ਭਵਾਨੀਗੜ੍ਹ ’ਚ ਦੂਜੇ ਦਿਨ ਵੀ ਸਿੱਖਿਆ ਮੰਤਰੀ ਦਾ ਜ਼ਬਰਦਸਤ ਵਿਰੋਧ, ਪੁਲਸ ਨੇ ਹਿਰਾਸਤ ’ਚ ਲੈ ਕੇ 6 ਬੇਰੁਜ਼ਗਾਰ ਅਧਿਆਪਕ ਥਾਣੇ ਡੱਕੇ
ਬੇਰੁਜ਼ਗਾਰਾਂ ਨੇ ਅੱਜ ਫੇਰ ਕੀਤਾ ਸੀ ਮੰਤਰੀ ਦਾ ਪਿੱਛਾ, ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਬੇਰੁਜ਼ਗਾਰਾਂ ਦੀ ਧੂਹ ਘੜੀਸ
ਭਵਾਨੀਗੜ੍ਹ, 29 ਅਗਸਤ, 2021: ਆਪਣੇ ਹੱਕੀ ਰੁਜ਼ਗਾਰ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ.ਐੱਡ.ਟੈੱਟ. ਪਾਸ ਯੂਨੀਅਨ ਵੱਲੋਂ ਐਤਵਾਰ ਨੂੰ ਅੱਜ ਲਗਾਤਾਰ ਦੂਜੇ ਦਿਨ ਭਵਾਨੀਗੜ੍ਹ 'ਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਵਿਰੋਧ ਕੀਤਾ ਗਿਆ।
ਸਿੰਗਲਾ ਅੱਜ ਨੇੜਲੇ ਪਿੰਡ ਕਾਕੜਾ ਵਿਖੇ ਬਣਾਏ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਸਿੱਖਿਆ ਮੰਤਰੀ ਦੇ ਸਮਾਗਮ ’ਚ ਪੁੱਜਣ ਤੋਂ ਠੀਕ ਦਸ ਕੁ ਮਿੰਟ ਪਹਿਲਾਂ ਬੇਰੁਜ਼ਗਾਰ ਅਧਿਆਪਕ ਸਮਾਗਮ ਵਾਲੀ ਥਾਂ 'ਤੇ ਆ ਪੁੱਜੇ ਜਿਨ੍ਹਾਂ ਨੂੰ ਪਹਿਲਾਂ ਹੀ ਮੁਸਤੈਦ ਖੜ੍ਹੀ ਪੁਲਸ ਨੇ ਦਬੋਚ ਲਿਆ ਤੇ ਪੁਲਸ ਨੇ ਅਧਿਆਪਕਾਂ ਨਾਲ ਖਿੱਚ ਧੂਹ ਕਰਦਿਆਂ ਉਨ੍ਹਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਤੇ ਬੱਸ 'ਚ ਬਿਠਾ ਕੇ ਭਵਾਨੀਗੜ੍ਹ ਥਾਣੇ ਲੈ ਗਈ।
ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ 31 ਦਸੰਬਰ ਤੋ ਆਪਣੀ ਕੋਠੀ ਚੋਂ ਲਾਪਤਾ ਹਨ। ਉਹਨਾਂ ਦੀ ਕੋਠੀ ਦੇ ਗੇਟ ਉੱਤੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪੱਕਾ ਮੋਰਚੇ ਲਗਾਇਆ ਹੋਇਆ ਹੈ। ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ ਸੰਗਰੂਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਦੀ ਵੱਡੀ ਗਿਣਤੀ ਵਿੱਚ ਮੰਗ ਨੂੰ ਲੈ ਕੇ 21 ਅਗਸਤ ਤੋਂ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਕਿਧਰੇ ਵੀ ਸਿੱਖਿਆ ਮੰਤਰੀ ਨੂੰ ਬੋਲਣ ਨਹੀਂ ਦੇਣਗੇ। ਅੱਧੀ ਦਰਜ਼ਨ ਤੋ ਵੱਧ ਪਿੰਡਾਂ ਵਿਚ ਘਿਰਾਓ ਕੀਤਾ ਹੈ। ਅੱਜ ਉਸ ਸਮੇਂ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਸਿੱਖਿਆ ਮੰਤਰੀ ਦੇ ਪਹੁੰਚਣ ਤੋਂ ਐਨ ਕੁਝ ਮਿੰਟ ਪਹਿਲਾਂ ਹੀ ਬੇਰੁਜ਼ਗਾਰਾਂ ਦੀ ਸ਼ਨਾਖ਼ਤ ਕਰਕੇ ਭਵਾਨੀਗੜ੍ਹ ਪੁਲਿਸ ਵੱਲੋਂ ਫੜਨ ਦੀ ਕੋਸਿਸ਼ ਕੀਤੀ ਤਾਂ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਅਤੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੁਲਿਸ ਥਾਣਾ ਭਵਾਨੀਗੜ੍ਹ ਵਿਖੇ ਡੱਕ ਦਿੱਤਾ।
ਇਸ ਮੌਕੇ ਗੁਰਮੇਲ ਸਿੰਘ ਬਰਗਾੜੀ, ਸੁਖਜੀਤ ਸਿੰਘ ਬੀਰ ਖੁਰਦ, ਗੁਰਪ੍ਰੀਤ ਸਿੰਘ ਗਾਜੀਪੁਰ, ਲੇਖ ਸਿੰਘ ਗੁਰੁਹਰਸਹਾਏ, ਅਮਨ ਕੌਰ ਬਠਿੰਡਾ, ਕੰਵਲਜੀਤ ਕੌਰ ਬਠਿੰਡਾ ਨੂੰ ਹਿਰਾਸਤ ਵਿੱਚ ਲੈ ਕੇ ਭਵਾਨੀਗੜ੍ਹ ਥਾਣੇ ਵਿਚ ਡੱਕ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਨੂੰ ਥਾਣੇ ਬੰਦ ਕੀਤਾ ਹੋਇਆ ਸੀ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਆਪਣੇ ਹਲਕੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬੀਤੇ ਕੱਲ੍ਹ ਹੀ ਨੇੜਲੇ ਪਿੰਡ ਫੱਗੂਵਾਲਾ ਦੇ ਸਰਕਾਰੀ ਸਕੂਲ ਵਿਖੇ ਪਹੁੰਚੇ ਸਿੰਗਲਾ ਦੇ ਪ੍ਰੋਗਰਾਮ ਦੇ ਬਾਹਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਿੰਗਲਾ ਦੇ ਪ੍ਰੋਗਰਾਮ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲਸ ਨੇ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਤੇ ਉਨ੍ਹਾਂ ਦੀ ਖਿੱਚ ਧੂਅ ਕਰਦੇ ਹੋਏ ਪ੍ਰਦਰਸ਼ਨਕਾਰੀ 8 ਅਧਿਆਪਕਾਂ ਨੂੰ ਪੁਲਸ ਨੇ ਆਪਣੇ ਹਿਰਾਸਤ ’ਚ ਲੈ ਲਿਆ ਤੇ ਭਵਾਨੀਗੜ੍ਹ ਥਾਣੇ ਵਿੱਚ ਡੱਕ ਦਿੱਤਾ ਸੀ।