EMPLOYEES QUESTION ANSWER : DECEMBER 2023
ਸੁਆਲ:- ਇੱਕ ਅਧਿਆਪਕ ਦਾ ਨਾਮ ਈ.ਟੀ.ਟੀ. ਤੋਂ ਐਚ.ਟੀ. ਦੀ ਪ੍ਰਮੋਸ਼ਨ ਲਈ ਆਇਆ ਹੈ। ਜੇਕਰ ਉਹ ਇਹ ਪ੍ਰਮੋਸ਼ਨ ਨਾ ਲਵੇ ਤਾਂ ਕੀ ਮਾਸਟਰ ਕੇਡਰ ਦੀ ਪ੍ਰਮੋਸ਼ਨ ਲਈ ਵੀ ਡੀ-ਬਾਰ ਮੰਨਿਆ ਜਾਵਾਂਗਾ ਜਾਂ ਨਹੀਂ ? ਜੇ ਇਹ ਪ੍ਰਮੋਸ਼ਨ ਲੈ ਲਵੇ ਤਾਂ ਕੀ ਭਵਿੱਖ ਵਿੱਚ ਮਾਸਟਰ ਕੇਡਰ ਦੀ ਪ੍ਰਮੋਸ਼ਨ ਵੀ ਲੈ ਸਕਦਾ ਹਾਂ ?
- ਜੁਆਬ:- ਜਿਸ ਆਸਾਮੀ ਦੀ ਪਦ-ਉਨਤੀ ਵਾਸਤੇ ਨਾਮ ਲਿਸਟ ਵਿੱਚ ਆਇਆ ਹੈ, ਉਸ ਲਈ ਨਾਂਹ ਕਰਨ ’ਤੇ ਤੁਸੀਂ ਸਿਰਫ ਉਸ ਆਸਾਮੀ ਲਈ ਹੀ ਨਿਸ਼ਚਿਤ ਸਮੇਂ ਵਾਸਤੇ ਡੀ- ਬਾਰ ਹੁੰਦੇ ਹੋ, ਨਾ ਕਿ ਕਿਸੇ ਹੋਰ ਆਸਾਮੀ ਲਈ। ਇਹ ਪ੍ਰਮੋਸ਼ਨ ਲੈ ਕੇ ਵੀ ਵਾਰੀ ਆਉਣ 'ਤੇ ਮਾਸਟਰ ਕਾਡਰ ਦੀ ਪ੍ਰਮੋਸ਼ਨ ਲੈ ਸਕਦੇ ਹੋ।
ਸੁਆਲ:- ਇਕ ਕਲਰਕ ਨਗਰ ਨਿਗਮ ਵਿੱਚ ਕਿੰਨੇ ਸਾਲ ਤੱਕ ਲਗਾਤਾਰ ਇੱਕੋ ਸੀਟ 'ਤੇ ਕੰਮ ਕਰ ਸਕਦਾ ਹੈ?
- ਜੁਆਬ:- ਦਫ਼ਤਰ ਦੇ ਮੁਖੀ ਨੇ ਕਿਸ ਮੁਲਾਜ਼ਮ ਤੋਂ ਕਿਹੜੀ ਸੀਟ 'ਤੇ ਕੰਮ ਲੈਣਾ ਹੈ, ਇਹ ਉਸ ਦੇ ਅਧਿਕਾਰ ਖੇਤਰ ਵਿੱਚ ਹੈ। ਵੈਸੇ ਕਿਸੇ ਕਲਰਕ ਨੂੰ ਦੂਜੇ ਕਲਰਕ ਦੇ ਇੱਕੋ ਸੀਟ ਉਪਰ ਲੰਮੇ ਸਮੇਂ ਤੱਕ ਕੰਮ ਕਰਨ 'ਤੇ ਇਤਰਾਜ਼ ਕਿਉਂ ਹੈ? ਉਸ ਨੇ ਤਾਂ ਆਪਣੀ ਸੀਟ 'ਤੇ ਹੀ ਪੂਰੀ ਤਨਦੇਹੀ ਨਾਲ ਕੰਮ ਕਰਨਾ ਹੁੰਦਾ ਹੈ।
ਸੁਆਲ:- ਜੇਕਰ ਕਲੈਰੀਕਲ ਗਲਤੀ ਕਾਰਨ ਕਿਸੇ ਕਰਮਚਾਰੀ ਨੂੰ ਤਨਖਾਹ ਜ਼ਿਆਦਾ ਮਿਲ ਗਈ ਹੋਵੇ ਤਾਂ ਉਸ ਨੂੰ ਦਰੁਸਤ ਕਰਨ ਉਪਰੰਤ ਵਾਧੂ ਅਦਾ ਕੀਤੀ ਗਈ ਰਕਮ ਦੀ ਰਿਕਵਰੀ ਕੀਤੀ ਜਾ ਸਕਦੀ ਹੈ ਜਾਂ ਨਹੀਂ ? ਕੀ ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਦਾ ਵੀ ਕੋਈ ਫੈਸਲਾ ਹੈ?
- ਸੁਪਰੀਮ ਕੋਰਟ ਦੇ ਇੱਕ ਫੈਸਲੇ ਅਨੁਸਾਰ ਦਰਜਾ ਚਾਰ ਕਰਮਚਾਰੀ ਜਾਂ ਸੇਵਾ-ਮੁਕਤੀ ਉਪਰੰਤ ਜਾਂ ਸੇਵਾ-ਮੁਕਤੀ ਦੇ ਨੇੜੇ ਮੁਲਾਜ਼ਮ ਪਾਸੋਂ ਦਫ਼ਤਰ ਦੀ ਗਲਤੀ ਨਾਲ ਕੀਤੀ ਗਈ ਵੱਧ ਅਦਾਇਗੀ (ਜੇ ਸਬੰਧਤ ਕਰਮਚਾਰੀ ਵੱਲੋਂ ਕੋਈ ਗਲਤ ਸੂਚਨਾ ਨਾ ਦਿੱਤੀ ਗਈ ਹੋਵੇ) ਦੀ ਰਿਕਵਰੀ ਨਹੀਂ ਕੀਤੀ ਜਾ ਸਕਦੀ। ਰਿਕਵਰੀ ਰੁਕਵਾਉਣ ਲਈ ਤੁਹਾਨੂੰ ਅਦਾਲਤ ਦਾ ਸਹਾਰਾ ਲੈਣਾ ਪਵੇਗਾ।
ਸੁਆਲ:- ਮੈਨੂੰ 01.07.2021 ਨੂੰ ਪੁਰਾਣੀ ਬੇਸਿਕ ਪੈਨਸ਼ਨ ਅਨੁਸਾਰ ਟੀ.ਸੀ. ਦਿੱਤਾ ਗਿਆ ਹੈ। ਕਈ ਵਾਰ ਲਿਖਣ ਦੇ ਬਾਵਜੂਦ ਵੀ ਵਧੀ ਪੈਨਸ਼ਨ ਅਨੁਸਾਰ ਟੀ.ਸੀ. ਨਹੀਂ ਦਿੱਤਾ ਜਾ ਰਿਹਾ। ਮੈਨੂੰ ਕੀ ਕਰਨਾ ਚਾਹੀਦਾ ਹੈ? ਕੀ ਟਰੈਵਲ ਕਨਸੈਸ਼ਨ ਉਪਰ ਆਮਦਨ ਕਰ ਤੋਂ ਛੋਟ ਹੈ ?
- ਜੁਆਬ:- ਮਿਤੀ 30.06.2021 ਤੱਕ ਮਿਲਣਯੋਗ ਟੀ.ਸੀ. ਪੁਰਾਣੀ ਪੈਨਸ਼ਨ ਅਨੁਸਾਰ ਹੀ ਮਿਲਣਾ ਹੈ, ਕਿਉਂਕਿ 01.07.2021 ਤੋਂ ਪਹਿਲਾਂ ਦੇ ਬਕਾਏ ਦੇਣ ਸਬੰਧੀ ਸਰਕਾਰ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ। ਟਰੈਵਲ ਕਨਸੈਸ਼ਨ ਕਰ ਯੋਗ ਹੈ। ਪਰ ਜੇ ਕੋਈ ਪੈਨਸ਼ਨਰ ਪ੍ਰਾਪਤ ਰਕਮ ਅਮਲੀ ਤੌਰ 'ਤੇ ਯਾਤਰਾ ਉਪਰ ਹੀ ਖਰਚ ਕਰਦਾ ਹੈ ਉਹ ਟੈਕਸ-ਮੁਕਤ ਹੋਵੇਗਾ।
ਸੁਆਲ:- ਅਕਤੂਬਰ, ਨਵੰਬਰ ਵਿੱਚ ਭਰਤੀ ਮੁਲਾਜ਼ਮ ਨੂੰ · ਕਿੰਨੀਆਂ ਅਚਨਚੇਤ ਛੁੱਟੀਆਂ ਮਿਲਣਯੋਗ ਹਨ ? ਇੱਕ ਮਹੀਨੇ ਵਿੱਚ ਕਿੰਨੀਆਂ ਅਚਨਚੇਤ ਛੁੱਟੀਆਂ ਲਈਆਂ ਜਾ ਸਕਦੀਆਂ ਹਨ? ਜੇ ਛੁੱਟੀਆਂ ਜ਼ਿਆਦਾ ਲਈਆਂ ਜਾ ਚੁੱਕੀਆਂ ਹੋਣ ਤਾਂ ਉਸ ਦੀ ਕਿਹੜੀ ਛੁੱਟੀ ਗਿਣੀ ਜਾਵੇਗੀ ?
- ਜੁਆਬ:- ਮੁਲਾਜ਼ਮ ਨੂੰ ਅਚਨਚੇਤ ਛੁੱਟੀਆਂ ਇੱਕ ਕਲੰਡਰ ਸਾਲ ਭਾਵ ਜਨਵਰੀ ਤੋਂ ਦਸੰਬਰ ਤੱਕ ਅਚਨਚੇਤ ਛੁੱਟੀਆਂ ਮਿਲਦੀਆਂ ਹਨ। ਜੇ ਮੁਲਾਜ਼ਮ ਦਸੰਬਰ ਵਿੱਚ ਹੀ ਭਰਤੀ ਹੋਇਆ ਹੋਵੇ ਤਾਂ ਮਰਦ ਮੁਲਾਜ਼ਮ ਨੂੰ 10 ਅਤੇ ਇਸਤਰੀ ਮੁਲਾਜ਼ਮ ਨੂੰ 20 ਛੁੱਟੀਆਂ ਮਿਲਣਯੋਗ ਹਨ। ਅਚਨਚੇਤ ਛੁੱਟੀ ਲੈਣਾ ਮੁਲਾਜ਼ਮ ਦਾ ਅਧਿਕਾਰ ਨਹੀਂ, ਇਹ ਦਫਤਰ ਦੇ ਮੁਖੀ ਨੇ ਦੇਖਣਾ ਹੁੰਦਾ ਹੈ ਕਿ ਮੁਲਾਜ਼ਮ ਦੀ ਛੁੱਟੀ ਮਨਜੂਰ ਕਰਨ ਨਾਲ ਦਫਤਰ ਦੇ ਕੰਮ- ਕਾਜ 'ਤੇ ਕੋਈ ਨਾਂਹ-ਪੱਖੀ ਪ੍ਰਭਾਵ ਤਾਂ ਨਹੀਂ ਪੈਂਦਾ। ਬਣਦੀਆਂ ਅਚਨਚੇਤ ਛੁੱਟੀਆਂ ਤੋਂ ਵੱਧ ਛੁੱਟੀਆਂ ਲਈਆਂ ਜਾਣ 'ਤੇ ਉਨ੍ਹਾਂ ਨੂੰ ਦਫਤਰ ਮੁੱਖੀ ਦੀ ਸਹਿਮਤੀ ਨਾਲ ਕਿਸੇ ਦੂਸਰੀ ਛੁੱਟੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਸੁਆਲ:- ਕੀ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਕੋਈ ਪੱਤਰ ਜਾਰੀ ਕੀਤਾ ਗਿਆ ਹੈ ਕਿ ਇਲਾਜ ਕਰਾਉਣ ਲਈ ਹਸਪਤਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਰਵਾਏ ਗਏ ਟੈਸਟਾਂ ਵਗੈਰਾ ਦੇ ਖਰਚੇ ਦੀ ਪ੍ਰਤੀ ਪੂਰਤੀ ਹੋ ਸਕਦੀ ਹੈ ?
- ਜੁਆਬ:- ਪੰਜਾਬ ਸਰਕਾਰ ਦੇ ਪੱਤਰ ਅਨੁਸਾਰ ਹਸਪਤਾਲ ਵਿੱਚ ਦਾਖਲ ਹੋਣ ਤੋਂ ਇੱਕ ਹਫਤਾ ਪਹਿਲਾਂ ਤੱਕ ਦੇ ਟੈਸਟਾਂ ਆਦਿ ਦੇ ਖਰਚੇ ਦੀ ਪ੍ਰਤੀ ਪੂਰਤੀ ਦੀ ਸੁਵਿਧਾ ਹੈ, ਬਸ਼ਰਤੇ ਕਿ ਟੈਸਟ ਉਸੇ ਬਿਮਾਰੀ ਨਾਲ ਹੀ ਸਬੰਧਤ ਹੋਣ।
ਸੁਆਲ:- ਇੱਕ ਔਰਤ ਦਾ ਪਤੀ 31.07.2011 ਨੂੰ ਸੇਵਾ ਮੁਕਤ ਹੋਇਆ ਸੀ। ਉਸ ਸਮੇਂ ਉਹਨਾਂ ਦੀ ਏ.ਜੀ. ਪੰਜਾਬ ਵੱਲੋਂ ਪੈਨਸ਼ਨ 7063 ਰੁਪਏ ਤੇ ਫੈਮਿਲੀ ਪੈਨਸ਼ਨ ' 5045 ਰੁਪਏ ਮਨਜੂਰ ਕੀਤੀ ਗਈ ਸੀ। ਪੈਨਸ਼ਨ ਰੀਵਾਈਜ਼ ਹੋਣ ਉਪਰੰਤ ਹੁਣ ਉਹ 17301 ਰੁਪਏ ਪੈਨਸ਼ਨ ਤੇ ਬੁਢਾਪਾ ਭੱਤਾ 10% ਲੈ ਰਹੇ ਸਨ। ਹੁਣ ਉਹਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੱਤੀ ਜਾਵੇ ਕਿ ਔਰਤ ਨੂੰ ਫੈਮਿਲੀ ਪੈਨਸ਼ਨ ਕਿੰਨੀ ਮਿਲੇਗੀ ਤੇ ਟਰੈਵਲਿੰਗ ਕਨਸੈਸ਼ਨ ਕਦੋਂ ਤੋਂ ਮਿਲਣਯੋਗ ਹੋਵੇਗਾ ?
- ਜੁਆਬ:- ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤੁਹਾਡੀ ਮੁਢਲੀ ਫੈਮਿਲੀ ਪੈਨਸ਼ਨ 12358 ਰੁਪਏ ਬਣਦੀ ਹੈ ਅਤੇ ਤੁਹਾਡੀ 65 ਸਾਲ ਦੀ ਉਮਰ ਹੋਣ 'ਤੇ 5% ਅਤੇ 70 ਸਾਲ ਦੀ ਉਮਰ ਹੋਣ 'ਤੇ 10% ਅਡੀਸ਼ਨਲ ਫੈਮਿਲੀ ਪੈਨਸ਼ਨ ਮਿਲਣਯੋਗ ਹੋਵੇਗੀ। ਟਰੈਵਲ ਕਨਸੈਸ਼ਨ ਤੁਹਾਨੂੰ ਤੁਹਾਡੇ ਪਤੀ ਦੇ ਟੀ.ਸੀ. ਬਲਾਕ਼ ਅਨੁਸਾਰ ਹੀ ਹਰ ਦੋ ਸਾਲ ਬਾਅਦ ਮਿਲਣਯੋਗ ਹੈ।
ਸਵਾਲ:- ਦਰਜਾ ਚਾਰ ਨੂੰ ਸੇਵਾ ਮੁਕਤੀ ਦੇ ਨੇੜੇ ਪ੍ਰਮੋਸ਼ਨ ਮਿਲਣ ਕਾਰਨ ਸੇਵਾ-ਮੁਕਤੀ ਉਮਰ 2 ਸਾਲ ਘਟ ਜਾਂਦੀ ਹੈ। ਕੀ ਕੋਈ ਅਜਿਹਾ ਪੱਤਰ ਹੈ ਜਿਸ ਅਨੁਸਾਰ ਚੌਥਾ ਦਰਜਾ ਦੀ ਪ੍ਰਮੋਸ਼ਨ ਹੋਣ 'ਤੇ ਵੀ ਸੇਵਾ ਮੁਕਤੀ ਦੀ ਉਮਰ 60 ਸਾਲ ਹੀ ਰਹੇ?
- ਜੁਆਬ:- ਚੌਥੇ ਦਰਜੇ ਤੋਂ ਤੀਜੇ ਦਰਜੇ ਵਿੱਚ ਪਦ-ਉਨਤੀ ਹੋਣ 'ਤੇ ਸੇਵਾ ਮੁਕਤੀ ਦੀ ਉਮਰ 60 ਸਾਲ ਹੀ ਰਹਿਣ ਦਾ ਇਸ ਵੇਲੇ ਕੋਈ ਪੱਤਰ ਨਹੀਂ ਹੈ। ਵੈਸੇ 59ਵੇਂ ਜਾਂ 60ਵੇਂ ਸਾਲ ਵੀ ਸੇਵਾ ਦੌਰਾਨ ਪਦ- ਉਨਤੀ ਲੈ ਕੇ ਇੱਕ ਇਨਕਰੀਮੈਂਟ ਲੈਣ ਉਪਰੰਤ ਸੇਵਾ-ਮੁਕਤ ਹੋਣ ਬਾਰੇ ਵੀ ਸੋਚਿਆ ਜਾ ਸਕਦਾ ਹੈ।
ਸੁਆਲ:- ਇੱਕ ਕਰਮਚਾਰੀ ਨੇ 184 ਦਿਨ ਦੀ ਮੈਡੀਕਲ ਛੁੱਟੀ ਲਈ ਹੈ। ਜਾਣਕਾਰੀ ਦਿੱਤੀ ਜਾਵੇ ਕਿ ਮੇਰੀ ਤਨਖਾਹ ਵਿੱਚੋਂ ਕਿਹੜਾ-ਕਿਹੜਾ ਭੱਤਾ ਕੱਟਿਆ ਜਾਵੇਗਾ?
- ਜੁਆਬ:- ਲੰਬੀ ਛੁੱਟੀ 'ਤੇ ਜਾਣ ਸਮੇਂ ਮਿਲਣ ਵਾਲਾ ਮੋਬਾਈਲ ਭੱਤਾ ਅਤੇ ਕਨਵੇਂਨਸ ਅਲਾਉਂਸ (ਜੇਕਰ ਮਿਲਦਾ ਹੈ ਤਾਂ) ਨਹੀਂ ਮਿਲੇਗਾ, ਕਿਉਂਕਿ ਇਹ ਦੋਵੇਂ ਭੱਤੇ ਡਿਊਟੀ ਨਾਲ ਸਬੰਧਤ ਹਨ।
ਸੁਆਲ:- ਕੀ ਮੈਡੀਕਲ ਰੀਇੰਮਬਰਸਮੈਂਟ ਲੈਣ ਵਾਸਤੇ ਕੇਸ ਛੇ ਮਹੀਨੇਂ ਪਹਿਲਾਂ ਭੇਜਣਾ ਪੈਂਦਾ ਹੈ ਜਾਂ ਕਿ ਹੁਣ ਕੇਸ ਭੇਜਣ ਦੀ ਮਿਆਦ ਇੱਕ ਸਾਲ ਹੋ ਗਈ ਹੈ ?
- ਜਵਾਬ:- ਮੈਡੀਕਲ ਰੀਇੰਮਬਰਸਮੈਂਟ ਲਈ ਕੇਸ ਇਲਾਜ ਕਰਵਾਉਣ ਤੋਂ ਛੇ ਮਹੀਨੇ ਦੇ ਵਿੱਚ-ਵਿੱਚ ਹੀ ਭੇਜਣਾ ਜ਼ਰੂਰੀ ਹੈ।
ਸੁਆਲ:- ਮੈਂ ਸਾਲ 2019 ਵਿਚ ਈ.ਟੀ.ਟੀ. ਅਧਿਆਪਕ ਤੋਂ ਸਿੱਧੀ ਭਰਤੀ ਰਾਹੀਂ ਹੈਡ ਟੀਚਰ ਬਣਿਆ ਹਾਂ । ਕੀ ਮੈਨੂੰ ਵੀ ਪ੍ਰਮੋਸ਼ਨ ਵਾਲੇ ਹੈਡ ਟੀਚਰ ਵਾਂਗ ਉਚੇਰੀ ਜ਼ਿੰਮੇਵਾਰੀ ਦੀ ਤਰੱਕੀ ਮਿਲਣਯੋਗ ਹੈ ?
- ਜਵਾਬ: ਨਹੀਂ ਜੀ, ਸਿੱਧੀ ਭਰਤੀ ਵਾਲੇ ਨੂੰ ਉਚੇਰੀ ਜਿੰਮੇਵਾਰੀ ਦੀ ਤਰੱਕੀ ਨਹੀਂ ਮਿਲਦੀ। ਹਾਂ, ਉਸਦੀ ਪਹਿਲੀ ਪੋਸਟ ਵਾਲੀ ਪੇ ਜ਼ਰੂਰ ਟੈਕਟ ਰਹਿੰਦੀ ਹੈ।
ਸੁਆਲ:- ਜੇਕਰ ਕੋਈ ਅਨੁਸੂਚਿਤ ਜਾਤੀ ਦੀ ਲੜਕੀ ਆਪਣੇ ਪਿਤਾ ਦੀ ਮੌਤ ਉਪਰੰਤ ਤਰਸ ਦੇ ਆਧਾਰ 'ਤੇ ਸਾਲ 2009 ਵਿਚ ਕਲਰਕ ਭਰਤੀ ਹੁੰਦੀ ਹੈ, ਸਾਲ 2015 ਵਿਚ ਜਨਰਲ ਜਾਤੀ (ਜੱਟ ਸਿੱਖ) ਲੜਕੇ ਨਾਲ ਸ਼ਾਦੀ ਕਰ ਲੈਂਦੀ ਹੈ ਅਤੇ ਸਾਲ 2023 ਵਿੱਚ ਉਸ ਦੀ ਐਸ.ਟੀ. ਕੋਟੇ ਵਿੱਚ ਪ੍ਰਮੋਸ਼ਨ ਹੋ ਜਾਂਦੀ ਹੈ। ਕੀ ਇਹ ਠੀਕ ਹੈ ਜਾਂ ਗਲਤ ?
- ਜੁਆਬ: ਹਾਂ ਜੀ, ਜਨਰਲ ਜਾਤੀ ਨਾਲ ਸ਼ਾਦੀ ਹੋਣ 'ਤੇ ਅਨੁਸੂਚਿਤ ਜਾਤੀ ਦੇ ਆਧਾਰ 'ਤੇ ਪ੍ਰਮੋਸਨ ਹੋਣਾ ਬਿਲਕੁਲ ਨਿਯਮਾਂ ਅਨੁਸਾਰ ਹੈ। ਵਿਆਹ ਕਰਵਾਉਣ ਨਾਲ ਕਿਸੇ ਵਿਅਕਤੀ ਦੀ ਜਾਤੀ ਨਹੀਂ ਬਦਲਦੀ। ਜਨਰਲ ਜਾਤੀ ਦੇ ਲੜਕੇ ਨਾਲ ਸ਼ਾਦੀ ਹੋਣ 'ਤੇ ਲੜਕੀ ਜਨਰਲ ਜਾਤੀ ਵਿੱਚ ਸ਼ਾਮਲ ਨਹੀਂ ਹੋ ਜਾਂਦੀ। ਇਸੇ ਤਰ੍ਹਾਂ ਕਿਸੇ ਜਨਰਲ ਜਾਤੀ ਦੀ ਲੜਕੀ ਵੱਲੋਂ ਕਿਸੇ ਅਨੁਸੂਚਿਤ ਜਾਤੀ ਦੇ ਲੜਕੇ ਨਾਲ ਸ਼ਾਦੀ ਹੋਣ ਦੀ ਸੂਰਤ ਵਿੱਚ ਉਹ ਅਨੁਸੂਚਿਤ ਜਾਤੀ ਵਾਲੇ ਲਾਭ ਨਹੀਂ ਲੈ ਸਕਦੀ।
ਸੁਆਲ:- ਮੈਂ ਸਤੰਬਰ 2019 ਵਿੱਚ ਕਲਰਕ ਭਰਤੀ ਹੋਇਆ ਸੀ। ਇਸੇ ਦਫਤਰ ਵਿੱਚ ਇੱਕ ਵਿਅਕਤੀ ਸਟੈਨੋ ਟਾਈਪਿਸਟ ਮਈ 2020 ਵਿੱਚ ਭਰਤੀ ਹੋਇਆ ਹੈ। ਕੀ ਦਫ਼ਤਰ ਵਿਚ ਕਲਰਕ ਦੇ ਹੁੰਦੇ ਹੋਏ ਸਟੈਨੋ ਟਾਈਪਿਸਟ ਨੂੰ ਅਮਲਾ ਦੀ ਸੀਟ ਦਾ ਕੰਮ ਦਿੱਤਾ ਜਾ ਸਕਦਾ ਹੈ ? ਕਲਰਕ ਤੇ ਟਾਈਪਿਸਟ ਦੀ ਕੰਮ ਵੰਡ ਬਾਰੇ ਕੋਈ ਪੱਤਰ ਹੋਵੇ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇ ।
- ਜੁਆਬ:- ਵੈਸੇ ਹਰ ਆਸਾਮੀ ਦਾ ਕਾਰਜ ਖੇਤਰ ਨਿਰਧਾਰਤ ਹੁੰਦਾ ਹੈ। ਸਟੈਨੋ ਟਾਈਪਿਸਟ ਦਾ ਮੁੱਖ ਕੰਮ ਅਧਿਕਾਰੀ ਪਾਸੋਂ ਡਿਕਟੇਸ਼ਨ ਲੈ ਕੇ ਚਿੱਠੀਆਂ ਆਦਿ ਟਾਈਪ ਕਰਨੀਆਂ ਹੁੰਦੀਆਂ ਹਨ। ਇਸੇ ਤਰ੍ਹਾਂ ਕਲਰਕ ਦਫਤਰ ਦੇ ਬਾਕੀ ਕੰਮਾਂ ਲਈ ਜ਼ਿਮੇਵਾਰ ਹੁੰਦਾ ਹੈ । ਪਰ ਜੇ ਕੰਮ ਦਾ ਬੋਝ ਜ਼ਿਆਦਾ ਹੋਵੇ ਤਾਂ ਕੰਮ ਚਲਾਉਣ ਲਈ ਦਫਤਰ ਦਾ ਮੁਖੀ ਕਿਸੇ ਹੋਰ ਸਟਾਫ਼ ਦੀ ਡਿਊਟੀ ਵੀ ਲਗਾ ਸਕਦਾ ਹੈ।
ਸੁਆਲ:- ਕੀ ਪ੍ਰਸੂਤਾ ਛੁੱਟੀ ਤੋਂ ਬਾਅਦ ਹਾਜ਼ਰ ਹੋਣ ਉਪਰੰਤ ਚਾਈਲਡ ਕੇਅਰ ਲੀਵ ਮਿਲ ਸਕਦੀ ਹੈ?
- ਜੁਆਬ:- ਨਿਯਮਾਂ ਮੁਤਾਬਿਕ ਲੋੜ ਪੈਣ 'ਤੇ ਚਾਈਲਡ ਕੇਅਰ ਲੀਵ ਕਦੇ ਵੀ ਲਈ ਜਾ ਸਕਦੀ ਹੈ। ਪਰ ਸਿੱਖਿਆ ਵਿਭਾਗ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸਾਲਾਨਾ ਇਮਤਿਹਾਨਾਂ ਤੋਂ ਨਿਸ਼ਚਿਤ ਸਮਾਂ ਪਹਿਲਾਂ ਇਹ ਛੁੱਟੀ ਮਨਜ਼ੂਰ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। ਪਰ ਵਿਸ਼ੇਸ਼ ਹਾਲਤਾਂ ਵਿੱਚ ਛੋਟੇ ਬੱਚੇ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਹ ਮਨਜ਼ੂਰ ਕੀਤੀ ਵੀ ਜਾ ਸਕਦੀ ਹੈ।
ਸੁਆਲ:- ਸਾਲ 2014 ਵਿੱਚ ਸੇਵਾ ਮੁਕਤ ਮੁਲਾਜ਼ਮ ਦੀ ਪੈਨਸ਼ਨ ਸਬੰਧਤ ਬੈਂਕ ਵੱਲੋਂ ਕੀਤੀ ਜਾਣੀ ਹੈ ਜਾਂ ਏ.ਜੀ. ਪੰਜਾਬ ਵੱਲੋਂ, ਦੱਸਣ ਦੀ ਕਿਰਪਾਲਤਾ ਕੀਤੀ ਜਾਵੇ।
- ਜੁਆਬ:- 31 ਦਸੰਬਰ 2015 ਜਾਂ ਇਸ ਤੋਂ ਪਹਿਲਾਂ ਸੇਵਾ- ਮੁਕਤ ਹੋਏ ਮੁਲਾਜ਼ਮ ਦੀ ਪੈਨਸ਼ਨ ਸਬੰਧਤ ਬੈਂਕ ਵੱਲੋਂ ਹੀ ਸੋਧੀ ਜਾਣੀ ਸੀ, ਪਰ ਜੇ ਪੈਨਸਨਰ 2 ਸਾਲਾਂ ਦਾ ਵਾਧਾ ਲੈ ਕੇ ਉਪਰੋਕਤ ਮਿਤੀ ਤੋਂ ਬਾਅਦ ਵਿੱਚ ਸੇਵਾ-ਮੁਕਤ ਹੋਇਆ ਹੈ ਤਾਂ ਉਸ ਨੂੰ ਨਿਰਧਾਰਤ ਪ੍ਰੋਫਾਰਮੇ ’ਤੇ ਆਪਣਾ ਬੇਨਤੀ ਪੱਤਰ ਸਬੰਧਤ ਡੀ.ਡੀ.ਓ. ਰਾਹੀਂ ਜਿਲ੍ਹਾ ਖਜ਼ਾਨਾ ਦਫਤਰ ਨੂੰ ਭੇਜਣਾ ਪਵੇਗਾ ਅਤੇ ਉਸ ਵੱਲੋਂ ਇਹ ਕੇਸ ਬੈਂਕ ਦੇ ਸੀ.ਪੀ.ਪੀ.ਸੀ. ਨੂੰ ਮਨਜ਼ੂਰੀ ਲਈ ਭੇਜਿਆ ਜਾਵੇਗਾ।
ਸੁਆਲ:- ਅੱਖਾਂ ਦੇ ਲੈਂਨਜ ਪਵਾਉਣ ਲਈ ਇਸ ਸਮੇਂ ਕੀ ਰੇਟ ਹਨ ?
- ਜੁਆਬ:- ਪੰਜਾਬ ਸਰਕਾਰ ਦੇ ਪੱਤਰ ਨੰਬਰ 12£69/2009-5मि5/518 ਮਿਤੀ 30.05.2023 ਅਨੁਸਾਰ ਹਾਈਡਰੋਫਿਲਿਕ ਲੈਂਨਜ ਵਾਸਤੇ ਪ੍ਰਤੀ ਅੱਖ 10,000 ਰੁ: ਜਾਂ ਅਸਲ ਖਰਚਾ ਜੋ ਵੀ ਘੱਟ ਹੋਵੇ, ਹਾਈਡਰੋਫੋਬਿਕ 'ਲਈ ਇਹ ਪ੍ਰਤੀ ਅੱਖ 15,000 ਰੁ: ਜਾਂ ਅਸਲ ਖਰਚਾ ਜੋ ਵੀ ਘੱਟ ਹੋਵੇ ਅਤੇ ਮਲਟੀਫੋਕਲ ਲੈਂਨਜ ਲਈ ਪ੍ਰਤੀ ਅੱਖ 25,000 ਰੁ: ਜਾਂ ਅਸਲ ਖਰਚਾ ਜੋ ਵੀ ਘੱਟ ਹੋਵੇ ਮਿਲਣਯੋਗ ਹੈ।
ਸੁਆਲ:- ਮੇਰੀ ਉਮਰ 15.10.2023 ਨੂੰ 65 ਸਾਲ ਦੀ ਹੋ ਗਈ ਹੈ । ਮੈਨੂੰ ਬੁਢਾਪਾ ਭੱਤਾ ਅਕਤੂਬਰ ਮਹੀਨੇ ਦੀ ਪੈਨਸ਼ਨ ਨਾਲ ਮਿਲੇਗਾ ਜਾਂ ਨਵੰਬਰ ਮਹੀਨੇ ਦੀ ਪੈਨਸ਼ਨ ਨਾਲ ?
- ਜੁਆਬ:- 65 ਜਾਂ ਵਧੇਰੇ ਉਮਰ ਹੋਣ 'ਤੇ ਪੈਨਸ਼ਨਰ ਨੂੰ ਵਧੀਕ ਪੈਨਸ਼ਨ ਮਿਲਦੀ ਹੈ ਨਾ ਕਿ ਬੁਢਾਪਾ ਭੱਤਾ। ਇਹ ਵਧੀਕ ਪੈਨਸ਼ਨ ਉਸ ਮਹੀਨੇ ਦੀ ਪੈਨਸ਼ਨ ਨਾਲ ਮਿਲਣਯੋਗ ਹੁੰਦੀ ਹੈ; ਜਿਸ ਮਹੀਨੇ ਪੈਨਸ਼ਨਰ 65, 70, 75... ਸਾਲ ਦਾ ਹੋ ਜਾਂਦਾ ਹੈ।
ਸੁਆਲ:- ਕੀ ਪੈਨਸ਼ਨਰ ਦੇ ਮੈਡੀਕਲ ਬਿੱਲਾਂ ਦੀ ਪ੍ਰਤੀ ਪੂਰਤੀ ਲਈ ਕੇਸ ਵੀ ਡੀ.ਡੀ.ਓ. ਰਾਹੀਂ ਸਿਵਲ ਸਰਜਨ ਨੂੰ ਆਨਲਾਇਨ ਪੋਰਟਲ ਰਾਹੀਂ ਭੇਜਿਆ ਜਾਂਦਾ ?
- ਜੁਆਬ:- ਹਾਂ ਜੀ, ਮੁਲਾਜ਼ਮਾਂ ਵਾਂਗ ਪੈਨਸ਼ਨਰਾਂ ਦਾ ਮੈਡੀਕਲ ਖਰਚੇ ਦਾ ਕਲੇਮ ਵੀ ਸਬੰਧਤ ਡੀ.ਡੀ.ਓ. ਰਾਹੀਂ ਹੀ ਭੇਜਣਾ ਹੁੰਦਾ ਹੈ। ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਇਹ ਕੰਮ ਹੁਣ ਆਨਲਾਇਨ ਹੀ ਹੋਣਾ ਹੈ।