ਪ੍ਰਸ਼ਨ 4: ਸੰਖੇਪ ਰਚਨਾ ਅਤੇ ਸਿਰਲੇਖ (ਪ੍ਰਸ਼ਨ ਪੱਤਰ ਅਨੁਸਾਰ)
ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਲਗ-ਪਗ ਇੱਕ-ਤਿਹਾਈ ਸ਼ਬਦਾਂ ਵਿੱਚ ਲਿਖੋ ਅਤੇ ਢੁਕਵਾਂ ਸਿਰਲੇਖ ਵੀ ਦਿਓ:
ਪੈਰੇ ਦਾ ਸਹੀ ਉੱਤਰ (ਸਿਰਲੇਖ ਅਤੇ ਸੰਖੇਪ ਰਚਨਾ) ਦੇਖਣ ਲਈ ਹੇਠਾਂ ਦਿੱਤੇ ਪੈਰਿਆਂ 'ਤੇ ਕਲਿੱਕ ਕਰੋ।
ਸੰਖੇਪ ਰਚਨਾ ਦੇ ਗੁਰ (Tips for Summary Writing):
- ਪਹਿਲਾ ਗੁਰ: 'ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ' ਦੀ ਵਰਤੋਂ ਕਰਕੇ ਰਚਨਾ ਦੇ ਫੈਲਾਅ ਨੂੰ ਘਟਾਇਆ ਜਾ ਸਕਦਾ ਹੈ।
- ਦੂਜਾ ਗੁਰ: ਜੇ ਜ਼ਰੂਰਤ ਮਹਿਸੂਸ ਹੋਏ ਤਾਂ ਢੁਕਵਾਂ ਮੁਹਾਵਰਾ, ਵਾਕਾਂਸ਼ ਜਾਂ ਅਖਾਉਤ ਸੁੱਝ ਜਾਵੇ ਤਾਂ ਇਸ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਮੁਹਾਵਰਿਆਂ, ਵਾਕਾਂਸ਼ਾਂ ਅਤੇ ਅਖਾਉਤਾਂ ਦੀ ਵਰਤੋਂ ਸੰਜਮਤਾ ਦਾ ਇੱਕ ਵੱਡਾ ਗੁਣ ਹੈ।
- ਤੀਜਾ ਗੁਰ: ਮੂਲ ਰਚਨਾ ਵਿੱਚ ਸਜਾਵਟ ਲਈ ਵਰਤੇ ਸ਼ਬਦਾਂ ਨੂੰ ਛੱਡ ਦਿੱਤਾ ਜਾਵੇ।
- ਚੌਥਾ ਗੁਰ: ਮੂਲ ਰਚਨਾ ਵਿੱਚ ਵਿਅਕਤੀਆਂ ਦੇ ਆਖੇ ਹੋਏ ਸ਼ਬਦਾਂ ਨੂੰ ਆਪਣੇ ਸ਼ਬਦਾਂ ਵਿੱਚ ਸੰਖੇਪ ਕਰ ਕੇ ਲਿਖਿਆ ਜਾ ਸਕਦਾ ਹੈ।
- ਪੰਜਵਾਂ ਗੁਰ: ਦਿੱਤੀ ਗਈ ਰਚਨਾ ਵਿੱਚ ਆਏ ਵਾਧੂ ਦੁਹਰਾਅ ਨੂੰ ਛੱਡ ਦਿੱਤਾ ਜਾਵੇ।
ਮਾਡਲ ਟੈਸਟ ਪੇਪਰ ਵਿੱਚੋਂ ਪੈਰਾ
ਪੈਰਾ 1: ਗੁਰੂ ਨਾਨਕ ਦਾ ਉਪਦੇਸ਼ ਸਰਬ-ਸੰਸਾਰ ਲਈ ਸਾਂਝਾ ਤੇ...
ਮੂਲ ਪੈਰਾ: ਗੁਰੂ ਨਾਨਕ ਦਾ ਉਪਦੇਸ਼ ਸਰਬ-ਸੰਸਾਰ ਲਈ ਸਾਂਝਾ ਤੇ ਪ੍ਰਾਣੀ ਮਾਤਰ ਲਈ ਕਲਿਆਣਕਾਰੀ ਹੈ । ਉਹਨਾਂ ਦਾ ਸੁਨੇਹਾ ਹਰ ਇਨਸਾਨ ਅਤੇ ਸਮੁੱਚੇ ਤੌਰ 'ਤੇ ਇਨਸਾਨੀ ਸਮਾਜ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਪਹਿਲਾ ਉਪਦੇਸ਼ ਇਨਸਾਨ ਨੂੰ ਆਪਣੀ ਆਤਮਾ ਨੂੰ ਉੱਨਤ ਕਰਨ ਦਾ ਹੈ ਅਤੇ ਨਾਮ-ਦਾਨ ਤੇ ਇਸ਼ਨਾਨ ਇਸ ਦਾ ਸਾਧਨ ਦੱਸਿਆ ਹੈ । ਈਸ਼ਵਰ ਭਗਤੀ, ਈਸ਼ਵਰ-ਸਿਮਰਨ ਨਾਲ਼ ਮਨ ਦੀ ਮੈਲ਼ ਕੱਟਦੀ ਹੈ ਤੇ ਆਤਮਾ ਆਪਣੇ ਸ਼ੁੱਧ ਰੂਪ ਵਿੱਚ ਵਿਦਮਾਨ ਹੁੰਦੀ ਹੈ । ਦੂਸਰਾ ਉਪਦੇਸ਼ ਗੁਰੂ ਨਾਨਕ ਦਾ ਇਹ ਹੈ ਕਿ ਸੰਸਾਰ ਅਤੇ ਸਮਾਜ ਤੋਂ ਕੱਟ ਹੋ ਕੇ, ਵੱਖਰੇ ਹੋ ਕੇ, ਕਿਸੇ ਵਿਅਕਤੀਗਤ ਆਤਮਾ ਦਾ ਵਿਕਾਸ, ਉੱਨਤੀ ਅਤੇ ਹੋਂਦ ਅਸੰਭਵ ਹੈ। ਗੁਰੂ ਨਾਨਕ ਦਾ ਇਹ ਉਪਦੇਸ਼ ਹੈ ਕਿ ਇਨਸਾਨ ਖ਼ੁਦਗ਼ਰਜ਼ੀ ਤੇ ਹਉਮੈ ਦੀ ਜਿੱਲ੍ਹਣ ਵਿੱਚੋਂ ਨਿਕਲ਼ ਕੇ ਪ੍ਰੇਮ ਤੇ ਸੇਵਾ ਦੇ ਸਾਧਨ ਦੁਆਰਾ ਸਾਂਝੀਵਾਲਤਾ ਦੀ ਟੀਸੀ ਤੇ ਪੁੱਜੇ ਤਾਂ ਜੋ ਵਿਸ਼ਵ ਅਥਵਾ ਸਾਰੀ ਇਨਸਾਨੀਅਤ ਦਾ ਕਲਿਆਣ ਹੋਵੇ।
ਅਧਿਐਨ ਸਮੱਗਰੀ ਵਿੱਚੋਂ ਹੱਲ ਕੀਤੇ ਪੈਰੇ
ਪੈਰਾ 2: ਸਮਾਂ ਇੱਕ ਮਹਾਨ ਖ਼ਜ਼ਾਨਾ ਹੈ। ਅਮਰੀਕਾ, ਜਪਾਨ ਵਿੱਚ...
ਮੂਲ ਪੈਰਾ: ਸਮਾਂ ਇੱਕ ਮਹਾਨ ਖ਼ਜ਼ਾਨਾ ਹੈ । ਅਮਰੀਕਾ, ਜਪਾਨ ਵਿੱਚ ਮੀਂਹ ਹੋਵੇ, ਹਨੇਰੀ ਹੋਵੇ, ਠੰਢ ਹੋਵੇ, ਗਰਮੀ ਹੋਵੇ, ਅੱਠ ਘੰਟੇ ਹਰ ਕੋਈ ਡਟ ਕੇ ਕੰਮ ਕਰਦਾ ਹੈ । ਦਫ਼ਤਰਾਂ ਵਿੱਚ, ਖੇਤਾਂ ਵਿੱਚ, ਕਾਰਖ਼ਾਨਿਆਂ ਵਿੱਚ ਵਿਸ਼ੇਸ਼ ਛੁੱਟੀਆਂ ਸਾਲ ਵਿੱਚ ਮਸਾਂ ਚਾਰ-ਪੰਜ ਹੁੰਦੀਆਂ ਹਨ । ਸਾਡੇ ਦੇਸ ਵਿੱਚ ਕਿੰਨੀਆਂ ਹੀ ਛੁੱਟੀਆਂ, ਕਿੰਨੇ ਥੋੜ੍ਹੇ ਘੰਟੇ ਕੰਮ, ਕਿੰਨਾ ਬੇਦਿਲਾ ਕੰਮ ਤੇ ਫੇਰ ਸਵੇਰੇ-ਸ਼ਾਮ ਧਾਰਮਿਕ ਸਥਾਨਾਂ ਵਿੱਚ ਸ਼ਰਧਾਲੂਆਂ ਦੇ ਇਕੱਠ, ਸਾਧੂਆਂ ਦੀ ਨਿੱਤ-ਫੇਰੀ, ਮਰਨ-ਜੰਮਣ ਤੇ ਵਿਆਹ ਆਦਿ । ਕਿਸੇ ਹੋਰ ਦੇਸ ਵਿੱਚ ਇਹਨਾਂ ਗੱਲਾਂ ਉੱਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ । ਲਾਊਡਸਪੀਕਰਾਂ ਉੱਤੇ ਦਿਨ-ਰਾਤ ਧਰਮ ਦੀ ਥਾਂ ਵਹਿਮ-ਭਰਮ ਜ਼ਿਆਦਾ ਪ੍ਰਚਾਰੇ ਜਾਂਦੇ ਹਨ । ਹੋਰਨਾਂ ਦੇਸਾਂ ਵਿੱਚ ਭਾਵੇਂ ਕਿੰਨੀ ਵੀ ਬਰਫ ਜੰਮੀ ਹੋਵੇ, ਕਾਮੇ ਪੂਰੇ ਅੱਠ ਵਜੇ ਆਪਣੇ ਕੰਮ ਉੱਤੇ ਪਹੁੰਚ ਜਾਂਦੇ ਹਨ । ਬਾਰਾਂ ਵਜੇ ਤੱਕ ਡਟ ਕੇ ਕੰਮ ਕੀਤਾ ਜਾਂਦਾ ਹੈ । ਕੰਮ ਦੇ ਸਮੇਂ ਵਿਚਕਾਰ ਇੱਕ ਘੰਟਾ ਖਾਣਾ ਖਾ ਕੇ ਫਿਰ ਪੰਜ ਵਜੇ ਤੱਕ ਅਣਥੱਕ ਮਿਹਨਤ ਕੀਤੀ ਜਾਂਦੀ ਹੈ । ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਉੱਥੇ ਕੰਮ-ਸੱਭਿਆਚਾਰ ਪ੍ਰਫੁੱਲਿਤ ਹੋ ਚੁੱਕਾ ਹੈ ।ਇਹੀ ਕਾਰਨ ਹੈ ਕਿ ਉਹਨਾਂ ਦੀ ਪੈਦਾਵਾਰ ਸਾਡੇ ਨਾਲ ਕਈ ਗੁਣਾ ਵੱਧ ਹੁੰਦੀ ਹੈ ।
ਸਿਰਲੇਖ: ਸਮੇਂ ਦੀ ਕਦਰ ਜਾਂ ਕੰਮ–ਸੱਭਿਆਚਾਰ
ਸੰਖੇਪ ਰਚਨਾ: ਵਿਦੇਸ਼ਾਂ ਵਿੱਚ ਹਰ ਮੌਸਮ ਵਿੱਚ ਰੋਜ਼ਾਨਾ ਅੱਠ ਘੰਟੇ ਕੰਮ ਹੁੰਦਾ ਹੈ । ਉੱਥੇ ਸਾਡੇ ਦੇਸ ਵਾਂਗ ਵਧੇਰੇ ਛੁੱਟੀਆਂ ਮਨਾ ਕੇ, ਧਾਰਮਿਕ ਕੰਮਾਂ, ਜਨਮ-ਮਰਨ ਤੇ ਵਿਆਹਾਂ ਦੇ ਮੌਕੇ ਸਮੇਂ ਦੀ ਬਰਬਾਦੀ ਨਹੀਂ ਕੀਤੀ ਜਾਂਦੀ ਵਕਤ ਦੀ ਕਦਰ, ਅਣਥੱਕ ਮਿਹਨਤ ਅਤੇ ਕੰਮ-ਸੱਭਿਆਚਾਰ ਕਾਰਨ ਹੀ ਉੱਥੇ ਪੈਦਾਵਾਰ ਸਾਡੇ ਦੇਸ ਨਾਲੋਂ ਕਈ ਗੁਣਾ ਵਧੇਰੇ ਹੁੰਦੀ ਹੈ ।
ਪੈਰਾ 3: ਕਿਸੇ ਵਿਅਕਤੀ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਵੀ...
ਮੂਲ ਪੈਰਾ: ਕਿਸੇ ਵਿਅਕਤੀ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਵੀ ਉਹ ਹੀ ਕਰਵਾ ਸਕਦਾ ਹੈ ਜਿਸ ਨੂੰ ਉਸਦੇ ਵਿਗੜਨ ਦਾ ਦੁੱਖ ਹੈ ਅਤੇ ਉਹ ਵਿਗੜੇ ਨੂੰ ਸੁਧਾਰਨ ਦੀ ਲੋੜ ਸਮਝਦਾ ਹੈ । ਜਿਹੜਾ ਉਸ ਦੀ ਤਰੱਕੀ ਦਾ ਚਾਹਵਾਨ ਹੈ, ਉਸਦਾ ਭਲਾ ਸੋਚਦਾ ਹੈ । ਉਹ ਉਸ ਨੂੰ ਠੁੰਮ੍ਹਣਾ ਦੇਵੇ, ਅਹਿਸਾਸ ਕਰਾਏ ਕਿ ਚਿੱਕੜ ਵਿਚੋਂ ਬਾਹਰ ਆ ਜਾ । ਉਸ ਨੂੰ ਹੌਸਲਾ ਦੇਵੇ ਕਿ ਅਜੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਉਸ ਲਈ ਘਰ ਦੇ ਬੂਹੇ ਬੰਦ ਨਹੀਂ—ਭੁੱਲਾ ਉਹ ਨਾ ਜਾਣੀਏ ਜੋ ਮੁੜ ਘਰ ਆਵੇ । ਉਹ ਥੋੜ੍ਹਾ ਜਿਹਾ ਵੀ ਹੁੰਗਾਰਾ ਭਰੇ ਤਾਂ ਉਸ ਦੀ ਬਾਂਹ ਫੜ ਲਈ ਜਾਵੇ । ਉਸਨੂੰ ਅਹਿਸਾਸ ਕਰਾਇਆ ਜਾਏ ਕਿ ਉਹ ਬਹੁਤ ਕੁਝ ਕਰ ਸਕਦਾ ਹੈ । ਕਿਸੇ ਗ਼ਲਤੀ 'ਤੇ ਇਹ ਅਹਿਸਾਸ ਨਾ ਕਰਾਇਆ ਜਾਵੇ ਕਿ ਉਸ ਨੇ ਤਾਂ ਨੱਕ ਵਢਾ ਦਿੱਤਾ ਹੈ, ਕੋਈ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਹੀ ਨਹੀਂ ਰਿਹਾ ਸਗੋਂ ਗਲਤੀ ਸੁਧਾਰਨ ਦੇ ਮੌਕੇ 'ਤੇ ਸਾਧਨ ਦਿੱਤੇ ਜਾਣ, ਰਾਹ ਦਿੱਤਾ ਜਾਵੇ ਅੱਗੇ ਵਧਣ ਦਾ ਕਿਉਂਕਿ ਨਾ ਕਈ ਦੇਵਤਾ ਜੰਮਦਾ ਹੈ ਤੇ ਨਾ ਦੈਤ । ਬੱਸ ਸੁਧਾਰ ਲਈ ਉੱਦਮ ਕਰਨ ਦੀ ਲੋੜ ਹੁੰਦੀ ਹੈ ।
ਸਿਰਲੇਖ: ਵਿਗੜੇ ਦਾ ਸੁਧਾਰ
ਸੰਖੇਪ ਰਚਨਾ: ਵਿਗੜੇ ਹੋਏ ਨੂੰ ਸੁਧਾਰਨ ਦਾ ਕੰਮ ਉਸ ਦਾ ਹਮਦਰਦ ਹੀ ਕਰ ਸਕਦਾ ਹੈ ਜਿਹੜਾ ਉਸ ਦੇ ਨੁਕਸਾਂ ਨੂੰ ਅੱਖੋਂ ਪਰੋਖ ਕਰ ਕੇ ਉਸ ਅੰਦਰਲੀ ਊਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰੇ । ਜਿਹੜਾ ਇਸ ਗੱਲ ਵਿੱਚ ਯਕੀਨ ਰੱਖਦਾ ਹੋਵੇ ਕਿ ਬੁਰਾਈ ਜਾਂ ਚੰਗਿਆਈ ਜਨਮ ਤੋਂ ਨਹੀਂ ਹੁੰਦੀ । ਬੁਰਾਈ ਨੂੰ ਸੁਧਾਰਨ ਲਈ ਉੱਦਮ ਦੀ ਲੋੜ ਹੁੰਦੀ ਹੈ |
ਸੰਖੇਪ ਰਚਨਾ ਕਰਨ ਦੇ ਅਭਿਆਸ ਲਈ ਪੈਰੇ
ਅਭਿਆਸੀ ਪੈਰਾ 1: ਤਾੜ ਪੱਤਰ ਨੂੰ ਉਬਾਲ਼ ਕੇ, ਸੁਕਾ ਕੇ...
ਮੂਲ ਪੈਰਾ: ਤਾੜ ਪੱਤਰ ਨੂੰ ਉਬਾਲ਼ ਕੇ, ਸੁਕਾ ਕੇ ਜਾਂ ਕਿਸੇ ਹੋਰ ਚੀਕਨੀ ਚੀਜ਼ ਨਾਲ਼ ਰਗੜ ਕੇ ਉਹਨਾਂ ਨੂੰ ਚਮਕਾ ਲਿਆ ਜਾਂਦਾ ਸੀ। ਚਮਕਾਉਣ ਤੋਂ ਬਾਅਦ ਲੋਹੇ ਦੀ ਕਲਮ ਨਾਲ਼ ਉਹਨਾਂ 'ਤੇ ਅੱਖਰ ਉੱਕਰ ਦਿੱਤੇ ਜਾਂਦੇ ਸਨ ਫੇਰ ਕਾਲ਼ੀ ਸਿਆਹੀ ਲਿੱਪ ਦਿੱਤੀ ਜਾਂਦੀ ਸੀ ਜਿਹੜੀ ਉੱਕਰੀ ਹੋਈ ਥਾਂ ਵਿੱਚ ਭਰ ਦਿੱਤੀ ਜਾਂਦੀ ਸੀ ਅਤੇ ਬਾਕੀ ਦੀ ਚੀਕਨੀ ਚੀਜ਼ ਉਸ ਥਾਂ ਤੋਂ ਪੂੰਝ ਦਿੱਤੀ ਜਾਂਦੀ ਸੀ। ਲੋਹੇ ਦੀ ਕਲਮ ਨਾਲ਼ ਉੱਕਰਨ ਦਾ ਇਹ ਰਿਵਾਜ ਦੱਖਣ ਵਿੱਚ ਹੀ ਸੀ। ਉੱਤਰੀ ਭਾਰਤ ਅਤੇ ਪੂਰਬੀ ਭਾਰਤ ਵਿੱਚ ਉਹਨਾਂ 'ਤੇ ਉਸੇ ਤਰ੍ਹਾਂ ਲਿਖਿਆ ਜਾਂਦਾ ਸੀ, ਜਿਸ ਤਰ੍ਹਾਂ ਕਾਗ਼ਜ਼ 'ਤੇ ਲਿਖਿਆ ਜਾਂਦਾ ਹੈ। ਇਹਨਾਂ ਪੱਤਿਆਂ ਦੀ ਲੰਬਾਈ ਕਦੇ-ਕਦੇ ਦੋ ਫੁੱਟ ਤੱਕ ਹੁੰਦੀ ਹੈ। ਸ਼ਾਂਤੀ-ਨਿਕੇਤਨ ਦੇ ਮਿਊਜ਼ੀਅਮ ਵਿੱਚ ਦੋਵੇਂ ਤਰ੍ਹਾਂ ਦੀਆਂ ਪੱਤਰੀਆਂ ਰੱਖੀਆਂ ਹੋਈਆਂ ਹਨ। ਕੁਝ ਵਿੱਚ ਸਿਰਫ਼ ਅੱਖਰ ਉੱਕਰ ਕੇ ਛੱਡ ਦਿੱਤੇ ਗਏ ਹਨ ਅਤੇ ਕੁਝ ਵਿੱਚ ਸਿਆਹੀ ਭਰੀ ਹੋਈ ਸੀ। ਸੰਸਕ੍ਰਿਤ ਵਿੱਚ ‘ਲਿਪ’ ਦਾ ਅਰਥ ਉੱਕਰਨਾ ਹੀ ਹੈ। ‘ਲਿਪੀ’ ਸ਼ਬਦ ਲਿਖਾਈ ਲਈ ਵਰਤਿਆ ਜਾਣ ਲੱਗਾ, ਇਸ ਦਾ ਕਾਰਨ ਵੀ ਸਿਆਹੀ ਲਿੱਪਣਾ ਹੀ ਹੈ। ਇਹਨਾਂ ਪੱਤਰੀਆਂ ਵਿੱਚ ਲਿਖਣ ਦੀ ਥਾਂ ਦੇ ਵਿਚਕਾਰ ਇੱਕ ਛੇਕ ਹੁੰਦਾ ਹੈ। ਜੇ ਪੱਤਰੇ ਬਹੁਤ ਲੰਮੇ ਹੋਣ ਤਾਂ ਦੋ ਛੇਕ ਵੀ ਕਰ ਦਿੱਤੇ ਜਾਂਦੇ ਸਨ। ਇਹਨਾਂ ਛੇਕਾਂ ਵਿੱਚ ਧਾਗਾ ਪਰੋ ਦਿੱਤਾ ਜਾਂਦਾ ਸੀ। ਬਾਅਦ ਵਿੱਚ ਕਾਗ਼ਜ਼ ਤੇ ਲਿਖੀਆਂ ਪੋਥੀਆਂ ਵਿੱਚ ਵੀ ਛੇਕ ਲਈ ਥਾਂ ਛੱਡ ਦਿੱਤੀ ਜਾਂਦੀ ਸੀ ਪਰ ਉਹਨਾਂ ਵਿੱਚ ਛੇਕ ਕੀਤਾ ਨਹੀਂ ਸੀ ਜਾਂਦਾ। ਧਾਗੇ ਵਿੱਚ ਬੱਝੇ ਹੋਏ (ਗ੍ਰੰਥਿਤ) ਹੋਣ ਕਰਕੇ ਹੀ ਪੋਥੀਆਂ ਲਈ ‘ਗ੍ਰੰਥ’ ਸ਼ਬਦ ਵਰਤਿਆ ਜਾਣ ਲੱਗਾ।
ਅਭਿਆਸੀ ਪੈਰਾ 2: ਵਿੱਦਿਆ ਪੜ੍ਹਨ ਨਾਲ਼ ਮਨ ਪ੍ਰਸੰਨ ਹੁੰਦਾ ਹੈ...
ਮੂਲ ਪੈਰਾ: ਵਿੱਦਿਆ ਪੜ੍ਹਨ ਨਾਲ਼ ਮਨ ਪ੍ਰਸੰਨ ਹੁੰਦਾ ਹੈ, ਗੱਲ-ਬਾਤ ਵਿੱਚ ਸਲੀਕਾ ਆਉਂਦਾ ਹੈ ਅਤੇ ਲਿਆਕਤ ਵੀ ਵਧਦੀ ਹੈ। ਵਿਹਲੇ ਸਮੇਂ ਵਿੱਦਿਆ ਪੜ੍ਹਨ ਦਾ ਮੁੱਖ ਉਪਯੋਗ ਉਸ ਦੁਆਰਾ ਅਨੰਦ ਪ੍ਰਾਪਤ ਕਰਨ ਵਿੱਚ ਹੁੰਦਾ ਹੈ। ਵਿੱਦਿਆ ਪੜ੍ਹਨ ਨਾਲ਼ ਮਨੁੱਖ ਦੇ ਸੁਭਾਵਿਕ ਗੁਣ ਹੋਰ ਵਿਕਸਿਤ ਹੁੰਦੇ ਹਨ ਅਤੇ ਅਨੁਭਵ ਨਾਲ਼ ਖ਼ੁਦ ਵਿੱਦਿਆ ਦਾ ਅਭਿਆਸ ਪੂਰਨਤਾ ਨੂੰ ਪਹੁੰਚਦਾ ਹੈ। ਮਨੁੱਖ ਦੀ ਸੁਭਾਵਿਕ ਬੁੱਧ ਆਪਣੇ-ਆਪ ਉੱਗਣ ਵਾਲੇ ਬੂਟਿਆਂ ਵਾਂਗ ਹੈ। ਇਸ ਤਰ੍ਹਾਂ ਦੇ ਬੂਟਿਆਂ ਨੂੰ ਛਾਂਗਣ ਨਾਲ਼ ਜਿਸ ਤਰ੍ਹਾਂ ਉਹ ਵਧੇਰੇ ਬਲਵਾਨ ਹੁੰਦੇ ਹਨ, ਉਸੇ ਤਰ੍ਹਾਂ ਦਾ ਕੰਮ ਵਿੱਦਿਆ ਕਰਦੀ ਹੈ। ਵਿੱਦਿਆ ਪੜ੍ਹਨ ਨਾਲ਼ ਕਈ ਤਰ੍ਹਾਂ ਦੇ ਨਿਯਮ ਪਤਾ ਚੱਲਦੇ ਹਨ, ਪਰੰਤੂ ਕਿਸੇ ਨਿਯਮ ਨੂੰ ਕਿੱਥੇ ਅਤੇ ਕਿਸ ਤਰ੍ਹਾਂ ਕੰਮ ਵਿੱਚ ਲਿਆਉਣਾ ਚਾਹੀਦਾ ਹੈ, ਇਹ ਅਨੁਭਵ ਨਾਲ਼ ਹੀ ਸਮਝ ਵਿੱਚ ਆਉਂਦਾ ਹੈ। ਮੂਰਖ ਲੋਕ ਵਿੱਦਿਆ ਦਾ ਨਿਰਾਦਰ ਕਰਦੇ ਹਨ ਅਤੇ ਬੁੱਧੀਮਾਨ ਲੋਕ ਉਸ ਨੂੰ ਕੰਮ ਵਿਚ ਲਿਆਉਂਦੇ ਹਨ। ਵਿੱਦਿਆ ਦਾ ਉਪਯੋਗ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ? ਇਹ ਗੱਲ ਕੇਵਲ ਪੜ੍ਹਨ ਨਾਲ਼ ਹੀ ਨਹੀਂ ਜਾਣੀ ਜਾ ਸਕਦੀ, ਇਸ ਨੂੰ ਜਾਣਨ ਲਈ ਵਿੱਦਿਆ ਦੇ ਨਾਲ-ਨਾਲ ਬੁੱਧੀ ਦੀ ਵੀ ਲੋੜ ਪੈਂਦੀ ਹੈ ਕਿਉਂਕਿ ਵਿੱਦਿਆ ਦਾ ਵਿਕਾਸ ਅਨੁਭਵ ਨਾਲ ਹੁੰਦਾ ਹੈ। ਇਸ ਲਈ ਉਸ ਨੂੰ ਵਰਤੋਂ ਵਿੱਚ ਲਿਆਉਣ ਲਈ ਅਨੁਭਵ ਪ੍ਰਾਪਤ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ।