ਸਿੱਖਿਆ ਵਿਭਾਗ ਵੱਲੋਂ ਪਾਕਿਸਤਾਨ ਜਾਣ ਵਾਲੇ ਜੱਥਿਆਂ ਲਈ ਸੰਪਰਕ ਅਫ਼ਸਰਾਂ ਅਤੇ ਪ੍ਰੇਖਕਾਂ ਦੀ ਨਿਯੁਕਤੀ ਲਈ 20 ਜਨਵਰੀ ਤੱਕ ਅਰਜ਼ੀਆਂ ਦੀ ਮੰਗ
ਚੰਡੀਗੜ੍ਹ, 14 ਜਨਵਰੀ 2025 ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਇੱਕ ਅਹਿਮ ਐਲਾਨ ਵਿੱਚ ਸਾਲ 2025 ਦੌਰਾਨ ਪਾਕਿਸਤਾਨ ਜਾਣ ਵਾਲੇ ਸਿੱਖ/ਸਹਿਜਧਾਰੀ ਸਿੱਖ ਯਾਤਰੀਆਂ ਦੇ ਜੱਥਿਆਂ ਨਾਲ ਸੰਪਰਕ ਅਫ਼ਸਰਾਂ (Liaison Officers) ਅਤੇ ਪ੍ਰੇਖਕਾਂ ਦੀ ਨਿਯੁਕਤੀ ਲਈ ਪ੍ਰਤੀਬੇਨਤੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਹੈ।
ਵਿਭਾਗ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਪਹਿਲਾਂ ਇਹ ਮਿਤੀ 31 ਦਸੰਬਰ 2024 ਸੀ, ਜਿਸ ਨੂੰ ਹੁਣ ਵਧਾ ਕੇ 20 ਜਨਵਰੀ 2025 ਕਰ ਦਿੱਤਾ ਗਿਆ ਹੈ। ਇਹ ਫੈਸਲਾ ਵੱਖ-ਵੱਖ ਸਮਾਗਮਾਂ 'ਤੇ ਪਾਕਿਸਤਾਨ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਿੱਖ/ਸਹਿਜਧਾਰੀ ਸਿੱਖ ਯਾਤਰੀਆਂ ਦੇ ਜੱਥੇ ਹਰ ਸਾਲ ਵੱਖ-ਵੱਖ ਧਾਰਮਿਕ ਸਮਾਗਮਾਂ 'ਤੇ ਪਾਕਿਸਤਾਨ ਭੇਜੇ ਜਾਂਦੇ ਹਨ। ਇਨ੍ਹਾਂ ਜੱਥਿਆਂ ਦੀ ਸੁਚਾਰੂ ਯਾਤਰਾ ਅਤੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸੰਪਰਕ ਅਫ਼ਸਰ ਅਤੇ ਪ੍ਰੇਖਕ ਨਿਯੁਕਤ ਕੀਤੇ ਜਾਂਦੇ ਹਨ।
ਵਿਭਾਗ ਨੇ ਸਮੂਹ ਵਿਭਾਗਾਂ ਦੇ ਮੁੱਖੀਆਂ, ਡਵੀਜ਼ਨਾਂ ਦੇ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਸਮੂਹ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਵਿੱਤੀ ਕਮਿਸ਼ਨਰਾਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਵੀ ਇਸ ਫੈਸਲੇ ਦੀ ਜਾਣਕਾਰੀ ਭੇਜੀ ਗਈ ਹੈ।
ਸਕੂਲ ਸਿੱਖਿਆ ਡਾਇਰੈਕਟੋਰੇਟ (ਸੈਕੰਡਰੀ) ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਵੀ ਪਾਕਿਸਤਾਨ ਜਾਣ ਵਾਲੇ ਸਿੱਖ ਯਾਤਰੀਆਂ ਲਈ ਲਿਆਇਜ਼ਨ ਅਫ਼ਸਰਾਂ ਅਤੇ ਪ੍ਰੇਖਕ ਦੀ ਨਿਯੁਕਤੀ ਲਈ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਅਰਜ਼ੀਆਂ 20 ਜਨਵਰੀ ਤੱਕ ਜਮ੍ਹਾਂ ਕਰਵਾਉਣ।