ਸੀ.ਪੀ.ਐਫ਼ ਕਰਮਚਾਰੀ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਘਨੌਰ ਦੇ ਐੱਮ.ਐੱਲ.ਏ ਗੁਰਲਾਲ ਘਨੌਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਯਾਦ ਦਿਵਾਓ ਮੰਗ ਪੱਤਰ ਦਿੱਤਾ
ਮਾਨ ਸਰਕਾਰ ਜਲਦੀ ਤੋਂ ਜਲਦੀ ਰਾਜਸਥਾਨ ਅਤੇ ਛੱਤੀਸਗੜ੍ਹ ਦੀ ਤਰਜ 'ਤੇ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ - ਸੀ ਪੀ ਐੱਫ ਯੂਨੀਅਨ, ਪੰਜਾਬ
ਪਟਿਆਲਾ 29 ਮਾਰਚ ( ) ਸੀ.ਪੀ.ਐਫ਼ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਯਾਦ ਪੱਤਰ ਸੌਂਪੇ ਜਾ ਰਹੇ ਹਨ। ਇਸ ਐਕਸ਼ਨ ਦੀ ਲਗਾਤਾਰਤਾ ਵਿੱਚ ਅਨੂਪ ਸ਼ਰਮਾ ਮੀਤ ਪ੍ਰਧਾਨ ਪੰਜਾਬ ਅਤੇ ਮੇਜਰ ਸਿੰਘ ਮੀਤ ਪ੍ਰਧਾਨ ਪਟਿਆਲਾ, ਰਾਕੇਸ਼ ਕੁਮਾਰ ਪ੍ਰਧਾਨ ਸੀ.ਪੀ.ਐੱਫ ਯੂਨੀਅਨ ਪੰਜਾਬੀ ਯੂਨੀਵਰਿਟੀ ਇਕਾਈ ਅਤੇ ਨਵਦੀਪ ਚਾਨੀ ਕੈਸ਼ੀਅਰ ਬੀ ਐਂਡ ਸੀ, ਯੂਨੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਜੀ ਨੂੰ ਮਾਣਯੋਗ, ਮੁੱਖ ਮੰਤਰੀ ਪੰਜਾਬ ਜੀ ਦੇ ਨਾਂ ਯਾਦ ਪੱਤਰ ਸੌਂਪਿਆ ਗਿਆ। ਇਸ ਮੌਕੇ ਅਨੂਪ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਅਗਰ ਆਪ ਸਰਕਾਰ ਪੰਜਾਬ ਦੇ ਲਗਭਗ ਦੋ ਲੱਖ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਦੀ ਹੈ ਤਾਂ ਸਰਕਾਰ ਦੇ ਖ਼ਜ਼ਾਨੇ ਵਿੱਚ 13 ਹਜ਼ਾਰ ਕਰੋੜ ਵਾਪਸ ਆਉਣਗੇ ਅਤੇ ਜੋ ਹਰ ਮਹੀਨੇ ਸਰਕਾਰ ਵੱਲੋਂ 14% ਸ਼ੇਅਰ ਜੋ ਕਰੋੜਾਂ ਵਿਚ ਬਣਦਾ ਹੈ ਪ੍ਰਾਈਵੇਟ ਕੰਪਨੀਆਂ ਨੂੰ ਭੇਜ ਰਹੇ ਹਨ, ਉਹ ਵੀ ਸਰਕਾਰ ਦੇ ਖਜ਼ਾਨੇ ਵਿੱਚ ਹੀ ਰਹਿਣਗੇ।
ਜਿਸ ਨੂੰ ਸਰਕਾਰ ਪੰਜਾਬ ਦੀ ਜਨਤਾ ਦੀ ਭਲਾਈ ਦੇ ਕੰਮਾਂ ਵਿੱਚ ਲਗਾ ਸਕਦੀ ਹੈ। ਇਸ ਮੌਕੇ 'ਤੇ ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ ਪਟਿਆਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਦੇ ਹੀ 01-01-2004 ਤੋਂ ਬਾਅਦ ਭਰਤੀ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ 2018 ਵਿੱਚ ਐੱਨ.ਐੱਮ.ਓ.ਪੀ.ਐੱਸ ਵੱਲੋਂ ਦਿੱਲੀ ਵਿਖੇ ਕੀਤੀ ਨੈਸ਼ਨਲ ਲੈਵਲ ਦੀ ਰੈਲੀ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਸਮਰਥਨ ਕੀਤਾ ਸੀ ਅਤੇ ਦਿੱਲੀ ਵਿਧਾਨ ਸਭਾ 'ਚ ਬਿੱਲ ਵੀ ਪਾਸ ਕੀਤਾ ਸੀ। ਇਸ ਮੌਕੇ ਨਵਦੀਪ ਚਾਨੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸਰਕਾਰ ਬਣਨ ਦਾ ਕਾਰਨ ਵੀ ਮੁਲਾਜ਼ਮਾਂ ਦੀ ਪੁਰਾਣੀਆਂ ਸਰਕਾਰਾਂ ਦੀ ਗ਼ਲਤ ਨੀਤੀਆਂ ਹਨ। ਇੱਕ ਮੁਲਾਜ਼ਮ ਜੋਂ ਭਾਰੀ ਭਰਕਮ ਟੈਸਟ ਦੇ ਕੇ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਵੀ ਬੁਢਾਪੇ ਦੀ ਸਮਾਜਿਕ ਸੁਰੱਖਿਆ ਰੂਪੀ ਪੁਰਾਣੀ ਪੈਂਨਸ਼ਨ ਤੋਂ ਵਾਝਾਂ ਹੈ। ਰਾਕੇਸ਼ ਕੁਮਾਰ ਪ੍ਰਧਾਨ ਸੀ.ਪੀ.ਐੱਫ ਯੂਨੀਅਨ ਪੰਜਾਬੀ ਯੂਨੀਵਰਿਟੀ ਇਕਾਈ ਨੇ ਕਿਹਾ ਕਿ ਮਾਨ ਸਰਕਾਰ ਜਲਦੀ ਤੋਂ ਜਲਦੀ ਪੁਰਾਣੀ ਪੈਂਨਸ਼ਨ ਬਹਾਲੀ ਸੰਬੰਧੀ ਨੋਟੀਫੀਕੇਸ਼ਨ ਜਾਰੀ ਕਰੇ ਤਾਂ ਜੋਂ ਜਿੱਥੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਜਾਵੇ ਉੱਥੇ 'ਜੋਂ ਕਿਹਾ ਓਹ ਕੀਤਾ' ਦੇ ਤਹਿਤ ਆਪ ਪਾਰਟੀ ਦਾ ਕਦ ਰਾਜਨੀਤਕ ਤੌਰ ਤੇ ਰਾਸ਼ਟਰੀ ਪੱਧਰ 'ਤੇ ਵਧੇ। ਇਸ ਕਰਕੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਦਾ ਗੁਹਾਰ ਹੈ ਕਿ ਮਾਨ ਸਰਕਾਰ ਜਲਦੀ ਤੋਂ ਜਲਦੀ ਰਾਜਸਥਾਨ ਅਤੇ ਛੱਤੀਸਗੜ੍ਹ ਦੀ ਤਰਜ 'ਤੇ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ । ਇਸ ਮੌਕੇ ਸੰਦੀਪ ਸਿੰਘ ਅਤੇ ਹਰਮੀਤ ਸਿੰਘ ਮੌਜੂਦ ਸਨ।