ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੀ ਪ੍ਰਕਿਰਿਆ ਮਿਤੀਆਂ ਵਿੱਚ ਵਾਧਾ
19 ਫਰਵਰੀ ਤੱਕ ਬਦਲੀਆਂ ਲਈ ਦਰਖਾਸਤ ਅਤੇ ਸੋਧਾਂ ਕਰ ਸਕਣਗੇ ਅਧਿਆਪਕ
ਸਿੱਖਿਆ ਵਿਭਾਗ ਨੇ ਦਰਖਾਤਸਤਕਰਤਾਵਾਂ ਨੂੰ ਦਿੱਤਾ ਦੁਬਾਰਾ ਮੌਕਾ
ਐੱਸ.ਏ.ਐੱਸ. ਨਗਰ 17 ਫਰਵਰੀ (ਪ੍ਰਮੋਦ ਭਾਰਤੀ)
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ, ਕੰਪਿਊਟਰ ਫੈਕਲਟੀਜ਼, ਸਿੱਖਿਆ ਪ੍ਰੋਵਾਈਡਰਾਂ ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰਾਂ ਨੂੰ ਆਨ-ਲਾਈਨ ਬਦਲੀਆਂ ਦੀ ਪ੍ਰਕਿਰਿਆ ਦੇ ਦਿਨਾਂ ‘ਚ ਵਾਧਾ ਕੀਤੀ ਹੈ। ਜਿਸ ਤਹਿਤ ਬਦਲੀਆਂ ਲਈ ਦਰਖਾਸਤਾਂ ਮਿਤੀ 13 ਫਰਵਰੀ ਤੱਕ ਦਿੱਤੀਆਂ ਜਾ ਸਕਦੀਆਂ ਹਨ। ਇਹਨਾਂ ਆਨਲਾਈਨ ਦਰਖਾਸਤਾਂ ਵਿੱਚ ਦਰਖਾਸਤਕਰਤਾਵਾਂ ਵੱਲੋਂ ਆਨਲਾਈਨ ਅਪਲਾਈ ਕਰਨ ਸਮੇਂ ਅਧਿਆਪਕ ਆਨਲਾਈਨ ਬਦਲੀ ਪਾਲਿਸੀ 2019 ਅਤੇ ਸਮੇਂ-ਸਮੇਂ ਅਨੁਸਾਰ ਕੀਤੀਆਂ ਗਈਆਂ ਸੋਧਾਂ ਅਨੁਸਾਰ ਰਹਿ ਗਈਆਂ ਤਰੁੱਟੀਆਂ ਵਿੱਚ ਸੋਧ ਕਰਨ ਲਈ ਵਿਭਾਗ ਵੱਲੋਂ 19 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸਤੋਂ ਇਲਾਵਾ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਆਪਕ, ਕੰਪਿਊਟਰ ਫੈਕਲਟੀ, ਸਿੱਖਿਆ ਪ੍ਰੋਵਾਈਡਰ, ਈ.ਜੀ.ਐੱਸ./ਐੱਸ.ਟੀ.ਆਰ/ਏ.ਆਈ.ਈ. ਨਿਰਧਾਰਿਤ ਮਿਤੀ ਤੱਕ ਤਬਾਦਲੇ ਲਈ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ ਤਾਂ ਉਹ ਵੀ ਮਿਤੀ 19 ਫਰਵਰੀ ਤੱਕ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ 6 ਤੋਂ 13 ਫਰਵਰੀ ਤੱਕ ਆਨ-ਲਾਈਨ ਤਬਾਦਲਿਆਂ ਲਈ 22868 ਦਰਖਾਸਤਾਂ ਮਿਲੀਆਂ ਹਨ। ਇਹਨਾਂ ਵਿੱਚੋਂ 6054 ਦਰਖਾਸਤਕਰਤਾਵਾਂ ਨੇ ਆਪਣੀਆਂ ਪ੍ਰਤੀਬੇਨਤੀਆਂ ਵਿੱਚ ਲੋੜੀਂਦਾ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਆਮ ਵਿਵਰਣ, ਨਤੀਜਿਆਂ ਸਬੰਧੀ ਵਿਵਰਣ ਅਤੇ ਸੇਵਾ ਕਾਲ ਦੇ ਰਿਕਾਰਡ ਬਾਰੇ ਅੰਕੜਾ ਸਹੀ ਨਹੀਂ ਭਰਿਆ। ਇਸੇ ਤਰ੍ਹਾਂ 6707 ਅਧਿਆਪਕਾਂ ਵੱਲੋਂ ਵੱਖ-ਵੱਖ ਜੋਨਾਂ ਵਿੱਚ ਕੀਤੀ ਗਈ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਗਈ ਸੇਵਾ ਭਰਨ ਸਮੇਂ ਅੰਕੜਾ ਅੰਤਰ ਦਿਖਾ ਰਿਹਾ ਹੈ। 91 ਦਰਖਾਸਤਕਰਤਾ ਅਜਿਹੇ ਹਨ ਜਿਨ੍ਹਾਂ ਦੀ ਸ਼ਿਕਾਇਤ/ਪ੍ਰਬੰਧਕੀ ਅਧਾਰ 'ਤੇ ਬਦਲੀ ਹੋਈ ਹੈ ਅਤੇ ਪਾਲਿਸੀ ਅਨੁਸਾਰ ਮੌਜੂਦਾ ਤੈਨਾਤੀ ਵਾਲੇ ਸਥਾਨ ਤੇ ਸਮਾਂ ਪੂਰਾ ਨਹੀਂ ਹੋਇਆ। ਵਿਸ਼ੇਸ਼ ਛੋਟ ਵਾਲੀ ਕੈਟਾਗਰੀ ਵਾਲੇ ਦਰਖਾਸਤਕਰਤਾਵਾਂ ਨੇ ਲੋੜੀਂਦੇ ਦਸਤਾਵੇਜ਼ ਨੱਥੀ ਨਹੀਂ ਕੀਤੇ ਹਨ ਅਤੇ ਜੋ ਨੱਥੀ ਕੀਤੇ ਹਨ ਉਹ ਪਾਲਿਸੀ ਅਨੁਸਾਰ ਲੋੜੀਂਦੇ ਨਹੀਂ ਹਨ। ਇਸਤੋਂ ਇਲਾਵਾ ਬਹੁਤ ਸਾਰੇ ਦਰਖਾਸਤਕਰਤਾਵਾਂ ਵੱਲੋਂ ਆਪਣੀਆਂ ਸੇਵਾ ਨਾਲ ਸਬੰਧਿਤ ਸਾਲ 2019-20 ਦੀ ਸਾਲਾਨਾ ਗੁਪਤ ਰਿਪੋਰਟਾਂ (ਏ.ਸੀ.ਆਰ.) ਦੇ ਅੰਕ 2018-19 ਅਤੇ 2019-20 ਦੇ ਸਾਲਾਨਾ ਬੋਰਡ/ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਨਤੀਜੇ ਨਹੀਂ ਭਰੇ ਹਨ। ਅਜਿਹੇ ਅਧੁਰੇ ਵੇਰਵਿਆਂ ਕਾਰਨ ਪਾਲਿਸੀ ਅਨੁਸਾਰ ਅਜਿਹੀਆਂ ਤਰੁੱਟੀਆਂ ਵਾਲੀਆਂ ਦਰਖਾਸਤਾਂ ਨੂੰ ਰੱਦ ਕਰਨ ਦਾ ਸਬੱਬ ਬਣਦਾ ਹੈ ਪਰ ਆਨਲਾਈਨ ਤਬਾਦਲਾ ਨੀਤੀ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਣ ਲਈ ਇਹਨਾਂ ਅਧਿਆਪਕ ਦਰਖਾਸਤਕਰਤਾਵਾਂ ਨੂੰ 19 ਫਰਵਰੀ ਤੱਕ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਜੂਨ 2019 ਵਿੱਚ ਅਧਿਆਪਕ ਤਬਾਦਲਾ ਨੀਤੀ 2019 ਲਾਗੂ ਕੀਤੀ ਗਈ ਸੀ। ਇਸ ਉਪਰੰਤ ਸਤੰਬਰ 2019 ਵਿੱਚ ਕੰਪਿਊਟਰ ਫੈਕਲਟੀ ਲਈ ਅਤੇ ਮਈ 2020 ਵਿੱਚ ਸਿੱਖਿਆ ਪ੍ਰੋਵਾਈਡਰਾਂ ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰਾਂ ਲਈ ਵੀ ਆਨਲਾਲਈਨ ਤਬਾਦਲਾ ਨੀਤੀ ਜਾਰੀ ਕੀਤੀ ਗਈ। ਵਿਭਾਗ ਵੱਲੋਂ ਪਾਲਿਸੀ ਅਨੁਸਾਰ ਕਵਰ ਹੁੰਦੇ ਅਧਿਆਪਕਾਂ, ਸਿੱਖਿਆ ਪ੍ਰੋਵਾਈਡਰਾਂ ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰਾਂ ਲਈ ਹੁਣ ਮਿਤੀ 13 ਫਰਵਰੀ ਤੋਂ ਵਧ ਕੇ 19 ਫਰਵਰੀ ਹੋ ਚੁੱਕੀ ਹੈ।