ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਐਮ.ਐਲ.ਏ. ਜੈਤੋਂ 'ਤੇ ਸਖ਼ਤ ਕਾਰਵਾਈ ਦੀ ਮੰਗ

 ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਐਮ.ਐਲ.ਏ. ਜੈਤੋਂ 'ਤੇ ਸਖ਼ਤ ਕਾਰਵਾਈ ਦੀ ਮੰਗ



ਬੇਕਸੂਰ ਅਧਿਆਪਕਾਂ ਨੂੰ ਦਬਕਾਉਂਣ ਵਾਲੇ ਵਿਧਾਇਕ ਨੂੰ ਮੰਗਣੀ ਚਾਹੀਂਦੀ ਹੈ ਜਨਤਕ ਮੁਆਫੀ: ਡੀ.ਟੀ.ਐਫ.


ਵਿਧਾਇਕ ਅਮੋਲਕ ਸਿੰਘ ਵੱਲੋਂ ਵਿੱਦਿਅਕ ਅਦਾਰਿਆਂ ਵਿੱਚ ਹੈਂਕੜਬਾਜ ਰਵੱਈਆ ਵਿਖਾਉਣਾ ਨਿਖੇਧੀਯੋਗ: ਡੀ.ਟੀ.ਐਫ.



24 ਅਕਤੂਬਰ

ਜੇਤੋਂ ਹਲਕੇ ਦੇ ਐਮਐਲਏ ਅਮੋਲਕ ਸਿੰਘ ਵੱਲੋਂ ਫਰੀਦਕੋਟ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ ਸਕੂਲ ਵਿੱਚ ਅਚਨਚੇਤ ਵਿਜ਼ਿਟ ਦੌਰਾਨ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਹੀਆਂ ਮਹਿਲਾ ਅਧਿਆਪਕਾਵਾਂ ਵੱਲੋਂ ਸਵਾਗਤ ਨਾ ਕਰਨ ਦੇ ਮਾਮਲੇ ਵਿੱਚ ਵਿਧਾਨ ਸਭਾ ਸਪੀਕਰ ਦੇ ਦਫ਼ਤਰ ਵੱਲੋਂ ਜਾਰੀ ਪੱਤਰ ਨੂੰ ਵਾਪਿਸ ਲੈਣ ਨੂੰ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਮਾਮਲੇ 'ਤੇ ਮਿੱਟੀ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ ਅਤੇ ਐਮਐਲਏ ਦੇ ਅਨੈਤਿਕ ਰਵਈਏ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਦਰਅਸਲ ਉਕਤ ਅਧਿਆਪਕਾਵਾਂ ਐੱਮ. ਐੱਲ.ਏ. ਦੀ ਸਕੂਲ ਵਿੱਚ ਫੇਰੀ ਦੌਰਾਨ ਜਮਾਤਾਂ ਵਿੱਚ ਪੜਾ ਰਹੀਆਂ ਸਨ ਅਤੇ ਵਿਧਾਇਕ ਦੀ ਆਓ ਭਗਤ ਲਈ ਬਾਹਰ ਨਹੀਂ ਆਈਆਂ, ਇਸ ਗੁਸਤਾਖੀ ਤੋਂ ਖਫ਼ਾ ਹੋਏ ਅਮੋਲਕ ਸਿੰਘ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਇਹਨਾਂ ਅਧਿਆਪਕਾਂ ਤੇ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ। ਸਪੀਕਰ ਸਾਹਿਬ ਵੱਲੋਂ ਵੀ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਅਧਿਆਪਕਾਂ ਨੂੰ ਆਪਣੇ ਦਫਤਰ ਵਿੱਚ ਲਾਈਨ ਹਾਜ਼ਰ ਹੋਣ ਲਈ ਹੁਕਮ ਚਾੜ੍ਹ ਦਿੱਤਾ ਗਿਆ। ਪੰਜਾਬ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਅਤੇ ਹੋਰ ਚਿੰਤਕਾਂ ਵੱਲੋਂ ਇਸ ਦੀ ਵੱਡੇ ਪੱਧਰ 'ਤੇ ਨਿੱਖੇਧੀ ਹੋਣ ਉਪਰੰਤ ਸਪੀਕਰ ਵੱਲੋਂ ਇਹ ਪੱਤਰ ਵਾਪਸ ਲੈ ਲਿਆ ਗਿਆ। ਦੂਸਰੇ ਪਾਸੇ ਐਮ.ਐਲ.ਏ. ਅਮੋਲਕ ਸਿੰਘ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਅਧਿਆਪਕਾਂ ਨੇ ਉਹਨਾਂ ਦੇ ਘਰ ਆ ਕੇ ਮਾਫੀ ਮੰਗ ਲਈ ਗਈ ਸੀ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸੂਬਾ ਜਨਰਲ ਸਕੱਤਰ ਮਹਿੰਦਰ ਕੋੜਿਆਂਵਾਲੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਅਧਿਆਪਕਾਂ ਤੇ ਕਾਰਵਾਈ ਕਰਨ ਦੀ ਬਜਾਏ ਐਮਐਲਏ ਅਮੋਲਕ ਸਿੰਘ ਉੱਪਰ ਕਾਰਵਾਈ ਕਰਨੀ ਬਣਦੀ ਹੈ, ਜਿਸ ਵੱਲੋਂ ਅਧਿਆਪਕਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦਾ ਦਾਅਵਾ ਕਰਕੇ ਸੱਤਾ ਵਿੱਚ ਆਉਣ ਵਾਲੀ 'ਆਪ' ਸਰਕਾਰ ਦੇ ਐਮਐਲਏ ਵੱਲੋਂ ਅਜਿਹੀ ਹੈਂਕੜ ਵਿਖਾਉਣ ਨਾਲ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੁੱਲ ਗਈ ਹੈ। ਚਾਹੀਂਦਾ ਤਾਂ ਇਹ ਸੀ ਕਿ ਜਮਾਤਾਂ ਵਿੱਚ ਪੜਾ ਰਹੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ, ਪ੍ਰੰਤੂ ਵਿਧਾਇਕ ਵੱਲੋਂ ਮੁਆਫੀ ਮੰਗਵਾਉਣ ਦਾ ਦਾਅਵਾ ਸਾਹਮਣੇ ਆਉਣਾ ਉਸਦਾ ਹੋਰ ਵੀ ਬੇਸ਼ਰਮੀ ਭਰਿਆ ਕਾਰਾ ਹੈ। ਡੀਟੀਐਫ ਆਗੂਆਂ ਨੇ ਇਸ ਸਮੁੱਚੇ ਵਰਤਾਰੇ 'ਤੇ ਸਖਤ ਇਤਰਾਜ਼ ਦਰਜ ਕਰਾਉਂਦਿਆਂ ਕਿਹਾ ਕਿ ਅਧਿਆਪਕਾਂ ਅਤੇ ਮੁਲਾਜ਼ਮਾ ਨੂੰ ਆਪਣੇ ਗੁਲਾਮ ਸਮਝਣ ਵਾਲੇ ਅਤੇ ਵਿੱਦਿਅਕ ਮਾਹੌਲ ਖਰਾਬ ਕਰਨ ਵਾਲੇ, ਸੌੜੀ ਮਾਨਸਿਕਤਾ ਦੇ ਸ਼ਿਕਾਰ ਐਮ.ਐਲ.ਏ. ਉਪਰ ਸਖ਼ਤ ਕਾਰਵਾਈ ਹੋਣੀ ਬਣਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੱਤਾ ਦੇ ਨਸ਼ੇ ਵਿੱਚ ਚੂਰ ਸਿਆਸੀ ਆਗੂਆਂ ਵੱਲੋਂ ਆਪਣੇ ਦਾਅਰੇ ਤੋਂ ਬਾਹਰ ਜਾਣ ਦੇ ਚਲਣ 'ਤੇ ਪੰਜਾਬ ਸਰਕਾਰ ਨੇ ਠੱਲ ਨਾ ਪਾਈ ਤਾਂ ਜਥੇਬੰਦੀ ਵੱਲੋਂ ਸਖ਼ਤ ਐਕਸ਼ਨ ਉਲੀਕੇ ਜਾਣਗੇ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends