ਪੰਜਾਬ ਸਰਕਾਰ ਵੱਲੋਂ GPF ਬਿੱਲਾਂ ਨੂੰ ਆਨਲਾਈਨ ਪੁਸ਼ ਕਰਨ ਦੀ ਮਿਤੀ 'ਚ ਤਬਦੀਲੀ
ਚੰਡੀਗੜ੍ਹ, 13 ਮਾਰਚ 2025 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਕਰਮਚਾਰੀਆਂ ਦੇ ਜਨਰਲ ਪ੍ਰੋਵੀਡੈਂਟ ਫੰਡ (GPF) ਬਿੱਲਾਂ ਨੂੰ ਇੰਟੀਗ੍ਰੇਟਿਡ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ (IHRMS) ਅਤੇ ਇੰਟੀਗ੍ਰੇਟਿਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ (IFMS) ਰਾਹੀਂ ਆਨਲਾਈਨ ਪੁਸ਼ ਕਰਨ ਦੀ ਮਿਤੀ 'ਚ ਤਬਦੀਲੀ ਕੀਤੀ ਹੈ।
ਵਿੱਤ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਪਹਿਲਾਂ ਇਹ ਪ੍ਰਕਿਰਿਆ 1 ਮਾਰਚ 2025 ਤੋਂ ਸ਼ੁਰੂ ਹੋਣੀ ਸੀ, ਪਰ ਹੁਣ ਇਸ ਨੂੰ 1 ਅਪ੍ਰੈਲ 2025 ਤੋਂ ਲਾਗੂ ਕੀਤਾ ਜਾਵੇਗਾ। ਇਹ ਤਬਦੀਲੀ IHRMS (GPF) ਨੂੰ IFMS ਨਾਲ ਇੰਟੀਗ੍ਰੇਟ ਕਰਨ ਦੇ ਮੱਦੇਨਜ਼ਰ ਕੀਤੀ ਗਈ ਹੈ।
ਵਿੱਤ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਜਾਰੀ ਇਸ ਪੱਤਰ ਵਿੱਚ ਸਮੂਹ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਵਿੱਤੀ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ, ਪ੍ਰਬੰਧਕੀ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਜਿਲ੍ਹਾ ਸੈਸ਼ਨ ਜੱਜਾਂ, ਰਜਿਸਟਰਾਰ ਜਨਰਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸਕੱਤਰ, ਪੰਜਾਬ ਵਿਧਾਨ ਸਭਾ ਨੂੰ ਸੂਚਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਮਹਾਂ ਲੇਖਾਕਾਰ (ਲੇਖਾ ਤੇ ਹੱਕਦਾਰੀ), ਮਹਾਂ ਲੇਖਾਕਾਰ (ਆਡਿਟ), ਸਟੇਟ ਇਨਫਰਮੇਸ਼ਨ ਅਫਸਰ, ਸੀਨੀਅਰ ਟੈਕਨੀਕਲ ਡਾਇਰੈਕਟਰ, ਸਮੂਹ ਜਿਲ੍ਹਾ ਖਜਾਨਾ ਅਫਸਰ, ਜੁਆਇੰਟ ਡਾਇਰੈਕਟਰ ਅਤੇ ਡਾਇਰੈਕਟਰ, ਖਜਾਨਾ ਤੇ ਲੇਖਾ ਨੂੰ ਵੀ ਇਸ ਤਬਦੀਲੀ ਬਾਰੇ ਸੂਚਿਤ ਕੀਤਾ ਗਿਆ ਹੈ।