*ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਰਟੀਫਿਕੇਟ ਫ਼ੀਸਾਂ ਦਾ ਵਿਰੋਧ*
*25 ਸਤੰਬਰ ਨੂੰ ਵਫ਼ਦ ਸਿੱਖਿਆ ਮੰਤਰੀ ਨੂੰ ਮਿਲੇਗਾ*
ਨਵਾਂ ਸ਼ਹਿਰ 21 ਸਤੰਬਰ ( )ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਬਾਜ ਸਿੰਘ ਖਹਿਰਾ , ਸੁਰਿੰਦਰ ਕੰਬੋਜ, ਹਰਵਿੰਦਰ ਸਿੰਘ ਬਿਲਗਾ, ਬਲਕਾਰ ਸਿੰਘ ਵਲਟੋਹਾ, ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਹਰੀਕਾ, ਨਰੰਜਣਜੋਤ ਚਾਂਦਪੁਰੀ, ਸੁਖਜਿੰਦਰ ਸਿੰਘ ਟੌਹੜਾ, ਅਮਰਜੀਤ ਸਿੰਘ ਘੁਡਾਣੀ, ਗੁਰਬਿੰਦਰ ਸਿੰਘ ਸਸਕੌਰ, ਗੁਰਪ੍ਰੀਤ ਸਿੰਘ ਮਾੜੀਮੇਘਾ, ਨਵਪ੍ਰੀਤ ਬੱਲੀ ਆਦਿ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਕੋ-ਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਸਰਟੀਫਿਕੇਟ ਅਤੇ ਪ੍ਰੈਕਟੀਕਲ ਫੀਸਾਂ ਵਸੂਲਣ ਦੀ ਨਿਖੇਧੀ ਕੀਤੀ ਗਈ। ਬੋਰਡ ਨਾਲ ਸਬੰਧਤ ਮਸਲਿਆਂ ਅਤੇ ਅਧਿਆਪਕ ਮਸਲਿਆਂ ਸਬੰਧੀ ਮੋਰਚੇ ਵੱਲੋਂ ਸਿਖਿਆ ਮੰਤਰੀ ਨੂੰ ਨੋਟਿਸ ਦੇ ਕੇ 25 ਸਤੰਬਰ ਨੂੰ ਵਫ਼ਦ ਵਜੋਂ ਮਿਲਣ ਦਾ ਫ਼ੈਸਲਾ ਕੀਤਾ ਗਿਆ।
ਸਾਂਝੇ ਅਧਿਆਪਕ ਮੋਰਚੇ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਰੱਦ ਕਰਨ, ਕੱਚੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, ਖਾਲੀ ਅਸਾਮੀਆਂ ਪੂਰੇ ਤਨਖਾਹ ਸਕੇਲ ਵਿੱਚ ਭਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਹਰ ਵਰਗ ਦੀਆਂ ਪ੍ਰਮੋਸ਼ਨਾਂ ਸਾਲ ਵਿੱਚ ਦੋ ਵਾਰ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਉਚੇਰੀ ਗਰੇਡ ਪੇਅ ਬਹਾਲ ਕਰਨ, 125% ਮਹਿੰਗਾਈ ਭੱਤੇ 'ਤੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤਾ 2.59 ਦਾ ਗੁਣਾਂਕ ਦੇਣ, ਬੰਦ ਕੀਤੇ ਭੱਤੇ ਬਹਾਲ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਸਮੇਤ ਅਧਿਆਪਕਾਂ ਦੀਆਂ ਭਖ਼ਦੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਦਾ ਪ੍ਰਤੀਕਰਮ ਦੇਖਦਿਆਂ ਮਾਸ ਡੈਪੂਟੇਸ਼ਨ ਬਾਅਦ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।