*ਚੋਣਾਂ ਦੀ ਰੀੜ ਦੀ ਹੱਡੀ ਸਮਝੇ ਜਾਂਦੇ ਬੀ.ਐਲ.ਓਜ਼ ਦੀਆਂ ਮੰਗਾਂ ਪ੍ਰਤੀ ਚੋਣ ਕਮਿਸ਼ਨ ਗੈਰ ਸੰਜੀਦਾ*
*ਬੀ.ਐਲ.ਓ. ਯੂਨੀਅਨ ਨੇ ਰਿਟਰਨਿੰਗ ਅਫ਼ਸਰਜ਼ ਨੂੰ ਦਿੱਤਾ ਮੰਗ ਪੱਤਰ*
ਬਠਿੰਡਾ ( ): ਚੋਣਾਂ ਦੇ ਲਗਾਤਾਰ ਅਤੇ ਨਿਰੰਤਰ ਚੱਲਣ ਵਾਲੇ ਕੰਮ ਲਈ ਵੱਖ ਵੱਖ ਮਹਿਕਮਿਆਂ ਤੋਂ ਨਿਯੁਕਤ ਕੀਤੇ ਬੂਥ ਲੈਵਲ ਅਫਸਰ ਜਿੱਥੇ ਆਪਣੇ ਮਹਿਕਮਿਆਂ ਦੀ ਡਿਊਟੀ ਨਿਭਾਉਂਦੇ ਹਨ ਉੱਥੇ ਚੋਣ ਕਮਿਸ਼ਨ ਵੱਲੋਂ ਦਿੱਤੀ ਦੂਹਰੀ ਸਾਰਾ ਸਾਲ ਚੋਣ ਡਿਊਟੀ ਨਿਭਾਉਣ ਲਈ ਮਜਬੂਰ ਹਨ। ਜਦ ਕਿ ਚੋਣ ਕਮਿਸ਼ਨ ਵੱਲੋਂ ਬੇਹੱਦ ਨਿਗੂਣਾ ਮਿਹਨਤਾਨਾ ਦੇ ਕੇ ਸਾਰਾ ਸਾਲ ਵੋਟਾਂ ਦੀ ਸੁਧਾਈ ਤੋਂ ਬਿਨਾਂ ਹੋਰ ਬਹੁਤ ਤਰਾਂ ਦੇ ਸਰਵੇ ਵੀ ਕਰਵਾਏ ਜਾਂਦੇ ਹਨ। ਜਿਸ 'ਤੇ ਇਹਨਾ ਨੂੰ ਪੱਲਿਓਂ ਖਰਚ ਕਰਨਾ ਪੈ ਰਿਹਾ ਹੈ। ਇਸ ਸਬੰਧੀ ਅੱਜ ਬੀ.ਐਲ.ਓ ਯੂਨੀਅਨ ਜ਼ਿਲ੍ਹਾ ਬਠਿੰਡਾ ਦੀ ਅਹਿਮ ਮੀਟਿੰਗ ਅੰਬੇਦਕਰ ਪਾਰਕ ਬਠਿੰਡਾ ਵਿਖੇ ਕੀਤੀ ਗਈ।
ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐਲ.ਓ. ਯੂਨੀਅਨ ਬਠਿੰਡਾ ਦੇ ਆਗੂ ਗੁਰਵਿੰਦਰ ਸਿੰਘ ਸੰਧੂ, ਭੋਲਾ ਰਾਮ ਤਲਵੰਡੀ, ਹਰਮਿੰਦਰ ਸਿੰਘ ਮਾਨ, ਜਸਵਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਮਹਿਕਮਿਆਂ ਵਿਚੋਂ ਨਿਯੁਕਤ ਕੀਤੇ ਬੀ.ਐਲ.ਓਜ ਜਿੱਥੇ ਆਪਣੇ ਮਹਿਕਮਿਆਂ ਅੰਦਰ ਡਿਊਟੀ ਨਿਭਾਅ ਰਹੇ ਹਨ ਉੱਥੇ ਚੋਣਾਂ ਦੀ ਸੁਧਾਈ ਤੋਂ ਲੈ ਕੇ ਅਨੇਕਾਂ ਤਰਾਂ ਦੇ ਘਰ-ਘਰ ਜਾ ਕੇ ਸਰਵੇ ਜੋ ਚੋਣ ਕਮਿਸ਼ਨ ਵੱਲੋਂ ਸਮੇਂ ਸਮੇਂ ਤੇ ਦਿੱੱਤੇ ਜਾਂਦੇ ਹਨ ਓਹ ਵੀ ਕੀਤੇ ਜਾਂਦੇ ਹਨ। ਇਸ ਸਾਰੇ ਕੰਮ ਦੇ ਲਈ ਚੋਣ ਕਮਿਸ਼ਨ ਵੱਲੋਂ ਦਿੱੱਤੇ ਜਾਂਦੇ ਨਿਗੂਣੇ ਮਿਹਨਤਾਨੇ ਨਾਲੋਂ ਦੁੱਗਣਾ ਖਰਚ ਜਿੱਥੇ ਆਪਣੀਆਂ ਜੇਬਾਂ ਵਿਚੋਂ ਖਰਚ ਕਰਦੇ ਹਨ ਉੱਥੇ ਛੁੱਟੀਆਂ ਵਾਲੇ ਦਿਨਾਂ ਦੌਰਾਨ ਵੀ ਬਿਨਾਂ ਕੋਈ ਇਵਜ਼ੀ ਛੁੱਟੀ ਦਿੱੱਤੇ ਕੰਮ ਕੀਤਾ ਜਾਂਦਾ ਹੈ। ਓਹਨਾ ਕਿਹਾ ਕਿ ਨਾ ਕੋਈ ਸਟੇਸ਼ਨਰੀ, ਰਿਕਾਰਡ ਦੀ ਸਾਂਭ ਸੰਭਾਲ ਲਈ ਸੰਦ ਸਾਧਨ, ਇਥੋਂ ਤੱਕ ਕਿ ਬੈਠਣ ਦਾ ਪ੍ਰਬੰਧ ਵੀ ਸਮੂਹ ਬੀ.ਐਲ.ਓ. ਆਪਣੇ ਕੋਲੋਂ ਕਰਦੇ ਹਨ। ਚੋਣ ਕਮਿਸ਼ਨ ਮੁਫ਼ਤ ਵਿੱੱਚ ਹੀ ਮੁਲਾਜ਼ਮਾਂ ਦੀ ਛਿੱਲ ਪੁੱਟ ਰਿਹਾ ਹੈ। ਉਨ੍ਹਾਂ ਕਮਿਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਮੂਹ ਬੀ.ਐਲ.ਓ. ਦਾ ਮਿਹਨਤਾਨਾ ਘੱਟੋ-ਘੱਟ 31000/- ਰੁਪਏ ਕੀਤਾ ਜਾਵੇ, ਵੋਟਾਂ ਦੀ ਸੁਧਾਈ ਤੋਂ ਬਿਨਾਂ ਹੋਰ ਕਿਸੇ ਵੀ ਤਰਾਂ ਦਾ ਕੰਮ ਬੀ.ਐਲ ਓਜ਼ ਤੋਂ ਨਾ ਲਿਆ ਜਾਵੇ, ਛੁੱਟੀ ਵਾਲੇ ਦਿਨਾਂ ਵਿੱੱਚ ਕੀਤੇ ਕੰਮ ਦੇ ਬਦਲੇ ਸਪੈਸ਼ਲ ਛੁੱਟੀ ਦਿੱਤੀ ਜਾਵੇ, ਬੀ.ਐਲ.ਓਜ ਦੀ ਡਿਊਟੀ ਦੌਰਾਨ ਮੌਤ ਹੋਣ ਉਪਰੰਤ 25 ਲੱਖ ਰੁਪਏ ਦਾ ਮੁਆਵਜ਼ਾ ਅਤੇ ਫੱਟੜ ਹੋਣ ਦੀ ਸੂਰਤ ਵਿੱੱਚ ਇਲਾਜ ਦਾ ਸਮੁੱਚਾ ਖਰਚ ਚੋਣ ਕਮਿਸ਼ਨ ਆਪਣੇ ਪੱਲਿਓਂ ਕਰੇ, ਚੋਣਾਂ ਦੇ ਕੰਮ ਲਈ ਸਟੇਸ਼ਨਰੀ, ਲੈਪਟਾਪ, ਪ੍ਰਿੰਟਰ, ਨੈੱਟ ਪੈਕ ਅਤੇ ਰਿਕਾਰਡ ਦੀ ਸਾਂਭ ਸੰਭਾਲ ਲਈ ਲੋਂੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇ, ਪੰਜ ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਬੀ.ਐਲ.ਓਜ਼ ਦੀ ਜਗ੍ਹਾ ਰੋਟੇਸ਼ਨ ਵਾਈਜ਼ ਕਿਸੇ ਹੋਰ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ। ਚੋਣਾਂ ਦੇ ਕੰਮ ਸਮੇਂ ਬੀ.ਐਲ.ਓਜ਼ ਨੂੰ ਓਹਨਾ ਦੇ ਪਿੱਤਰੀ ਵਿਭਾਗ ਦੀ ਡਿਊਟੀ ਤੋਂ ਪੂਰੀ ਤਰਾਂ ਮੁਕਤ ਕੀਤਾ ਜਾਵੇ। ਇਸ ਤੋਂ ਬਿਨਾਂ ਸਮੂਹ ਬੀ.ਐਲ.ਓ ਨੂੰ ਟੋਲ ਬੈਰੀਅਰ ਅਤੇ ਪਾਰਕਿੰਗ ਫ਼ੀਸ ਤੋਂ ਛੋਟ ਦਿੱਤੀ ਜਾਵੇ ਅਤੇ ਸਥਾਨਕ ਚੋਣਾਂ ਵਿੱੱਚ ਬੀ.ਐਲ.ਓਜ਼ ਦੀਆਂ ਪੋਲਿੰਗ ਸਟਾਫ਼ ਵਜੋਂ ਡਿਊਟੀਆਂ ਨਾ ਲਗਾਈਆਂ ਜਾਣ। ਇਹਨਾ ਮੰਗਾਂ ਨੂੰ ਲੈ ਕੇ ਸਮੂਹ ਬੀ.ਐਲ.ਓਜ ਵੱਲੋਂ ਆਪੋ-ਆਪਣੇ ਹਲਕਿਆਂ ਅੰਦਰ ਮੰਗ ਪੱਤਰ ਦੇ ਕੇ ਚੋਣ ਕਮਿਸ਼ਨ ਤੋਂ ਸਮੁੱਚੀਆਂ ਮੰਗਾਂ ਦੀ ਪ੍ਰਾਪਤੀ ਲਈ ਮੰਗ ਕੀਤੀ ਜਾਵੇਗੀ। ਮੰਗਾਂ ਨਾ ਮੰਨਣ ਦੀ ਸੂਰਤ ਵਿੱੱਚ ਇਸ ਦੇ ਖਿਲਾਫ਼ ਸਮੁੱਚੇ ਬੀ.ਐਲ.ਓਜ਼ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਤੋਂ ਬਾਅਦ ਯੂਨੀਅਨ ਵੱਲੋਂ ਵੱਖ-ਵੱਖ ਹਲਕਿਆਂ ਦੇ ਰਿਟਰਨਿੰਗ ਅਫ਼ਸਰ ਸਾਹਿਬਾਨ ਨੂੰ ਬੀ.ਐਲ.ਓਜ਼ ਦੀਆਂ ਇਨ੍ਹਾਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਮੱਲਕੇ, ਪ੍ਰਕਾਸ਼ ਸਿੰਘ, ਜਸਵਿੰਦਰ ਸਿੰਘ ਸੰਦੋਹਾ, ਗੁਰਮੁੱਖ ਸਿੰਘ ਨਥਾਣਾ, ਗੁਰਪ੍ਰੀਤ ਸਿੰਘ ਖੇਮੋਆਣਾ, ਰਾਮ ਸਿੰਘ, ਅੰਗਰੇਜ ਸਿੰਘ, ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।