ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੂੰ ਪੁਲਸ ਨੇ ਡੱਕੀ ਰੱਖਿਆ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 31 ਅਗਸਤ 2021 : ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਘਿਰਾਓ ਕਰਨ ਲਈ ਮੰਗਲਵਾਰ ਨੂੰ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਵੀ ਭੱਟੀਵਾਲ ਕਲਾਂ ਪਿੰਡ ਆ ਪਹੁੰਚੇ। ਹਾਲਾਂਕਿ ਘਿਰਾਓ ਤੋਂ ਪਹਿਲਾਂ ਹੀ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਸਿੱਖਿਆ ਮੰਤਰੀ ਦੇ ਸਮਾਗਮ ਦੇ ਬਾਹਰ ਪੁਲਸ ਵੈਨ ਵਿੱਚ ਕਈ ਘੰਟੇ ਨਜ਼ਰਬੰਦ ਕਰਕੇ ਰੱਖਿਆ।
ਇਸ ਮੌਕੇ ਗੁਰਮੀਤ ਸਿੰਘ, ਬਹਾਦਰ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ਼ ਜਾਹਿਰ ਕੀਤਾ ਕਿ ਪੀ. ਟੀ. ਆਈ. ਅਧਿਆਪਕਾਂ ਦੀਆਂ ਨਵੀਆਂ ਪੋਸਟਾਂ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਅਣਗਿਣਤ ਪੈਨਲ ਮੀਟਿੰਗਾ ਹੋ ਚੁੱਕੀਆਂ ਹਨ ਪਰ ਅੱਜ ਤੱਕ ਉਨ੍ਹਾਂ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀ. ਟੀ. ਆਈ. ਅਧਿਆਪਕਾਂ ਦੀਆਂ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ, ਉਨ੍ਹਾਂ ਵਲੋਂ ਲਗਾਤਾਰ ਇਸੇ ਤਰ੍ਹਾਂ ਹੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀਆਂ ਮੰਗਾਂ:-
1. ਪੀ ਟੀ ਆਈ ਅਧਿਆਪਕਾਂ ਦੀਆਂ 5000 ਨਵੀਆਂ ਪੋਸਟਾਂ ਕੱਢੀਆਂ ਜਾਣ।
2. ਪੀ.ਟੀ.ਆਈ ਅਧਿਆਪਕਾਂ ਨੂੰ ਪ੍ਰਾਇਮਰੀ ਪੱਧਰ ਤੋ ਲੈ ਕੇ ਮਿਡਲ ਪੱਧਰ ਤੱਕ ਨਿਯੁਕਤ ਕੀਤਾ ਜਾਵੇ।
3. ਨਵੀ ਭਰਤੀ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ।
4. ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪ੍ਰਇਮਾਰੀ ਸਕੂਲ ਤੋਂ ਲੈ ਕੇ ਹਰ ਜਮਾਤ ਲਈ ਲਾਜਮੀ ਕੀਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਵਿੱਚ ਤੰਦਰੁਸਤੀ ਬਹੁਤ ਹੀ ਜਰੂਰੀ ਹੈ।
5. ਸਰੀਰਕ ਸਿੱਖਿਆ ਅਧਿਆਪਕ ਭਰਤੀ ਕਰਕੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕੋ।
ਫੋਟੋ: ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੂੰ ਪੁਲਸ ਫ਼ੜ ਕੇ ਲਿਜਾਂਦੀ ਹੋਈ