Economics Quiz: Chapter 1 ਅਰਥ ਸ਼ਾਸਤਰ- ਇੱਕ ਜਾਣ ਪਛਾਣ
ਬਹੁ-ਵਿਕਲਪੀ ਚੋਣ ਪ੍ਰਸ਼ਨ (Multiple Choice Questions)
1. ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸਨੇ ਦਿੱਤੀ?
- (ੳ) ਐਲਫਰਡ ਮਾਰਸ਼ਲ
- (ਅ) ਐਡਮ ਸਮਿਥ
- (ੲ) ਏ.ਸੀ.ਪੀਗੂ
- (ਸ) ਸੈਮੂਅਲਸਨ
Show Answer
ਸਹੀ ਉੱਤਰ: (ਅ) ਐਡਮ ਸਮਿਥ
2. ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਕਿਸਨੇ ਦਿੱਤੀ?
- (ੳ) ਐਲਫਰਡ ਮਾਰਸ਼ਲ
- (ਅ) ਐਡਮ ਸਮਿਥ
- (ੲ) ਏ.ਸੀ.ਪੀਗੂ
- (ਸ) ਸੈਮੂਅਲਸਨ
Show Answer
ਸਹੀ ਉੱਤਰ: (ੳ) ਐਲਫਰਡ ਮਾਰਸ਼ਲ
3. ਸਰਵਜਨਕ ਕਰਜ਼ ਦੇ ਮੁੱਖ ਸਾਧਨ ਕਿਹੜੇ ਹਨ?
- (ੳ) ਅੰਦਰੂਨੀ ਸਾਧਨ
- (ਅ) ਬਾਹਰੀ ਸਾਧਨ
- (ੲ) ੳ ਅਤੇ ਅ ਦੋਵੇਂ
- (ਸ) ਉਪਰੋਕਤ ਵਿੱਚੋਂ ਕੋਈ ਨਹੀਂ
Show Answer
ਸਹੀ ਉੱਤਰ: (ੲ) ੳ ਅਤੇ ਅ ਦੋਵੇਂ
4. ਭੁਗਤਾਨ ਬਾਕੀ ਦਾ ਸੰਬੰਧ ਕਿਹੜੀ ਅਰਥਵਿਵਸਥਾ ਨਾਲ ਹੈ?
- (ੳ) ਖੁੱਲ੍ਹੀ ਅਰਥਵਿਵਸਥਾ
- (ਅ) ਬੰਦ ਅਰਥਵਿਵਸਥਾ
- (ੲ) ਨਿੱਜੀ ਅਰਥਵਿਵਸਥਾ
- (ਸ) ਮੁਕਤ ਅਰਥਵਿਵਸਥਾ
Show Answer
ਸਹੀ ਉੱਤਰ: (ੳ) ਖੁੱਲ੍ਹੀ ਅਰਥਵਿਵਸਥਾ
5. ਸਰਕਾਰ ਦੀ ਮੌਦਰਿਕ ਨੀਤੀ ਦਾ ਸੰਬੰਧ ਕਿਸ ਨਾਲ ਹੈ?
- (ੳ) ਸਰਕਾਰ ਦੀ ਆਮਦਨ
- (ਅ) ਸਰਕਾਰ ਦੇ ਖਰਚ
- (ੲ) ਮੁਦਰਾ ਦੀ ਮੰਗ ਅਤੇ ਪੂਰਤੀ
- (ਸ) ਭੁਗਤਾਨ ਬਾਕੀ
Show Answer
ਸਹੀ ਉੱਤਰ: (ੲ) ਮੁਦਰਾ ਦੀ ਮੰਗ ਅਤੇ ਪੂਰਤੀ
ਸਹੀ / ਗ਼ਲਤ (True / False)
1. ਵਿਅਸ਼ਟੀ ਅਰਥਵਿਵਸਥਾ ਦਾ ਸੰਬੰਧ ਸੰਪੂਰਨ ਅਰਥਵਿਵਸਥਾ ਨਾਲ ਹੈ।
Show Answer
ਸਹੀ ਉੱਤਰ: ਗ਼ਲਤ
2. MACRO ECONOMICS ਸ਼ਬਦ ਯੂਨਾਨੀ ਭਾਸ਼ਾ ਦੇ ਸਬਦ MACROS ਤੋਂ ਲਿਆ ਗਿਆ ਹੈ।
Show Answer
ਸਹੀ ਉੱਤਰ: ਗ਼ਲਤ
3. ਮੁਦਰਾ ਦੀ ਪੂਰਤੀ ਇੱਕ ਸਟਾਕ ਚਰ ਹੈ।
Show Answer
ਸਹੀ ਉੱਤਰ: ਸਹੀ
4. ਘਾਟੇ ਦੀ ਵਿੱਤ ਵਿਵਸਥਾ ਤੋਂ ਭਾਵ ਸਰਕਾਰ ਦੁਆਰਾ ਨਵੇਂ ਨੋਟ ਛਾਪਣ ਦੀ ਪ੍ਰਕਿਰਿਆ ਤੋਂ ਹੈ।
Show Answer
ਸਹੀ ਉੱਤਰ: ਸਹੀ
5. ਬੱਚਤ ਤੋ ਭਾਵ ਆਮਦਨ ਦੇ ਉਸ ਭਾਗ ਤੋਂ ਹੈ, ਜਿਸ ਨੂੰ ਖ਼ਰਚ ਨਹੀਂ ਕੀਤਾ ਜਾਂਦਾ।
Show Answer
ਸਹੀ ਉੱਤਰ: ਸਹੀ
ਖਾਲੀ ਥਾਵਾਂ ਭਰੋ (Fill in the Blanks)
1. ਅਰਥਸ਼ਾਸਤਰ ਸ਼ਬਦ _______________ ਤੋਂ ਲਿਆ ਗਿਆ ਹੈ।
Show Answer
ਸਹੀ ਉੱਤਰ: ਯੂਨਾਨੀ ਭਾਸ਼ਾ
2. ਵਿਅਸ਼ਟੀ ਅਰਥਸ਼ਾਸਤਰ ਯੂਨਾਨੀ ਭਾਸ਼ਾ ਦੇ _______________ ਸ਼ਬਦ ਤੋਂ ਲਿਆ ਗਿਆ ਹੈ।
Show Answer
ਸਹੀ ਉੱਤਰ: MIKROS
3. ਉਪਭੋਗ ਦਾ ਸੰਬੰਧ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਦੀ _______________ ਕਰਨ ਨਾਲ ਹੈ।
Show Answer
ਸਹੀ ਉੱਤਰ: ਵਰਤੋਂ
4. ਮੁਦਰਾ ਸਫੀਤੀ ਸ਼ਬਦ _______________ ਤੋਂ ਲਿਆ ਗਿਆ ਹੈ।
Show Answer
ਸਹੀ ਉੱਤਰ: ਫੈਲਣਾ (INFLATE)
5. ਸਰਕਾਰ ਦੁਆਰਾ ਆਪਣਾ ਬਜਟ ਹਰ ਸਾਲ _______________ ਨੂੰ ਸੰਸਦ ਵਿੱਚ ਪੇਸ ਕੀਤਾ ਜਾਂਦਾ ਹੈ।
Show Answer
ਸਹੀ ਉੱਤਰ: ਇੱਕ ਫ਼ਰਵਰੀ
6. ਰਾਜਕੋਸ਼ੀ ਨੀਤੀ ਦਾ ਸੰਬੰਧ ਸਰਕਾਰ ਦੀ _______________ ਨਾਲ ਹੈ।
Show Answer
ਸਹੀ ਉੱਤਰ: ਆਮਦਨ ਅਤੇ ਖਰਚ
Economics Subjective Questions: Chapter 1
2 ਅੰਕਾਂ ਵਾਲੇ ਪ੍ਰਸ਼ਨ (ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ)
ਇਹਨਾਂ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇਕ ਵਾਕ ਵਿੱਚ ਦਿੱਤਾ ਜਾਵੇ:
1. ਅਰਥ ਸ਼ਾਸਤਰ ਤੋਂ ਕੀ ਭਾਵ ਹੈ?
Show Answer
ਅਰਥ ਸ਼ਾਸਤਰ ਤੋਂ ਭਾਵ ਘਰੇਲੂ ਪ੍ਰਬੰਧ ਤੋਂ ਹੈ ਕਿ ਇੱਕ ਵਿਅਕਤੀ ਅਤੇ ਸਰਕਾਰ ਆਪਣੇ ਸੀਮਿਤ ਸਾਧਨਾਂ, ਜਿਹਨਾਂ ਦੇ ਵਿਕਲਪਿਕ ਪ੍ਰਯੋਗ ਹੁੰਦੇ ਹਨ, ਦੀ ਕਿਸ ਤਰ੍ਹਾਂ ਕੁਸ਼ਲ ਵਰਤੋਂ ਕਰਦੇ ਹਨ ਜਿਸ ਨਾਲ ਵਿਅਕਤੀਗਤ ਅਤੇ ਸਮਾਜਿਕ ਕਲਿਆਣ ਨੂੰ ਅਧਿਕਤਮ ਕੀਤਾ ਜਾ ਸਕੇ।
2. ਦੁਰਲੱਭਤਾ ਤੋਂ ਕੀ ਭਾਵ ਹੈ?
Show Answer
ਦੁਰਲੱਭਤਾ ਤੋਂ ਭਾਵ ਹੈ ਕਿ ਕਿਸੇ ਵਸਤੂ ਜਾਂ ਸੇਵਾ ਦੀ ਮੰਗ, ਉਸਦੀ ਉਪਲੱਬਧਤਾ ਨਾਲੋਂ ਵੱਧ ਹੋਣਾ।
3. ਵਿਅਸ਼ਟੀ (Micro) ਅਰਥਸ਼ਾਸਤਰ ਤੋਂ ਕੀ ਭਾਵ ਹੈ?
Show Answer
ਵਿਅਸ਼ਟੀ ਅਰਥਸ਼ਾਸਤਰ, ਆਰਥਿਕ ਕਿਰਿਆਵਾਂ ਦਾ ਅਧਿਐਨ ਛੋਟੇ ਪੱਧਰ ਭਾਵ ਇੱਕ ਵਿਅਕਤੀ, ਇੱਕ ਪਰਿਵਾਰ, ਇੱਕ ਫਰਮ, ਆਦਿ 'ਤੇ ਕਰਦਾ ਹੈ।
4. ਸਮੱਸ਼ਟੀ (Macro) ਅਰਥਸ਼ਾਸਤਰ ਤੋਂ ਕੀ ਭਾਵ ਹੈ?
Show Answer
ਸਮੱਸ਼ਟੀ ਅਰਥਸ਼ਾਸਤਰ, ਆਰਥਿਕ ਕਿਰਿਆਵਾਂ ਦਾ ਅਧਿਐਨ ਵੱਡੇ ਪੱਧਰ ਭਾਵ ਪੂਰੀ ਦੀ ਪੂਰੀ ਅਰਥਵਿਵਸਥਾ ਦੇ ਪੱਧਰ 'ਤੇ ਕਰਦਾ ਹੈ।
5. ਉਪਭੋਗ ਤੋਂ ਕੀ ਭਾਵ ਹੈ?
Show Answer
ਉਪਭੋਗ ਤੋਂ ਭਾਵ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਨਾਲ ਹੈ, ਜਿਸ ਤੋਂ ਪ੍ਰਤੱਖ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕੇ।
6. ਉਪਭੋਗਤਾ ਤੋਂ ਕੀ ਭਾਵ ਹੈ?
Show Answer
ਉਪਭੋਗਤਾ ਤੋਂ ਭਾਵ ਉਹ ਖਪਤਕਾਰ ਜਾਂ ਉਹ ਲੋਕ, ਜੋ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਚੀਜਾਂ ਅਤੇ ਸੇਵਾਵਾਂ ਖਰੀਦਦੇ ਜਾਂ ਵਰਤਦੇ ਹਨ।
7. ਨਿਵੇਸ਼ ਤੋਂ ਕੀ ਭਾਵ ਹੈ?
Show Answer
ਨਿਵੇਸ਼ ਤੋਂ ਭਾਵ ਇੱਕ ਨਿਸ਼ਚਿਤ ਸਮੇਂ ਭਾਵ ਇੱਕ ਸਾਲ ਦੀ ਸਮਾਂ ਅਵਧੀ ਦੇ ਦੌਰਾਨ ਪੂੰਜੀ ਭੰਡਾਰ ਵਿੱਚ ਹੋਣ ਵਾਲੇ ਵਾਧੇ ਤੋਂ ਹੈ।
8. ਬੱਚਤ ਤੋ ਕੀ ਭਾਵ ਹੈ?
Show Answer
ਬੱਚਤ ਤੋ ਭਾਵ ਆਮਦਨ ਦੇ ਉਸ ਭਾਗ ਤੋਂ ਹੈ, ਜਿਸ ਨੂੰ ਖਰਚ ਨਹੀਂ ਕੀਤਾ ਜਾਂਦਾ।
9. ਮੁਦਰਾ ਸਫੀਤੀ ਤੋਂ ਕੀ ਭਾਵ ਹੈ?
Show Answer
ਮੁਦਰਾ ਸਫੀਤੀ ਤੋਂ ਭਾਵ ਕਿਸੇ ਅਰਥਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਅਤੇ ਲੰਬੇ ਸਮੇਂ ਵਿੱਚ ਹੋਣ ਵਾਲਾ ਵਾਧਾ ਹੈ।
10. ਮੁਦਰਾ ਪੂਰਤੀ ਤੋਂ ਕੀ ਭਾਵ ਹੈ?
Show Answer
ਮੁਦਰਾ ਪੂਰਤੀ ਤੋਂ ਭਾਵ ਕਿਸੇ ਅਰਥਵਿਵਸਥਾ ਵਿੱਚ ਲੋਕਾਂ ਕੋਲ ਸਮੇਂ ਦੇ ਇਕ ਨਿਸ਼ਚਿਤ ਬਿੰਦੂ ਤੇ ਮੁਦਰਾ ਦੇ ਕੁੱਲ ਸਟਾਕ (ਕਰੰਸੀ ਨੋਟਾਂ ਅਤੇ ਸਿੱਕਿਆਂ ਦੇ ਰੂਪ ਵਿੱਚ) ਤੋਂ ਹੈ।
11. ਸਰਕਾਰੀ ਬਜਟ ਤੋ ਕੀ ਭਾਵ ਹੈ?
Show Answer
ਸਰਕਾਰੀ ਬਜਟ ਤੋ ਭਾਵ ਇੱਕ ਵਿੱਤੀ ਸਾਲ ਦੇ ਦੌਰਾਨ ਸਰਕਾਰ ਦੀ ਅਨੁਮਾਨਿਤ ਆਮਦਨ ਅਤੇ ਅਨੁਮਾਨਿਤ ਖਰਚ ਦੇ ਵਿੱਤੀ ਬਿਊਰੇ ਤੋਂ ਹੈ।
12. ਸਰਕਾਰੀ ਆਮਦਨ ਦੀਆਂ ਕੁੱਝ ਮੱਦਾਂ ਦਾ ਵਰਣਨ ਕਰੋ?
Show Answer
ਸਰਕਾਰੀ ਆਮਦਨ ਦੀਆਂ ਮੁੱਖ ਮੱਦਾਂ ਵਿੱਚ ਵਸਤੂ ਅਤੇ ਸੇਵਾ ਕਰ, ਆਮਦਨ ਕਰ, ਆਬਕਾਰੀ ਕਰ ਆਦਿ ਹਨ। ਸਰਕਾਰ ਦੇ ਗੈਰ-ਕਰ ਸਾਧਨਾਂ ਵਿੱਚ ਮੁੱਖ ਤੌਰ ਤੇ ਸਰਕਾਰ ਨੂੰ ਪ੍ਰਾਪਤ ਹੋਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਫੀਸਾਂ, ਜੁਰਮਾਨੇ, ਦਾਨ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
13. ਸਰਕਾਰੀ ਖ਼ਰਚ ਦੀਆਂ ਕੁੱਝ ਮੱਦਾਂ ਦਾ ਵਰਣਨ ਕਰੋ?
Show Answer
ਸਰਕਾਰੀ ਖ਼ਰਚ ਦੀਆਂ ਮੱਦਾਂ ਵਿੱਚ ਦੇਸ਼ ਦੀ ਸੁਰੱਖਿਆ, ਪੁਲਿਸ, ਸਕੂਲ, ਹਸਪਤਾਲ, ਸੜਕ, ਬਿਜਲੀ ਪ੍ਰਸ਼ਾਸਨ, ਵੱਖ-ਵੱਖ ਖੇਤਰਾਂ ਜਿਵੇਂ ਕਿ ਖੇਤੀਬਾੜੀ, ਉਦਯੋਗ, ਸੇਵਾ ਖੇਤਰ ਦੇ ਵਿਕਾਸ ਅਤੇ ਸਮਾਜਿਕ ਕਲਿਆਣ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
14. ਘਾਟੇ ਦੀ ਵਿੱਤ ਵਿਵਸਥਾ ਤੋਂ ਤੁਹਾਡਾ ਕੀ ਭਾਵ ਹੈ?
Show Answer
ਘਾਟੇ ਦੀ ਵਿੱਤ ਵਿਵਸਥਾ ਤੋਂ ਭਾਵ ਕੇਂਦਰੀ ਬੈਂਕ ਦੁਆਰਾ ਸਰਕਾਰ ਨੂੰ ਨਵੇਂ ਨੋਟ ਛਾਪ ਕੇ ਮੁਦਰਾ ਪ੍ਰਦਾਨ ਕਰਵਾਉਣ ਦੀ ਪ੍ਰਕਿਰਿਆ ਤੋਂ ਹੈ, ਤਾਂ ਕਿ ਸਰਕਾਰ ਬਜਟ ਵਿੱਚ ਪੈਣ ਵਾਲੇ ਘਾਟੇ ਦੀ ਸਮੱਸਿਆ ਦਾ ਹੱਲ ਕਰ ਸਕੇ।
15. ਸਰਵਜਨਕ ਵਿੱਤ ਤੋਂ ਕੀ ਭਾਵ ਹੈ?
Show Answer
ਸਰਵਜਨਕ ਵਿੱਤ ਤੋਂ ਭਾਵ ਸਰਕਾਰ ਦੇ ਵਿੱਤੀ ਸਾਧਨਾਂ ਭਾਵ ਸਰਕਾਰ ਦੀ ਆਮਦਨ ਅਤੇ ਖਰਚ ਨਾਲ ਸੰਬੰਧਿਤ ਸਾਰੇ ਸਾਧਨਾਂ ਤੋਂ ਹੈ।
16. ਸਰਵਜਨਕ ਕਰਜ਼ ਤੋਂ ਕੀ ਭਾਵ ਹੈ?
Show Answer
ਸਰਵਜਨਕ ਕਰਜ ਤੋਂ ਭਾਵ ਸਰਕਾਰ ਦੁਆਰਾ ਆਪਣੀਆਂ ਵਿੱਤੀ ਜਰੂਰਤਾਂ ਨੂੰ ਪੂਰਾ ਕਰਨ ਲਈ ਹਰੇਕ ਤਰ੍ਹਾਂ ਦੇ ਅੰਦਰੂਨੀ ਅਤੇ ਬਾਹਰੀ ਸਾਧਨਾਂ ਤੋਂ ਲਏ ਗਏ ਕਰਜੇ ਤੋਂ ਹੈ।
17. ਵਿਕਾਸ ਦਰ ਤੋਂ ਕੀ ਭਾਵ ਹੈ?
Show Answer
ਵਿਕਾਸ ਦਰ ਤੋਂ ਭਾਵ ਕਿਸੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਵਿੱਚ ਹੋਣ ਵਾਲੇ ਪ੍ਰਤੀਸ਼ਤ ਬਦਲਾਵ ਤੋਂ ਹੈ।
18. ਭੁਗਤਾਨ ਬਾਕੀ ਤੋਂ ਕੀ ਭਾਵ ਹੈ?
Show Answer
ਭੁਗਤਾਨ ਬਾਕੀ ਤੋਂ ਭਾਵ ਇੱਕ ਨਿਸ਼ਚਿਤ ਸਮੇਂ ਦੌਰਾਨ ਇੱਕ ਦੇਸ਼ ਦੁਆਰਾ ਬਾਕੀ ਦੇਸ਼ਾਂ ਨਾਲ ਕੀਤੇ ਜਾਣ ਵਾਲੇ ਹਰੇਕ ਤਰ੍ਹਾਂ ਦੇ ਭੁਗਤਾਨ ਅਤੇ ਪ੍ਰਾਪਤੀਆਂ ਦੇ ਵਿਵਸਥਿਤ ਰਿਕਾਰਡ ਤੋਂ ਹੈ।
19. ਮੌਦਰਿਕ ਨੀਤੀ ਤੋਂ ਕੀ ਭਾਵ ਹੈ?
Show Answer
ਮੌਦਰਿਕ ਨੀਤੀ ਤੋਂ ਭਾਵ ਕਿਸੇ ਦੇਸ਼ ਦੇ ਕੇਂਦਰੀ ਬੈਂਕ ਅਤੇ ਸਰਕਾਰ ਦੁਆਰਾ ਅਪਣਾਈ ਜਾਣ ਵਾਲੀ ਉਸ ਨੀਤੀ ਤੋਂ ਹੈ, ਜਿਸ ਵਿੱਚ ਮੁਦਰਾ ਦੀ ਮੰਗ, ਮੁਦਰਾ ਦੀ ਪੂਰਤੀ ਅਤੇ ਇਸ ਨਾਲ ਸੰਬੰਧਿਤ ਸਾਰੇ ਪੱਖਾਂ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ।
20. ਸਰਕਾਰ ਦੀ ਰਾਜਕੋਸ਼ੀ ਨੀਤੀ ਤੋਂ ਤੁਹਾਡਾ ਕੀ ਭਾਵ ਹੈ?
Show Answer
ਰਾਜਕੋਸ਼ੀ ਨੀਤੀ ਸਰਕਾਰ ਦੀ ਆਮਦਨ ਅਤੇ ਖਰਚੇ ਨਾਲ ਸੰਬੰਧਿਤ ਨੀਤੀ ਹੁੰਦੀ ਹੈ।
3-4 ਅੰਕਾਂ ਵਾਲੇ ਪ੍ਰਸ਼ਨ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 50-60 ਸ਼ਬਦਾਂ ਵਿੱਚ ਦਿੱਤਾ ਜਾਵੇ:
1. ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਕਰੋ?
Show Answer
ਅਰਥਸ਼ਾਸਤਰ ਦੀ ਸਭ ਤੋਂ ਪਹਿਲੀ ਅਤੇ ਵਿਵਸਥਿਤ ਪਰਿਭਾਸ਼ਾ 1776 ਈ. ਵਿੱਚ ਪ੍ਰਸਿੱਧ ਅਰਥਸ਼ਾਸਤਰੀ ਅਤੇ ਅਰਥਸ਼ਾਸਤਰ ਦੇ ਪਿਤਾਮਾ 'ਐਡਮ ਸਮਿਥ' ਨੇ ਆਪਣੀ ਪ੍ਰਸਿੱਧ ਕਿਤਾਬ "An Enquiry into the Nature and Causes of Wealth of Nations" ਵਿੱਚ ਪ੍ਰਦਾਨ ਕਰਵਾਈ ਸੀ। ਉਹਨਾਂ ਦੇ ਅਨੁਸਾਰ, "ਅਰਥਸ਼ਾਸਤਰ ਰਾਸ਼ਟਰਾਂ ਦੇ ਧਨ ਦੇ ਸੁਭਾਅ ਅਤੇ ਕਾਰਨਾਂ ਦੀ ਜਾਂਚ ਪੜਤਾਲ ਹੈ।" ਉਹਨਾਂ ਨੇ ਇਸ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਅਰਥਸ਼ਾਸਤਰ ਦਾ ਮੁੱਖ ਵਿਸ਼ਾ ਧਨ ਅਤੇ ਧਨ ਨਾਲ ਸੰਬੰਧਿਤ ਸਾਰੀਆਂ ਤਰ੍ਹਾਂ ਦੀਆਂ ਆਰਥਿਕ ਕਿਰਿਆਵਾਂ ਹਨ। ਅਰਥਸ਼ਾਸਤਰ ਸਾਨੂੰ ਇਹ ਗਿਆਨ ਪ੍ਰਦਾਨ ਕਰਵਾਉਂਦਾ ਹੈ ਕਿ "ਰਾਸ਼ਟਰਾਂ ਦੇ ਧਨ ਤੋਂ ਕੀ ਭਾਵ ਹੈ?", "ਇਸ ਧਨ ਦੀ ਮਾਤਰਾ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ?", "ਜੇਕਰ ਕੋਈ ਦੇਸ਼ ਵਿਕਾਸ ਕਰਨਾ ਚਾਹੁੰਦਾ ਹੈ, ਤਾਂ ਇਸ ਧਨ ਦੀ ਬੱਚਤ ਅਤੇ ਨਿਵੇਸ਼ ਕਿਵੇਂ ਕਰਨਾ ਚਾਹੀਦਾ ਹੈ?" ਆਦਿ।
2. ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਦੀ ਵਿਆਖਿਆ ਕਰੋ?
Show Answer
ਅਰਥਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਪ੍ਰਸਿੱਧ ਅਰਥਸ਼ਾਸਤਰੀ ਐਲਫਰਡ ਮਾਰਸ਼ਲ ਨੇ 1890 ਈ. ਵਿੱਚ ਆਪਣੀ ਕਿਤਾਬ "Principles of Economics" ਵਿੱਚ ਦਿੱਤੀ। ਮਾਰਸ਼ਲ ਦੇ ਅਨੁਸਾਰ, "ਅਰਥਸ਼ਾਸਤਰ ਜੀਵਨ ਦੇ ਸਾਧਾਰਨ ਕਿੱਤੇ ਦੇ ਸੰਬੰਧ ਵਿੱਚ ਮਾਨਵ ਜਾਤੀ ਦਾ ਅਧਿਐਨ ਹੈ। ਇਹ ਵਿਅਕਤੀਗਤ ਅਤੇ ਸਮਾਜਿਕ ਕੰਮਾਂ ਦੇ ਉਸ ਭਾਗ ਦਾ ਅਧਿਐਨ ਕਰਦਾ ਹੈ, ਜਿਸਦਾ ਗਹਿਰਾ ਸੰਬੰਧ ਕਲਿਆਣ ਪ੍ਰਦਾਨ ਕਰਵਾਉਣ ਵਾਲੇ ਭੌਤਿਕ ਪਦਾਰਥਾਂ ਦੀ ਪ੍ਰਾਪਤੀ ਅਤੇ ਉਹਨਾਂ ਦੀ ਵਰਤੋਂ ਕਰਨ ਨਾਲ ਹੈ"। ਇਸ ਪਰਿਭਾਸ਼ਾ ਵਿੱਚ ਮਾਰਸ਼ਲ ਨੇ ਅਰਥਸ਼ਾਸਤਰ ਨੂੰ ਉਹਨਾਂ ਸਾਰੀਆਂ ਕਿਰਿਆਵਾਂ ਦਾ ਅਧਿਐਨ ਮੰਨਿਆ ਜੋ ਕਿ ਇੱਕ ਸਮਾਜਿਕ ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਹਨ, ਜਿਹਨਾਂ ਦੁਆਰਾ ਉਹ ਉਹਨਾਂ ਸਾਰੀਆਂ ਭੌਤਿਕ ਵਸਤੂਆਂ ਨੂੰ ਪ੍ਰਾਪਤ ਕਰਨ ਅਤੇ ਉਨਹਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਦੁਆਰਾ ਉਸ ਨੂੰ ਸੰਤੁਸ਼ਟੀ ਜਾਂ ਕਲਿਆਣ ਦੀ ਪ੍ਰਾਪਤੀ ਹੋ ਸਕੇ।
3. ਵਿਅਸ਼ਟੀ ਅਤੇ ਸਮੱਸ਼ਟੀ ਅਰਥਸ਼ਾਸਤਰ ਵਿੱਚ ਅੰਤਰ ਸਪਸ਼ਟ ਕਰੋ?
Show Answer
ਵਿਅਸ਼ਟੀ ਅਰਥਸ਼ਾਸਤਰ: ਇਸਨੂੰ ਅੰਗਰੇਜ਼ੀ ਭਾਸ਼ਾ ਵਿੱਚ MICRO ECONOMICS ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦਾ ਸ਼ਬਦ MICRO, ਯੂਨਾਨੀ ਭਾਸ਼ਾ ਦੇ ਸ਼ਬਦ MIKROS ਤੋਂ ਲਿਆ ਗਿਆ ਹੈ, ਜਿਸ ਤੋਂ ਭਾਵ ਹੈ ਛੋਟਾ। ਵਿਅਸ਼ਟੀ ਅਰਥਸ਼ਾਸਤਰ ਆਰਥਿਕ ਕਿਰਿਆਵਾਂ ਦਾ ਅਧਿਐਨ ਛੋਟੇ ਪੱਧਰ ਭਾਵ ਇੱਕ ਵਿਅਕਤੀ, ਇੱਕ ਪਰਿਵਾਰ, ਇੱਕ ਫਰਮ ਆਦਿ 'ਤੇ ਕਰਦਾ ਹੈ। ਇਸਦੇ ਵਿਸ਼ਾ ਖੇਤਰ ਵਿੱਚ ਮੁੱਖ ਤੌਰ ਤੇ ਮੰਗ ਦਾ ਸਿਧਾਂਤ, ਪੂਰਤੀ ਦਾ ਸਿਧਾਂਤ, ਉਤਪਾਦਨ ਦਾ ਸਿਧਾਂਤ, ਲਾਗਤ ਦਾ ਸਿਧਾਂਤ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
ਸਮੱਸ਼ਟੀ ਅਰਥਸ਼ਾਸਤਰ: ਇਸਨੂੰ ਅੰਗਰੇਜ਼ੀ ਭਾਸ਼ਾ ਵਿੱਚ MACRO ECONOMICS ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦਾ ਸ਼ਬਦ MACRO, ਯੂਨਾਨੀ ਭਾਸ਼ਾ ਦੇ ਸ਼ਬਦ MAKROS ਤੋਂ ਲਿਆ ਗਿਆ ਹੈ, ਜਿਸ ਤੋਂ ਭਾਵ ਹੈ ਵੱਡਾ। ਸਮੱਸ਼ਟੀ ਅਰਥਸ਼ਾਸਤਰ, ਆਰਥਿਕ ਕਿਰਿਆਵਾਂ ਦਾ ਅਧਿਐਨ ਵੱਡੇ ਪੱਧਰ ਭਾਵ ਪੂਰੀ ਦੀ ਪੂਰੀ ਅਰਥਵਿਵਸਥਾ ਦੇ ਪੱਧਰ ਤੇ ਕਰਦਾ ਹੈ। ਇਸਦੇ ਵਿਸ਼ਾ ਖੇਤਰ ਵਿੱਚ ਮੁੱਖ ਤੌਰ ਤੇ ਕੁੱਲ ਮੰਗ, ਕੁੱਲ ਪੂਰਤੀ, ਕੁੱਲ ਉਪਭੋਗ, ਰਾਸ਼ਟਰੀ ਆਮਦਨ ਦਾ ਅਧਿਐਨ ਕੀਤਾ ਜਾਂਦਾ ਹੈ।
4. ਸਰਕਾਰੀ ਬਜਟ ਤੋਂ ਕੀ ਭਾਵ ਹੈ? ਸਰਕਾਰ ਦੀ ਆਮਦਨ ਅਤੇ ਖਰਚ ਦੀਆਂ ਮੱਦਾਂ ਦਾ ਵਰਣਨ ਕਰੋ?
Show Answer
ਸਰਕਾਰੀ ਬਜਟ: ਇਹ ਇੱਕ ਵਿੱਤੀ ਖਾਤਾ ਹੈ, ਜਿਸ ਵਿੱਚ ਸਰਕਾਰ ਦੀਆਂ ਮੱਦਾਂ ਮੁਤਾਬਕ ਆਉਣ ਵਾਲੇ ਵਿੱਤੀ ਸਾਲ ਲਈ ਅਨੁਮਾਨਿਤ ਆਮਦਨ ਅਤੇ ਅਨੁਮਾਨਿਤ ਖਰਚ ਦਾ ਵਰਣਨ ਹੁੰਦਾ ਹੈ।
ਸਰਕਾਰੀ ਆਮਦਨ ਦੀਆਂ ਵੱਖ-ਵੱਖ ਮੱਦਾਂ: ਸਰਕਾਰ ਨੂੰ ਆਪਣੀ ਆਮਦਨ ਵੱਖ-ਵੱਖ ਤਰ੍ਹਾਂ ਦੇ ਕਰ ਅਤੇ ਗੈਰ ਕਰ ਸਾਧਨਾਂ ਤੋਂ ਹੁੰਦੀ ਹੈ। ਕਰ ਸਾਧਨਾਂ ਵਿੱਚ ਮੁੱਖ 'ਤੇ ਵਸਤੂ ਅਤੇ ਸੇਵਾ ਕਰ, ਆਮਦਨ ਕਰ, ਆਬਕਾਰੀ ਕਰ ਆਦਿ ਹਨ। ਗੈਰ-ਕਰ ਸਾਧਨਾਂ ਵਿੱਚ ਮੁੱਖ ਤੌਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਫੀਸਾਂ, ਜੁਰਮਾਨੇ, ਦਾਨ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
ਸਰਕਾਰੀ ਖ਼ਰਚ ਦੀਆਂ ਵੱਖ-ਵੱਖ ਮੱਦਾਂ: ਸਰਕਾਰ ਦੁਆਰਾ ਮੁੱਖ ਤੌਰ ਤੇ ਆਪਣਾ ਖ਼ਰਚ ਦੇਸ਼ ਦੀ ਸੁਰੱਖਿਆ, ਪੁਲਿਸ, ਸਕੂਲ, ਹਸਪਤਾਲ, ਸੜਕ, ਬਿਜਲੀ ਪ੍ਰਸ਼ਾਸਨ, ਵੱਖ-ਵੱਖ ਖੇਤਰਾਂ (ਖੇਤੀਬਾੜੀ, ਉਦਯੋਗ, ਸੇਵਾ ਖੇਤਰ) ਦੇ ਵਿਕਾਸ ਅਤੇ ਸਮਾਜਿਕ ਕਲਿਆਣ 'ਤੇ ਕੀਤਾ ਜਾਂਦਾ ਹੈ।
5. ਸਰਵਜਨਕ ਵਿੱਤ ਤੋਂ ਕੀ ਭਾਵ ਹੈ? ਸਰਵਜਨਕ ਵਿੱਤ ਵਿੱਚ ਸ਼ਾਮਲ ਵੱਖ-ਵੱਖ ਮੱਦਾਂ ਦਾ ਵਰਣਨ ਕਰੋ?
Show Answer
ਸਰਵਜਨਕ ਵਿੱਤ ਦੋ ਸ਼ਬਦਾਂ ਤੋ ਮਿਲ ਕੇ ਬਣਿਆ ਹੈ 'ਸਰਵਜਨਕ' ਅਤੇ 'ਵਿੱਤ'। ਇੱਥੇ ਸਰਵਜਨਕ ਤੋਂ ਭਾਵ "ਲੋਕਾਂ ਦਾ ਸਮੂਹ" ਜਿਸ ਦੀ ਪ੍ਰਤੀਨਿਧਤਾ ਸਰਕਾਰ ਦੁਆਰਾ ਕੀਤੀ ਜਾਂਦੀ ਹੈ (ਸੰਖੇਪ ਵਿੱਚ ਸਰਕਾਰ ਤੋਂ ਹੈ)। ਵਿੱਤ ਸ਼ਬਦ ਤੋਂ ਭਾਵ ਵਿੱਤੀ ਸਾਧਨਾਂ ਤੋਂ ਹੈ, ਜਿਨ੍ਹਾਂ ਦਾ ਸੰਬੰਧ ਆਮਦਨ ਅਤੇ ਖ਼ਰਚ ਦੇ ਨਾਲ ਹੈ।
ਸਰਵਜਨਕ ਵਿੱਤ ਵਿੱਚ ਅਸੀਂ ਸਰਕਾਰ ਦੀ ਆਮਦਨ ਅਤੇ ਖ਼ਰਚ ਦੇ ਨਾਲ ਸੰਬੰਧਿਤ ਸਾਰੇ ਸਾਧਨਾਂ ਦਾ ਅਧਿਐਨ ਕਰਦੇ ਹਾਂ। ਆਮਦਨ ਪੱਖ ਵਿੱਚ ਅਸੀਂ ਸਰਕਾਰ ਦੀ ਆਮਦਨ ਦੇ ਵੱਖ-ਵੱਖ ਸਾਧਨਾਂ ਜਿਵੇਂ ਕਿ ਕਰ ਅਤੇ ਗੈਰ-ਕਰ ਸਾਧਨਾਂ ਦਾ ਅਧਿਐਨ ਕਰਦੇ ਹਾਂ। ਖਰਚ ਪੱਖ ਵਿੱਚ ਸਰਕਾਰ ਦੇ ਵੱਖ-ਵੱਖ ਖਰਚੇ ਜਿਵੇਂ ਕਿ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਵਿਕਾਸ ਅਤੇ ਗੈਰ-ਵਿਕਾਸ ਖਰਚੇ, ਯੋਜਨਾਬੱਧ ਅਤੇ ਗੈਰ-ਯੋਜਨਾਬੱਧ ਖਰਚਿਆਂ ਆਦਿ ਦਾ ਵੀ ਅਧਿਐਨ ਕਰਦੇ ਹਾਂ।
6. ਵਿਕਾਸ ਦਰ ਤੋਂ ਕੀ ਭਾਵ ਹੈ ? ਇਸ ਦਾ ਮਾਪ ਕਿਵੇਂ ਕੀਤਾ ਜਾ ਸਕਦਾ ਹੈ?
Show Answer
ਵਿਕਾਸ ਦਰ ਤੋਂ ਭਾਵ ਕਿਸੇ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਚਾਲੂ ਸਾਲ ਵਿੱਚ ਹੋਣ ਵਾਲੇ ਪ੍ਰਤੀਸ਼ਤ ਬਦਲਾਵ ਤੋਂ ਹੈ।
ਉਦਾਹਰਣ: ਜੇਕਰ ਕਿਸੇ ਦੇਸ਼ ਦਾ ਕੁੱਲ ਘਰੇਲੂ ਉਤਪਾਦਨ ਪਿਛਲੇ ਸਾਲ 100 ਕਰੋੜ ਰੁਪਏ ਸੀ ਅਤੇ ਇਸ ਸਾਲ 110 ਕਰੋੜ ਰੁਪਏ ਹੈ, ਤਾਂ ਉਸ ਦੇਸ਼ ਦੀ ਵਿਕਾਸ ਦਰ ਦੀ ਗਣਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ:-
ਵਿਕਾਸ ਦਰ = [(ਵਰਤਮਾਨ ਸਾਲ ਦਾ ਕੁੱਲ ਘਰੇਲੂ ਉਤਪਾਦਨ - ਪਿਛਲੇ ਸਾਲ ਦਾ ਕੁੱਲ ਘਰੇਲੂ ਉਤਪਾਦਨ) / ਪਿਛਲੇ ਸਾਲ ਦਾ ਕੁੱਲ ਘਰੇਲੂ ਉਤਪਾਦਨ] X 100
ਵਿਕਾਸ ਦਰ = [(110 ਕਰੋੜ - 100 ਕਰੋੜ) / 100 ਕਰੋੜ] X 100
ਵਿਕਾਸ ਦਰ = 10%
7. ਸਰਵਜਨਕ ਕਰਜ਼ੇ ਤੋਂ ਕੀ ਭਾਵ ਹੈ? ਇਸ ਦੇ ਵੱਖ ਵੱਖ ਸਾਧਨਾਂ ਦੀ ਵਿਆਖਿਆ ਕਰੋ?
Show Answer
ਸਰਕਾਰ ਦੀ ਆਮਦਨ ਦੇ ਸਾਧਨ, ਸਰਕਾਰ ਦੇ ਖ਼ਰਚਿਆਂ ਦੇ ਮੁਕਾਬਲੇ ਕਾਫੀ ਸੀਮਿਤ ਹੁੰਦੇ ਹਨ। ਜਦੋਂ ਸਰਕਾਰ ਦੀ ਆਮਦਨ, ਉਸਦੇ ਖ਼ਰਚਿਆਂ ਦੇ ਮੁਕਾਬਲੇ ਘੱਟ ਰਹਿ ਜਾਂਦੀ ਹੈ (ਜੋ ਕਿ ਸਰਕਾਰ ਨੇ ਕੁੱਝ ਜਰੂਰੀ ਵਸਤੂਆਂ ਤੇ ਕਰਨੇ ਹੀ ਹੁੰਦੇ ਹਨ), ਤਾਂ ਸਰਕਾਰ ਨੂੰ ਇਸ ਘਾਟੇ ਨੂੰ ਪੂਰਾ ਕਰਨ ਲਈ ਕਈ ਸਾਧਨਾਂ ਤੋਂ ਕਰਜ਼ਾ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ।
ਇਸ ਲਈ ਵੱਖ-ਵੱਖ ਸਾਧਨਾਂ ਤੋਂ ਸਰਕਾਰ ਦੁਆਰਾ ਲਏ ਜਾਣ ਵਾਲੇ ਸਾਰੇ ਤਰ੍ਹਾਂ ਦੇ ਕਰਜਿਆਂ, ਚਾਹੇ ਉਹ ਅੰਦਰੂਨੀ ਸਾਧਨ ਹੋਣ (ਜੋ ਕਿ ਦੇਸ਼ ਦੇ ਅੰਦਰ ਹੁੰਦੇ ਹਨ), ਚਾਹੇ ਬਾਹਰੀ ਸਾਧਨ (ਜੋ ਕਿ ਦੇਸ਼ ਦੇ ਬਾਹਰ ਹੁੰਦੇ ਹਨ), ਨੂੰ ਸਰਵਜਨਕ ਕਰਜ ਕਿਹਾ ਜਾਂਦਾ ਹੈ।