ਬੀ.ਐੱਡ. ਅਧਿਆਪਕ ਫਰੰਟ ਦਾ ਦੋਸ਼: ਸੈਲਫ ਸੈਂਟਰ ਨਾ ਹੋਣ ਕਾਰਨ ਵਿਦਿਆਰਥੀ ਦੀ ਮੌਤ ਲਈ ਸਿੱਖਿਆ ਬੋਰਡ ਜ਼ਿੰਮੇਵਾਰ
ਲੁਧਿਆਣਾ 12 ਮਾਰਚ 2025( ਜਾਬਸ ਆਫ ਟੁਡੇ) : ਬੀ.ਐੱਡ. ਅਧਿਆਪਕ ਫਰੰਟ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਰਕੀਰਤ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਲਈ ਸਿੱਖਿਆ ਬੋਰਡ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫਰੰਟ ਦਾ ਦੋਸ਼ ਹੈ ਕਿ ਇਹ ਹਾਦਸਾ ਸੈਲਫ ਸੈਂਟਰ ਨਾ ਹੋਣ ਕਾਰਨ ਵਾਪਰਿਆ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਫਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਦੱਸਿਆ ਕਿ ਹਰਕੀਰਤ ਸਿੰਘ ਅਤੇ ਉਸਦੇ ਦੋ ਸਾਥੀ ਧਮੋਟ ਸਕੂਲ ਤੋਂ ਕੰਪਿਊਟਰ ਦਾ ਪੇਪਰ ਦੇ ਕੇ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿੱਚ ਹਰਕੀਰਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਫਰੰਟ ਦੇ ਸੂਬਾ ਸਕੱਤਰ ਸੁਰਜੀਤ ਰਾਜਾ ਨੇ ਕਿਹਾ ਕਿ ਇਹ ਸਾਰਾ ਵਰਤਾਰਾ ਸੈਲਫ ਸੈਂਟਰ ਨਾ ਹੋਣ ਕਾਰਨ ਵਾਪਰਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਵੇ, ਜ਼ਖਮੀ ਵਿਦਿਆਰਥੀ ਦਾ ਸਾਰਾ ਇਲਾਜ ਕਰਵਾਏ ਅਤੇ ਭਵਿੱਖ ਵਿੱਚ ਸੈਲਫ ਸੈਂਟਰ ਬਣਾਉਣ ਦਾ ਪ੍ਰਬੰਧ ਕਰੇ।
ਫਰੰਟ ਦੇ ਹੋਰ ਆਗੂਆਂ, ਜਿਨ੍ਹਾਂ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ, ਸੂਬਾ ਵਿੱਤ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਸ਼ਾਮਲ ਸਨ, ਨੇ ਵੀ ਸਰਕਾਰ ਤੋਂ ਇਸ ਮੰਗ ਨੂੰ ਪੂਰਾ ਕਰਨ ਦੀ ਅਪੀਲ ਕੀਤੀ।
ਮ੍ਰਿਤਕ ਦੀ ਪਛਾਣ 19 ਸਾਲਾ ਹਰਕੀਰਤ ਸਿੰਘ ਵਾਸੀ ਜੱਲਾ ਵਜੋਂ ਹੋਈ ਹੈ। ਰਾਜਦੀਪ ਸਿੰਘ ਵਾਸੀ ਮਾਜਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸਨੂੰ ਪਹਿਲਾਂ ਖੰਨਾ ਅਤੇ ਫਿਰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਰੈਫਰ ਕੀਤਾ ਗਿਆ। ਤੀਜੇ ਵਿਦਿਆਰਥੀ ਗੁਰਸੇਵਕ ਸਿੰਘ ਵਾਸੀ ਘੁੰਗਰਾਲੀ ਰਾਜਪੂਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੂੰ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਐਸਐਚਓ ਸੰਦੀਪ ਕੁਮਾਰ ਦੇ ਅਨੁਸਾਰ, ਤਿੰਨੋਂ ਵਿਦਿਆਰਥੀ ਪਾਇਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਹਨ। ਪ੍ਰੀਖਿਆ ਤੋਂ ਬਾਅਦ ਜਦੋਂ ਉਹ ਮੋਟਰਸਾਈਕਲ 'ਤੇ ਪਾਇਲ ਪਰਤ ਰਹੇ ਸਨ ਤਾਂ ਇੱਕ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਪੁਲਿਸ ਨੇ ਟਰੱਕ ਦਾ ਪਤਾ ਲਗਾ ਲਿਆ ਹੈ ਅਤੇ ਜਲਦੀ ਹੀ ਦੋਸ਼ੀ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।