ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਕਦਮ : ਹੜ੍ਹ ਪੀੜਤਾਂ ਲਈ ਡਿਜੀਟਲ ਦਾਨ ਦੀ ਕੀਤੀ ਵਿਵਸਥਾ, ਉਦਯੋਗਪਤੀਆਂ ਨੂੰ ਸਹਿਯੋਗ ਦੀ ਅਪੀਲ
-ਹੜ੍ਹ ਪੀੜਤਾਂ ਲਈ ਜ਼ਿਲ੍ਹਾ ਪ੍ਰਸ਼ਾਸਨ-ਰੈੱਡ ਕਰਾਸ-ਐਨ.ਜੀ.ਓਜ਼ ਦਾ ਸਾਂਝਾ ਯਤਨ, ਦਾਨ ਪ੍ਰਕਿਰਿਆ ਹੋਈ ਆਸਾਨ
-ਡੀ.ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਰਾਹਤ ਸਮੱਗਰੀ ਤੇ ਵਿੱਤੀ ਸਹਾਇਤਾ ਲਈ ਅੱਗੇ ਆਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 2 ਸਤੰਬਰ :
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਵਿਸ਼ੇਸ਼ ਰਾਹਤ ਫੰਡ ਮੁਹਿੰਮ ਸ਼ੁਰੂ ਕੀਤੀ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਹਰੇਕ ਦਾਨੀ ਦਾ ਨਾਮ ਅਤੇ ਮੋਬਾਈਲ ਨੰਬਰ ਦਰਜ ਕੀਤਾ ਜਾਵੇਗਾ, ਤਾਂ ਜੋ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਾਨ ਕਰਨ ਲਈ ਆਨਲਾਈਨ ਲਿੰਕ, ਕਿਊ.ਆਰ ਕੋਡ, ਯੂ.ਪੀ.ਆਈ ਆਈ.ਡੀ ਅਤੇ ਸਿੱਧੇ ਬੈਂਕ ਟ੍ਰਾਂਸਫਰ ਦੇ ਬਦਲ ਉਪਲਬੱਧ ਕਰਵਾਏ ਗਏ ਹਨ। ਇਸ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਤਰਪਾਲਾਂ, ਗੱਦੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਵਰਗੀ ਰਾਹਤ ਸਮੱਗਰੀ ਪ੍ਰਦਾਨ ਕਰਨ ਲਈ ਦਾਨ ਦੇ ਪ੍ਰਬੰਧ ਵੀ ਕੀਤੇ ਗਏ https://tinyurl.com/redcrosshoshiarpur ਲਿੰਕ ਜਾਂ ਮੋਬਾਇਲ ਨੰਬਰ 79861-96391 ‘ਤੇ ਸੰਪਰਕ ਕਰਕੇ ਰਾਹਤ ਸਮੱਗਰੀ ਭੇਜੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈੱਡ ਕਰਾਸ ਸੋਸਾਇਟੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਵੈ-ਸੇਵੀ ਸੰਸਥਾਵਾਂ ਦੀ ਮੱਦਦ ਨਾਲ ਹੁਣ ਤੱਕ ਬਹੁਤ ਸਾਰੇ ਪ੍ਰਭਾਵਿਤ ਪਰਿਵਾਰਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਚੁੱਕੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਫ਼ਤ ਦੀ ਇਸ ਘੜੀ ਵਿਚ ਸਮਾਜ ਦੇ ਹਰੇਕ ਵਰਗ, ਖਾਸ ਕਰਕੇ ਜ਼ਿਲ੍ਹੇ ਦੇ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਐਨ.ਆਰ.ਆਈ ਭਾਈਚਾਰੇ ਨੂੰ ਅੱਗੇ ਆ ਕੇ ਰਾਹਤ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਉਦਯੋਗਾਂ ਦਾ ਯੋਗਦਾਨ ਨਾ ਸਿਰਫ਼ ਵਿੱਤੀ ਤੌਰ 'ਤੇ ਮਹੱਤਵਪੂਰਨ ਹੋਵੇਗਾ ਬਲਕਿ ਰਾਹਤ ਸਮੱਗਰੀ ਦੀ ਸਪਲਾਈ ਨੂੰ ਵੀ ਮਜ਼ਬੂਤ ਕਰੇਗਾ।
ਆਸ਼ਿਕਾ ਜੈਨ ਨੇ ਕਿਹਾ ਕਿ ਲੋਕਾਂ ਦਾ ਸਹਿਯੋਗ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਜੀਵਨ ਵਿਚ ਵੱਡਾ ਬਦਲਾਅ ਲਿਆ ਸਕਦਾ ਹੈ। ਇਹ ਸਮਾਂ ਇਕ ਇਨਸਾਨ ਵਜੋਂ ਇਕ-ਦੂਜੇ ਦਾ ਸਾਥ ਦੇਣ ਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਉਦਯੋਗਾਂ, ਵਪਾਰਕ ਸੰਗਠਨਾਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਹਤ ਕਾਰਜ ਵਿਚ ਪੂਰੇ ਦਿਲ ਨਾਲ ਹਿੱਸਾ ਲੈਣ ਅਤੇ ਲੋੜਵੰਦ ਪਰਿਵਾਰਾਂ ਲਈ ਉਮੀਦ ਦੀ ਕਿਰਨ ਬਣਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਹੱਈਆ ਕਰਵਾਏ ਗਏ ਡਿਜੀਟਲ ਸਾਧਨਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਯੋਗਦਾਨ ਪਾਉਣ, ਤਾਂ ਜੋ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
Government of Punjab Bhagwant Mann
