*“ਖੇਡਾਂ ਵਤਨ ਪੰਜਾਬ ਦੀਆਂ“ ਦੀ ਮਸ਼ਾਲ ਦਾ ਐੱਸ ਏ ਐੱਸ ਨਗਰ ਜ਼ਿਲ੍ਹੇ ਵਿੱਚ ਪੁੱਜਣ ਉੱਤੇ ਕੁਰਾਲੀ ਵਿਖੇ ਭਰਵਾਂ ਸਵਾਗਤ*
*ਵਿਧਾਇਕਾਂ, ਡਿਪਟੀ ਕਮਿਸ਼ਨਰ ਤੇ ਚੇਅਰਮੈਨ ਨੇ ਰੂਪਨਗਰ ਜ਼ਿਲ੍ਹੇ ਤੋਂ ਹਾਸਲ ਕੀਤੀ ਮਸ਼ਾਲ*
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਦੇ ਸੁਫ਼ਨੇ ਨੂੰ ਪੂਰਾ ਕਰਨਗੀਆਂ ਖੇਡਾਂ: ਰੰਧਾਵਾ, ਢੌਸ ਤੇ ਕੰਗ*
*ਹਾਕੀ ਓਲੰਪੀਅਨ ਪ੍ਰਭਜੋਤ ਸਿੰਘ, ਰਾਜਪਾਲ ਸਿੰਘ, ਅੰਜੁਮ ਮੌਦਗਿਲ, ਧਰਮਵੀਰ ਸਿੰਘ ਤੇ ਅੰਕੁਸ਼ ਭਾਰਦਵਾਜ ਮਸ਼ਾਲ ਲੈ ਕੇ ਦੌੜੇ*
*ਸੂਬੇ ਭਰ ਦੀ ਯਾਤਰਾ ਉੱਤੇ ਨਿਕਲੀ ਮਸ਼ਾਲ ਅਗਲੇ ਪੜਾਅ ਵਜੋਂ ਫਤਹਿਗੜ੍ਹ ਸਾਹਿਬ ਜ਼ਿਲੇ ਨੂੰ ਸੌਂਪੀ*
ਕੁਰਾਲੀ/ਐੱਸ ਏ ਐੱਸ ਨਗਰ, 26 ਅਗਸਤ
ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਅਤੇ ਖੇਡ ਸਭਿਆਚਾਰ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀਆਂ “ਖੇਡਾਂ ਵਤਨ ਪੰਜਾਬ ਦੀਆਂ“ ਦੇ ਪਹਿਲੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਦੂਜੇ ਸੀਜ਼ਨ ਦੀ 29 ਅਗਸਤ ਨੂੰ ਬਠਿੰਡਾ ਵਿਖੇ ਕੀਤੀ ਜਾ ਰਹੀ ਸ਼ੁਰੂਆਤ ਤੋਂ ਪਹਿਲਾਂ ਸੂਬੇ ਭਰ ਵਿੱਚ ਯਾਤਰਾ ਕਰ ਰਹੀ ਖੇਡਾਂ ਦੀ ਮਸ਼ਾਲ ਦਾ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਜ਼ਿਲੇ ਵਿੱਚ ਪੁੱਜਣ ਉੱਤੇ ਕੁਰਾਲੀ ਵਿਖੇ ਭੰਗੜੇ ਅਤੇ ਗੱਤਕੇ ਦੇ ਪ੍ਰਦਰਸ਼ਨ ਦਰਮਿਆਨ ਭਰਵਾਂ ਸਵਾਗਤ ਕੀਤਾ ਗਿਆ।
ਲੁਧਿਆਣਾ ਤੋਂ 22 ਅਗਸਤ ਨੂੰ ਸ਼ੁਰੂ ਹੋਇਆ ਮਸ਼ਾਲ ਮਾਰਚ 12 ਜ਼ਿਲਿਆਂ ਦਾ ਗੇੜਾ ਲਗਾਉਣ ਤੋਂ ਬਾਅਦ ਅੱਜ ਰੂਪਨਗਰ ਜ਼ਿਲੇ ਤੋਂ ਮੁਹਾਲੀ ਜ਼ਿਲੇ ਵਿੱਚ ਦਾਖਲ ਹੋਇਆ। ਕੁਰਾਲੀ ਵਿਖੇ ਪੁੱਜਣ ਉਤੇ ਰੂਪਨਗਰ ਦੇ ਖਿਡਾਰੀਆਂ ਨੇ ਮਸ਼ਾਲ ਮੁਹਾਲੀ ਪ੍ਰਸ਼ਾਸਨ ਨੂੰ ਸੌਂਪ ਦਿੱਤੀ। ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੌੰਸ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਜ਼ਿਲਾ ਯੋਜਨਾ ਬੋਰਡ ਦੇ ਚੇਅਰਪਰਸਨ ਪ੍ਰਭਜੋਤ ਕੌਰ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਜ਼ੋਰਾ ਸਿੰਘ ਮਾਨ ਨੇ ਇਹ ਮਸ਼ਾਲ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਇਹ ਮਸ਼ਾਲ ਹਾਕੀ ਓਲੰਪੀਅਨ ਪ੍ਰਭਜੋਤ ਸਿੰਘ, ਸਾਬਕਾ ਭਾਰਤੀ ਹਾਕੀ ਕਪਤਾਨ ਰਾਜਪਾਲ ਸਿੰਘ, ਓਲੰਪੀਅਨ ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਹਾਕੀ ਓਲੰਪੀਅਨ ਧਰਮਵੀਰ ਸਿੰਘ ਤੇ ਨੈਸ਼ਨਲ ਸ਼ੂਟਿੰਗ ਕੋਚ ਅੰਕੁਸ਼ ਭਾਰਦਵਾਜ ਨੂੰ ਸੌਂਪ ਦਿੱਤੀ ਜੋ ਉਨ੍ਹਾਂ ਦੌੜ ਕੇ ਅੱਗੇ ਨੌਜਵਾਨ ਖਿਡਾਰੀਆਂ ਨੂੰ ਸੌਂਪੀ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਖੇਡਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਦੇ ਸੁਫ਼ਨੇ ਨੂੰ ਪੂਰਾ ਕਰਨਗੀਆਂ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਪੰਜਾਬ ਦੀ ਨੌਜਵਾਨੀ ਨੂੰ ਨਵੀਂ ਦਿਸ਼ਾ ਦੇਣ ਲਈ ਖੇਡਾਂ ਦੇ ਖੇਤਰ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਤਹਿਤ ਇਹ ਖੇਡਾਂ ਉਲੀਕੀਆਂ ਗਈਆਂ। ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੌਸ ਨੇ ਕਿਹਾ ਕਿ ਪੰਜਾਬ ਨੇ ਨਵੀਂ ਖੇਡ ਨੀਤੀ ਬਣਾ ਕੇ ਸੂਬੇ ਦੀਆਂ ਖੇਡਾਂ ਵਿੱਚ ਜਾਨ ਪਾ ਦਿੱਤੀ ਹੈ ਅਤੇ ਪੰਜਾਬ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣੇਗਾ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਖੇਡਾਂ ਅਤੇ ਮਸ਼ਾਲ ਨੂੰ ਲੈ ਕੇ ਪਾਇਆ ਜਾ ਰਿਹਾ ਉਤਸ਼ਾਹ ਦੱਸਦਾ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਦਿਸ਼ਾ ਦੇਣ ਦੀ ਲੋੜ ਹੈ, ਇਸ ਵਿੱਚ ਅਥਾਹ ਸਮਰੱਥਾ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੂਹ ਨੁਮਾਇੰਦਿਆਂ ਖਿਡਾਰੀਆਂ, ਮਹਿਮਾਨਾਂ ਦਾ ਧੰਨਵਾਦ ਕਰਦਿਆਂ ਖੇਡਾਂ ਦੇ ਇਤਿਹਾਸ ਵਿੱਚ ਖਿਡਾਰੀਆਂ ਵੱਲੋਂ ਨਵੇਂ ਸਥਾਪਤ ਕੀਤੇ ਜਾਂਦੇ ਰਿਕਾਰਡਾਂ ਦਾ ਹਵਾਲਾ ਦਿੱਤਾ ਅਤੇ ਨੌਜਵਾਨ ਖਿਡਾਰੀਆਂ ਨੂੰ ਇਸ ਤੋਂ ਸੇਧ ਲੈਣ ਲਈ ਕਿਹਾ।
ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਚਾਹਵਾਨ ਨੌਜਵਾਨਾਂ ਨੂੰ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ www.khedanwatanpunjabdia.com ਪੋਰਟਲ ’ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 35 ਖੇਡਾਂ ਦੇ ਵੱਖ-ਵੱਖ ਅੱਠ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਹੜੇ ਬਲਾਕ ਤੋਂ ਸੂਬਾ ਪੱਧਰ ਤੱਕ ਹੋਣਗੇ। ਬਠਿੰਡਾ ਵਿਖੇ ਕੌਮੀ ਖੇਡ ਦਿਵਸ ਵਾਲੇ ਦਿਨ 29 ਅਗਸਤ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖੇਡਾਂ ਦੇ ਸੀਜ਼ਨ-2 ਦਾ ਉਦਘਾਟਨ ਕਰਨਗੇ।
ਮਸ਼ਾਲ ਯਾਤਰਾ ਮੁਹਾਲੀ ਸਥਿਤ ਸੈਕਟਰ 78 ਸਟੇਡੀਅਮ ਵਿਖੇ ਜ਼ਿਲੇ ਦੇ ਦੂਜੇ ਪੜਾਅ ਵਜੋਂ ਰੁਕੀ ਜਿੱਥੇ ਖਿਡਾਰੀਆਂ ਨੇ ਸਵਾਗਤ ਕੀਤਾ ਅੱਗੇ ਮਸ਼ਾਲ ਯਾਤਰਾ ਰਵਾਨਾ ਹੋ ਗਈ।ਸੈਂਕੜੇ ਖਿਡਾਰੀਆਂ ਦੀ ਸ਼ਮੂਲੀਅਤ ਤੋਂ ਬਾਅਦ ਮਸ਼ਾਲ ਅੱਗੇ ਲਾਂਡਰਾ-ਚੁੰਨੀ ਦੇ ਰਾਸਤੇ ਜਾਂਦੀ ਹੋਈ ਜ਼ਿਲਾ ਖੇਡ ਅਫ਼ਸਰ ਗੁਰਦੀਪ ਕੌਰ ਵੱਲੋਂ ਅਗਲੇ ਜ਼ਿਲਾ ਫਤਹਿਗੜ੍ਹ ਸਾਹਿਬ ਨੂੰ ਸੌਂਪ ਦਿੱਤੀ ਗਈ।
ਮਸ਼ਾਲ ਦੇ ਸਵਾਗਤੀ ਸਮਾਰੋਹ ਮੌਕੇ ਜ਼ਿਲ੍ਹਾ ਅਧਿਕਾਰੀਆਂ ਚ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਐਸ ਡੀ ਐਮ ਖਰੜ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ, ਸੀ ਐਮ ਫੀਲਡ ਅਫ਼ਸਰ ਸ਼੍ਰੀ ਇੰਦਰਪਾਲ ਅਤੇ ਹੋਰ ਖੇਡ ਪ੍ਰੇਮੀ ਅਤੇ ਪਤਵੰਤੇ ਮੌਜੂਦ ਸਨ।
——-