇ ਵਿਦਿਆਰਥੀ ਫ਼ੈਸ਼ਨ ਵੱਲ ਵਧੇਰੇ ਖਿੱਚੇ ਜਾ ਰਹੇ ਹਨ। ਸਕੂਲਾਂ ਵਿੱਚ ਨਿਯਮਾਂ ਅਨੁਸਾਰ ਵਰਦੀ ਪਹਿਨਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਸਾਦਗੀ ਅੱਜ ਦੇ ਵਿਦਿਆਰਥੀ ਦੇ ਜੀਵਨ ਵਿੱਚੋਂ ਮਨਫ਼ੀ ਹੁੰਦੀ ਜਾ ਰਹੀ ਹੈ। ਕੁਝ ਸ਼ਰਾਰਤੀ ਲੋਕਾਂ ਦੇ ਢਹੇ ਚੜ੍ਹ ਕੇ ਕਈ ਵਿਦਿਆਰਥੀ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ। ਵਿਦਿਆਰਥੀ-ਜੀਵਨ ਵਿੱਚ ਹੀ ਨਸ਼ਿਆਂ ਦੇ ਆਦੀ ਹੋਏ ਬੱਚੇ ਸਦਗੁਣਾਂ ਤੋਂ ਦੂਰ ਹੋ ਜਾਂਦੇ ਹਨ।

ਸਾਰੰਸ਼ - ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿਰਫ਼ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਸਭ ਲਈ ਅਨੁਸ਼ਾਸਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਢਿੱਲੀਆਂ ਤਾਰਾਂ ਵਾਲ਼ੀ ਵੀਣਾ ਵਿੱਚੋਂ ਸੰਗੀਤ ਪੈਦਾ ਨਹੀਂ ਹੁੰਦਾ ਅਤੇ ਘੇਰੇ ਵਿੱਚ ਬੰਨ੍ਹ ਕੇ ਰੱਖੇ ਬਿਨਾਂ ਭਾਫ਼, ਇੰਜਣ ਨਹੀਂ ਚਲਾ ਸਕਦੇ, ਬਿਲਕੁਲ ਇਵੇਂ ਹੀ ਅਨੁਸ਼ਾਸਨਹੀਣ ਵਿਦਿਆਰਥੀ ਆਪਣੀ ਮੰਜ਼ਲ ਪ੍ਰਾਪਤ ਨਹੀਂ ਕਰ ਸਕਦੇ। ਸਫ਼ਲਤਾ ਦਾ ਸੁਆਦ ਚੱਖਣ ਲਈ ਅਤੇ ਦੇਸ ਦੇ ਚੰਗੇ ਨਾਗਰਿਕ ਬਣਨ ਲਈ ਅਨੁਸ਼ਾਸਨ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ।

2. ਪ੍ਰਦੂਸ਼ਣ ਦੀ ਸਮੱਸਿਆ

ਜਾਣ-ਪਛਾਣ - ਪ੍ਰਦੂਸ਼ਣ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਸਮੱਸਿਆ ਹੈ। ਜਦੋਂ ਤੱਕ ਅਬਾਦੀ ਘੱਟ ਸੀ ਅਤੇ ਕੁਦਰਤੀ ਸੋਮੇ ਬਹੁਤੇ ਸਨ ਉਦੋਂ ਤੱਕ ਪ੍ਰਦੂਸ਼ਣ ਦੀ ਕੋਈ ਸਮੱਸਿਆ ਨਹੀਂ ਸੀ। ਵਧਦੀ ਅਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਵਧ ਗਈ। ਲੋੜਾਂ ਦੀ ਪੂਰਤੀ ਲਈ ਵੱਡੇ-ਵੱਡੇ ਕਾਰਖ਼ਾਨੇ ਲਾਏ ਗਏ। ਇਹਨਾਂ ਤੋਂ ਪੈਦਾ ਹੋਣ ਵਾਲ਼ੇ ਬੇਅੰਤ ਧੂੰਏਂ ਅਤੇ ਹੋਰ ਰਹਿੰਦ-ਖੂੰਹਦ ਨਾਲ਼ ਵਾਤਾਵਰਨ ਪਲੀਤ ਹੋਣ ਲੱਗਿਆ। ਦੂਜੇ ਪਾਸੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖਾਂ ਨੇ ਜੰਗਲਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਹਵਾ ਨੂੰ ਸਾਫ਼ ਕਰਨ ਵਾਲ਼ੇ ਰੁੱਖਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਗਈ। ਨਤੀਜੇ ਵਜੋਂ ਸਮੁੱਚੇ ਵਾਤਾਵਰਨ ਵਿੱਚ ਇੱਕ ਅਸੰਤੁਲਨ ਪੈਦਾ ਹੋ ਗਿਆ। ਇਸ ਨਾਲ਼ ਪ੍ਰਕਿਰਤਿਕ ਵਾਤਾਵਰਨ ਵਿੱਚ ਬਹੁਤ ਸਾਰੇ ਅਣਚਾਹੇ ਕਾਰਕ ਆ ਗਏ ਜਿਹਨਾਂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋਣ ਲੱਗਿਆ। ਪ੍ਰਦੂਸ਼ਣ ਪੈਦਾ ਕਰਨ ਵਾਲ਼ੇ ਇਹਨਾਂ ਕਾਰਕਾਂ ਨੂੰ ਪ੍ਰਦੂਸ਼ਕ ਕਿਹਾ ਜਾਂਦਾ ਹੈ।

ਪ੍ਰਦੂਸ਼ਣ ਦੀਆਂ ਕਿਸਮਾਂ - ਸਮੁੱਚੇ ਵਾਤਾਵਰਨ ਦੇ ਅਧਿਐਨ ਦੇ ਆਧਾਰ 'ਤੇ ਪਾਣੀ, ਹਵਾ, ਭੂਮੀ ਅਤੇ ਸ਼ੋਰ-ਪ੍ਰਦੂਸ਼ਣ ਮੁੱਖ ਮੰਨੇ ਜਾਂਦੇ ਹਨ। ਪਾਣੀ-ਪ੍ਰਦੂਸ਼ਣ ਦੀ ਸਥਿਤੀ ਜ਼ਿਆਦਾ ਭਿਆਨਕ ਹੈ। ਵੱਡੇ-ਵੱਡੇ ਕਾਰਖ਼ਾਨਿਆਂ ਵਿੱਚ ਰਹਿੰਦ-ਖੂੰਹਦ ਵਜੋਂ ਪੈਦਾ ਹੋਣ ਵਾਲ਼ੇ ਰਸਾਇਣਿਕ ਪਦਾਰਥ, ਸ਼ਹਿਰਾਂ ਦਾ ਕੂੜਾ, ਗੰਦਗੀ ਅਤੇ ਕੱਪੜੇ ਧੋਣ ਲਈ ਵਰਤੇ ਜਾਂਦੇ ਡਿਟਰਜੈਂਟ ਪਾਊਡਰਾਂ ਆਦਿ ਸਭ ਨੇ ਸਾਡੇ ਪਾਣੀ ਦੇ ਸੋਮਿਆਂ ਜਿਵੇਂ ਨਦੀਆਂ, ਝੀਲਾਂ, ਸਮੁੰਦਰਾਂ ਅਤੇ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ। ਗੰਦੇ ਪਾਣੀ ਕਾਰਨ ਪਾਣੀ ਵਿੱਚ ਰਹਿਣ ਵਾਲ਼ੇ ਜਾਨਵਰਾਂ ਦੀ ਹੋਂਦ ਖ਼ਤਰੇ ਵਿੱਚ ਪਈ ਹੋਈ ਹੈ। ਗੰਦੇ ਪਾਣੀ ਨਾਲ਼ ਮਨੁੱਖਾਂ ਵਿੱਚ ਹੈਜ਼ਾ, ਮਿਆਦੀ ਬੁਖ਼ਾਰ ਅਤੇ ਦਸਤ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। ਪਾਣੀ ਵਿੱਚ ਯੂਰੇਨੀਅਮ ਵਰਗੇ ਤੱਤਾਂ ਦੀ ਜ਼ਿਆਦਾ ਮਾਤਰਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।

ਹਵਾ ਪ੍ਰਦੂਸ਼ਣ ਦੇ ਕਾਰਨ - ਹਵਾ ਸਾਡੇ ਵਾਤਾਵਰਨ ਦਾ ਅਹਿਮ ਤੱਤ ਹੈ ਜਿਹੜੀ ਸਾਰੇ ਜੀਵ-ਜਗਤ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹੈ, ਇਹ ਵੀ ਪ੍ਰਦੂਸ਼ਿਤ ਹੋ ਰਹੀ ਹੈ। ਸਾਡੇ ਵਾਤਾਵਰਨ ਵਿੱਚ ਕਾਰਬਨ-ਡਾਇਆਕਸਾਈਡ ਦੀ ਮਾਤਰਾ ਬਹੁਤ ਵਧ ਗਈ ਹੈ। ਕੋਲਾ, ਪੈਟਰੋਲ, ਡੀਜ਼ਲ ਅਤੇ ਹੋਰ ਬਾਲਣਾਂ ਦੀ ਵਧ ਰਹੀ ਵਰਤੋਂ ਇਸ ਦਾ ਪ੍ਰਮੁੱਖ ਕਾਰਨ ਹੈ। ਕਾਰਖ਼ਾਨਿਆਂ ਅਤੇ ਮੋਟਰ-ਗੱਡੀਆਂ ਤੋਂ ਪੈਦਾ ਹੋਣ ਵਾਲ਼ਾ ਜ਼ਹਿਰੀਲਾ ਧੂੰਆਂ ਹਵਾ-ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਕਰ ਰਿਹਾ ਹੈ। ਸਰਕਾਰ ਦੁਆਰਾ ਪਾਬੰਦੀ ਲਾਏ ਜਾਣ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਨਾੜ ਨੂੰ ਅੱਗ ਲਾਈ ਜਾਂਦੀ ਹੈ ਜਿਸ ਨਾਲ਼ ਪੈਦਾ ਹੋਇਆ ਮਣਾਂ-ਮੂੰਹੀਂ ਧੂੰਆਂ ਹਵਾ ਨੂੰ ਹੋਰ ਗੰਧਲ਼ਾ ਕਰਦਾ ਹੈ। ਫਰਿੱਜ ਅਤੇ ਏ.ਸੀ. ਆਦਿ ਵਿੱਚੋਂ ਨਿਕਲ਼ਨ ਵਾਲ਼ੇ ਕਲੋਰੋਫਲੋਰੋ ਕਾਰਬਨ, ਓਜ਼ੋਨ-ਪਰਤ ਲਈ ਘਾਤਕ ਹਨ ਅਤੇ ਇਹਨਾਂ ਨਾਲ਼ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਧ ਰਹੀ ਹੈ ਜਿਸ ਨਾਲ਼ ਗਲੇਸ਼ੀਅਰ ਪੰਘਰ ਰਹੇ ਹਨ ਅਤੇ ਸਮੁੰਦਰੀ ਪਾਣੀਆਂ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਕਾਰਨ ਸਾਹ ਕਿਰਿਆ ਨਾਲ਼ ਸੰਬੰਧਿਤ ਬਿਮਾਰੀਆਂ ਵਧ ਰਹੀਆਂ ਹਨ।

ਭੂਮੀ ਅਤੇ ਪਾਣੀ ਪ੍ਰਦੂਸ਼ਣ ਦੇ ਕਾਰਨ - ਖੇਤੀਬਾੜੀ ਵਿੱਚ ਕੀਟ-ਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਭੂਮੀ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ। ਇਸ ਨਾਲ਼ ਜਿੱਥੇ ਮਿੱਟੀ ਦੇ ਤੱਤਾਂ ਵਿਚਲਾ ਸੰਤੁਲਨ ਖਰਾਬ ਹੁੰਦਾ ਹੈ, ਉੱਥੇ ਫਲ਼ਾਂ, ਸਬਜ਼ੀਆਂ ਅਤੇ ਅਨਾਜਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਦੇ ਫਲ਼, ਸਬਜ਼ੀਆਂ ਅਤੇ ਅਨਾਜ ਦੀ ਵਰਤੋਂ ਕਰਨ ਨਾਲ਼ ਜੀਵਿਤ ਪ੍ਰਾਣੀਆਂ ਵਿੱਚ ਕਈ ਕਿਸਮ ਦੇ ਰੋਗ ਪੈਦਾ ਹੋ ਰਹੇ ਹਨ।

ਧੁਨੀ ਪ੍ਰਦੂਸ਼ਣ ਦੇ ਕਾਰਨ - ਸ਼ੋਰ-ਪ੍ਰਦੂਸ਼ਣ ਜਾਂ ਧੁਨੀ-ਪ੍ਰਦੂਸ਼ਣ ਵੀ ਇੱਕ ਗੰਭੀਰ ਸਮੱਸਿਆ ਬਣ ਰਿਹਾ ਹੈ। ਮੋਟਰਾਂ-ਗੱਡੀਆਂ ਦੇ ਕੰਨ-ਪਾੜਵੇਂ ਹਾਰਨ, ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਉੱਚੀ ਅਵਾਜ਼ ਵਿੱਚ ਚੱਲਣ ਵਾਲ਼ੇ ਡੀ. ਜੇ. ਆਦਿ ਨੇ ਮਨੁੱਖ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਰਿਹਾਇਸ਼ੀ ਇਲਾਕਿਆਂ ਦੇ ਨੇੜੇ ਦੇ ਕਾਰਖ਼ਾਨਿਆਂ ਵਿੱਚੋਂ ਆਉਣ ਵਾਲ਼ੀਆਂ ਅਵਾਜ਼ਾਂ ਵੀ ਸ਼ੋਰ-ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਇਹ ਪ੍ਰਦੂਸ਼ਣ ਤਣਾਅ, ਸਿਰਦਰਦ, ਉਨੀਂਦਰਾ, ਖ਼ੂਨ ਦਾ ਦਬਾਅ ਵਧਣ ਅਤੇ ਕੰਨਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਮਨੁੱਖ ਦੁਆਰਾ ਚੀਜ਼ਾਂ ਦੀ ਦੁਰਵਰਤੋਂ - ਆਪਣੇ ਸੁੱਖ ਲਈ ਮਨੁੱਖ ਵਰਤਣ ਉਪਰੰਤ ਸੁੱਟ ਦੇਣ ਵਾਲ਼ੀਆਂ ਵਸਤਾਂ ਦੀ ਵਰਤੋਂ ਜ਼ਿਆਦਾ ਕਰਨ ਲੱਗਿਆ ਹੈ। ਵਿਭਿੰਨ ਸਮਾਗਮਾਂ ਵਿੱਚ ਵਰਤ ਕੇ ਸੁੱਟਣ ਵਾਲ਼ੀਆਂ ਕੌਲੀਆਂ, ਪਲੇਟਾਂ, ਗਲਾਸ ਅਤੇ ਚਮਚਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖ਼ਰਾਬ ਚੀਜ਼ਾਂ ਦੀ ਮੁਰੰਮਤ ਕਰਾਉਣ ਦੀ ਥਾਂ ਨਵੀਆਂ ਚੀਜ਼ਾਂ ਖ਼ਰੀਦਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਾਡੀ ਅਜਿਹੇ ਕੰਮਾਂ ਨਾਲ਼ ਧਰਤੀ ਇੱਕ ਵੱਡੇ ਕਬਾੜਖ਼ਾਨੇ ਦਾ ਰੂਪ ਧਾਰਨ ਕਰ ਰਹੀ ਹੈ। ਸਾਨੂੰ ਆਪਣੀਆਂ ਲੋੜਾਂ ਨੂੰ ਸੀਮਿਤ ਰੱਖਣਾ ਚਾਹੀਦਾ ਹੈ। ਦੁਬਾਰਾ ਵਰਤਣਯੋਗ ਚੀਜ਼ਾਂ ਨੂੰ ਵਰਤਣਾ ਚਾਹੀਦਾ ਹੈ ਅਤੇ ਖ਼ਰਾਬ ਚੀਜ਼ਾਂ ਨੂੰ ਸੁੱਟ ਕੇ ਨਵੀਂ ਖ਼ਰੀਦਣ ਦੀ ਥਾਂ ਪੁਰਾਣੀ ਚੀਜ਼ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।

ਵਾਤਾਵਰਣ ਪ੍ਰਤੀ ਮਨੁੱਖੀ ਫਰਜ਼ - ਧਰਤੀ ਅਤੇ ਇਸ ਦਾ ਜੀਵਨ-ਅਨੁਕੂਲ ਵਾਤਾਵਰਨ ਕੁਦਰਤ ਦਾ ਅਨਮੋਲ ਖ਼ਜ਼ਾਨਾ ਹੈ। ਮਨੁੱਖ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣੇ ਸਵਾਰਥ ਲਈ, ਤਰੱਕੀ ਦੇ ਨਾਂ 'ਤੇ ਇਸ ਨਾਲ਼ ਖਿਲਵਾੜ ਕਰੇ। ਆਪਣੀ ਮਾਂ ਧਰਤੀ ਦੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਸਾਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਅਤੇ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਪਦਾਰਥਿਕ ਵਸਤਾਂ ਨਾਲੋਂ ਜ਼ਿਆਦਾ ਸਾਫ਼ ਵਾਤਾਵਰਨ ਦੀ ਲੋੜ ਵਧੇਰੇ ਹੈ। ਉਂਝ ਤਾਂ 5 ਜੂਨ ਦਾ ਦਿਨ ਹਰ ਸਾਲ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਰ ਅੱਜ ਪ੍ਰਦੂਸ਼ਣ ਦੀ ਸਮੱਸਿਆ ਏਨੀ ਭਿਆਨਕ ਹੋ ਗਈ ਹੈ ਕਿ ਸਾਡਾ ਹਰ ਪਲ ਵਾਤਾਵਰਨ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਆਪਣਾ ਹਰ ਕਰਮ ਕਰਨ ਤੋਂ ਪਹਿਲਾਂ ਸਾਨੂੰ ਵਾਤਾਵਰਨ ਬਾਰੇ ਸੋਚਣਾ ਚਾਹੀਦਾ ਹੈ। ਜਾਗਰੂਕ ਹੋ ਕੇ ਕੰਮ ਕਰਨ ਨਾਲ਼ ਹੀ ਇਹ ਸਮੱਸਿਆ ਦੂਰ ਹੋ ਸਕਦੀ ਹੈ।

ਵਾਤਾਵਰਨ ਪ੍ਰਤੀ ਜਾਗਰੂਕਤਾ - 'ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ' ਵਾਤਾਵਰਨ ਦੀ ਸੰਭਾਲ਼ ਅਤੇ ਵਧ ਰਹੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਮੋਟਰਾਂ-ਗੱਡੀਆਂ ਦਾ ਪ੍ਰਦੂਸ਼ਣ ਚੈਕ ਕਰਵਾ ਕੇ ਸਰਟੀਫ਼ਿਕੇਟ ਲੈਣਾ ਵੀ ਜ਼ਰੂਰੀ ਹੈ। ਭਗਤ ਪੂਰਨ ਸਿੰਘ ਪਿੰਗਲਵਾੜਾ ਵਾਤਾਵਰਨ ਦੀ ਸਾਂਭ-ਸੰਭਾਲ਼ ਅਤੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ਼ ਵਾਤਾਵਰਨ ਦੀ ਸੰਭਾਲ਼ ਲਈ ਅਤੇ ਲੋਕਾਂ ਵਿੱਚ ਵਾਤਾਵਰਨ ਸੰਬੰਧੀ ਚੇਤਨਾ ਪੈਦਾ ਕਰਨ ਲਈ ਬਹੁਤ ਸਰਗਰਮੀ ਨਾਲ਼ ਕੰਮ ਕਰ ਰਹੇ ਹਨ। 'ਕਾਲੀ ਵੇਈਂ' ਦੀ ਵੱਡੇ ਪੱਧਰ 'ਤੇ ਸਫ਼ਾਈ ਕਰਵਾ ਕੇ ਆਪ ਨੇ ਬਹੁਤ ਹੀ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਅਜਿਹੀਆਂ ਸ਼ਖ਼ਸੀਅਤਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਵਾਤਾਵਰਨ ਦੀ ਸੰਭਾਲ਼ ਵਿੱਚ ਅਤੇ ਪ੍ਰਦੂਸ਼ਣ ਘੱਟ ਕਰਨ ਵਿੱਚ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

3. ਮਨੁੱਖ ਅਤੇ ਵਿਗਿਆਨ

ਜਾਣ-ਪਛਾਣ - ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ। ਨਿੱਤ ਦੇ ਜੀਵਨ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਉਹਨਾਂ ਵਿੱਚੋਂ ਸ਼ਾਇਦ ਹੀ ਕੋਈ ਅਜਿਹੀ ਹੋਵੇ ਜਿਸ ਦੇ ਪੈਦਾ ਹੋਣ ਵਿੱਚ ਵਿਗਿਆਨ ਸਹਾਈ ਨਾ ਹੋਇਆ ਹੋਵੇ। ਜ਼ਰਾ ਝਾਤੀ ਮਾਰੀਏ ਤਾਂ ਪੈੱਨ, ਪੁਸਤਕ, ਕੱਪੜੇ, ਮੇਜ਼, ਕੁਰਸੀ, ਬਿਜਲੀ, ਆਵਾਜਾਈ ਦੇ ਸਾਧਨ, ਦਵਾਈਆਂ, ਮਨੋਰੰਜਨ ਦੇ ਸਾਧਨ ਆਦਿ ਅਣਗਿਣਤ ਚੀਜ਼ਾਂ ਵਿਗਿਆਨ ਦਾ ਵਰਦਾਨ ਹਨ। ਵਿਗਿਆਨ ਦੇ ਸਦਕਾ ਧਰਤੀ 'ਤੇ ਕਿਤੇ ਵੀ ਵੱਸਦਾ ਮਨੁੱਖ ਸਾਰੀ ਦੁਨੀਆ ਨਾਲ਼ ਜੁੜਿਆ ਮਹਿਸੂਸ ਕਰਦਾ ਹੈ। ਦੂਰੀਆਂ ਘਟ ਗਈਆਂ ਜਾਪਦੀਆਂ ਹਨ। ਕਿਤੇ ਵੀ ਕੋਈ ਘਟਨਾ ਵਾਪਰੇ ਉਸਦੀ ਸੂਚਨਾ ਮਿੰਟਾਂ-ਸਕਿੰਟਾਂ ਵਿੱਚ ਧਰਤੀ ਦੇ ਹਰ ਕੋਨੇ 'ਤੇ ਪਹੁੰਚ ਜਾਂਦੀ ਹੈ। ਮਾਰੂ ਸਮਝੀਆਂ ਜਾਂਦੀਆਂ ਬਿਮਾਰੀਆਂ 'ਤੇ ਕਾਬੂ ਪਾ ਲਿਆ ਗਿਆ ਹੈ। ਹਰ ਪ੍ਰਕਾਰ ਦੇ ਸੁੱਖਾਂ ਦੇ ਸਾਧਨ ਮਨੁੱਖ ਦੀ ਸੇਵਾ ਵਿੱਚ ਹਨ। ਕੁਦਰਤ ਦੀਆਂ ਸ਼ਕਤੀਆਂ ਨੂੰ ਵੱਸ ਵਿੱਚ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਵਿਗਿਆਨ ਨੇ ਮਨੁੱਖ ਦੇ ਜੀਵਨ-ਢੰਗ ਨੂੰ ਹੀ ਬਦਲ ਦਿੱਤਾ ਹੈ। ਹੁਣ ਵਿਗਿਆਨ ਸਦਕਾ ਮਨੁੱਖ ਇਸ ਧਰਤੀ ਦਾ ਬਾਦਸ਼ਾਹ ਹੈ।

ਵਿਗਿਆਨ ਮਨੁੱਖੀ ਮਿਹਨਤ ਦਾ ਸਿੱਟਾ - ਵਿਗਿਆਨ ਮਨੁੱਖ ਦੀ ਹੀ ਸੂਝ ਅਤੇ ਮਿਹਨਤ ਦਾ ਸਿੱਟਾ ਹੈ। ਵਿਗਿਆਨ ਦਾ ਇਹ ਵਿਕਾਸ ਇੱਕ ਦਿਨ ਵਿੱਚ ਨਹੀਂ ਹੋਇਆ। ਇਸ ਦੇ ਪਿੱਛੇ ਮਨੁੱਖ ਦੀਆਂ ਆਪਣੀਆਂ ਲੋੜਾਂ ਲਈ ਕੁਦਰਤ ਨੂੰ ਸਮਝਣ ਅਤੇ ਉਸ 'ਤੇ ਕਾਬੂ ਪਾਉਣ ਦੇ ਯਤਨਾਂ ਦੀ ਲੰਮੀ ਕਹਾਣੀ ਹੈ। ਜਿਹੜੀਆਂ ਚੀਜ਼ਾਂ ਦੀ ਅਸੀਂ ਹੁਣ ਆਮ ਵਰਤੋਂ ਕਰਦੇ ਹਾਂ ਉਹ ਕਿਸੇ ਸਮੇਂ ਹੋਈ ਵਿਗਿਆਨ ਦੀ ਕਿਸੇ ਕਾਢ ਦਾ ਹੀ ਸਿੱਟਾ ਹਨ, ਜਿਵੇਂ : ਅੱਗ ਬਾਲ਼ਨ ਦੀ ਕਾਢ (ਤੀਲਾਂ ਦੀ ਡੱਬੀ), ਪਹੀਏ ਦੀ ਕਾਢ, ਹਵਾਈ ਜਹਾਜ਼ ਦੀ ਕਾਢ। ਜੋ ਅੱਜ ਵਿਗਿਆਨ ਹੈ ਉਹ ਕੁਝ ਸਮੇਂ ਬਾਅਦ ਆਮ ਗਿਆਨ ਦਾ ਹਿੱਸਾ ਬਣ ਜਾਂਦਾ ਹੈ।

ਵਿਗਿਆਨ ਪੂਰੇ ਵਿਸ਼ਵ ਦੇ ਲੋਕਾਂ ਦੀ ਸਾਂਝੀ ਪ੍ਰਾਪਤੀ - ਵਿਗਿਆਨ ਦੀਆਂ ਕਾਢਾਂ ਕਿਸੇ ਇੱਕ ਦੇਸ਼ ਜਾਂ ਧਰਤੀ ਦੇ ਖਿੱਤੇ ਦੇ ਲੋਕਾਂ ਦੀ ਦੇਣ ਨਹੀਂ ਹਨ। ਇਹਨਾਂ ਲਈ ਸਾਰੇ ਸੰਸਾਰ ਦੇ ਵਿਗਿਆਨੀਆਂ ਨੇ ਆਪਣਾ ਯੋਗਦਾਨ ਪਾਇਆ ਹੈ। ਕੋਈ ਕਾਢ ਭਾਵੇਂ ਕਿਸੇ ਵਿਗਿਆਨੀ ਨੇ ਕੱਢੀ ਹੋਵੇ ਉਸ ਦਾ ਲਾਭ ਸਾਰੇ ਸੰਸਾਰ ਨੂੰ ਹੁੰਦਾ ਹੈ। ਉਦਾਹਰਨ ਲਈ ਬਿਜਲੀ, ਰੇਡੀਓ, ਟੈਲੀਫੂਨ, ਟੈਲੀਵੀਜ਼ਨ ਆਦਿ ਕਾਢਾਂ ਦਾ ਲਾਭ ਸਾਰੀ ਦੁਨੀਆ ਨੂੰ ਪਹੁੰਚ ਰਿਹਾ ਹੈ। ਇਸ ਤਰ੍ਹਾਂ ਵਿਗਿਆਨ ਇਸ ਧਰਤੀ ਦੇ ਲੋਕਾਂ ਦੀ ਸਾਂਝੀ ਪ੍ਰਾਪਤੀ ਹੈ ਅਤੇ ਇਸ ਦੇ ਲਾਭਾਂ ਦਾ ਹੱਕ ਸਾਰਿਆਂ ਨੂੰ ਹੈ।

ਵਿਗਿਆਨ ਨਾਲ਼ ਮਨੁੱਖੀ ਜੀਵਨ ਵਿੱਚ ਤੇਜ਼ੀ ਨਾਲ਼ ਬਦਲਾਵ ਆਇਆ - ਵਿਗਿਆਨ ਦੇ ਖੇਤਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨਿੱਤ ਅਖ਼ਬਾਰਾਂ, ਰਸਾਲਿਆਂ, ਰੇਡੀਓ, ਟੈਲੀਵੀਜ਼ਨ ਰਾਹੀਂ ਨਵੀਆਂ ਤੋਂ ਨਵੀਆਂ ਕਾਢਾਂ ਦਾ ਪਤਾ ਲੱਗਦਾ ਹੈ। ਪਰ ਇਹ ਪਸਾਰਾ ਇਤਨੀ ਤੇਜ਼ੀ ਨਾਲ਼ ਹੋ ਰਿਹਾ ਹੈ ਕਿ ਜਿਹੜੀ ਕਾਢ ਅੱਜ ਹੈਰਾਨੀ ਪੈਦਾ ਕਰਦੀ ਹੈ ਉਹ ਕੁਝ ਸਮੇਂ ਪਿੱਛੋਂ ਆਮ ਹੋ ਜਾਂਦੀ ਹੈ। ਇਲੈਕਟ੍ਰਾਨਿਕ ਘੜੀ ਹੀ ਲਈਏ। ਕੁਝ ਸਾਲ ਪਹਿਲਾਂ ਅਜਿਹੀਆਂ ਘੜੀਆਂ ਹੈਰਾਨੀ ਪੈਦਾ ਕਰਦੀਆਂ ਤੇ ਉਤਸੁਕਤਾ ਜਗਾਉਂਦੀਆਂ ਸਨ, ਪਰ ਅੱਜ-ਕੱਲ੍ਹ ਇਹਨਾਂ ਦੀ ਵਰਤੋਂ ਆਮ ਹੁੰਦੀ ਹੈ। ਇੰਝ ਇਹ ਅਨੁਮਾਨ ਕਰਨਾ ਸੌਖਾ ਨਹੀਂ ਕਿ ਆਉਣ ਵਾਲ਼ੇ ਸਮੇਂ ਵਿੱਚ ਵਿਗਿਆਨ ਦੀਆਂ ਕਿਹੜੀਆਂ-ਕਿਹੜੀਆਂ ਕਾਢਾਂ ਹੋਣਗੀਆਂ ਅਤੇ ਉਹਨਾਂ ਕਾਰਨ ਮਨੁੱਖੀ ਜੀਵਨ ਕਿੰਨਾ ਤਬਦੀਲ ਹੋ ਜਾਵੇਗਾ।

ਵਿਗਿਆਨ ਸਦਕਾ ਮਨੁੱਖ ਦੇ ਭੌਤਿਕ ਜੀਵਨ ਵਿੱਚ ਤਬਦੀਲੀਆਂ - ਵਿਗਿਆਨ ਸਦਕਾ ਮਨੁੱਖ ਦੇ ਭੌਤਿਕ ਜੀਵਨ ਵਿੱਚ ਤੇਜ਼ੀ ਨਾਲ਼ ਤਬਦੀਲੀਆਂ ਆਈਆਂ ਹਨ ਪਰ ਇਸ ਦੇ ਨਾਲ਼ ਮਨੁੱਖ ਦੇ ਮਨ ਵਿੱਚ ਵੀ ਤਬਦੀਲੀ ਆਉਣੀ ਚਾਹੀਦੀ ਹੈ। ਮੁੱਖ ਰੂਪ ਵਿੱਚ ਇਹ ਤਬਦੀਲੀ ਸਾਹਿਤ ਅਤੇ ਕਲਾਵਾਂ ਨੇ ਲਿਆਉਣੀ ਹੁੰਦੀ ਹੈ। ਵਿਗਿਆਨ ਨੇ ਕਲਾਵਾਂ ਦੇ ਵਿਕਸਿਤ ਹੋਣ ਵਿੱਚ ਵੀ ਬਹੁਤ ਯੋਗਦਾਨ ਪਾਇਆ ਹੈ। ਉਦਾਹਰਨ ਲਈ ਸੰਗੀਤ ਦੇ ਅਜਿਹੇ ਸਾਜ਼ ਬਣ ਗਏ ਹਨ ਜਿਹਨਾਂ ਨਾਲ਼ ਬਰੀਕ ਤੋਂ ਬਰੀਕ ਅਤੇ ਮੋਟੀਆਂ ਤੋਂ ਮੋਟੀਆਂ ਧੁਨੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਫ਼ਿਲਮਾਂ ਵਿੱਚ ਵਿਗਿਆਨ ਨੇ ਕਲਾਕਾਰਾਂ ਦੀ ਕਲਾ ਦੇ ਪ੍ਰਭਾਵ ਵਿੱਚ ਬੇਅੰਤ ਵਾਧਾ ਕੀਤਾ ਹੈ। ਕੋਈ ਸੋਭਾ ਸਿੰਘ ਜਿਹਾ ਚਿੱਤਰਕਾਰ ਇੱਕ ਵਧੀਆ ਚਿੱਤਰ ਬਣਾਉਂਦਾ ਹੈ ਤਾਂ ਵਿਗਿਆਨ ਉਸ ਚਿੱਤਰ ਦੀਆਂ ਇੰਨ-ਬਿੰਨ ਲੱਖਾਂ ਕਾਪੀਆਂ ਤਿਆਰ ਕਰਨ ਵਿੱਚ ਮਦਦ ਕਰਦਾ ਹੈ। ਹੋਰ ਤਾਂ ਹੋਰ ਪਹਿਲਾਂ ਚਿੱਤਰ ਬਣਨ ਵਿੱਚ ਵੀ ਵਧੀਆ ਕੈਨਵਸ, ਭਿੰਨ-ਭਿੰਨ ਰੰਗ ਅਤੇ ਮਿਆਰੀ ਬੁਰਸ਼ ਵਿਗਿਆਨ ਦੀ ਪੈਦਾਵਾਰ ਹਨ। ਵਿਗਿਆਨ ਸਦਕਾ ਕਿਸੇ ਇੱਕ ਥਾਂ ਦਾ ਉੱਤਮ ਸਾਹਿਤ ਸਾਰੇ ਸੰਸਾਰ ਵਿੱਚ ਛਪਦਾ ਅਤੇ ਵਿਕਦਾ ਹੈ। ਇਸ ਪ੍ਰਕਾਰ ਵਿਗਿਆਨ ਅਤੇ ਕਲਾਵਾਂ ਮਨੁੱਖ ਨੇ ਪੈਦਾ ਕੀਤੀਆਂ ਹਨ ਅਤੇ ਮਨੁੱਖ ਦੇ ਭਲੇ ਲਈ ਇੱਕ-ਦੂਜੇ ਦੀਆਂ ਪੂਰਕ ਹਨ। ਮਨੁੱਖ ਦੇ ਮਨ ਵਿੱਚੋਂ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਨਿਰਮੂਲ ਡਰਾਂ ਦਾ ਹਨੇਰਾ ਦੂਰ ਕਰਨ ਲਈ ਵਿਗਿਆਨ ਅਤੇ ਕਲਾਵਾਂ ਦਾ ਬਰਾਬਰ ਯੋਗਦਾਨ ਹੈ।

ਵਿਗਿਆਨ ਇੱਕ ਸ਼ਕਤੀ - ਵਿਗਿਆਨ ਮਨੁੱਖ ਦੇ ਹੱਥ ਵਿੱਚ ਇੱਕ ਵੱਡੀ ਸ਼ਕਤੀ ਹੈ। ਕਿਸੇ ਵੀ ਸ਼ਕਤੀਸ਼ਾਲੀ ਸਾਧਨ ਵਾਂਗ ਇਸ ਦੀ ਦੁਰਵਰਤੋਂ ਵੀ ਮਾੜੀ ਹੈ। ਅੱਜ ਜੰਗਾਂ-ਯੁੱਧਾਂ ਲਈ ਵਿਗਿਆਨ ਦੀ ਮਦਦ ਨਾਲ਼ ਬੜੇ ਭਿਅੰਕਰ ਹਥਿਆਰ ਬਣਾਏ ਜਾ ਰਹੇ ਹਨ। ਦੂਜੇ ਮਹਾਂ-ਯੁੱਧ ਸਮੇਂ ਜਪਾਨੀ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਐਟਮ-ਬੰਬਾਂ ਨਾਲ਼ ਹੋਈ ਬਰਬਾਦੀ ਅਜੇ ਤੱਕ ਸਭ ਨੂੰ ਯਾਦ ਹੈ। ਹੁਣ ਤਾਂ ਅਜਿਹੇ ਮਾਰੂ ਹਥਿਆਰਾਂ ਬਾਰੇ ਸੁਣਦੇ ਹਾਂ ਜਿਹਨਾਂ ਦੀ ਮਾਰ ਨਾਲ਼ ਸਾਰਾ ਸੰਸਾਰ ਇੱਕੋ ਸਮੇਂ ਤਬਾਹ ਹੋ ਸਕਦਾ ਹੈ। ਪਰ ਇਸ ਵਿੱਚ ਦੋਸ਼ ਵਿਗਿਆਨ ਦਾ ਨਹੀਂ ਸਗੋਂ ਉਹਨਾਂ ਲੋਕਾਂ ਦਾ ਹੈ ਜਿਹੜੇ ਇਸ ਨੂੰ ਤਬਾਹੀ ਲਈ ਵਰਤਣ ਤੋਂ ਝਿਜਕਦੇ ਨਹੀਂ। ਆਉਣ ਵਾਲ਼ੇ ਸਮਿਆਂ ਵਿੱਚ ਅਜਿਹੇ ਮਨੁੱਖ ਦੀ ਲੋੜ ਹੈ ਜਿਹੜਾ ਮਾਰੂ ਦੀ ਥਾਂ ਉਸਾਰੂ ਹੋਵੇ ਅਤੇ ਜਿਹੜਾ ਵਿਗਿਆਨਿਕ ਦ੍ਰਿਸ਼ਟੀ ਅਤੇ ਕੋਮਲ ਹਿਰਦੇ ਦਾ ਮਾਲਕ ਹੋਵੇ, ਤਾਂ ਹੀ ਉਹ ਵਿਗਿਆਨ ਦੀ ਵਧਦੀ ਸ਼ਕਤੀ ਨੂੰ ਸਮੁੱਚੀ ਮਾਨਵਤਾ ਦੇ ਭਲੇ ਲਈ ਵਰਤ ਸਕਦਾ ਹੈ। ਨਿਸ਼ਚੇ ਹੀ ਅਜਿਹੇ ਮਨੁੱਖ ਦੀ ਸ਼ਖ਼ਸੀਅਤ ਦਾ ਵਿਕਾਸ ਵਿਗਿਆਨ ਅਤੇ ਕਲਾ ਦੋਹਾਂ ਦੇ ਸੁਮੇਲ ਸਦਕਾ ਹੀ ਹੋ ਸਕਦਾ ਹੈ।

4. ਸ਼ਹੀਦ ਭਗਤ ਸਿੰਘ

ਜਾਣ-ਪਛਾਣ - ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸਰਦਾਰ ਭਗਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਹੈ। ਭਾਰਤ ਦੀ ਅਜ਼ਾਦੀ ਲਈ ਉੱਠੀ ਲਹਿਰ ਵਿੱਚ ਭਗਤ ਸਿੰਘ ਨੇ ਵਿਸ਼ੇਸ਼ ਭਾਗ ਲਿਆ। ਉਸ ਨੇ ਦੇਸ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਅਜ਼ਾਦੀ ਦਾ ਅਜਿਹਾ ਵਲਵਲਾ ਪੈਦਾ ਕੀਤਾ, ਜਿਸ ਨਾਲ਼ ਦੇਸ ਦੀ ਅਜ਼ਾਦੀ ਨੂੰ ਲੰਮੇ ਸਮੇਂ ਲਈ ਟਾਲਿਆ ਨਾ ਜਾ ਸਕਿਆ। ਉਹ ਬਹਾਦਰ, ਨਿਡਰ, ਕ੍ਰਾਂਤੀਕਾਰੀ ਤੇ ਗਿਆਨਵਾਨ ਵਿਅਕਤੀ ਸਨ।

ਜਨਮ ਅਤੇ ਮਾਤਾ-ਪਿਤਾ - ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ. ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਬੰਗਾ, ਚੱਕ ਨੰ. 105 ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦੇ ਪਿਤਾ ਵੀ ਇੱਕ ਇਨਕਲਾਬੀ ਨੇਤਾ ਸਨ। ਆਪ ਦੇ ਚਾਚਾ ਸ. ਅਜੀਤ ਸਿੰਘ ਇੱਕ ਉੱਘੇ ਦੇਸ-ਭਗਤ ਸਨ ਜਿਨ੍ਹਾਂ ਨੇ ‘ਪੱਗੜੀ ਸੰਭਾਲ ਜੱਟਾ’ ਨਾਂ ਦੀ ਲਹਿਰ ਚਲਾਈ। ਆਪ ਦਾ ਪਰਿਵਾਰ ਇੱਕ ਇਨਕਲਾਬੀ ਅਤੇ ਦੇਸ-ਭਗਤਾਂ ਦਾ ਪਰਿਵਾਰ ਸੀ।

ਪੜ੍ਹਾਈ-ਲਿਖਾਈ - ਆਪ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਆਪ ਦੇ ਚਾਚਾ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸਨ। ਇਸ ਲਈ ਆਪ ਨੂੰ ‘ਭਾਗਾਂ ਵਾਲ਼ਾ’ ਕਿਹਾ ਜਾਣ ਲੱਗਾ। ਹੌਲ਼ੀ-ਹੌਲ਼ੀ ਆਪ ਦਾ ਨਾਂ ਭਗਤ ਸਿੰਘ ਹੋ ਗਿਆ। ਸ. ਭਗਤ ਸਿੰਘ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਤੋਂ ਆਪਣੇ ਦਾਦਾ ਸ. ਅਰਜਨ ਸਿੰਘ ਕੋਲ਼ ਰਹਿ ਕੇ ਪ੍ਰਾਪਤ ਕੀਤੀ। ਆਪ ਨੇ ਨੈਸ਼ਨਲ ਕਾਲਜ ਲਾਹੌਰ ਤੋਂ ਐਫ਼. ਏ. ਪਾਸ ਕੀਤੀ।

ਦੇਸ ਪਿਆਰ ਅਤੇ ਦੇਸ-ਭਗਤੀ ਦੀ ਭਾਵਨਾ - ਉਸ ਸਮੇਂ ਦੇਸ ਵਿੱਚ ਇਨਕਲਾਬੀ ਲਹਿਰ ਜ਼ੋਰਾਂ 'ਤੇ ਸੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਆਪ ਦੇ ਮਨ ’ਤੇ ਬਹੁਤ ਡੂੰਘਾ ਅਸਰ ਪਿਆ। 1920 ਈ. ਵਿੱਚ ਮਹਾਤਮਾ ਗਾਂਧੀ ਵੱਲੋਂ ਚਲਾਈ ਨਾਮਿਲਵਰਤਣ ਲਹਿਰ ਸਮੇਂ ਉਹ ਨੈਸ਼ਨਲ ਕਾਲਜ ਲਾਹੌਰ ਵਿੱਚ ਸਨ। ਉਹਨਾਂ ਨੇ ਦੇਸ-ਭਗਤੀ ਤੇ ਦੇਸ਼ ਦੀ ਅਜ਼ਾਦੀ ਲਈ ਕੁਝ ਕਰਨ ਦਾ ਪਹਿਲਾ ਪਾਠ ਪੜ੍ਹਿਆ। 1924 ਈ. ਵਿੱਚ ਆਪ ਕਾਨਪੁਰ ਚਲੇ ਗਏ। ਉੱਥੇ ਆਪ ਨੇ ਸ਼੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਵੱਲੋਂ ਕੱਢੀ ਜਾਂਦੀ ਹਿੰਦੀ ਦੀ ‘ਪ੍ਰਤਾਪ’ ਨਾਮਕ ਅਖ਼ਬਾਰ ਵਿੱਚ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। ਸ਼੍ਰੀ ਗਣੇਸ਼ ਸ਼ੰਕਰ ਵਿਦਿਆਰਥੀ ਗ਼ਰਮ ਧੜੇ ਦੇ ਕਾਂਗਰਸੀਆਂ ਵਿੱਚੋਂ ਸਨ। ਉਹਨਾਂ ਦੇ ਸੰਪਰਕ ਵਿੱਚ ਰਹਿ ਕੇ ਭਗਤ ਸਿੰਘ ਵਿੱਚ ਦੇਸ-ਭਗਤੀ ਦਾ ਜਜ਼ਬਾ ਹੋਰ ਵੀ ਪ੍ਰਬਲ ਹੋ ਗਿਆ। ਇੱਥੇ ਹੀ ਆਪ ਦਾ ਮੇਲ਼ ਚੰਦਰ ਸ਼ੇਖਰ ਆਜ਼ਾਦ ਨਾਲ਼ ਵੀ ਹੋਇਆ।

ਦੇਸ ਦੀ ਆਜ਼ਾਦੀ ਲਈ ਸਰਗਰਮ ਭੂਮਿਕਾ - ਉਹਨਾਂ ਦਿਨਾਂ ਵਿੱਚ ਹੀ ਗ਼ਰਮ ਖ਼ਿਆਲੀ ਨੌਜਵਾਨ ਭਾਰਤੀਆਂ ਨੇ ਕਈ ਜਥੇਬੰਦੀਆਂ, ਜਿਵੇਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, ਹਿੰਦੁਸਤਾਨ ਰਿਪਬਲਿਕਨ ਆਰਮੀ ਤੇ ਨੌਜਵਾਨ ਭਾਰਤ ਸਭਾ ਆਦਿ ਬਣਾਈਆਂ। ਭਗਤ ਸਿੰਘ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂ ਸਨ। 1927 ਈ. ਵਿੱਚ ਨੌਜਵਾਨ ਭਾਰਤ ਸਭਾ ਬਹੁਤ ਸਰਗਰਮ ਹੋ ਗਈ ਸੀ। 1928 ਈ. ਵਿੱਚ ‘ਸਾਈਮਨ ਕਮਿਸ਼ਨ’ ਭਾਰਤ ਆਇਆ ਜਿਸ ਦਾ ਸਾਰੇ ਭਾਰਤੀਆਂ ਵੱਲੋਂ ਵਿਰੋਧ ਕੀਤਾ ਗਿਆ। ਲਾਲਾ ਲਾਜਪਤ ਰਾਏ ਲਾਹੌਰ ਵਿਖੇ ਇਸ ਵਿਰੁੱਧ ਕੱਢੇ ਗਏ ਜਲੂਸ ਦੀ ਅਗਵਾਈ ਕਰ ਰਹੇ ਸਨ। ਉਹਨਾਂ 'ਤੇ ਲਾਠੀਆਂ ਚਲਾਈਆਂ ਗਈਆਂ। ਇਸ ਕਾਰਨ ਉਹ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਅਤੇ ਉਹਨਾਂ ਦੀ ਮੌਤ ਹੋ ਗਈ। ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਫ਼ੈਸਲਾ ਕਰ ਲਿਆ। ਭਗਤ ਸਿੰਘ ਨੇ ਅੰਗਰੇਜ਼ ਪੁਲਿਸ ਅਫ਼ਸਰ ਸਾਂਡਰਸ ਨੂੰ ਗੋਲ਼ੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ।

ਫਾਂਸੀ ਦੀ ਸਜਾ - ਆਪ ਨੇ ਸੁਖਦੇਵ ਅਤੇ ਰਾਜਗੁਰੂ ਨਾਲ਼ ਮਿਲ਼ ਕੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਪੋਸਟਰ ਵੀ ਵੰਡੇ। ਆਪ ਨੇ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਹਰੇ ਲਾ ਕੇ ਗ੍ਰਿਫ਼ਤਾਰੀ ਦੇ ਦਿੱਤੀ। ਆਪ ਉੱਤੇ ਕਈ ਮੁਕੱਦਮੇ ਚਲਾਏ ਗਏ। ਅਖੀਰ 23 ਮਾਰਚ,1931 ਈ. ਨੂੰ ਆਪ ਨੂੰ ਆਪ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ਼ ਫਾਂਸੀ 'ਤੇ ਲਟਕਾ ਦਿੱਤਾ ਗਿਆ। ਆਪ ਨੇ ਹੱਸਦੇ-ਹੱਸਦੇ ਫਾਂਸੀ ’ਤੇ ਚੜ੍ਹ ਕੇ ਭਾਰਤ-ਮਾਤਾ ਲਈ ਕੁਰਬਾਨੀ ਦਿੱਤੀ।

ਭਗਤ ਸਿੰਘ ਅਤੇ ਸਾਥੀਆਂ ਲਈ ਵਿਸ਼ੇਸ਼ ਸਨਮਾਨ - ਇਹਨਾਂ ਤਿੰਨਾਂ ਦੇਸ ਭਗਤਾਂ ਦੀਆਂ ਸਮਾਧਾਂ ਫ਼ਿਰੋਜ਼ਪੁਰ ਨੇੜੇ ਹੁਸੈਨੀਵਾਲ਼ਾ ਦੇ ਸਥਾਨ ’ਤੇ ਬਣਾਈਆਂ ਗਈਆਂ ਹਨ। ਇੱਥੇ ਹਰ ਸਾਲ 23 ਮਾਰਚ ਨੂੰ ਮੇਲਾ ਲੱਗਦਾ ਹੈ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਵਿਸ਼ੇਸ਼ ਸਮਾਗਮ ਹੁੰਦੇ ਹਨ। ਆਪ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਭਾਰਤਵਾਸੀਆਂ ਨੂੰ ਭਗਤ ਸਿੰਘ ਵਰਗੇ ਦੇਸ-ਭਗਤਾਂ 'ਤੇ ਮਾਣ ਹੈ। ਆਪ ਦਾ ਨਾਂ ਸਦਾ ਅਮਰ ਰਹੇਗਾ।

5. ਸਾਡੇ ਮੇਲੇ ਤੇ ਤਿਉਹਾਰ

ਜਾਣ-ਪਛਾਣ - ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ‘ਤਿਉਹਾਰ’ ਉਸ ਖ਼ਾਸ ਦਿਨ ਨੂੰ ਕਹਿੰਦੇ ਹਨ ਜਿਸ ਦਿਨ ਕੋਈ ਇਤਿਹਾਸਿਕ, ਮਿਥਿਹਾਸਿਕ, ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ। ਇਹਨਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆਂ ਨਾਲ਼ ਜਾਂ ਉਹਨਾਂ ਨਾਲ਼ ਸੰਬੰਧਿਤ ਘਟਨਾਵਾਂ ਤੇ ਰੁੱਤਾਂ ਨਾਲ਼ ਹੁੰਦਾ ਹੈ। ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਨੂੰ ਮਨਾਉਣ ਲਈ ਥਾਂ-ਥਾਂ ਮੇਲੇ ਲੱਗਦੇ ਹਨ। ਹਰ ਥਾਂ ਆਪਣੇ-ਆਪਣੇ ਰਿਵਾਜ ਮੁਤਾਬਕ ਮੇਲੇ ਲੱਗਦੇ ਹਨ ਤੇ ਤਿਉਹਾਰ ਮਨਾਏ ਜਾਂਦੇ ਹਨ।

ਪੰਜਾਬ ਵਿੱਚ ਮਨਾਏ ਜਾਣ ਵਾਲ਼ੇ ਮੇਲੇ ਅਤੇ ਤਿਉਹਾਰ - ਪੰਜਾਬ ਵਿੱਚ ਬਹੁਤ ਸਾਰੇ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ। ਜੇ ਇਸ ਤਰ੍ਹਾਂ ਕਹਿ ਲਈਏ ਕਿ ਪੰਜਾਬ ਵਿੱਚ ਨਿੱਤ ਮੇਲੇ ਲੱਗਦੇ ਹਨ ਤਾਂ ਠੀਕ ਹੀ ਹੋਵੇਗਾ। ਸਾਲ ਵਿੱਚ ਕੋਈ ਹੀ ਮਹੀਨਾ ਅਜਿਹਾ ਹੁੰਦਾ ਹੋਵੇਗਾ ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਦਿਵਾਲ਼ੀ, ਦਸਹਿਰਾ, ਵਿਸਾਖੀ, ਬਸੰਤ, ਲੋਹੜੀ, ਮਾਘੀ, ਹੋਲੀ, ਹੋਲਾ-ਮਹੱਲਾ, ਜਰਗ ਦਾ ਮੇਲਾ, ਰੋਸ਼ਨੀ, ਜਗਰਾਵਾਂ ਦਾ ਮੇਲਾ ਤੇ ਹੋਰ ਕਈ ਮੇਲੇ ਤੇ ਗੁਰਪੁਰਬ ਜੋ ਇਤਿਹਾਸਿਕ ਮਹੱਤਤਾ ਰੱਖਦੇ ਹਨ, ਬੜੇ ਉਤਸ਼ਾਹ ਨਾਲ਼ ਮਨਾਏ ਜਾਂਦੇ ਹਨ। ਇਹਨਾਂ ਤਿਉਹਾਰਾਂ ਅਤੇ ਮੇਲਿਆਂ ਦਾ ਹਰ ਪੁਰਸ਼, ਇਸਤਰੀ, ਬੱਚੇ, ਬੁੱਢੇ ਤੇ ਮੁਟਿਆਰ ਨੂੰ ਬਹੁਤ ਚਾਅ ਹੁੰਦਾ ਹੈ।

ਲੋਹੜੀ ਅਤੇ ਮਾਘੀ ਦਾ ਤਿਉਹਾਰ - ਜੇਕਰ ਅਸੀਂ ਪੂਰੇ ਸਾਲ ਦੇ ਤਿਉਹਾਰਾਂ ਵੱਲ ਨਜ਼ਰ ਮਾਰੀਏ ਤਾਂ ਨਵੇਂ ਸਾਲ ਦੇ ਅਰੰਭ ਵਿੱਚ ਹੀ ਲੋਹੜੀ ਦਾ ਤਿਉਹਾਰ ਆ ਜਾਂਦਾ ਹੈ। ਲੋਹੜੀ ਮੰਗਦੇ ਮੁੰਡੇ-ਕੁੜੀਆਂ ਆਪਣੇ ਗੀਤਾਂ ਨਾਲ਼ ਵਾਤਾਵਰਨ ਨੂੰ ਸੁਹਾਵਣਾ ਬਣਾ ਦਿੰਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰ ਵਿਆਹ ਹੋਇਆ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ ਉਸ ਘਰ ਵਿੱਚ ਲੋਹੜੀ ਖ਼ਾਸ ਤੌਰ 'ਤੇ ਮਨਾਈ ਜਾਂਦੀ ਹੈ। ਇੱਕ ਵੱਡੀ ਧੂਣੀ ਬਾਲ਼ ਕੇ ਗੀਤ ਗਾਏ ਜਾਂਦੇ ਹਨ ਤੇ ਨਾਚ ਨੱਚੇ ਜਾਂਦੇ ਹਨ। ਮੂੰਗਫਲ਼ੀਆਂ ਤੇ ਰਿਓੜੀਆਂ ਵੰਡੀਆਂ ਜਾਂਦੀਆਂ ਹਨ। ਅੱਜ-ਕੱਲ੍ਹ ਦੋਸਤਾਂ-ਮਿੱਤਰਾਂ ਨੂੰ ਇਕੱਠੇ ਕਰਕੇ ਤੇ ਖ਼ਾਸ ਪਕਵਾਨ ਬਣਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਪਵਿੱਤਰ ਤਿਉਹਾਰ ਹੁੰਦਾ ਹੈ। ਇਸ ਦਿਨ ਲੋਕ ਹਰਿਦੁਆਰ, ਬਨਾਰਸ ਆਦਿ ਤੀਰਥਾਂ ’ਤੇ ਜਾ ਕੇ ਇਸ਼ਨਾਨ ਕਰਦੇ ਹਨ। ਪੰਜਾਬ ਵਿੱਚ ਮੁਕਤਸਰ ਵਿਖੇ ਮਾਘੀ ਦਾ ਮੇਲਾ ਲੱਗਦਾ ਹੈ।

ਬਸੰਤ-ਪੰਚਮੀ - ਇਸ ਪਿੱਛੋਂ ਜਨਵਰੀ ਦੇ ਅਖੀਰ ਜਾਂ ਫ਼ਰਵਰੀ ਦੇ ਸ਼ੁਰੂ ਵਿੱਚ ਹੀ ਬਸੰਤ-ਪੰਚਮੀ ਦਾ ਤਿਉਹਾਰ ਆਉਂਦਾ ਹੈ। ਇਹ ਸਿਆਲ਼ ਦੀ ਰੁੱਤ ਦੇ ਜਾਣ ਅਤੇ ਬਹਾਰ ਦੀ ਰੁੱਤ ਆਉਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ। ਕਹਿੰਦੇ ਹਨ, ਬਸੰਤ ਪੰਚਮੀ ਆਉਣ 'ਤੇ ਸਰਦੀ ਖ਼ਤਮ ਹੋ ਜਾਂਦੀ ਹੈ। ਇਸ ਸੰਬੰਧੀ ‘ਆਈ ਬਸੰਤ ਤੇ ਪਾਲਾ ਉਡੰਤ’ ਆਮ ਕਹਾਵਤ ਹੈ। ਲੋਕ ਇਸ ਦਿਨ ਪੀਲ਼ੇ ਪਕਵਾਨ ਬਣਾਉਂਦੇ ਹਨ। ਇਸ ਦਿਨ ਪਤੰਗਾਂ ਵੀ ਉਡਾਈਆਂ ਜਾਂਦੀਆਂ ਹਨ।

ਹੋਲੀ ਅਤੇ ਵਿਸਾਖੀ ਦਾ ਤਿਉਹਾਰ - ਮਾਰਚ ਦੇ ਮਹੀਨੇ ਇੱਕ-ਦੂਸਰੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹੋਲੀ ਤੋਂ ਅਗਲੇ ਦਿਨ ਸਿੱਖ ਹੋਲਾ-ਮਹੱਲਾ ਮਨਾਉਂਦੇ ਹਨ। ਇਸ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਹੈ। ਇਸ ਪਿੱਛੋਂ 13 ਅਪਰੈਲ ਨੂੰ ਵਿਸਾਖੀ ਦਾ ਤਿਉਹਾਰ ਆਉਂਦਾ ਹੈ। ਕਣਕ ਦੀ ਫ਼ਸਲ ਪੱਕਣ ਦੀ ਖ਼ੁਸ਼ੀ ਵਿੱਚ ਕਿਸਾਨ ਭੰਗੜੇ ਪਾਉਂਦੇ ਤੇ ਖ਼ੁਸ਼ੀਆਂ ਮਨਾਉਂਦੇ ਹਨ।

ਜਨਮ-ਅਸ਼ਟਮੀ ਅਤੇ ਰੱਖੜੀ - ਜੁਲਾਈ ਦੇ ਮਹੀਨੇ ਵਿੱਚ ਜਨਮ-ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਦਾ ਸੰਬੰਧ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ਼ ਹੈ। ਰੱਖੜੀ ਦਾ ਤਿਉਹਾਰ ਆਮ ਤੌਰ ’ਤੇ ਅਗਸਤ ਦੇ ਮਹੀਨੇ ਆਉਂਦਾ ਹੈ। ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਸਾਉਣ ਦੇ ਮਹੀਨੇ ਵਿੱਚ ਤੀਆਂ ਲੱਗਦੀਆਂ ਹਨ। ਕੁੜੀਆਂ ਗਿੱਧੇ ਪਾਉਂਦੀਆਂ ਅਤੇ ਪੀਂਘਾਂ ਝੂਟਦੀਆਂ ਹਨ।

ਦਸਹਿਰੇ ਦਾ ਤਿਉਹਾਰ - ਦਸਹਿਰੇ ਦਾ ਤਿਉਹਾਰ ਆਮ ਤੌਰ 'ਤੇ ਅਕਤੂਬਰ ਵਿੱਚ ਆਉਂਦਾ ਹੈ। ਇਹ ਤਿਉਹਾਰ ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਦੇ ਵਿਰੁੱਧ ਲੜਾਈ ਲੜ ਕੇ ਲੰਕਾ 'ਤੇ ਜਿੱਤ ਪ੍ਰਾਪਤ ਕੀਤੀ ਸੀ। ਦਸਹਿਰੇ ਵਾਲ਼ੇ ਦਿਨ ਭਾਰੀ ਮੇਲਾ ਲੱਗਦਾ ਹੈ ਅਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾਕੇ ਸਾੜੇ ਜਾਂਦੇ ਹਨ।

ਦਿਵਾਲ਼ੀ - ਦਸਹਿਰੇ ਤੋਂ ਲਗ-ਪਗ ਵੀਹ ਦਿਨ ਬਾਅਦ ਦਿਵਾਲ਼ੀ ਦਾ ਤਿਉਹਾਰ ਆਉਂਦਾ ਹੈ। ਇਹ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਰਾਮ ਚੰਦਰ ਜੀ ਦੇ ਬਣਬਾਸ ਤੋਂ ਪਰਤਣ ਦੀ ਖ਼ੁਸ਼ੀ ਵਿੱਚ ਦਿਵਾਲ਼ੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਛੁਡਵਾ ਕੇ ਲਿਆਏ ਸਨ। ਇਸੇ ਖ਼ੁਸ਼ੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦਿਵਾਲ਼ੀ ਮਨਾਈ ਜਾਂਦੀ ਹੈ। ਇਸ ਦਿਨ ਆਪਣੇ ਸੱਜਣਾਂ-ਮਿੱਤਰਾਂ ਨੂੰ ਮਿਠਿਆਈਆਂ ਅਤੇ ਹੋਰ ਤੋਹਫ਼ੇ ਦਿੱਤੇ ਜਾਂਦੇ ਹਨ।

ਗੁਰਪੁਰਬ - ਗੁਰਪੁਰਬ ਵੀ ਤਿਉਹਾਰਾਂ ਵਾਂਗ ਹੀ ਮਨਾਏ ਜਾਂਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਦਿਵਸ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ਼ ਮਨਾਇਆ ਜਾਂਦਾ ਹੈ। ਗੁਰਪੁਰਬ ਦੇ ਮੌਕੇ ’ਤੇ ਗੁਰਦੁਆਰਿਆਂ ਵਿੱਚ ਕੀਰਤਨ ਹੁੰਦਾ ਹੈ ਅਤੇ ਲੰਗਰ ਵਰਤਾਏ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਠੰਢੇ ਅਤੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ।

ਈਦ, ਕ੍ਰਿਸਮਿਸ ਅਤੇ ਕੌਮੀ ਤਿਉਹਾਰ - ਈਦ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਹੈ। ਇਸ ਦਿਨ ਮੁਸਲਮਾਨ ਮਸੀਤਾਂ ਵਿੱਚ ਜਾ ਕੇ ਨਮਾਜ਼ ਪੜ੍ਹਦੇ ਹਨ ਅਤੇ ਇੱਕ-ਦੂਸਰੇ ਨੂੰ ਗਲ਼ੇ ਮਿਲ਼ ਕੇ ਮੁਬਾਰਕਬਾਦ ਦਿੰਦੇ ਹਨ। 25 ਦਸੰਬਰ ਨੂੰ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾਂਦਾ ਹੈ। 26 ਜਨਵਰੀ ਅਤੇ 15 ਅਗਸਤ ਸਾਡੇ ਕੌਮੀ ਤਿਉਹਾਰ ਹਨ। ਇਸ ਦਿਨ ਅਨੇਕਾਂ ਥਾਵਾਂ 'ਤੇ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ।

ਸਿੱਟਾ - ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡਾ ਜੀਵਨ ਖ਼ੁਸ਼ੀਆਂ ਨਾਲ਼ ਭਰਪੂਰ ਹੈ। ਇਹਨਾਂ ਮੇਲਿਆਂ ਅਤੇ ਤਿਉਹਾਰਾਂ ਵਿੱਚ ਪੰਜਾਬੀ ਮਨਪਸੰਦ ਚੀਜ਼ਾਂ ਖਾ ਕੇ ਤੇ ਭੰਗੜੇ ਪਾ ਕੇ ਆਪਣਾ ਮਨ-ਪਰਚਾਵਾ ਕਰਦੇ ਹਨ। ਰੱਬ ਕਰੇ ਅਸੀਂ ਇਹ ਮੇਲੇ ਤੇ ਤਿਉਹਾਰ ਇਸੇ ਤਰ੍ਹਾਂ ਮਨਾਉਂਦੇ ਰਹੀਏ।

6. ਭਰੂਣ-ਹੱਤਿਆ

ਜਾਣ-ਪਛਾਣ - ਸਮਾਜ ਦੀ ਸਭ ਤੋਂ ਛੋਟੀ ਇਕਾਈ ਇੱਕ ਪਰਿਵਾਰ ਨੂੰ ਮੰਨਿਆ ਜਾਂਦਾ ਹੈ। ਔਰਤ ਅਤੇ ਮਰਦ ਦੋਵੇਂ ਪਰਿਵਾਰ ਰੂਪੀ ਗੱਡੀ ਦੇ ਦੋ ਪਹੀਏ ਹਨ। ਦੋਵੇਂ ਇੱਕ-ਦੂਜੇ ਦੇ ਪੂਰਕ ਹਨ। ਕੋਈ ਵੀ ਵੱਡਾ ਜਾਂ ਛੋਟਾ, ਚੰਗਾ ਜਾਂ ਮਾੜਾ ਨਹੀਂ। ਪਰ ਅੱਜ ਦੇ ਸਮੇਂ ਵਿੱਚ ਮਨੁੱਖ ਦੀ ਸੋਚ ਵਿੱਚ ਏਨੀ ਜ਼ਿਆਦਾ ਗਿਰਾਵਟ ਆ ਚੁੱਕੀ ਹੈ ਕਿ ਉਹ ‘ਜੱਗ-ਜਣਨੀ’ ਔਰਤ ਨੂੰ ਵਾਧੂ ਅਤੇ ਘਟੀਆ ਸਮਝਣ ਲੱਗ ਪਿਆ ਹੈ। ਹਾਲਾਤ ਏਨੇ ਬਦਤਰ ਹੋ ਗਏ ਹਨ ਕਿ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਰਿਹਾ ਹੈ। ਵਿਗਿਆਨਿਕ ਮਸ਼ੀਨਾਂ ਰਾਹੀਂ ਮਾਂ ਦੇ ਗਰਭ ਵਿੱਚ ਪਲ਼ ਰਹੇ ਬੱਚੇ ਦੇ ਲਿੰਗ ਸੰਬੰਧੀ ਪਤਾ ਲਾ ਲਿਆ ਜਾਂਦਾ ਹੈ। ਜੇਕਰ ਬੱਚਾ ਮਾਦਾ ਹੋਵੇ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ।

ਭਰੂਣ-ਹੱਤਿਆ ਦੀ ਸ਼ੁਰੂਆਤ - ਮਾਂ ਦੀ ਕੁੱਖ ਵਿੱਚ ਵਿਕਸਿਤ ਹੋ ਰਿਹਾ ਬੱਚਾ ਜਦੋਂ ਲਗ-ਪਗ ਅੱਠ ਹਫ਼ਤਿਆਂ ਦਾ ਹੁੰਦਾ ਹੈ, ਉਸ ਨੂੰ ਭਰੂਣ ਕਿਹਾ ਜਾਂਦਾ ਹੈ। ਵਿਕਾਸ ਦੇ ਇਸ ਪੜਾਅ 'ਤੇ ਬੱਚੇ ਦੇ ਲਿੰਗ ਸਮੇਤ ਸਾਰੇ ਅੰਗਾਂ ਨੂੰ ‘ਅਲਟ੍ਰਾ-ਸਾਊਂਡ ਸਕੈਨਿੰਗ’ ਰਾਹੀਂ ਪਛਾਣਿਆ ਜਾ ਸਕਦਾ ਹੈ। ਜੇਕਰ ਭਰੂਣ ਦੀ ਪਛਾਣ ‘ਨਰ’ ਵਜੋਂ ਹੋਵੇ ਤਾਂ ਉਸ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਲਿਆ ਜਾਂਦਾ ਹੈ। ਜੇਕਰ ਭਰੂਣ ‘ਮਾਦਾ’ ਹੋਵੇ ਤਾਂ ਹੀ ਉਸ ਦੀ ਹੱਤਿਆ ਕਰਵਾਈ ਜਾਂਦੀ ਹੈ। 1980 ਵਿੱਚ ‘ਅਲਟ੍ਰਾ-ਸਾਊਂਡ ਸਕੈਨਿੰਗ’ ਮਸ਼ੀਨਾਂ ਭਾਰਤ ਵਿੱਚ ਆਈਆਂ। ਉਦੋਂ ਤੋਂ ਹੀ ਮਾਦਾ ਭਰੂਣ-ਹੱਤਿਆ ਸ਼ੁਰੂ ਹੋਈ ਹੈ ਜਿਸਦੇ ਨਤੀਜੇ ਵਜੋਂ ਸਮਾਜ ਵਿੱਚ ਅਸੰਤੁਲਨ ਪੈਦਾ ਹੋ ਰਿਹਾ ਹੈ ਅਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘਟ ਰਹੀ ਹੈ।

ਵੱਖ-ਵੱਖ ਕਾਲ ਵਿੱਚ ਔਰਤ ਦੀ ਸਥਿਤੀ - ਭਾਰਤੀ ਸਮਾਜ ਵਿੱਚ ਔਰਤ ਦਾ ਮਹੱਤਵ ਸਮੇਂ-ਸਮੇਂ ਬਦਲਦਾ ਰਿਹਾ ਹੈ। ਵੈਦਿਕ ਕਾਲ ਵਿੱਚ ਔਰਤ ਦੀ ਸਥਿਤੀ ਬਹੁਤ ਸਨਮਾਨ ਵਾਲ਼ੀ ਸੀ। ਪੁਰਾਣਾਂ ਵਿੱਚ ਤਾਂ ਔਰਤ ਨੂੰ ਲੱਛਮੀ, ਸਰਸਵਤੀ ਅਤੇ ਸ਼ਕਤੀ ਦਾ ਰੂਪ ਮੰਨਿਆ ਗਿਆ ਹੈ। ਕਦੇ ਇਹ ਕਿਹਾ ਜਾਂਦਾ ਸੀ, “ਜਿਸ ਪਹਿਲੀ ਜਾਈ ਲੱਛਮੀ, ਸੋਈ ਕੁੱਖ ਸੁਲੱਖਣੀ।” ਅਰਥਾਤ ਜਿਹੜੀ ਔਰਤ ਪਹਿਲਾਂ ਧੀ ਦੀ ਮਾਂ ਬਣਦੀ ਹੈ, ਉਸ ਦੀ ਕੁੱਖ ਸੁਲੱਖਣੀ ਹੁੰਦੀ ਹੈ। ਫਿਰ ਸਾਡੇ ਸਮਾਜ ਵਿੱਚ ਉਹ ਸਮਾਂ ਵੀ ਆਇਆ ਜਦੋਂ ਧੀਆਂ ਨੂੰ ਜਨਮ ਤੋਂ ਤੁਰੰਤ ਬਾਅਦ ਮੂੰਹ ਵਿੱਚ ਗੁੜ ਪਾ ਕੇ, ਹੱਥ ਵਿੱਚ ਪੂਣੀ ਫੜਾ ਕੇ, ਘੜੇ ਵਿੱਚ ਪਾ ਕੇ ਦੱਬ ਦਿੱਤਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ, “ਗੁੜ ਖਾਈਂ, ਪੂਣੀ ਕੱਤੀਂ; ਆਪ ਨਾ ਆਈਂ, ਵੀਰ ਨੂੰ ਘੱਤੀਂ”, ਪਰ ਸਮਾਜ-ਸੁਧਾਰਕ ਇਸ ਕੁਰੀਤੀ ਨੂੰ ਭੰਡਦੇ ਰਹੇ ਹਨ। ਅੱਜ ਤੋਂ ਲਗ-ਪਗ ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਔਰਤ ਜਾਤੀ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਆਖਿਆ ਸੀ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।” ਇਸੇ ਪ੍ਰਕਾਰ ਬਾਅਦ ਵਿੱਚ ਗੁਰੂ ਅਮਰਦਾਸ ਜੀ ਨੇ ‘ਸਤੀ-ਪ੍ਰਥਾ’ ਵਿਰੁੱਧ ਅਵਾਜ਼ ਉਠਾ ਕੇ ਔਰਤ ਦੇ ਹੱਕ ਦੀ ਗੱਲ ਕੀਤੀ।

ਔਰਤ ਪ੍ਰਤੀ ਸਮਾਜ ਦੀ ਨਾਂਹ-ਪੱਖੀ ਸੋਚ ਦਾ ਕਾਰਨ - ਨਿਰਸੰਦੇਹ ਔਰਤ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵਿਚਾਰਨ ਦੀ ਲੋੜ ਹੈ ਕਿ ਧੀਆਂ ਪ੍ਰਤੀ ਮਾਪਿਆਂ ਅਤੇ ਸਮਾਜ ਦੀ ਸੋਚ ਨਾਂਹ-ਪੱਖੀ ਕਿਉਂ ਹੈ? ਯਕੀਨਨ ਹੀ ਦਾਜ ਦੀ ਲਾਹਨਤ ਅਤੇ ਸਮਾਜਿਕ ਅਸੁਰੱਖਿਆ ਇਸ ਦਾ ਵੱਡਾ ਕਾਰਨ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਦਾਜ ਵਿੱਚ ਮੰਗੀਆਂ ਜਾਣ ਵਾਲ਼ੀਆਂ ਵਸਤੂਆਂ ਦੀ ਕੋਈ ਸੀਮਾ ਨਹੀਂ ਰਹੀ। ਵਿਆਹਾਂ ਦੌਰਾਨ ਖਾਣ-ਪੀਣ ਦੇ ਸਮਾਨ ਅਤੇ ਸਜਾਵਟ ਆਦਿ ਕਰਨ ਦੇ ਖ਼ਰਚੇ ਵੀ ਬਹੁਤ ਵਧ ਗਏ ਹਨ। ਇਸ ਕਾਰਨ ਮਾਪੇ ਧੀਆਂ ਨੂੰ ਬੋਝ ਸਮਝਣ ਲੱਗੇ ਹਨ। ਵਿਆਹ ਤੋਂ ਬਾਅਦ ਦਿੱਤੇ ਜਾਣ ਵਾਲ਼ੇ ਛੂਛਕ ਅਤੇ ਹਰੇਕ ਤਿਉਹਾਰ 'ਤੇ ਧੀ ਦੇ ਮਾਪਿਆਂ ਵੱਲੋਂ ਦਿੱਤੇ ਜਾਣ ਵਾਲ਼ੇ ਸੰਧਾਰੇ ਆਦਿ ਵੀ ਮਾਪਿਆਂ ਦਾ ਆਰਥਿਕ ਬੋਝ ਵਧਾਉਂਦੇ ਹਨ। ਸਾਡੇ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਨਿਘਾਰ ਵੱਲ ਜਾ ਰਹੀਆਂ ਹਨ। ਅਨੈਤਿਕਤਾ ਦਾ ਬੋਲਬਾਲਾ ਹੋ ਰਿਹਾ ਹੈ। ਪਰਾਈਆਂ ਔਰਤਾਂ ਨੂੰ ਮਾਵਾਂ, ਧੀਆਂ, ਭੈਣਾਂ ਸਮਝਣਾ ਹੁਣ ਸਾਡੇ ਚਰਿੱਤਰ ਦਾ ਅੰਗ ਨਹੀਂ ਰਿਹਾ। ਇਸੇ ਕਰਕੇ ਦੇਰ-ਸਵੇਰ ਘਰੋਂ ਨਿਕਲ਼ਨ ਲੱਗਿਆਂ ਲੜਕੀਆਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ।

ਬੁਰਾਈ ਵਿਰੁੱਧ ਕਾਨੂੰਨ - ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਖ਼ਤਮ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ। ਅਜਿਹਾ ਕਰਕੇ ਮਨੁੱਖ ਆਪਣੇ ਪੈਰਾਂ 'ਤੇ ਆਪ ਕੁਹਾੜਾ ਮਾਰ ਰਿਹਾ ਹੈ ਕਿਉਂਕਿ ਧੀਆਂ ਨੂੰ ਖ਼ਤਮ ਕਰਨ ਦਾ ਅਰਥ ਹੈ ਭਵਿੱਖ ਦੀਆਂ ਮਾਵਾਂ ਨੂੰ ਖ਼ਤਮ ਕਰਨਾ। ਇਸ ਬੁਰਾਈ ਦਾ ਅੰਤ ਕਰਨ ਲਈ ਸਰਕਾਰ ਨੇ ਕਾਨੂੰਨ ਬਣਾਏ ਹਨ ਅਤੇ ਲਿੰਗ-ਟੈਸਟ ਕਰਨ 'ਤੇ ਪੂਰੀ ਪਾਬੰਦੀ ਲਾਈ ਹੋਈ ਹੈ। ਹਰ ਇੱਕ ਹਸਪਤਾਲ ਅਤੇ ਅਲਟ੍ਰਾ-ਸਾਊਂਡ ਸਕੈਨਿੰਗ ਸੈਂਟਰਾਂ ਵਿੱਚ ਇਹ ਸੂਚਨਾ-ਬੋਰਡ ਲਾਉਣਾ ਜ਼ਰੂਰੀ ਹੈ। ਪਰ ਫਿਰ ਵੀ ਇਹ ਅਪਰਾਧ ਚੋਰੀ-ਛਿਪੇ ਹੁੰਦਾ ਰਹਿੰਦਾ ਹੈ। ਇਹ ਕੁਕਰਮ ਕਰਨ ਵਾਲ਼ੇ ਡਾਕਟਰਾਂ ਅਤੇ ਮਾਪਿਆਂ 'ਤੇ ਸਮੇਂ-ਸਮੇਂ ਕੇਸ ਵੀ ਦਰਜ ਹੁੰਦੇ ਹਨ। ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਦੇ ਯਤਨਾਂ ਸਦਕਾ ਲਿੰਗ-ਅਨੁਪਾਤ ਵਿੱਚ ਕੁਝ ਸੁਧਾਰ ਵੀ ਹੋਇਆ ਹੈ। 1991 ਦੀ ਜਨ-ਗਣਨਾ ਵਿੱਚ 100 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 882 ਸੀ, 2001 ਵਿੱਚ 874 ਅਤੇ 2011 ਵਿੱਚ ਇਹ ਵਧ ਕੇ 893 ਹੋ ਗਈ ਹੈ। ਸਮੁੱਚੇ ਯਤਨਾਂ ਸਦਕਾ ਭਵਿੱਖ ਵਿੱਚ ਇਸ ਪਾਸੇ ਹੋਰ ਸੁਧਾਰ ਹੋਣ ਦੀ ਆਸ ਹੈ।

ਹੋਰ ਕੋਸ਼ਿਸ਼ਾਂ - ਆਪਣੀ ਸੁਰੱਖਿਆ ਲਈ ਤੇ ਔਰਤ ਜਾਤੀ ਨੂੰ ਬਚਾਉਣ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਸਾਰੀਆਂ ਮਾਵਾਂ ਨੂੰ ਭਰੂਣ-ਹੱਤਿਆ ਦਾ ਪਾਪ ਨਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ। ਸਵੈ-ਸੁਰੱਖਿਆ ਲਈ ਜੂਡੋ-ਕਰਾਟੇ ਆਦਿ ਦੀ ਸਿੱਖਿਆ ਲੜਕੀਆਂ ਲਈ ਜ਼ਰੂਰੀ ਹੋਣੀ ਚਾਹੀਦਾ ਹੈ। ਸਾਡੇ ਸਕੂਲਾਂ ਵਿੱਚ ਇਹ ਸਿੱਖਿਆ ਦਿੱਤੀ ਵੀ ਜਾਣ ਲੱਗੀ ਹੈ। ਨੈਤਿਕ ਸਿੱਖਿਆ ਨੂੰ ਵੀ ਪਾਠ-ਕ੍ਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਅਨੈਤਿਕ ਕੰਮ ਕਰਨ ਵਾਲ਼ੇ ਲੋਕਾਂ ਲਈ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ। ਮੁੰਡੇ ਅਤੇ ਕੁੜੀ ਵਿੱਚ ਕਿਸੇ ਵੀ ਕਿਸਮ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਔਰਤ ਦੀ ਹੋਂਦ ਨਾਲ਼ ਹੀ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ।

7. ਧਾਰਮਿਕ/ਇਤਿਹਾਸਿਕ ਸਥਾਨ ਦੀ ਯਾਤਰਾ

ਜਾਣ-ਪਛਾਣ - ਸਾਡਾ ਦੇਸ ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਸਾਡੇ ਦੇਸ ਵਿੱਚ ਬਹੁਤ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਵਾਲ਼ੇ ਸਥਾਨ ਹਨ। ਇਹਨਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਭ ਤੋਂ ਵੱਧ ਮਹੱਤਤਾ ਵਾਲ਼ਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਤਾਂ ਕਿਹਾ ਜਾਂਦਾ ਹੈ, ‘ਅੰਮ੍ਰਿਤਸਰ ਸਿਫ਼ਤੀ ਦਾ ਘਰ’ ਸੱਚ ਮੁੱਚ ਹੀ ਅੰਮ੍ਰਿਤਸਰ ਸਿਫ਼ਤੀ ਦਾ ਘਰ ਹੈ। ਇਹ ਪੁਰਾਤਨ ਸ਼ਹਿਰ ਹੈ। ਇਸ ਸ਼ਹਿਰ ਨਾਲ਼ ਬਹੁਤ ਸਾਰੀਆਂ ਇਤਿਹਾਸਿਕ ਤੇ ਮਿਥਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ।

ਸ਼ਹਿਰ ਦਾ ਖੇਤਰਫਲ ਅਤੇ ਸਥਿਤੀ - ਅੱਜ ਵਾਲ਼ਾ ਅੰਮ੍ਰਿਤਸਰ, ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਕਰਕੇ ਵਧੇਰੇ ਪ੍ਰਸਿੱਧ ਹੈ। ਅੰਮ੍ਰਿਤਸਰ ਪੰਜਾਬ ਦਾ ਵੱਡਾ ਵਪਾਰਿਕ ਕੇਂਦਰ ਹੈ। ਇਸ ਸ਼ਹਿਰ ਦਾ ਖੇਤਰਫਲ ਲਗ-ਪਗ 24 ਵਰਗ ਕਿਲੋਮੀਟਰ ਹੈ। ਇਹ ਸ਼ਹਿਰ ਭਾਰਤ ਦੀ ਪਾਕਿਸਤਾਨ ਨਾਲ਼ ਲੱਗਦੀ ਹੱਦ ਤੋਂ ਪੂਰਬ ਵਾਲ਼ੇ ਪਾਸੇ 16 ਮੀਲ ਦੀ ਦੂਰੀ 'ਤੇ ਸਥਿਤ ਹੈ।

ਸ਼ਹਿਰ ਦਾ ਇਤਿਹਾਸ - ਅੰਮ੍ਰਿਤਸਰ ਸ਼ਹਿਰ ਦੇ ਵੱਸਣ ਤੋਂ ਪਹਿਲਾਂ ਇਹ ਸਥਾਨ ਬੜਾ ਸੁੰਦਰ ਤੇ ਰਮਣੀਕ ਸੀ। ਸੰਤ-ਜਨ ਭਗਤੀ ਕਰਨ ਲਈ ਇਸ ਨੂੰ ਸੁੰਦਰ ਟਿਕਾਣਾ ਸਮਝਦੇ ਸਨ। ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਨੇ ਆਪਣੇ ਜਵਾਈ ਜੋ ਕਿ ਚੌਥੇ ਗੁਰੂ ਰਾਮਦਾਸ ਜੀ ਸਨ, ਨੂੰ ਇਸ ਸਥਾਨ 'ਤੇ ਸਰੋਵਰ ਬਣਾਉਣ ਲਈ ਭੇਜਿਆ। ਇੱਥੇ ਹੀ ਕੋਈ 250 ਏਕੜ ਜ਼ਮੀਨ ਉੱਪਰ ‘ਗੁਰੂ ਕਾ ਚੱਕ’ ਨਾਂ ਦੀ ਬਸਤੀ ਦਾ ਅਰੰਭ ਕੀਤਾ ਗਿਆ। ਇਸ ਪ੍ਰਕਾਰ ਇਹ ਨਗਰ 1570 ਈਸਵੀ ਵਿੱਚ ਵਸਾਇਆ ਜਾਣ ਲੱਗਾ ਤੇ ਸਰੋਵਰ ਦੀ ਪੁਟਾਈ 1573 ਈਸਵੀ ਵਿੱਚ ਅਰੰਭ ਹੋਈ। ਹੌਲ਼ੀ-ਹੌਲ਼ੀ ਸ਼ਹਿਰ ਵੱਸ ਗਿਆ।

ਸ਼ਹਿਰ ਦੇ ਪ੍ਰਸਿੱਧ ਖਾਣੇ - ਇਸ ਸ਼ਹਿਰ ਦੇ ਬਹੁਤੇ ਲੋਕ ਵਪਾਰ ਕਰਦੇ ਹਨ। ਇੱਥੇ ਮੁੱਖ ਰੂਪ ਵਿੱਚ ਕੱਪੜੇ ਦਾ ਅਤੇ ਸੋਨੇ-ਚਾਂਦੀ ਦੇ ਗਹਿਣਿਆਂ ਦਾ ਵਪਾਰ ਹੁੰਦਾ ਹੈ। ਅੰਮ੍ਰਿਤਸਰ ਸ਼ਹਿਰ ਸੁਆਦਲੇ-ਚਟਪਟੇ ਖਾਣਿਆਂ ਲਈ ਵੀ ਮਸ਼ਹੂਰ ਹੈ, ਖ਼ਾਸ ਤੌਰ 'ਤੇ ਅੰਮ੍ਰਿਤਸਰੀ ਕੁਲਚੇ ਲੋਕ ਬੜੇ ਚਾਅ ਨਾਲ਼ ਖਾਂਦੇ ਹਨ। ਅੰਮ੍ਰਿਤਸਰ ਗੁਰੂ ਦੀ ਨਗਰੀ ਕਰਕੇ ਵੀ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਦੇ ਪਾਪੜ-ਵੜੀਆਂ ਬਹੁਤ ਮਸ਼ਹੂਰ ਹਨ।

ਪ੍ਰਸਿੱਧ ਧਾਰਮਿਕ ਤੇ ਇਤਿਹਾਸਿਕ ਸਥਾਨ - ਅੰਮ੍ਰਿਤਸਰ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਹਨ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ-ਵਿਦੇਸ ਦੇ ਹਰ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ। ਅਕਾਲ-ਤਖ਼ਤ ਸਾਹਿਬ, ਗੁਰਦੁਆਰਾ ਥੜਾ ਸਾਹਿਬ, ਗੁਰਦੁਆਰਾ ਸੰਤੋਖਸਰ ਸਾਹਿਬ, ਗੁਰਦੁਆਰਾ ਅਟੱਲ ਸਾਹਿਬ, ਗੁਰੂ ਕੇ ਮਹਿਲ, ਗੁਰਦੁਆਰਾ ਸ਼ਹੀਦਾਂ ਅਤੇ ਹੋਰ ਬਹੁਤ ਸਾਰੇ ਸਿੱਖਾਂ ਦੇ ਧਾਮ ਇੱਥੇ ਸਥਿਤ ਹਨ। ਇਸ ਦੇ ਨਾਲ਼ ਹੀ ਦੁਰਗਿਆਣਾ ਮੰਦਰ ਅਤੇ ਪ੍ਰਾਚੀਨ ਸੀਤਲਾ ਮੰਦਰ ਹਿੰਦੂਆਂ ਦੇ ਪ੍ਰਸਿੱਧ ਪੂਜਾ ਅਸਥਾਨ ਹਨ। ਇੱਥੇ ਇੱਕ ਕਿਲ੍ਹਾ ਹੈ ਜਿਸ ਦਾ ਨਾਮ ‘ਕਿਲ੍ਹਾ ਲੋਹਗੜ੍ਹ’ ਹੈ, ਜਿਸ ਨੂੰ ਸੰਨ 1671 ਈਸਵੀ ਵਿੱਚ ਸਿੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੇ ਤਿਆਰ ਕਰਵਾਇਆ ਸੀ। ਅੰਮ੍ਰਿਤਸਰ ਪੰਜਾਬ ਦਾ ਇੱਕ ਪ੍ਰਸਿੱਧ ਵਿੱਦਿਅਕ ਕੇਂਦਰ ਵੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਥੇ ਹੀ ਸਥਿਤ ਹੈ। ਇੱਥੋਂ ਦੇ ਖ਼ਾਲਸਾ ਕਾਲਜ ਦੀ ਸ਼ਾਨ ਵੀ ਨਿਰਾਲੀ ਹੈ। ਡੀ. ਏ. ਵੀ. ਕਾਲਜ ਤੇ ਹੋਰ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਵੀ ਇੱਥੇ ਸਥਿਤ ਹਨ।

ਜੱਲ੍ਹਿਆਂਵਾਲ਼ਾ ਬਾਗ਼ - ਇਸ ਸ਼ਹਿਰ ਦੇ ਵਿੱਚ ਹੀ ਜੱਲ੍ਹਿਆਂਵਾਲ਼ਾ ਬਾਗ਼ ਸਥਿਤ ਹੈ ਜਿੱਥੇ 13 ਅਪਰੈਲ, 1919 ਨੂੰ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਖ਼ੂਨ ਡੁੱਲ੍ਹਿਆ ਸੀ। ਜੱਲ੍ਹਿਆਂਵਾਲ਼ਾ ਬਾਗ਼ ਦੇ ਖ਼ੂਨੀ ਸਾਕੇ ਪਿੱਛੋਂ ਅਜ਼ਾਦੀ-ਸੰਗਰਾਮ ਹੋਰ ਤਿੱਖਾ ਹੋ ਗਿਆ ਸੀ। ਇਸ ਥਾਂ 'ਤੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਮਿਨਾਰ ਬਣਿਆ ਹੋਇਆ ਹੈ।

ਕੰਪਨੀ ਬਾਗ਼ - ਇੱਥੇ ਅੰਗਰੇਜ਼ਾਂ ਦੇ ਸਮੇਂ ਦਾ ਇੱਕ ਬੜਾ ਖੁੱਲ੍ਹਾ ਬਾਗ਼ ਹੈ ਜਿਸ ਨੂੰ ‘ਕੰਪਨੀ ਬਾਗ਼’ ਕਹਿੰਦੇ ਹਨ। ਭਾਵੇਂ ਬਾਅਦ ਵਿੱਚ ਇਸ ਦਾ ਨਾਂ ਬਦਲ ਕੇ ‘ਨਹਿਰੂ ਬਾਗ਼’ ਰੱਖਿਆ ਗਿਆ ਪਰ ਇਹ ਅਜੇ ਵੀ ‘ਕੰਪਨੀ ਬਾਗ਼’ ਦੇ ਨਾਂ ਨਾਲ਼ ਹੀ ਜਾਣਿਆ ਜਾਂਦਾ ਹੈ। ਇੱਥੋਂ ਦੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਹਾਨ ਤੇ ਗੌਰਵਮਈ ਵਿਰਸੇ ਨੂੰ ਸੰਭਾਲ਼ੀ ਬੈਠੀ ਹੈ।

ਸਾਰ-ਅੰਸ਼ - ਪੰਜਾਬ ਦੇ ਹੋਰ ਪੁਰਾਤਨ ਸ਼ਹਿਰਾਂ ਵਾਂਗ ਅੰਮ੍ਰਿਤਸਰ ਵਿੱਚ ਪ੍ਰਾਚੀਨਤਾ ਵੀ ਹੈ ਅਤੇ ਨਵੀਨਤਾ ਵੀ। ਅੰਮ੍ਰਿਤਸਰ ਮਾਝੇ ਦਾ ਕੇਂਦਰੀ ਸ਼ਹਿਰ ਹੈ। ਇਸ ਲਈ ਇੱਥੇ ਪੰਜਾਬੀ ਦੀ ਉਪਭਾਸ਼ਾ ‘ਮਾਝੀ’ ਬੋਲੀ ਜਾਂਦੀ ਹੈ। ਟਕਸਾਲੀ ਪੰਜਾਬੀ ਮਾਝੀ ਦੇ ਕਾਫ਼ੀ ਨੇੜੇ ਹੈ। ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮੁੱਚਾ ਅੰਮ੍ਰਿਤਸਰ ਇਤਿਹਾਸਿਕ ਤੇ ਧਾਰਮਿਕ ਮਹਾਨਤਾ ਵਾਲ਼ਾ ਸ਼ਹਿਰ ਹੈ ਅਤੇ ਨਾਲ਼ ਹੀ ਬੜਾ ਵੱਡਾ ਵਪਾਰਿਕ ਕੇਂਦਰ ਵੀ ਹੈ।

8. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਜਾਣ-ਪਛਾਣ - ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਆਪ ਇੱਕ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗੂ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲ਼ੇ ਮੰਨੇ ਗਏ ਹਨ। ਆਪ ਦੀ ਮਹਿਮਾ ਵਿੱਚ ਭਾਈ ਗੁਰਦਾਸ ਜੀ (ਦੂਜੇ) ਲਿਖਦੇ ਹਨ-

“ਵਾਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਅਕੇਲਾ।
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰੂ ਚੇਲਾ।”

ਜਨਮ ਅਤੇ ਮਾਤਾ-ਪਿਤਾ - ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਪਟਨਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਦਾ ਨਾਂ ਮਾਤਾ ਗੁਜਰੀ ਜੀ ਸੀ। ਬਚਪਨ ਵਿੱਚ ਹੀ ਆਪ ਹੋਣਹਾਰ ਬਾਲਕ ਸਨ। ਆਪ ਆਪਣੇ ਸਾਥੀ ਬਾਲਕਾਂ ਦੀਆਂ ਫ਼ੌਜਾਂ ਬਣਾ ਕੇ ਇੱਕ-ਦੂਜੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਨਹੀਂ ਸੀ ਜਾਣਦਾ ਕਿ ਇਹ ਹੋਣਹਾਰ ਬਾਲਕ ਸਮੇਂ ਦੀ ਸਰਕਾਰ ਨਾਲ਼ ਟੱਕਰ ਲਵੇਗਾ ਅਤੇ ਜ਼ੁਲਮ ਦਾ ਨਾਸ ਕਰੇਗਾ।

ਧਾਰਮਿਕ ਅਤੇ ਸ਼ਸਤਰ ਵਿੱਦਿਆ - 1672 ਈ. ਵਿੱਚ ਆਪ ਆਪਣੇ ਮਾਤਾ-ਪਿਤਾ ਨਾਲ਼ ਪਟਨਾ ਛੱਡ ਕੇ ਅਨੰਦਪੁਰ ਸਾਹਿਬ ਵਿਖੇ ਆ ਗਏ। ਇੱਥੇ ਰਹਿ ਕੇ ਪਿਤਾ ਨੇ ਆਪ ਨੂੰ ਧਾਰਮਿਕ ਵਿੱਦਿਆ ਦੇ ਨਾਲ਼-ਨਾਲ਼ ਸ਼ਸਤਰ-ਵਿੱਦਿਆ ਵੀ ਦਿੱਤੀ। ਬਚਪਨ ਵਿੱਚ ਹੀ ਆਪ ਨੇ ਪੰਜਾਬੀ, ਫ਼ਾਰਸੀ, ਹਿੰਦੀ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾਵਾਂ ਵਿੱਚ ਨਿਪੁੰਨਤਾ ਹਾਸਲ ਕਰ ਲਈ।

ਸਿੱਖਾਂ ਦੇ ਦਸਵੇਂ ਗੁਰੂ - ਆਪ ਨੌਂ ਸਾਲਾਂ ਦੇ ਸਨ ਤਾਂ ਇੱਕ ਦਿਨ ਕੁਝ ਕਸ਼ਮੀਰੀ ਪੰਡਤ ਆਪ ਦੇ ਪਿਤਾ ਜੀ ਕੋਲ਼ ਆਏ ਤੇ ਫ਼ਰਿਆਦ ਕੀਤੀ ਕਿ ਔਰੰਗਜ਼ੇਬ ਉਹਨਾਂ 'ਤੇ ਜ਼ੁਲਮ ਕਰ ਰਿਹਾ ਹੈ। ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਪਿਤਾ ਨੇ ਉਸ ਸਮੇਂ ਕਿਹਾ ਕਿ ਇਸ ਸਮੇਂ ਕਿਸੇ ਮਹਾਨ ਪੁਰਖ ਦੀ ਕੁਰਬਾਨੀ ਦੀ ਲੋੜ ਹੈ। ਆਪ ਉਸ ਸਮੇਂ ਕੋਲ਼ ਹੀ ਬੈਠੇ ਸਨ। ਆਪ ਨੇ ਕਿਹਾ, “ਪਿਤਾ ਜੀ, ਆਪ ਨਾਲੋਂ ਮਹਾਨ ਪੁਰਖ ਕਿਹੜਾ ਹੋ ਸਕਦਾ ਹੈ?” ਆਪ ਦੇ ਇਹ ਸ਼ਬਦ ਸੁਣ ਕੇ ਪਿਤਾ ਜੀ ਹੈਰਾਨ ਹੋ ਗਏ ਤੇ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਵੱਲ ਨੂੰ ਚੱਲ ਪਏ। ਪਿਤਾ ਦੀ ਸ਼ਹੀਦੀ ਪਿੱਛੋਂ ਆਪ ਸਿੱਖਾਂ ਦੇ ਦਸਵੇਂ ਗੁਰੂ ਬਣ ਗਏ।

ਜ਼ੁਲਮ ਦਾ ਵਿਰੋਧ - ਪਿਤਾ ਦੀ ਸ਼ਹੀਦੀ ਪਿੱਛੋਂ ਆਪ ਨੇ ਮੁਗ਼ਲ ਰਾਜ ਦੇ ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਸਿੱਖ-ਕੌਮ ਨੂੰ ਇਕਮੁੱਠ ਕੀਤਾ ਤੇ ਸ਼ਸਤਰ-ਵਿੱਦਿਆ ਦੇਣੀ ਅਰੰਭ ਕਰ ਦਿੱਤੀ। ਗੁਰੂ ਜੀ ਨੇ ਸਿੱਖ-ਸੰਗਤਾਂ ਨੂੰ ਹੁਕਮ ਕੀਤਾ ਕਿ ਉਹ ਉਹਨਾਂ ਵਾਸਤੇ ਭੇਟਾ ਵਿੱਚ ਘੋੜੇ ਅਤੇ ਹਥਿਆਰ ਲਿਆਉਣ ਅਤੇ ਆਪਣੇ ਪੁੱਤਰਾਂ ਨੂੰ ਗੁਰੂ ਜੀ ਦੀ ਸੈਨਾ ਵਿੱਚ ਭਰਤੀ ਹੋਣ ਲਈ ਭੇਜਣ।

ਪਹਾੜੀ ਰਾਜਿਆਂ ਨਾਲ਼ ਯੁੱਧ ਅਤੇ ਖ਼ਾਲਸਾ ਪੰਥ ਦੀ ਸਾਜਨਾ - ਆਪ ਦੀ ਵਧਦੀ ਹੋਈ ਤਾਕਤ ਨੂੰ ਦੇਖ ਕੇ ਪਹਾੜੀ ਰਾਜੇ ਕੰਬ ਉੱਠੇ। ਉਹਨਾਂ ਨੇ ਇਕੱਠੇ ਹੋ ਕੇ ਆਪ ’ਤੇ ਚੜ੍ਹਾਈ ਕਰ ਦਿੱਤੀ। 1686 ਈ. ਵਿੱਚ ਭੰਗਾਣੀ ਦੇ ਅਸਥਾਨ 'ਤੇ ਘਮਸਾਣ ਦਾ ਯੁੱਧ ਹੋਇਆ। ਇਸ ਲੜਾਈ ਵਿੱਚ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਹੋਈ। 1699 ਈ. ਨੂੰ ਵਿਸਾਖੀ ਵਾਲ਼ੇ ਦਿਨ ਗੁਰੂ ਜੀ ਨੇ ਅਨੰਦਪੁਰ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਬਾਅਦ ਵਿੱਚ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ।

ਮੁਗ਼ਲਾਂ ਵਿਰੁੱਧ ਯੁੱਧ ਅਤੇ ਅੰਤਿਮ ਸਮਾਂ - ਆਪ ਨੇ ਮੁਗ਼ਲਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਚਮਕੌਰ ਦੇ ਸਥਾਨ 'ਤੇ ਘਮਸਾਣ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਲੜਦੇ-ਲੜਦੇ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰਖ਼ਾਨ ਨੇ ਨੀਂਹਾਂ ਵਿੱਚ ਚਿਣਵਾ ਦਿੱਤਾ। ਮਾਤਾ ਗੁਜਰੀ ਆਪਣੇ ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸਦਮਾ ਸਹਿਣ ਨਾ ਕਰਦੇ ਹੋਏ ਪ੍ਰਾਣ ਤਿਆਗ ਗਏ। ਆਪ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਪਰੰਤੂ ਆਪ ਨੇ ਫਿਰ ਵੀ ਹੌਸਲਾ ਨਾ ਹਾਰਿਆ। ਆਪ ਨੇ ਜੀਵਨ ਦੀ ਆਖਰੀ ਲੜਾਈ ਖਿਦਰਾਣੇ ਵਿੱਚ ਲੜੀ। ਇਸ ਵਿੱਚ ਲੜਦੇ-ਲੜਦੇ ਆਪ ਦੇ 40 ਸਿੰਘ ਸ਼ਹੀਦ ਹੋ ਗਏ। ਆਪ ਨੇ ਇਹਨਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ। ਖਿਦਰਾਣੇ ਦਾ ਨਾਂ ਬਦਲ ਕੇ ਮੁਕਤਸਰ ਰੱਖਿਆ ਜੋ ਅੱਜ-ਕਲ੍ਹ ਪੰਜਾਬ ਦਾ ਜ਼ਿਲ੍ਹਾ ਹੈ। ਇੱਥੋਂ ਆਪ ਤਲਵੰਡੀ ਸਾਬੋ ਪਹੁੰਚੇ। ਇੱਥੇ ਰਹਿ ਕੇ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਇਸ ਵਿੱਚ ਦਰਜ ਕੀਤਾ। ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਦੇ ਰੂਪ ਵਿੱਚ ਇੱਕ ਪੱਤਰ ਲਿਖਿਆ। ਅੰਤ ਆਪ ਨਾਂਦੇੜ, ਦੱਖਣ ਵੱਲ ਨੂੰ ਚਲੇ ਗਏ। ਇੱਕ ਦਿਨ ਆਪ ਦਰਿਆ-ਕਿਨਾਰੇ ਪ੍ਰਭੂ-ਭਗਤੀ ਵਿੱਚ ਲੀਨ ਸਨ ਕਿ ਇੱਕ ਪਠਾਣ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖ਼ਮੀ ਕਰ ਦਿੱਤਾ। ਇਹਨਾਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਆਪ 1708 ਈ. ਵਿੱਚ ਜੋਤੀ-ਜੋਤ ਸਮਾ ਗਏ। ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਚਾਰ ਤਖ਼ਤ ਦਸਵੇਂ ਗੁਰੂ ਜੀ ਨਾਲ਼ ਸੰਬੰਧਿਤ ਸਥਾਨ ਹਨ।

9. ਨਸ਼ਾ ਨਾਸ ਕਰਦਾ ਹੈ

ਜਾਣ-ਪਛਾਣ - ਨਸ਼ੀਲੇ ਪਦਾਰਥਾਂ ਦੀ ਮਨੁੱਖਾਂ ਦੁਆਰਾ ਵਰਤੋਂ ਕਰਨਾ ਨਸ਼ਾ ਕਰਨਾ ਅਖਵਾਉਂਦਾ ਹੈ। ਇਹਨਾਂ ਪਦਾਰਥਾਂ ਦੇ ਸੇਵਨ ਨਾਲ਼ ਮਨੁੱਖ ਦਾ ਨਾੜੀ-ਤੰਤਰ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਕੁਝ ਸਮੇਂ ਲਈ ਅਨੰਦ ਮਹਿਸੂਸ ਕਰਦਾ ਹੈ ਪਰ ਨਸ਼ਾ ਉੱਤਰ ਜਾਣ ਪਿੱਛੋਂ ਉਸ ਨੂੰ ਫਿਰ ਨਸ਼ੀਲੇ ਪਦਾਰਥਾਂ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ ਅਤੇ ਨਸ਼ੇ ਤੋਂ ਬਿਨਾਂ ਉਸ ਦਾ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ。

ਨਸ਼ੇ ਦਾ ਕਾਰੋਬਾਰ - ਨਸ਼ੀਲੇ ਪਦਾਰਥਾਂ ਦੇ ਵੱਡੀ ਮਾਤਰਾ ਵਿੱਚ ਫੜੇ ਜਾਣ ਦੀਆਂ ਖ਼ਬਰਾਂ ਅਸੀਂ ਰੋਜ਼ ਪੜ੍ਹਦੇ-ਸੁਣਦੇ ਹਾਂ। ਇਹਨਾਂ ਪਦਾਰਥਾਂ ਦੀ ਕੀਮਤ ਵੀ ਕਰੋੜਾਂ ਰੁਪਈਆਂ ਵਿੱਚ ਹੁੰਦੀ ਹੈ। ਪੁਰਾਣੇ ਸਮੇਂ ਵਿੱਚ ਅਫ਼ੀਮ, ਪੋਸਤ, ਭੁੱਕੀ ਜਾਂ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਤਾਂ ਚਰਸ, ਗਾਂਜਾ, ਸਮੈਕ, ਸਿਗਰਟਾਂ, ਸੁਲਫ਼ਾ, ਕੋਕੀਨ, ਤਮਾਕੂ ਅਤੇ ਕਈ ਕਿਸਮ ਦੇ ਟੀਕੇ, ਗੋਲ਼ੀਆਂ ਅਤੇ ਕੈਪਸੂਲ ਵੀ ਨਸ਼ੇ ਲਈ ਆਮ ਵਰਤੇ ਜਾਣ ਲੱਗੇ ਹਨ। ਕੁਝ ਦੇਸਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਇਹਨਾਂ ਪਦਾਰਥਾਂ ਵਿੱਚ ਹੋਰ ਨਸ਼ੀਲੇ ਰਸਾਇਣ ਮਿਲ਼ਾ ਕੇ ਇਹਨਾਂ ਦੇ ਪ੍ਰਭਾਵ ਨੂੰ ਵਧਾਇਆ ਜਾਂਦਾ ਹੈ। ਨਸ਼ਾ ਤਿਆਰ ਕਰਨ ਅਤੇ ਇਸ ਨੂੰ ਮੰਡੀ ਵਿੱਚ ਵੇਚਣ ਤੱਕ ਦਾ ਕੰਮ ਕਰਨ ਲਈ ਨਸ਼ੇ ਦੇ ਵਪਾਰੀਆਂ ਨੇ ਬਹੁਤ ਗੁੰਝਲ਼ਦਾਰ ਜਾਲ਼ ਵਿਛਾਇਆ ਹੋਇਆ ਹੈ। ਇਹਨਾਂ ਲੋਕਾਂ ਨੇ ਹੁਣ ਤਾਂ ਔਰਤਾਂ ਅਤੇ ਨਾਬਾਲਗ਼ ਬੱਚਿਆਂ ਨੂੰ ਵੀ ਇਸ ਕਾਰੋਬਾਰ ਦਾ ਹਿੱਸਾ ਬਣਾ ਲਿਆ ਹੈ。

ਨਵੀਂ ਪੀੜ੍ਹੀ ਵਿੱਚ ਨਸ਼ੇ ਦਾ ਵਧਦਾ ਰੁਝਾਨ - ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਕਦੀ ਜਾ ਰਹੀ ਹੈ। ਕੋਈ ਵਿਰਲਾ ਪਰਿਵਾਰ ਹੀ ਅਜਿਹਾ ਲੱਭਦਾ ਹੈ ਜਿਹੜਾ ਨਸ਼ਿਆਂ ਤੋਂ ਬਚਿਆ ਹੋਵੇ। ਬਹੁਤੇ ਨੌਜਵਾਨ ਆਪਣੇ ਦੋਸਤਾਂ-ਮਿੱਤਰਾਂ ਨੂੰ ਦੇਖ ਕੇ ਜਾਂ ਉਹਨਾਂ ਦੇ ਕਹਿਣ 'ਤੇ ਨਸ਼ਾ ਕਰਦੇ ਹਨ ਅਤੇ ਹੌਲ਼ੀ-ਹੌਲ਼ੀ ਇਸ ਦੇ ਆਦੀ ਬਣ ਜਾਂਦੇ ਹਨ। ਕੁਝ ਨੌਜਵਾਨ ਫ਼ਿਲਮਾਂ ਅਤੇ ਟੈਲੀਵੀਜ਼ਨ ਦੇ ਨਾਟਕਾਂ ਵਿਚਲੇ ਨਸ਼ੇਈ ਕਿਰਦਾਰਾਂ ਦੇ ਪ੍ਰਭਾਵ ਅਧੀਨ ਨਸ਼ਾ ਕਰਨ ਲੱਗ ਜਾਂਦੇ ਹਨ। ਮਿਹਨਤੀ ਅਤੇ ਪੜ੍ਹੇ-ਲਿਖੇ ਯੋਗ ਨੌਜਵਾਨ ਜਦੋਂ ਭ੍ਰਿਸ਼ਟਾਚਾਰ ਕਾਰਨ ਚੰਗੇ ਅਹੁਦੇ ਨਹੀਂ ਪ੍ਰਾਪਤ ਕਰ ਸਕਦੇ ਤਾਂ ਨਿਰਾਸ਼ਾ ਤੋਂ ਮੁਕਤੀ ਪ੍ਰਾਪਤ ਕਰਨ ਲਈ ਉਹ ਵੀ ਨਸ਼ੇ ਕਰਨ ਲੱਗ ਜਾਂਦੇ ਹਨ।

ਨੌਜਵਾਨਾਂ ਵਿੱਚ ਨਸ਼ੇ ਦੀ ਲਤ ਦਾ ਕਾਰਨ - ਅਜੋਕੇ ਸਮੇਂ ਵਿੱਚ ਸਾਂਝੇ ਟੱਬਰਾਂ ਦੀ ਹੋਂਦ ਖ਼ਤਮ ਹੋ ਰਹੀ ਹੈ। ਮਹਿੰਗਾਈ ਅਤੇ ਪਦਾਰਥਿਕ ਲੋੜਾਂ ਵਧਣ ਕਰਕੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਕਮਾਉਣਾ ਪੈਂਦਾ ਹੈ। ਕਮਾਈ ਕਰਨ ਲਈ ਔਰਤਾਂ ਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਹੈ। ਨੌਕਰੀ-ਪੇਸ਼ਾ ਮਾਪੇ ਆਪਣੇ ਬੱਚਿਆਂ ਨੂੰ ਲੋੜੀਂਦਾ ਸਮਾਂ ਨਹੀਂ ਦੇ ਸਕਦੇ ਅਤੇ ਇਕੱਲਤਾ ਦਾ ਸ਼ਿਕਾਰ ਹੋਏ ਬੱਚੇ ਨਸ਼ਿਆਂ ਦੀ ਲਤ ਲਾ ਬੈਠਦੇ ਹਨ। ਅੱਜ-ਕੱਲ੍ਹ ਉੱਚੀ ਅਤੇ ਮਿਆਰੀ ਵਿੱਦਿਆ ਦੀ ਪ੍ਰਾਪਤੀ ਲਈ ਬੱਚਿਆਂ ਨੂੰ ਘਰੋਂ ਦੂਰ ਰਹਿਣਾ ਪੈਂਦਾ ਹੈ। ਹੋਸਟਲਾਂ ਵਿੱਚ ਇਕੱਠੇ ਰਹਿੰਦੇ ਨੌਜਵਾਨਾਂ ਵਿੱਚ ਨਸ਼ੇ ਕਰਨ ਦੀ ਬਿਮਾਰੀ ਬਹੁਤ ਜਲਦੀ ਫੈਲਦੀ ਹੈ ਕਿਉਂਕਿ ਉੱਥੇ ਉਹਨਾਂ ਨੂੰ ਰੋਕਣ-ਟੋਕਣ ਵਾਲ਼ਾ ਕੋਈ ਨਹੀਂ ਹੁੰਦਾ। ਅਜਿਹੇ ਮਾਹੌਲ ਵਿੱਚ ਵਿਦਿਆਰਥੀ ਮਨਮਾਨੀਆਂ ਕਰਦੇ ਹਨ ਅਤੇ ਆਪਣਾ ਭਵਿੱਖ ਤਬਾਹ ਕਰ ਲੈਂਦੇ ਹਨ। ਹੁਣ ਤਾਂ ਔਰਤਾਂ ਅਤੇ ਲੜਕੀਆਂ ਵਿੱਚ ਵੀ ਨਸ਼ਿਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ।

ਨਸ਼ੇ ਬਰਬਾਦੀ ਦਾ ਕਾਰਨ - ਨਸ਼ੇ ਦਾ ਕਾਰਨ ਕੋਈ ਵੀ ਹੋਵੇ। ਇਹ ਰਸਤਾ ਹੀ ਗ਼ਲਤ ਹੈ। ਜ਼ਿੰਦਗੀ ਦੀਆਂ ਮੁਸੀਬਤਾਂ ਨੂੰ ਸੰਘਰਸ਼ ਨਾਲ਼ ਜਿੱਤਿਆ ਜਾ ਸਕਦਾ ਹੈ, ਨਸ਼ਿਆਂ ਦਾ ਸੇਵਨ ਕਰਕੇ ਨਹੀਂ। ਨਸ਼ਿਆਂ ਦਾ ਸੇਵਨ ਕਰਨਾ ਤਾਂ ਅਸਲੀਅਤ ਤੋਂ ਭੱਜਣਾ ਹੈ। ਕਿਸੇ ਵੀ ਨਸ਼ੇ ਦਾ ਸੁਆਦ ਚੱਖਣ ਲਈ ਉੱਤੇਜਿਤ ਹੋਣਾ ਆਪਣੀ ਬਰਬਾਦੀ ਦਾ ਨੀਂਹ-ਪੱਥਰ ਰੱਖਣਾ ਹੈ। ਨਸ਼ਾ ਕਰਨ ਵਾਲ਼ੇ ਆਪਣੇ ਸਰੀਰ ਦਾ ਨਾਸ ਤਾਂ ਕਰਦੇ ਹੀ ਹਨ, ਉਹ ਆਪਣੇ ਮਾਪਿਆਂ ਅਤੇ ਬੱਚਿਆਂ ਦੀ ਬਰਬਾਦੀ ਦਾ ਕਾਰਨ ਵੀ ਬਣਦੇ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਨਸ਼ੇੜੀ ਵਿਅਕਤੀ ਨਸ਼ੇ ਦੀ ਲੋੜ ਪੂਰੀ ਕਰਨ ਲਈ ਆਪਣੀ ਜ਼ਮੀਨ-ਜਾਇਦਾਦ ਤੱਕ ਵੇਚ ਦਿੰਦੇ ਹਨ। ਉਹ ਨਸ਼ੇ ਦੀ ਲੋੜ ਪੂਰੀ ਕਰਨ ਲਈ ਘਰ ਦਾ ਜ਼ਰੂਰੀ ਸਮਾਨ ਵੇਚਣ ਲੱਗੇ ਵੀ ਸ਼ਰਮ ਨਹੀਂ ਕਰਦੇ। ਨਸ਼ੇ ਦੀ ਪੂਰਤੀ ਲਈ ਉਹ ਚੋਰੀਆਂ, ਠੱਗੀਆਂ ਅਤੇ ਹੋਰ ਅਨੈਤਿਕ ਕੰਮ ਵੀ ਕਰਨ ਲੱਗਦੇ ਹਨ। ਇਸ ਤਰ੍ਹਾਂ ਨਸ਼ੇੜੀ ਲੋਕਾਂ ਦੇ ਟੱਬਰਾਂ ਨੂੰ ਆਰਥਿਕ ਮੰਦਹਾਲੀ ਦੇ ਨਾਲ਼-ਨਾਲ਼ ਸਮਾਜਿਕ ਨਮੋਸ਼ੀ ਦਾ ਵੀ ਸਾਮਣਾ ਕਰਨਾ ਪੈਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ, ‘ਜਿਹੜੇ ਘਰ ਵਿੱਚ ਵਰਤੇ ਜਾਣ ਨਸ਼ੇ, ਉਹ ਘਰ ਨਾ ਕਦੇ ਵੱਸੇ।’

ਨਸ਼ੇ ਨਾਮੁਰਾਦ ਬਿਮਾਰੀਆਂ ਦੀ ਜੜ - ਨਸ਼ਾ ਕਰਨ ਵਾਲ਼ੇ ਲੋਕ ਕਈ ਕਿਸਮ ਦੀਆਂ ਨਾਮੁਰਾਦ ਬਿਮਾਰੀਆਂ ਨੂੰ ਵੀ ਸੱਦਾ ਦਿੰਦੇ ਹਨ। ਤਮਾਕੂ ਦਾ ਸੇਵਨ ਕਰਨ ਨਾਲ਼ ਮੂੰਹ ਦਾ ਕੈਂਸਰ ਅਤੇ ਸਿਗਰਟ, ਬੀੜੀ ਪੀਣ ਨਾਲ਼ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ। ਸ਼ਰਾਬ ਜ਼ਿਆਦਾ ਪੀਣ ਵਾਲ਼ਿਆਂ ਦੇ ਗੁਰਦੇ ਅਤੇ ਜਿਗਰ ਖ਼ਰਾਬ ਹੋ ਜਾਂਦੇ ਹਨ। ਦੂਜਿਆਂ ਦੀ ਵਰਤੀ ਹੋਈ ਸੂਈ ਨਾਲ਼ ਨਸ਼ਿਆਂ ਦੇ ਟੀਕੇ ਲਾਉਣ ਵਾਲ਼ੇ ਅਚੇਤ ਹੀ ਏਡਜ਼ ਵਰਗਾ ਭਿਆਨਕ ਰੋਗ ਸਹੇੜ ਲੈਂਦੇ ਹਨ।

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਕਦਮ - ਭਾਵੇਂ ਸਰਕਾਰ ਨਸ਼ਿਆਂ ਨੂੰ ਖ਼ਤਮ ਕਰਨ ਲਈ ਯਤਨ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਨਸ਼ਿਆਂ ਦੀ ਸਮਗਲਿੰਗ ਨੂੰ ਠੱਲ੍ਹ ਨਹੀਂ ਪੈ ਰਹੀ। ਨਸ਼ਿਆਂ ਦਾ ਕਾਰੋਬਾਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਬਹੁਤ ਸਾਰੀਆਂ ਸਮਾਜ-ਸੇਵੀ ਜਥੇਬੰਦੀਆਂ ਵੀ ਨਸ਼ਿਆਂ ਦੇ ਸੇਵਨ ਤੋਂ ਹੋਣ ਵਾਲ਼ੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਪਰ ਸਮਾਜ ਨੂੰ ਨਸ਼ਾ-ਮੁਕਤ ਕਰਨ ਲਈ ਹੋਰ ਵਧੇਰੇ ਸੁਹਿਰਦ ਯਤਨਾਂ ਦੀ ਜ਼ਰੂਰਤ ਹੈ। ਨਸ਼ਿਆਂ ਦੀ ਵਰਤੋਂ ਘੱਟ ਕਰਨ ਲਈ ਇਹ ਜ਼ਰੂਰੀ ਹੈ ਕਿ ਨਸ਼ਾ ਮਿਲ਼ਨਾ ਹੀ ਔਖਾ ਹੋ ਜਾਵੇ। ਵਿਸ਼ੇਸ਼ ਕਰਕੇ ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਨੇੜੇ ਕਿਧਰੇ ਵੀ ਨਸ਼ੇ ਉਪਲਬਧ ਨਹੀਂ ਹੋਣੇ ਚਾਹੀਦੇ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੁੱਲ੍ਹਾ ਪੈਸਾ ਦੇਣ ਦੀ ਥਾਂ ਆਪਣਾ ਸਮਾਂ ਦੇਣ ਅਤੇ ਬੱਚਿਆਂ ਦੀ ਸੰਗਤ ਉੱਪਰ ਨਜ਼ਰ ਰੱਖਣ। ਉਹ ਕਿੱਥੇ ਜਾਂਦੇ ਹਨ ਅਤੇ ਕਿਉਂ ਜਾਂਦੇ ਹਨ, ਇਸ ਗੱਲ ਦੀ ਵੀ ਨਿਗਰਾਨੀ ਰੱਖਣੀ ਚਾਹੀਦੀ ਹੈ। ਸਕੂਲਾਂ ਵਿੱਚ ਵੀ ਨੈਤਿਕ ਸਿੱਖਿਆ ਉੱਪਰ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਨਸ਼ਾ-ਵਿਰੋਧੀ ਕਲੱਬ ਬਣਾ ਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕਿਤਾਬੀ ਗਿਆਨ ਦੇ ਨਾਲ਼-ਨਾਲ਼ ਵਿਦਿਆਰਥੀਆਂ ਦੇ ਸੱਚੇ ਤੇ ਸੁੱਚੇ ਚਰਿੱਤਰ-ਨਿਰਮਾਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਦਾ ਮਨੋਬਲ ਏਨਾ ਉੱਚਾ ਹੋਣਾ ਚਾਹੀਦਾ ਹੈ ਕਿ ਉਹ ਲਾਈਲੱਗ ਨਾ ਬਣਨ। ਅਜਿਹੇ ਨੌਜਵਾਨ ਆਪਣੇ ਰਾਹ ਤੋਂ ਨਹੀਂ ਭਟਕਣਗੇ ਅਤੇ ਮਨੁੱਖ ਨੂੰ ਨਾਸ ਕਰਨ ਵਾਲ਼ੇ ਨਸ਼ਿਆਂ ਤੋਂ ਬਚੇ ਰਹਿਣਗੇ।

10. ਸੰਚਾਰ ਦੇ ਸਾਧਨ

ਜਾਣ-ਪਛਾਣ – ਉਹ ਸਾਧਨ ਜਿਨ੍ਹਾਂ ਰਾਹੀਂ ਮਨੁੱਖ ਵਿਚਾਰਾਂ ਤੇ ਸੂਚਨਾਵਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਆਪਣੇ ਸਾਕ-ਸੰਬੰਧੀਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਤੱਕ ਅਸਾਨੀ ਨਾਲ਼ ਬਹੁਤ ਥੋੜੇ ਸਮੇਂ ਵਿੱਚ ਭੇਜ ਸਕਦਾ ਹੈ, ਉਹਨਾਂ ਨੂੰ ਸੰਚਾਰ ਦੇ ਸਾਧਨ ਕਹਿੰਦੇ ਹਨ। ਡਾਕ-ਤਾਰ, ਰੇਡੀਓ, ਟੈਲੀਵਿਜ਼ਨ, ਫੈਕਸ ਮਸ਼ੀਨ, ਟੈਲੀਫ਼ੋਨ, ਮੋਬਾਈਲ ਫ਼ੋਨ, ਕੰਪਿਊਟਰ, ਇੰਟਰਨੈੱਟ ਅਤੇ ਅਖ਼ਬਾਰਾਂ ਆਦਿ ਮਹੱਤਵਪੂਰਨ ਸੰਚਾਰ ਦੇ ਸਾਧਨ ਹਨ। ਇਹਨਾਂ ਸਾਧਨਾਂ ਨੇ ਮਨੁੱਖ ਦੀ ਜ਼ਿੰਦਗੀ ਬਹੁਤ ਸੌਖੀ ਕਰ ਦਿੱਤੀ ਹੈ। ਇੱਕ ਸਮਾਂ ਅਜਿਹਾ ਸੀ, ਜਦੋਂ ਮਨੁੱਖ ਸੰਦੇਸ਼ ਭੇਜਣ ਲਈ ਮਨੁੱਖ ਨੂੰ ਹੀ ਦੂਤ ਬਣਾ ਕੇ ਪੈਦਲ ਜਾਂ ਊਠ-ਘੋੜਿਆਂ ਰਾਹੀਂ ਭੇਜਦਾ ਸੀ। ਪੁਰਾਣੇ ਸਮਿਆਂ ਵਿੱਚ ਮਨੁੱਖ ਕਬੂਤਰ ਵਰਗੇ ਪੰਛੀਆਂ ਰਾਹੀਂ ਵੀ ਸੰਦੇਸ਼ ਭੇਜਣ ਦਾ ਕੰਮ ਲੈਂਦਾ ਰਿਹਾ ਹੈ। ਅੱਜ ਸਾਡੇ ਕੋਲ਼ ਬਹੁਤ ਵਿਕਸਿਤ ਸਾਧਨ ਹਨ।

ਵਿਗਿਆਨ ਦੀ ਦੇਣ – ਅਜੋਕੇ ਸਮੇਂ ਵਿਗਿਆਨ ਨੇ ਮਨੁੱਖੀ ਸੱਭਿਅਤਾ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਵਿਗਿਆਨਿਕ ਖੋਜਾਂ ਦੁਆਰਾ ਮਨੁੱਖ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ ਹੈ। ਵਿਗਿਆਨ ਨੇ ਸੰਸਾਰ ਨੂੰ ਇੱਕ ਪਿੰਡ ਜਾਂ ਸ਼ਹਿਰ ਵਾਂਗ ਬਣਾ ਦਿੱਤਾ ਹੈ। ਸੰਚਾਰ ਦੇ ਖੇਤਰ ਵਿੱਚ ਵਿਗਿਆਨ ਨੇ ਹੈਰਾਨੀਜਨਕ ਤਬਦੀਲੀ ਲਿਆਂਦੀ ਹੈ। ਆਧੁਨਿਕ ਸੰਚਾਰ ਦੇ ਸਾਧਨਾਂ ਦੀ ਮਦਦ ਨਾਲ਼ ਮਨੁੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬਹੁਤ ਥੋੜੇ ਸਮੇਂ ਵਿੱਚ ਆਪਣਾ ਸੁਨੇਹਾ ਪਹੁੰਚਾ ਸਕਦਾ ਹੈ।

ਡਾਕ ਤੇ ਤਾਰ ਪ੍ਰਬੰਧ - ਡਾਕ ਤੇ ਤਾਰ ਪੁਰਾਣੇ ਸਮੇਂ ਤੋਂ ਵਰਤੇ ਜਾ ਰਹੇ ਸੰਚਾਰ ਦੇ ਸਾਧਨ ਹਨ। ਇਹਨਾਂ ਰਾਹੀਂ ਅਸੀਂ ਘਰ ਬੈਠੇ ਹੀ ਆਪਣਾ ਸੁਨੇਹਾ ਲਿਖਤੀ ਰੂਪ ਵਿੱਚ ਦੂਰ ਰਹਿੰਦੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਵਰਤਮਾਨ ਸਮੇਂ ਮੋਬਾਈਲ ਤੇ ਇੰਟਰਨੈੱਟ ਵਰਗੇ ਵਿਕਸਿਤ ਸੰਚਾਰ ਦੇ ਸਾਧਨਾਂ ਦੇ ਆਉਣ ਕਰਕੇ ਇਹਨਾਂ ਦੀ ਵਰਤੋਂ ਘਟੀ ਹੈ। ਸਾਡੇ ਦੇਸ ਵਿੱਚ ਤਾਰ ਪ੍ਰਬੰਧ ਨੂੰ ਤਾਂ ਬੰਦ ਕਰ ਦਿੱਤਾ ਗਿਆ ਹੈ, ਪਰ ਡਾਕ ਸੇਵਾ ਚਾਲੂ ਹੈ। ਭਾਰਤੀ ਡਾਕ ਸੇਵਾ ਦੀ ਸ਼ੁਰੂਆਤ 1854 ਈ. ਵਿੱਚ ਹੋਈ।

ਟੈਲੀਫ਼ੋਨ – ਟੈਲੀਫ਼ੋਨ ਦੇ ਆਉਣ ਨਾਲ਼ ਸੰਚਾਰ ਦੇ ਸਾਧਨਾਂ ਵਿੱਚ ਇੱਕ ਨਵਾਂ ਬਦਲਾਵ ਆਇਆ। ਟੈਲੀਫ਼ੋਨ ਦੀ ਖੋਜ 1876 ਈ. ਵਿੱਚ ਗ੍ਰਾਹਮ ਬੈਲ ਨੇ ਕੀਤੀ। ਟੈਲੀਫ਼ੋਨ ਦੀ ਸਹਾਇਤਾ ਨਾਲ਼ ਮਨੁੱਖ ਦੂਰ ਬੈਠੇ ਲੋਕਾਂ ਨਾਲ਼ ਸਿੱਧੀ ਗੱਲਬਾਤ ਕਰ ਸਕਦਾ ਹੈ।

ਫੈਕਸ ਮਸ਼ੀਨ – ਟੈਲੀਫ਼ੋਨ ਦੀ ਮਦਦ ਨਾਲ਼ ਮਨੁੱਖ ਦੂਰ ਬੈਠੇ ਲੋਕਾਂ ਨਾਲ਼ ਗੱਲਬਾਤ ਤਾਂ ਕਰ ਸਕਦਾ ਸੀ, ਪਰ ਕੋਈ ਲਿਖਤੀ ਦਸਤਾਵੇਜ਼ ਭੇਜਣ ਲਈ ਉਸਨੂੰ ਡਾਕ ਦਾ ਹੀ ਸਹਾਰਾ ਲੈਣਾ ਪੈਂਦਾ ਸੀ। ਜਿਸ ਨਾਲ਼ ਸਮਾਂ ਥੋੜਾ ਜ਼ਿਆਦਾ ਲੱਗਦਾ ਸੀ। ਫੈਕਸ ਮਸ਼ੀਨ ਨੇ ਆ ਕੇ ਇਸ ਸਮੱਸਿਆ ਦਾ ਵੀ ਹੱਲ ਕਰ ਦਿੱਤਾ। ਫੈਕਸ ਮਸ਼ੀਨ ਨੂੰ ਟੈਲੀਫ਼ੋਨ ਨਾਲ਼ ਜੋੜ ਕੇ ਕੋਈ ਵੀ ਲਿਖਤੀ ਦਸਤਾਵੇਜ਼ ਬਹੁਤ ਘੱਟ ਸਮੇਂ ਵਿੱਚ ਲੋੜੀਂਦੀ ਜਗ੍ਹਾ 'ਤੇ ਭੇਜਿਆ ਜਾ ਸਕਦਾ ਹੈ।

ਮੋਬਾਈਲ ਫ਼ੋਨ – ਮੋਬਾਈਲ ਫ਼ੋਨ ਦੀ ਖੋਜ ਨਾਲ਼ ਸੰਚਾਰ ਦੇ ਸਾਧਨਾਂ ਵਿੱਚ ਬਹੁਤ ਵੱਡੀ ਤਬਦੀਲੀ ਆਈ। ਮੋਬਾਈਲ ਫ਼ੋਨ ਦੀ ਖੋਜ ਮਾਰਟੀਨ ਕੂਪਰ ਦੁਆਰਾ ਕੀਤੀ ਗਈ। ਮੋਬਾਈਲ ਨਾਲ਼ ਪਹਿਲੀ ਕਾਲ 1973 ਈ: ਵਿੱਚ ਕੀਤੀ ਗਈ। ਮੋਬਾਈਲ ਦੇ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਅਸੀਂ ਘਰ ਬੈਠੇ ਹੀ ਗੱਲਬਾਤ ਕਰ ਸਕਦੇ ਹਾਂ ਅਤੇ ਲਿਖਤੀ ਸੁਨੇਹਾ ਵੀ ਭੇਜ ਸਕਦੇ ਹਾਂ। ਮੋਬਾਈਲ ਨੇ ਆ ਕੇ ਟੈਲੀਫ਼ੋਨ ਦੀਆਂ ਤਾਰਾਂ ਦੇ ਜਾਲ਼ ਨੂੰ ਘਟਾ ਦਿੱਤਾ, ਜਿਸ ਕਾਰਨ ਟੈਲੀਫ਼ੋਨ ਦੀ ਮਹੱਤਤਾ ਵੀ ਘਟ ਗਈ।

ਕੰਪਿਊਟਰ ਨੈੱਟਵਰਕ – ਇੰਟਰਨੈੱਟ ਦੇ ਆਉਣ ਨਾਲ਼ ਸੰਚਾਰ ਦੇ ਸਾਧਨਾਂ ਵਿੱਚ ਇੱਕ ਨਵੀਂ ਕ੍ਰਾਂਤੀ ਆ ਗਈ। ਇੰਟਰਨੈੱਟ ਦੀ ਖੋਜ ਦੀ ਸ਼ੁਰੂਆਤ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਹੋਈ। ਅੱਜ ਇੰਟਰਨੈੱਟ ਨੇ ਪੂਰੀ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ। ਇੰਟਰਨੈੱਟ ਦੀ ਮਦਦ ਨਾਲ਼ ਵਿਗਿਆਨਿਕ ਖੋਜਾਂ ਵਿੱਚ ਵੀ ਕ੍ਰਾਂਤੀ ਆ ਗਈ। ਇੰਟਰਨੈੱਟ ਦੁਆਰਾ ਹਰ ਆਦਮੀ ਦੀ ਗਿਆਨ ਪ੍ਰਾਪਤੀ ਲਈ ਪਹੁੰਚ ਬਹੁਤ ਅਸਾਨ ਹੋ ਗਈ। ਕੁਝ ਵੀ ਸਿੱਖਣ ਲਈ ਅਸੀਂ ਆਪਣੇ ਹਰ ਸਵਾਲ਼ ਦਾ ਜਵਾਬ ਇੰਟਰਨੈੱਟ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਕੰਪਿਊਟਰ ਨੈੱਟਵਰਕ ਅੱਜ ਦੇ ਸਮੇਂ ਦਾ ਸਭ ਤੋਂ ਜ਼ਿਆਦਾ ਹਰਮਨ-ਪਿਆਰਾ, ਤੇਜ਼, ਤੇ ਸਹੂਲਤਾਂ ਨਾਲ਼ ਭਰਪੂਰ ਸੰਚਾਰ ਦਾ ਸਾਧਨ ਹੈ। ਇਸ ਰਾਹੀਂ ਅਸੀਂ ਈ-ਮੇਲ, ਵੈਬ-ਸਾਈਟ ਜਾਂ ਕਿਸੇ ਸੋਸ਼ਲ ਨੈੱਟਵਰਕ ਦੀ ਵਰਤੋਂ ਕਰਕੇ ਆਪਣਾ ਕਿਸੇ ਵੀ ਰੂਪ ਵਿੱਚ ਸੁਨੇਹਾ ਜਾਂ ਦਸਤਾਵੇਜ ਬੜੀ ਅਸਾਨੀ ਨਾਲ਼ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਭੇਜ ਸਕਦੇ ਹਾਂ।

ਰੇਡੀਓ – ਸੰਚਾਰ ਦੇ ਸਾਧਨਾਂ ਵਿੱਚ ਰੇਡੀਓ ਦੀ ਵੀ ਅਹਿਮ ਭੂਮਿਕਾ ਰਹੀ ਹੈ। ਰੇਡੀਓ ਦੀ ਖੋਜ ਜੀ. ਮਾਰਕੋਨੀ ਦੁਆਰਾ ਕੀਤੀ ਗਈ। ਕੁਝ ਸਮਾਂ ਪਹਿਲਾਂ ਸੰਚਾਰ ਦੇ ਸਾਧਨਾਂ ਵਿੱਚ ਰੇਡੀਓ ਕਾਫ਼ੀ ਮਹੱਤਵਪੂਰਨ ਰਿਹਾ ਹੈ, ਪਰ ਅਜੋਕੇ ਸਮੇਂ ਉਹ ਥਾਂ ਹੋਰ ਜ਼ਿਆਦਾ ਵਿਕਸਿਤ ਸੰਚਾਰ ਦੇ ਸਾਧਨਾਂ ਨੇ ਲੈ ਲਈ ਹੈ। ਰੇਡੀਓ ਹਰ ਪ੍ਰਕਾਰ ਦੀਆਂ ਖ਼ਬਰਾਂ ਤੇ ਸੂਚਨਾਵਾਂ ਦੇ ਨਾਲ਼-ਨਾਲ਼ ਮਨੋਰੰਜਨ ਦਾ ਵੀ ਸਾਧਨ ਹੈ।

ਟੈਲੀਵਿਜ਼ਨ – ਟੈਲੀਵਿਜ਼ਨ ਅੱਜ ਦੇ ਸਮੇਂ ਮਹੱਤਵਪੂਰਨ ਸੰਚਾਰ ਦੇ ਸਾਧਨਾਂ ਵਿੱਚੋਂ ਇੱਕ ਹੈ। ਟੈਲੀਵਿਜ਼ਨ ਦੀ ਖੋਜ 1925 ਈ. ਵਿੱਚ ਜੀ. ਐਲ. ਬੇਯਾਰਡ ਦੁਆਰਾ ਕੀਤੀ ਗਈ। ਟੈਲੀਵਿਜ਼ਨ ਸੰਚਾਰ ਦਾ ਸਾਧਨ ਹੋਣ ਦੇ ਨਾਲ਼-ਨਾਲ਼ ਸਾਡੇ ਦਿਲ-ਪਰਚਾਵੇ ਦਾ ਵੀ ਸਾਧਨ ਹੈ। ਕੋਰੋਨਾ ਮਹਾਂਮਾਰੀ ਦੇ ਸੰਕਟ ਕਾਰਨ ਸੈਸ਼ਨ 2020-21 ਦੌਰਾਨ ਸਕੂਲ ਭਾਵੇਂ ਲੰਮਾ ਸਮਾਂ ਬੰਦ ਰਹੇ, ਪਰ ਸਕੂਲ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਬੱਚੇ ਘਰ ਬੈਠਿਆਂ ਹੀ ਟੈਲੀਵਿਜ਼ਨ ਰਾਹੀਂ ਸਿੱਖਿਆ ਪ੍ਰਾਪਤ ਕਰਦੇ ਰਹੇ। ਇਸ ਪ੍ਰਕਾਰ ਟੈਲੀਵਿਜ਼ਨ ਸੂਚਨਾਵਾਂ ਤੇ ਮਨੋਰੰਜਨ ਦੇ ਨਾਲ਼-ਨਾਲ਼ ਸਿੱਖਿਆ ਦੇ ਖੇਤਰ ਲਈ ਵੀ ਮਹੱਤਵਪੂਰਨ ਸਾਧਨ ਹੈ। ਟੈਲੀਵਿਜ਼ਨ ਰਾਹੀਂ ਅਸੀਂ ਵੱਖ-ਵੱਖ ਖੇਤਰੀ ਭਿੰਨਤਾਵਾਂ ਅਤੇ ਸੱਭਿਆਚਾਰ ਤੋਂ ਵੀ ਜਾਣੂ ਹੁੰਦੇ ਹਾਂ।

ਅਖ਼ਬਾਰਾਂ – ਅਜੋਕੇ ਸਮੇਂ ਅਖ਼ਬਾਰ ਵੀ ਕਾਫ਼ੀ ਮਹੱਤਵਪੂਰਨ ਸੰਚਾਰ ਦੇ ਸਾਧਨ ਹਨ। ਸਾਡੇ ਦੇਸ ਵਿੱਚ ਭਾਸ਼ਾ ਦੇ ਅਧਾਰ 'ਤੇ ਕਈ ਪ੍ਰਕਾਰ ਦੀਆਂ ਅਖ਼ਬਾਰਾਂ ਛਪਦੀਆਂ ਹਨ। ਭਾਰਤ ਵਿੱਚ ਪਹਿਲਾ ਅਖ਼ਬਾਰ 1780 ਈ. ਵਿੱਚ ‘ਬੰਗਾਲ ਗਜ਼ਟ’ ਦੇ ਨਾਂ ਨਾਲ਼ ਛਪਿਆ। ਅਖ਼ਬਾਰ ਸਾਨੂੰ ਹਰ-ਰੋਜ਼ ਦੁਨੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਂਦੇ ਹਨ। ਪੰਜਾਬੀ ਭਾਸ਼ਾ ਵਿੱਚ ਕਈ ਅਖ਼ਬਾਰਾਂ ਛਪਦੀਆਂ ਹਨ।

ਸਿੱਟਾ – ਉਪਰੋਕਤ ਜਾਣਕਾਰੀ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਸੰਚਾਰ ਦੇ ਸਾਧਨਾਂ ਨੇ ਹੈਰਾਨੀਜਨਕ ਤਰੱਕੀ ਕੀਤੀ ਹੈ। ਇਨ੍ਹਾਂ ਦੇ ਕਰਕੇ ਅੱਜ ਦੇ ਮਨੁੱਖ ਦਾ ਜੀਵਨ ਸੁੱਖ-ਸਹੂਲਤਾਂ ਨਾਲ਼ ਭਰਪੂਰ ਹੋ ਗਿਆ ਹੈ। ਜਿੱਥੇ ਇਹਨਾਂ ਸੰਚਾਰ ਦੇ ਸਾਧਨਾਂ ਨੇ ਮਨੁੱਖ ਲਈ ਹਰ ਕੰਮ ਅਸਾਨ ਕੀਤਾ ਹੈ, ਉੱਥੇ ਕੁਝ ਸ਼ਰਾਰਤੀ ਅਤੇ ਅਪਰਾਧਕ ਬਿਰਤੀ ਵਾਲ਼ੇ ਵਿਅਕਤੀ ਅਣਜਾਣ ਜਾਂ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਇੰਟਰਨੈੱਟ ਦੀ ਵਰਤੋਂ ਨਾਲ਼ ਆਪਣੀ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਇਸ ਲਈ ਸਾਨੂੰ ਮੋਬਾਈਲ ਤੇ ਇੰਟਰਨੈੱਟ ਵਰਗੇ ਆਧੁਨਿਕ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਤੇ ਸੁਚੇਤ ਰਹਿਣਾ ਚਾਹੀਦਾ ਹੈ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends