ਜ਼ਿਲ੍ਹਾ ਸਿੱਖਿਆ ਅਫ਼ਸਰ ਮੁਅੱਤਲ, ਨਾਬਾਰਡ ਫੰਡਾਂ ਦੀ ਵੰਡ ਵਿੱਚ ਢਿੱਲ ਵਰਤਣ ਦਾ ਇਲਜ਼ਾਮ
ਚੰਡੀਗੜ੍ਹ, 12 ਮਾਰਚ ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ੍ਰੀ ਹਰਜਿੰਦਰ ਸਿੰਘ ਨੂੰ ਨਾਬਾਰਡ ਫੰਡਾਂ ਦੀ ਵੰਡ ਵਿੱਚ ਢਿੱਲ ਵਰਤਣ ਦੇ ਇਲਜ਼ਾਮ ਤਹਿਤ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਧੀਨ ਕੀਤੀ ਗਈ ਹੈ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਸ੍ਰੀ ਹਰਜਿੰਦਰ ਸਿੰਘ ਨੂੰ ਨਾਬਾਰਡ XXVIII ਅਧੀਨ 16.12.2024 ਨੂੰ ਜਾਰੀ ਹੋਈ ਰਾਸ਼ੀ ਨੂੰ ਸੈਕੰਡਰੀ ਸਕੂਲਾਂ ਨੂੰ ਸਮੇਂ ਸਿਰ ਜਾਰੀ ਨਾ ਕਰਨ ਅਤੇ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਵਰਤਣ ਦਾ ਦੋਸ਼ੀ ਪਾਇਆ ਗਿਆ ਹੈ। ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡ ਕੁਆਰਟਰ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਵਿਖੇ ਨਿਯੁਕਤ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਕੀਤੀ ਗਈ ਹੈ। ਮੁਅੱਤਲੀ ਦੌਰਾਨ ਅਧਿਕਾਰੀ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ।
ਇਸ ਘਟਨਾ ਨੇ ਸਿੱਖਿਆ ਵਿਭਾਗ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਸਰਕਾਰੀ ਕੰਮਕਾਜ ਵਿੱਚ ਜਵਾਬਦੇਹੀ ਅਤੇ ਸਮੇਂ ਸਿਰ ਕਾਰਵਾਈ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।