ਵਿਭਾਗਾਂ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਮਾਹਿਰਾਂ ਦੇ ਤਜਰਬੇ, ਨਜ਼ਰੀਏ ਅਤੇ ਦੂਰਅੰਦੇਸ਼ੀ ਦਾ ਲਾਭ ਉਠਾਇਆ ਜਾਵੇਗਾ: ਪਰਗਟ ਸਿੰਘ
ਚੰਡੀਗੜ੍ਹ, 4 ਅਕਤੂਬਰ
ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਪਰਗਟ ਸਿੰਘ ਨੇ ਚਾਰੋ ਵਿਭਾਗਾਂ ਨੂੰ ਮਾਹਿਰਾਂ ਦੀਆਂ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਆਪੋ-ਆਪਣੇ ਖੇਤਰਾਂ ਦੇ ਮਾਹਿਰ ਜ਼ਮੀਨੀ ਹਕੀਕਤਾਂ ਅਨੁਸਾਰ ਵਿਭਾਗਾਂ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਲਾਹ ਦੇਣਗੇ। ਇਹ ਫੈਸਲਾ ਉਨ੍ਹਾਂ ਅੱਜ ਚਾਰੋਂ ਵਿਭਾਗਾਂ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।
ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਸ. ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਲਈ ਮਾਹਿਰ ਸਿੱਖਿਆ ਸਾਸ਼ਤਰੀਆਂ ਤੇ ਅਧਿਆਪਕਾਂ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਲਈ ਸਿੱਖਿਆ ਸਾਸ਼ਤਰੀਆਂ ਦੇ ਨਾਲ ਉੱਘੇ ਸਾਹਿਤਕਾਰਾਂ, ਖੇਡ ਵਿਭਾਗ ਲਈ ਸਬੰਧਤ ਖੇਡਾਂ ਦੇ ਨਾਮੀਂ ਖਿਡਾਰੀਆਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਲਈ ਐਨ.ਆਰ.ਆਈਜ਼ ਦੀ ਕਮੇਟੀ ਬਣਾਈ ਜਾਵੇਗੀ।
ਸ. ਪਰਗਟ ਸਿੰਘ ਨੇ ਕਿਹਾ ਕਿ ਸਲਾਹਕਾਰਾਂ ਦੀਆਂ ਇਨ੍ਹਾਂ ਕਮੇਟੀਆਂ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਉਘੀਆਂ ਸਖਸ਼ੀਅਤਾਂ ਜਿੱਥੇ ਆਪੋ-ਆਪਣੇ ਖੇਤਰਾਂ ਵਿੱਚ ਮੁਹਾਰਤ ਰੱਖਦੀਆਂ ਹਨ, ਉਥੇ ਉਨ੍ਹਾਂ ਨੂੰ ਸਬੰਧਤ ਖੇਤਰਾਂ ਦਾ ਨਿੱਜੀ ਤਜ਼ਰਬਾ ਵੀ ਹੈ ਅਤੇ ਇਨ੍ਹਾਂ ਖੇਤਰਾਂ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਕੋਲ ਨਜ਼ਰੀਆ ਅਤੇ ਕਾਰਜ ਯੋਜਨਾ ਵੀ ਹੈ। ਮਾਹਿਰਾਂ ਦੀ ਦੂਰਅੰਦੇਸ਼ੀ ਸੋਚ ਦਾ ਲਾਭ ਉਠਾਇਆ ਜਾਵੇਗਾ ਅਤੇ ਮਾਹਿਰਾਂ ਦੀ ਰਾਏ ਨਾਲ ਵਿਭਾਗਾਂ ਨੂੰ ਚਲਾਇਆ ਜਾਵੇਗਾ।
ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋਸਿੱਖਿਆ ਤੇ ਖੇਡ ਮੰਤਰੀ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਸੂਬਾ ਸਰਕਾਰ ਤੋਂ ਬਹੁਤ ਆਸਾਂ ਹਨ ਅਤੇ ਉਨ੍ਹਾਂ ਦੀ ਉਮੀਦਾਂ ‘ਤੇ ਖਰੇ ਉਤਰਨ ਲਈ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਕੰਮਕਾਜ ਆਪਸ ਵਿੱਚ ਜੁੜੇ ਹੋਣ ਕਰਕੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਇਆ ਜਾਵੇ ਤਾਂ ਹੇਠਲੇ ਪੱਧਰ ‘ਤੇ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਸਕੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੂਲ ਸਿੱਖਿਆ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ ਸ੍ਰੀ ਅਜੋਏ ਸ਼ਰਮਾ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ.ਖਰਬੰਦਾ, ਡੀ.ਪੀ.ਆਈ. (ਕਾਲਜਾਂ) ਸ੍ਰੀ ਪਰਮਜੀਤ ਸਿੰਘ ਤੇ ਡੀ.ਪੀ.ਆਈ. (ਸਕੂਲ ਸਿੱਖਿਆ) ਸ੍ਰੀ ਸੁਖਜੀਤ ਪਾਲ ਸਿੰਘ ਵੀ ਹਾਜ਼ਰ ਸਨ।