ਬਠਿੰਡਾ 'ਚ ਦਰਦਨਾਕ ਸੜਕ ਹਾਦਸਾ, 8 ਦੀ ਮੌਤ
ਬਠਿੰਡਾ, 27 ਦਸੰਬਰ 2024( ਜਾਬਸ ਆਫ ਟੁਡੇ)
ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਕ ਪ੍ਰਾਈਵੇਟ ਬੱਸ ਡਰੇਨ ਵਿੱਚ ਡਿੱਗ ਪਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋਈਆਂ ਹਨ। ਡਿਪਟੀ ਕਮਿਸ਼ਨਰ ਬਠਿੰਡਾ ਨੇ 8 ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਹਨਾਂ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ।
ਹਾਦਸਾਗ੍ਰਸਤ ਬੱਸ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾ ਰਹੀ ਸੀ ਜਦੋਂ ਇਹ ਅਚਾਨਕ ਡਰੇਨ ਵਿੱਚ ਡਿੱਗ ਪਈ। ਹਾਦਸੇ ਵੇਲੇ ਬੱਸ ਵਿੱਚ 50 ਤੋਂ ਵੱਧ ਸਵਾਰੀਆਂ ਸਫ਼ਰ ਕਰ ਰਹੀਆਂ ਸਨ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬਾਰਸ਼ ਦੌਰਾਨ ਬੱਸ ਦੇ ਡਰਾਈਵਰ ਨੂੰ ਬਿਜਲੀ ਡਿੱਗੀ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਡਰੇਨ ਵਿੱਚ ਡਿੱਗ ਪਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨੇੜਲੇ ਪਿੰਡਾਂ ਦੇ ਲੋਕ ਮੌਕੇ 'ਤੇ ਪੁੱਜੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪਰ ਡਰੇਨ ਵਿੱਚ ਗੰਦਾ ਪਾਣੀ ਭਰਿਆ ਹੋਇਆ ਸੀ ਅਤੇ ਲਗਾਤਾਰ ਬਾਰਸ਼ ਹੋ ਰਹੀ ਸੀ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਪੇਸ਼ ਆਈਆਂ।