ਹੁਸੈਨਪੁਰ ਦੀ ਅਗਵਾਈ 'ਚ ਕੈਂਡਲ ਮਾਰਚ ਕਰਕੇ ਰੋਸ ਪ੍ਰਗਟਾਵਾ ਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ
ਨਵਾਂਸ਼ਹਿਰ/ਰਾਹੋਂ 06 ਅਕਤੂਬਰ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਭਾਜਪਾ ਆਗੂ ਤੇ ਮੰਤਰੀ ਦੇ ਮੁੰਡੇ ਦੀ ਦਰਿੰਦਗੀ ਨਾਲ ਸ਼ਹੀਦੀ ਪਾ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਭਾਜਪਾ, ਕੇਂਦਰੀ ਸਰਕਾਰ ਅਤੇ ਯੂ ਪੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਰਾਹੋਂ ਵਿਖੇ ਬਰਜਿੰਦਰ ਸਿੰਘ ਹੁਸੈਨਪੁਰ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ।
ਇਸ ਮੌਕੇ ਤੇ ਬੋਲਦਿਆਂ ਬਰਜਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਕਿ ਜੋ ਕੁਝ ਲਖੀਮਪੁਰ ਖੀਰੀ ਵਿੱਚ ਹੋਇਆ ਉਹ ਕੋਈ ਅਚਨਚੇਤ ਨਹੀਂ ਵਾਪਰਿਆ ਸਗੋਂ ਪਹਿਲਾਂ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਕਤਲੇਆਮ ਹੈ ।ਅਜਿਹੀਆਂ ਘਟਨਾਵਾਂ ਕਿਸਾਨਾਂ ਖਾਸ ਕਰਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੀਆਂ ਹਨ । ਕਿਸਾਨ ਸੰਘਰਸ਼ ਸ਼ੁਰੂ ਹੋਣ ਦੇ ਸਮੇਂ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਬੇਰੁਖ਼ੀ ਕਾਰਨ ਉਹ ਵੀ ਇਸ ਕਤਲੇਆਮ ਲਈ ਜ਼ਿੰਮੇਵਾਰ ਹਨ । ਸ. ਹੁਸੈਨਪੁਰ ਨੇ ਕਿਹਾ ਕਿ ਉਹ ਹਰ ਤਰ੍ਹਾਂ ਕਿਸਾਨਾਂ ਦੇ ਨਾਲ ਖਡ਼੍ਹੇ ਹਨ ਤੇ ਪੀਡ਼ਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ,ਤੀਰਥ ਸਿੰਘ ਚਡ਼੍ਹਦੀਕਲਾ, ਸੁਰਿੰਦਰ ਸਿੰਘ ਭਾਰਟਾ, ਕੁਲਦੀਪ ਸਿੰਘ ਰਤਨ, ਸੰਨੀ ਸਿੰਘ, ਹਰਪ੍ਰੀਤ ਸਿੰਘ , ਬਲਵੀਰ ਸਿੰਘ ਥਾਂਦੀ , ਮੱਖਣ ਸਿੰਘ ਆਦਿ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਇਸ ਕੈਂਡਲ ਮਾਰਚ ਵਿੱਚ ਸ਼ਿਰਕਤ ਕੀਤੀ ।