*ਦਫਤਰੀ ਕਾਮਿਆਂ ਨੇ ਕਲਮ ਛੋੜ ਹੜਤਾਲ ਕਰਕੇ ਸਰਕਾਰ ਵਿਰੁੱਧ ਲਾਇਆ ਧਰਨਾ*
*ਜੈ ਕਿਸ਼ਨ ਰੋੜੀ ਦੇ ਘਰ ਦੇ ਘਿਰਾਓ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ*
*ਮੁੱਖ ਮੰਤਰੀ ਅਤੇ ਮੰਤਰੀਆਂ ਵਲੋਂ ਝੂਠੇ ਤੇ ਗੁਮਰਾਹਕੁਨ ਅੰਕੜੇ ਪੇਸ਼ ਕਰਨ ਦੀ ਕੀਤੀ ਨਿਖੇਧੀ*
ਨਵਾਂ ਸ਼ਹਿਰ 08 ਸਤੰਬਰ 2026 ( ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸੂਬਾਈ ਸਾਂਝੀ ਤਾਲਮੇਲ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਦੀ ਨੀਅਤ ਨਾਲ ਜਾਰੀ ਕੀਤੇ ਗਏ ਧਮਕੀ ਪੱਤਰ ਵਾਪਸ ਲੈਣ ਦੀ ਸਮਾਂ ਸੀਮਾ 7 ਸਤੰਬਰ ਨੂੰ ਖਤਮ ਹੋਣ ਉਪਰੰਤ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ 8 ਸਤੰਬਰ ਨੂੰ ਕੰਮ ਠੱਪ ਰੱਖਣ ਦੇ ਐਕਸ਼ਨ ਦੇ ਦਿੱਤੇ ਸੱਦੇ ਨੂੰ ਜਿਲ੍ਹਾ ਸਾਂਝੀ ਤਾਲਮੇਲ ਕਮੇਟੀ ਵਲੋਂ ਸਮਰਥਨ ਦਿੰਦੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਸਿਵਲ ਸਰਜਨ ਦਫਤਰ ਵਿਖੇ ਸੁਰਜੀਤ ਕੁਮਾਰ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਮਾਰਿਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸ਼ਿਵ ਕੁਮਾਰ ਤਿਵਾੜੀ, ਮਹਾਂ ਸਿੰਘ ਰੋੜੀ, ਕੁਲਦੀਪ ਸਿੰਘ ਦੌੜਕਾ, ਕਿਸਾਨ ਆਗੂ ਚਰਨਜੀਤ ਸਿੰਘ ਦੌਲਤਪੁਰ, ਨਰਿੰਦਰ ਕੁਮਾਰ ਮਹਿਤਾ, ਕੁਲਦੀਪ ਕੌਰ, ਸੋਮ ਲਾਲ ਥੋਪੀਆ, ਕੁਲਵਿੰਦਰ ਸਿੰਘ ਅਟਵਾਲ, ਜੀਤ ਲਾਲ ਗੋਹਲੜੋਂ, ਦਲਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਜੀਤ ਸਿੰਘ ਬਰਨਾਲਾ, ਮਦਨ ਲਾਲ, ਪ੍ਰਸ਼ੋਤਮ ਲਾਲ, ਸ਼ਰਨਜੀਤ ਸਿੰਘ, ਸੋਹਣ ਸਿੰਘ ਸੁੱਜੋਵਾਲ, ਸਰਦਾਰਾ ਸਿੰਘ, ਕਮਲਦੇਵ, ਜਗਦੀਸ਼ ਚੰਦਰ, ਬਲਵਿੰਦਰ ਪਾਲ, ਨਰੰਜਣ ਸਿੰਘ, ਸ਼ੰਭੂ ਨਰਾਇਣ, ਜੋਗਿੰਦਰ ਸਿੰਘ, ਕੁਲਦੀਪ ਸਿੰਘ, ਜੋਗਾ ਸਿੰਘ, ਸਤਪਾਲ ਸਲੋਹ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਦੀ ਬਜਾਏ ਆਪਣੀਆਂ ਨਕਾਮੀਆਂ ਛੁਪਾਉਣ ਲਈ ਪੰਜਾਬ ਦੇ ਲੋਕਾਂ ਨੂੰ ਝੂਠੇ ਅਤੇ ਗੁਮਰਾਹਕੁਨ ਅੰਕੜੇ ਪੇਸ਼ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਸਾਢੇ ਚਾਰ ਸਾਲ ਵਿੱਚ ਚੋਣਾਂ ਤੋਂ ਪਹਿਲਾਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਸਗੋਂ ਸਰਕਾਰ ਮੁਲਾਜ਼ਮਾਂ ਪੈਨਸ਼ਨਰਾਂ ਦੇ ਸੰਵਿਧਾਨਕ ਹੱਕਾਂ ਤੋਂ ਮੁਨਕਰ ਹੋ ਰਹੀ ਹੈ। ਇੱਥੇ ਹੀ ਬੱਸ ਨਹੀਂ ਸਗੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਫੈਸਲਾ ਦੇਣ ਵਾਲੇ ਜੱਜਾਂ ਦੀਆਂ ਨਿਯੁਕਤੀਆਂ ਦਾ ਵੀ ਵਿਰੋਧ ਕਰ ਰਹੀ ਹੈ।
ਆਗੂਆਂ ਨੇ 12 ਸਤੰਬਰ ਨੂੰ ਜੈ ਕਿਸ਼ਨ ਰੋੜੀ ਦੇ ਘਰ ਦੇ ਘਿਰਾਓ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
