ਪੰਜਾਬ ਸਰਕਾਰ ਨੇ ਬਰਸਾਤ ਦੇ ਮੌਸਮ ਦੌਰਾਨ ਸਕੂਲੀ ਇਮਾਰਤਾਂ ਅਤੇ ਵਿਦਿਆਰਥੀਆਂ ਦੀ ਸੰਭਾਲ ਲਈ ਹਦਾਇਤਾਂ ਜਾਰੀ ਕੀਤੀਆਂ
ਚੰਡੀਗੜ੍ਹ, 2 ਜੁਲਾਈ 2024:
ਪੰਜਾਬ ਸਰਕਾਰ ਨੇ ਬਰਸਾਤ ਦੇ ਮੌਸਮ ਦੌਰਾਨ ਸਕੂਲੀ ਇਮਾਰਤਾਂ ਅਤੇ ਵਿਦਿਆਰਥੀਆਂ ਦੀ ਸੰਭਾਲ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਮੁਖੀਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਕੂਲੀ ਇਮਾਰਤਾਂ ਸੁਰੱਖਿਤ ਹਨ ਅਤੇ ਬਰਸਾਤ ਦੇ ਪਾਣੀ ਨਾਲ ਨੁਕਸਾਨ ਨਾ ਪਹੁੰਚੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਮੁਖੀਆਂ ਨੂੰ ਸਕੂਲ ਦੇ ਗਰਾਊਂਡ ਅਤੇ ਪਰਿਸਰ ਵਿੱਚ ਥਾਂ-ਥਾਂ ਤੇ ਇੱਕਠੇ ਹੋਏ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਲਈ ਯੋਗ ਉਪਾਅ ਕਰਨੇ ਚਾਹੀਦੇ ਹਨ। ਉਨ੍ਹਾਂ ਨੂੰ ਵਿਦਿਆਰਥੀਆਂ ਲਈ ਸਾਫ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਅਤੇ ਸਕੂਲੀ ਟਾਇਲਟਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਵੀ ਕਿਹਾ ਗਿਆ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਖਾਣ ਤੋਂ ਪਹਿਲਾਂ ਸਾਬਣ ਅਤੇ ਸਾਫ ਸੁਥਰੇ ਪਾਣੀ ਨਾਲ ਹੱਥ ਧੋਣ ਅਤੇ ਇਸ ਰੁਟੀਨ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ ਕਿ ਭੋਜਨ ਵਾਲੇ ਸਥਾਨ ਤੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਮਾਨਸੂਨ ਸਮੇਂ ਦੌਰਾਨ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਜਾਰੀ ਸਾਰੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਨੂੰ ਕਿਸੇ ਵੀ ਆਪਦਾ ਸਮੇਂ ਸਕੂਲ ਵਿੱਚੋਂ ਸੁਰੱਖਿਤ ਢੰਗ ਨਾਲ ਬਾਹਰ ਨਿਕਲਣ ਲਈ ਸਿਖਲਾਈ ਦੇਣ ਲਈ ਵੀ ਕਿਹਾ ਗਿਆ ਹੈ।
ਪੱਤਰ ਵਿੱਚ ਸਕੂਲ ਮੁਖੀਆਂ ਨੂੰ ਹੇਠ ਲਿਖੇ ਨੁਕਤਿਆਂ ਦਾ ਵੀ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ:
* ਸਕੂਲ ਵਿੱਚ ਉਪਲਬੱਧ ਬਿਜਲੀ ਉਪਕਰਨ ਸਹੀ ਅਤੇ ਚਲਦੀ ਹਾਲਤ ਵਿੱਚ ਹੋਣ ਅਤੇ ਇਨ੍ਹਾਂ ਨੂੰ ਖੁੱਲ੍ਹੇ ਵਿੱਚ ਲਟਕਦੀਆਂ ਅਤੇ ਨੰਗੀਆਂ ਤਾਰਾਂ ਨਾਲ ਨਾ ਜੋੜਿਆ ਜਾਵੇ।
* ਬਰਸਾਤ ਦੌਰਾਨ ਸਕੂਲ ਦੇ ਸਾਰੇ ਰਸਤੇ, ਕੋਰੀਡੋਰ ਅਤੇ ਪੋੜੀਆਂ ਨੂੰ ਸੁੱਕੇ ਅਤੇ ਫਿਸਲਣ ਰਹਿਤ ਰੱਖਣਾ ਯਕੀਨੀ ਬਣਾਇਆ ਜਾਵੇ।
* ਹੜ੍ਹ ਸੰਭਾਵਿਤ ਖੇਤਰਾਂ ਵਿੱਚ ਪੈਂਦੇ ਸਕੂਲਾਂ ਦੇ ਆਲੇ ਦੁਆਲੇ ਖਾਸ ਤਵੱਜੋ ਦਿੱਤੀ ਜਾਵੇ।
* ਕਿਸੇ ਵੀ ਆਪਦਾ ਨਾਲ ਨਜਿੱਠਣ ਲਈ ਵਿਦਿਆਰਥੀਆਂ ਦੇ ਮਾਪਿਆਂ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ।
* ਬਰਸਾਤਾਂ ਤੋਂ ਪਹਿਲਾਂ ਸਕੂਲ ਦੀਆਂ ਬੰਦ ਹੋਈਆਂ ਪਾਈਪਾਂ ਅਤੇ ਛੱਤਾਂ ਦੀ ਮੁਰੰਮਤ ਕਰਵਾਉਣੀ ਯਕੀਨੀ ਬਣਾਉਣੀ ਚਾਹੀਦੀ ਹੈ।ਸਕੂਲ ਦੇ ਖੇਡ ਮੈਦਾਨ ਅਤੇ ਹੋਰ ਖੁੱਲ੍ਹੀਆਂ ਥਾਵਾਂ ’ਤੇ ਵੱਡੇ-ਵੱਡੇ ਰੁੱਖਾਂ ਦੀ ਛਾਂਟੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਤੇਜ਼ ਹਵਾਵਾਂ ਚੱਲਣ ਸਮੇਂ ਡਿੱਗਣ ਦਾ ਖਤਰਾ ਘੱਟ ਹੋ ਸਕੇ।