*ਸਿੱਖਿਆ ਮੰਤਰੀ ਦੇ ਅੜੀਅਲ ਤੇ ਹੰਕਾਰੀ ਵਤੀਰੇ ਤੇ ਭੜਕੇ ਅਧਿਆਪਕ, ਫੂਕੀ ਅਰਥੀ*
*ਪੰਜਾਬ ਦੇ ਸਰਕਾਰੀ ਸਕੂਲ ਬੰਦ ਨਹੀਂ ਕਰਨ ਦੇਵਾਂਗੇ - ਦੌੜਕਾ*
*ਫੈਸਲਾਕੁੰਨ ਤੇ ਤਿੱਖੇ ਸੰਘਰਸਾਂ ਨਾਲ ਘੇਰਿਆ ਜਾਵੇਗਾ ਸਰਕਾਰ ਨੂੰ*
ਨਵਾਂ ਸ਼ਹਿਰ 24 ਦਸੰਬਰ (ਜਾਬਸ ਆਫ ਟੁਡੇ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਸਿੱਖਿਆ ਮੰਤਰੀ ਦੇ ਅੜੀਅਲ ਤੇ ਹੰਕਾਰੀ ਵਤੀਰੇ ਤੇ ਅਧਿਆਪਕਾਂ ਦੀਆਂ ਮੰਗਾ ਨਾ ਮੰਨਣ 'ਤੇ ਜਿਲ੍ਹੇ ਦੇ ਅਧਿਆਪਕਾਂ ਨੇ ਅੱਜ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਜੋਰਦਾਰ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਅਰਥੀ ਨੂੰ ਲਾਂਬੂ ਲਾਇਆ। ਇਸ ਮੌਕੇ ਸਾਂਝੇ ਅਧਿਆਪਕ ਮੋਰਚੇ ਦੇ ਜਿਲ੍ਹਾ ਕਨਵੀਨਰ ਬਿਕਰਮਜੀਤ ਸਿੰਘ ਰਾਹੋਂ, ਲਾਲ ਸਿੰਘ, ਮਹਾਂਵੀਰ, ਗੁਰਦਿਆਲ ਮਾਨ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਦੇ ਮੀਟਿੰਗ ਸਮੇਂ ਪੀ. ਟੀ. ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਆਦਿ ਸੀ. ਐਂਡ ਵੀ. ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਵਿੱਤ ਵਿਭਾਗ ਵਲੋਂ ਜਾਰੀ ਤਰਕਹੀਣ ਸਪੀਕਿੰਗ ਆਰਡਰ ਤੁਰੰਤ ਰੱਦ ਨਾ ਕਰਨ, ਪੰਜਾਬ ਦੇ ਮਿਡਲ ਅਤੇ ਘੱਟ ਗਿਣਤੀ ਬੱਚਿਆਂ ਵਾਲੇ ਸਕੂਲ ਬੰਦ ਕਰਨ ਅਤੇ ਨਿਯੁਕਤੀਆਂ / ਤਰੱਕੀਆਂ ਸਮੇਂ ਸਾਰੀਆਂ ਖਾਲੀ ਪੋਸਟਾਂ ਨਾ ਦਿਖਾਉਣ ਦੇ ਅੜੀਅਲ ਵਤੀਰੇ ਕਾਰਨ ਮੀਟਿੰਗ ਬੇਸਿੱਟਾ ਰਹੀ ਸੀ।
ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕੋਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਸਿੱਖਿਆ ਮੰਤਰੀ ਦੇ ਹੰਕਾਰੀ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸਕੂਲ ਬੰਦ ਨਹੀਂ ਕਰਨ ਦੇਵੇਗਾ, ਪੰਜਾਬ ਦੀ ਜਨਤਕ ਸਿੱਖਿਆ ਅਤੇ ਸਕੂਲਾਂ ਨੂੰ ਬਚਾਉਣ ਲਈ ਫੈਸਲਾਕੁੰਨ ਤੇ ਤਿੱਖੇ ਸੰਘਰਸਾਂ ਨਾਲ ਸਰਕਾਰ ਨੂੰ ਘੇਰਿਆ ਜਾਵੇਗਾ। ਉਪਰੋਕਤ ਮਸਲਿਆਂ ਤੋਂ ਇਲਾਵਾ ਦਫਤਰੀ ਕਾਮਿਆਂ ਦੀ ਕਲਮ ਛੋੜ ਹੜਤਾਲ ਸਮੇਂ ਤਨਖਾਹ ਕਟੌਤੀ ਦੀਆਂ ਧਮਕੀਆਂ ਅਤੇ ਦਫਤਰਾਂ ਵਿੱਚ ਹਾਜ਼ਰੀ ਲਗਾਉਣੀ ਬੰਦ ਕਰਨ ਦੇ ਨਾਦਰਸ਼ਾਹੀ ਹੁਕਮ ਰੱਦ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, ਅਧਿਆਪਕਾਂ ਦੇ ਵਿਤੀ ਮਸਲੇ ਹੱਲ ਕਰਨ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ ਸਮੇਤ ਅਧਿਆਪਕਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ।
ਇਸ ਸਮੇਂ ਦਫਤਰੀ ਕਰਮਚਾਰੀ ਜਗਦੀਸ਼ ਰਾਏ ਅਤੇ ਰਣਜੀਤ ਸਿੰਘ, ਗੁਰਦੀਸ਼ ਸਿੰਘ, ਰਾਜ ਕੁਮਾਰ ਕਜਲਾ, ਰੇਸ਼ਮ ਲਾਲ, ਹਰੀ ਦਾਸ, ਗੁਰਨਾਮ ਸਿੰਘ, ਪਰਸ਼ੋਤਮ ਲਾਲ, ਹਰਮੇਸ਼ ਲਾਲ, ਸੁਖਦੇਵ ਸਾਰਦਾ, ਬਲਜੀਤ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਜਸਵੀਰਪਾਲ ਸਿੰਘ, ਮਨਜੀਤ ਸਿੰਘ, ਹਰੀਸ਼ ਰਾਣਾ ਆਦਿ ਹਾਜ਼ਰ ਸਨ।