ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਸੂਬਾ ਕਮੇਟੀ ਮੀਟਿੰਗ ਵਿੱਚ ਲਏ ਅਹਿਮ ਫੈਸਲੇ
ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਅਫਸਰਾਂ ਦੀ ਕਮੇਟੀ ਹਵਾਲੇ ਕਰਕੇ ਅਣਮਿੱਥੇ ਸਮੇੰ ਲਈ ਲਟਕਾਉਣ ਖਿਲਾਫ ਕੈਬਨਿਟ ਸਬ ਕਮੇਟੀ ਨੂੰ ਮਾਸ ਡੈਪੂਟੇਸ਼ਨਾਂ ਰਾਹੀਂ ਦਿੱਤੇ ਜਾਣਗੇ ਰੋਸ ਪੱਤਰ
~ਪੁਰਾਣੀ ਪੈਨਸ਼ਨ ਸਕੀਮ ਨੂੰ ਤੈਅ ਸਮਾਂ ਸੀਮਾ ਵਿੱਚ ਲਾਗੂ ਨਾ ਕੀਤੇ ਜਾਣ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ 11 ਮਾਰਚ ਨੂੰ ਅਮ੍ਰਿਤਸਰ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਰੋਸ ਪੱਤਰ ਦਿੱਤੇ ਜਾਣਗੇ ਅਤੇ 21 ਮਈ ਨੂੰ ਚੰਡੀਗੜ ਵੱਲ ਕੀਤਾ ਜਾਵੇਗਾ ਵਿਸ਼ਾਲ ਰੋਸ ਮਾਰਚ
ਅਮਿ੍ਤਸਰ , 2 ਮਾਰਚ : ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਚੰਡੀਗੜ ਵਿੱਖੇ ਕੀਤੀ ਗਈ ਸੂਬਾ ਕਮੇਟੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ ਮੁਲਾਜ਼ਮ ਮੰਗਾਂ ਲਈ ਬਣਾਈ ਕੈਬਨਿਟ ਸਬਕਮੇਟੀ ਅਤੇ ਆਪ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਘੇਰ ਕੇ ਜਵਾਬਦੇਹ ਬਣਾਉਣ ਲਈ ਵਿਆਪਕ ਯੋਜਨਾਬੰਦੀ ਤਿਆਰ ਕੀਤੀ ਗਈ।ਫਰੰਟ ਵੱਲੋਂ,ਪੁਰਾਣੀ ਪੈਨਸ਼ਨ ਮੁੜ ਲਾਗੂ ਕਰਨ ਦੇ ਮੁੱਦੇ ਨੂੰ ਅਫਸਰਾਂ ਦੀ ਕਮੇਟੀ ਹਵਾਲੇ ਕਰਕੇ ਅਣਮਿੱਥੇ ਸਮੇਂ ਲਈ ਲਟਕਾਉਣ,ਪੁਰਾਣੀ ਪੈਨਸ਼ਨ ਸਕੀਮ ਖਿਲਾਫ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਅਤੇ ਕੇਂਦਰ ਕੋਲ ਜਮਾਂ ਪੈਨਸ਼ਨ ਫੰਡ ਨੂੰ ਮੋੜਨ ਤੋਂ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤੇ ਜਾ ਰਹੇ ਇਨਕਾਰ ਖਿਲਾਫ ਆਪ ਸਰਕਾਰ ਵੱਲੋੰ ਡਟਵਾਂ ਸਟੈਂਡ ਲੈਣ ਦੀ ਬਜਾਏ ਧਾਰੀ ਚੁੱਪ ਦੀ ਸਖਤ ਨਿਖੇਧੀ ਵੀ ਕੀਤੀ ਗਈ।
ਸੂਬਾ ਕਮੇਟੀ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ ਨੇ ਦੱਸਿਆ ਕਿ ਆਪ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਵੀ ਪੁਰਾਣੀ ਪੈਨਸ਼ਨ ਦਾ ਮੁੱਦਾ ਹੁਣ ਤੱਕ ਬਿਆਨਾਂ,ਕਾਗਜ਼ੀ ਭਰੋਸਿਆਂ ਅਤੇ ਕਮੇਟੀਆਂ ਤੱਕ ਹੀ ਸੀਮਤ ਹੈ।ਜਿਸ ਦੇ ਰੋਸ ਵਿੱਚ ਕੈਬਨਿਟ ਸਬ ਕਮੇਟੀ ਵਿੱਚ ਸ਼ਾਮਲ ਵਿੱਤ ਮੰਤਰੀ ਹਰਪਾਲ ਚੀਮਾ ਨੂੰ 5 ਮਾਰਚ ਨੂੰ ਸੰਗਰੂਰ ਵਿਖੇ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ 11 ਮਾਰਚ ਨੂੰ ਅਮ੍ਰਿਤਸਰ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਰੋਸ ਪੱਤਰ ਦਿੱਤੇ ਜਾਣਗੇ।ਇਸ ਤੋਂ ਇਲਾਵਾ ਬਜਟ ਸੈਸ਼ਨ ਦੌਰਾਨ “ਵਿਧਾਇਕਾਂ ਲਈ ਪੁਰਾਣੀ ਪੈਨਸ਼ਨ ਤੇ ਮੁਲਾਜ਼ਮਾਂ ਲਈ ਨੋ ਪੈਨਸ਼ਨ ਕਿਉਂ” ਦੇ ਸਿਰਲੇਖ ਹੇਠ ਈਮੇਲ ਕਰਕੇ ਵਿਧਾਨ ਸਭਾ ਸੈਸ਼ਨ ਵਿੱਚ ਪੁਰਾਣੀ ਪੈਨਸ਼ਨ ਦਾ ਮਤਾ ਪਾਸ ਕਰਨ ਦੀ ਮੰਗ ਕੀਤੀ ਜਾਵੇਗੀ।
ਫਰੰਟ ਦੇ ਆਗੂਆਂ ਕੰਵਰਜੀਤ ਸਿੰਘ, ਸੁਖਜਿੰਦਰ ਜੱਬੋਵਾਲ, ਗੁਰਮੁਖ ਲੋਕਪੇ੍ਮੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਕਰ ਬਜਟ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਸਬੰਧੀ ਕੋਈ ਹਕੀਕੀ ਫੈਸਲਾ ਨਹੀੰ ਲਿਆ ਜਾਂਦਾ ਤਾਂ ਸੈਸ਼ਨ ਦੀ ਸਮਾਪਤੀ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ 21 ਮਈ ਮਹੀਨੇ ਨੂੰ ਚੰਡੀਗੜ ਵੱਲ ਵਿਸ਼ਾਲ ਮਾਰਚ ਕੀਤਾ ਜਾਵੇਗਾ।
ਮੀਟਿੰਗ ਵਿੱਚ ਰਾਜੇਸ਼ ਪਾ੍ਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਤੋਲਾਨੰਗਲ, ਬਲਦੇਵ ਮੰਨਣ, ਮੁਨੀਸ਼ ਪੀਟਰ, ਵਿਪਨ ਰਿਖੀ, ਗੁਰਪੀ੍ਤ ਸਿੰਘ, ਬਖਸ਼ੀਸ਼ ਸਿੰਘ,ਸ਼ਮਸ਼ੇਰ ਸਿੰਘ , ਬਲਦੇਵ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਿਰ ਸਨ।