ਸਿੱਖਿਆ ਮੰਤਰੀ ਦੇ ਘਿਰਾਓ ਲਈ ਜ਼ੋਰਦਾਰ ਤਿਆਰੀਆਂ; ਪੱਕਾ ਮੋਰਚਾ ਅਤੇ ਭੁੱਖ ਹੜਤਾਲ ਜਾਰੀ
22 ਦਿਨਾਂ ਤੋਂ ਲਗਾਤਾਰ ਟੈਂਕੀ ਉੱਤੇ ਡਟੇ ਬੇਰੁਜ਼ਗਾਰ
ਦਲਜੀਤ ਕੌਰ ਭਵਾਨੀਗੜ੍ਹ
ਜਲੰਧਰ, 18 ਨਵੰਬਰ, 2021: ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ ਭਾਵੇਂ ਕੁਝ ਦਿਨਾਂ ਵਿੱਚ ਮਾਸਟਰ ਕੇਡਰ ਦੀ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ, ਪ੍ਰੰਤੂ ਜੇਕਰ ਪਿਛਲੇ ਸਮੇਂ ਵਾਂਗ ਲਾਰਾ ਸਾਬਤ ਹੋਇਆ ਤਾਂ 23 ਨਵੰਬਰ ਨੂੰ ਲਾਮਿਸਾਲ ਇਕੱਠ ਕਰਕੇ ਮੁੜ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਕਤ ਜਾਣਕਾਰੀ ਸਥਾਨਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਹੇਠ ਚੱਲ ਰਹੇ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਚੱਲ ਰਹੇ ਮੋਰਚੇ ਤੋਂ ਸੂਬਾਈ ਆਗੂ ਅਮਨਦੀਪ ਸਿੰਘ ਸੇਖਾ ਨੇ ਦਿੱਤੀ।
ਅਮਨਦੀਪ ਸੇਖਾ ਨੇ ਦੱਸਿਆ ਕਿ ਕਰੀਬ 2 ਮਹੀਨੇ ਤੋਂ ਲਗਾਤਾਰ ਨਵੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਲਾਰੇ ਲਗਾਉਂਦੇ ਆ ਰਹੇ ਹਨ। ਹਰੇਕ ਮੀਟਿੰਗ ਵਿੱਚ "ਇੱਕ ਹਫਤਾ" ਆਖ ਕੇ ਲਾਰਾ ਲਗਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਰਦੀ ਦਾ ਵਧ ਰਿਹਾ ਪ੍ਰਕੋਪ ਵੀ ਟੈਂਕੀ ਉੱਤੇ ਬੈਠੇ ਬੇਰੁਜ਼ਗਾਰ ਮੁਨੀਸ਼ ਅਤੇ ਜਸਵੰਤ ਦਾ ਸਬਰ ਪਰਖ ਰਿਹਾ ਹੈ। ਦੋਵੇਂ ਬੇਰੁਜ਼ਗਾਰ 28 ਅਕਤੂਬਰ (22 ਦਿਨਾਂ) ਤੋਂ ਟੈਂਕੀ ਉੱਤੇ ਡੱਟੇ ਹੋਏ ਹਨ।
ਉੱਧਰ ਟੈਂਕੀ ਦੇ ਹੇਠਾਂ ਲੱਗੇ ਪੱਕੇ ਮੋਰਚੇ ਵਿੱਚ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਉੱਤੇ ਅੱਜ ਸਰਬਜੀਤ ਸਿੰਘ ਤਰੋਬੜੀ ਲਾਧੂਕਾ, ਹਰਮੇਸ਼ ਸਿੰਘ ਥਲੇਸ਼ (ਸੰਗਰੂਰ), ਗੁਰਦੀਪ ਸਿੰਘ ਖੈਰੇ ਕੇ (ਫਾਜ਼ਿਲਕਾ), ਕਰਨੈਲ ਸਿੰਘ ਚੱਕ ਟਾਹਲੀਵਾਲਾ (ਫਾਜ਼ਿਲਕਾ), ਬਲਵਿੰਦਰ ਸਿੰਘ ਟਿਵਾਣਾ ਕਲਾਂ (ਫਾਜ਼ਿਲਕਾ) ਆਦਿ ਭੁੱਖ ਹੜਤਾਲ ਤੇ ਬੈਠੇ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਰਸ਼ਪਾਲ ਜਲਾਲਾਬਾਦ ਨੇ ਸਿੱਖਿਆ ਮੰਤਰੀ ਤੋਂ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੀਆਂ 9000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਇਸ ਮੌਕੇ ਬਲਜਿੰਦਰ ਗਿਲਜੇਵਾਲਾ, ਹਰਦਮ ਸੰਗਰੂਰ, ਅਵਤਾਰ ਭੁੱਲਰਹੇੜੀ, ਮਨਦੀਪ ਭੱਦਲਵੱਢ, ਸੁਖਵੀਰ ਦੁਗਾਲ, ਗੁਲਾਬ ਸਿੰਘ ਬਖੋਰਾ ਕਲਾਂ, ਜਸਵੰਤ ਰਾਏ ਘੁਬਾਇਆ ਆਦਿ ਹਾਜ਼ਰ ਸਨ।