ਅਧਿਆਪਕ ਦੇਸ਼ ਦੇ ਉੱਜਵਲ ਭਵਿੱਖ ਦਾ ਆਧਾਰ ਬਣਾਉਂਦੇ ਹਨ- ਸਿੱਖਿਆ ਮੰਤਰੀ
ਗਾਂਧੀ ਜਯੰਤੀ ਮੌਕੇ ਸਿੱਖਿਆ ਵਿਭਾਗ ਦੇ ਵੱਲੋਂ ਜਲੰਧਰ ਵਿਖੇ ਕੀਤਾ ਗਿਆ ਸਮਾਗਮ
ਸਮਾਰਟ ਸਕੂਲ ਪ੍ਰੋਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਜ਼ਿਲ੍ਹਾ ਮੈਂਟਰਾਂ ਨੂੰ ਕੀਤਾ ਸਨਮਾਨਿਤ
ਜਲੰਧਰ 2 ਅਕਤੂਬਰ ( )
ਸਿੱਖਿਆ, ਖੇਡ ਅਤੇ ਪਰਵਾਸੀ ਭਾਰਤੀਆਂ ਦੇ ਮਾਮਲਿਆਂ ਸਬੰਧੀ ਮੰਤਰੀ ਸ੍ਰੀ ਪ੍ਰਗਟ ਸਿੰਘ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਗਾਂਧੀ ਜਯੰਤੀ ਦੇ ਮੌਕੇ ਦਫਤਰ ਡਿਪਟੀ ਕਮਿਸ਼ਨਰ ਜਲੰਧਰ ਦੇ ਕਮੇਟੀ ਹਾਲ ਵਿਚ ਆਯੋਜਿਤ ਵਿਸ਼ੇਸ਼ ਮੀਟਿੰਗ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਅੱਵਲ ਨੰਬਰ ਤੇ ਹੈ ਅਤੇ ਇਸਨੂੰ ਮੋਹਰੀ ਬਣਾਈ ਰੱਖਣ ਲਈ ਇੱਕ ਟੀਮ ਵਜੋਂ ਕੰਮ ਕੀਤਾ ਜਾਵੇਗਾ। ਉਹਨਾਂ ਨੇ ਇਸ ਮੌਕੇ ਸਿੱਖਿਆ ਵਿਭਾਗ ਵਲੋਂ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਦਾ ਰਿਵਿਯੂ ਕੀਤਾ ਅਤੇ ਨਾਲ ਹੀ ਆਉਣ ਵਾਲੇ 100 ਦਿਨਾਂ ਦੇ ਕਾਰਜਾਂ ਸਬੰਧੀ ਬਣਾਏ ਗਏ ਰੋਡ ਮੈਪ ਤੇ ਪੂਰੀ ਤਨਦੇਹੀ ਨਾਲ ਕਾਰਜ ਕਰਨ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਇਸ ਮਕਸਦ ਲਈ ਬੁੱਧੀਜੀਵੀ ਸ਼ਖਸ਼ੀਅਤਾਂ ਨੂੰ ਨਾਲ ਲੈ ਕੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਨਵੇਂ ਮਾਪਦੰਡਾਂ ਤੇ ਕਾਰਜ ਕਰਨ ਲਈ ਵਿਉਂਤਬੰਦੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਹੜੇ ਅਧਿਆਪਕਾਂ ਨੇ ਸਮਾਰਟ ਸਕੂਲ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ ਹੈ ਉਹਨਾਂ ਨੂੰ ਸਨਮਾਨਿਤ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਅਤੇ ਨਾਲ ਹੀ ਪ੍ਰੇਰਿਤ ਕਰਦਿਆਂ ਕਿਹਾ ਕਿ ਬਾਕੀ ਰਹਿੰਦੇ ਸਮਾਰਟ ਸਕੂਲਾਂ ਦੇ ਕੰਮ ਨੂੰ ਸਰਕਾਰ ਅਤੇ ਸਮੁਦਾਏ ਦੇ ਸਹਿਯੋਗ ਨਾਲ ਜਲਦ ਪੂਰਾ ਵੀ ਕੀਤਾ ਜਾਵੇ।
ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਲਈ ਸਰੀਰਕ ਸਿੱਖਿਆ ਅਧਿਆਪਕਾਂ ਦਾ ਯੋਗਦਾਨ ਲੈਣ ਹਿਤ ਇੱਕ ਵਿਸ਼ੇਸ਼ ਟੀਮ ਬਣਾਉਣ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਪੈਂਡਿੰਗ ਗ੍ਰਿਵੀਐਨਸਜ਼ ਨੂੰ ਵੀ ਜਲਦ ਆਨਲਾਈਨ ਪ੍ਰਕਿਰਿਆ ਰਾਹੀਂ ਹੱਲ ਕਰਨ ਲਈ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਉਹਨਾਂ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਮਾਰਟ ਸਕੂਲ ਮੈਂਟਰਜ਼ ਅਤੇ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਿਹਨਾਂ ਨੇ ਜ਼ਿਲ੍ਹਾ ਪੱਧਰ ਤੇ ਜ਼ਿੰਮੇਂਵਾਰੀ ਨਿਭਾਉਂਦਿਆਂ ਸਮਾਰਟ ਸਕੂਲ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ ਹੈ।
ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਿਭਾਗ ਦੇ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਅਤੇ ਪ੍ਰਾਪਤੀਆਂ ਦੀ ਰਿਪੋਰਟ ਵੀ ਮੀਟਿੰਗ ਵਿੱਚ ਸਾਂਝੀ ਕੀਤੀ।
ਗਾਂਧੀ ਜਯੰਤੀ ਮੌਕੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ 27 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ ਤੇ ਨਿਯੁਕਤੀ ਪੱਤਰ ਦਿੱਤੇ। ਇਨ੍ਹਾਂ ਲਾਭਪਾਤਰੀਆਂ ਵਿੱਚ 1 ਸਾਇੰਸ ਅਧਿਆਪਕ, 6 ਕਲਰਕ, 2 ਐੱਸ.ਐੱਲ.ਏ., 4 ਚੌਂਕੀਦਾਰ, 2 ਸਵੀਪਰ ਅਤੇ 12 ਚਪੜਾਸੀ ਦੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ।
ਇਸ ਮੌਕੇ ਡੀ.ਪੀ.ਆਈ. ਸਕੈਂਡਰੀ ਸਿੱਖਿਆ ਪੰਜਾਬ ਸੁਖਜੀਤ ਪਾਲ ਸਿੰਘ, ਡੀ.ਪੀ.ਆਈ. ਐਲੀਮੈਂਟਰੀ ਸਿੱਖਿਆ ਹਰਿੰਦਰ ਕੌਰ, ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ: ਜਰਨੈਲ ਸਿੰਘ ਕਾਲੇਕੇ, ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਮਨੋਜ ਕੁਮਾਰ, ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਹਰਿੰਦਰ ਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਲੰਧਰ, ਰਾਮ ਪਾਲ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਜਲੰਧਰ ਤੋਂ ਇਲਾਵਾ ਸਮੂਹ ਜ਼ਿਲ੍ਹਾ ਸਿੱਖਿਆ ਸੈਕੰਡਰੀ ਅਫ਼ਸਰ ਅਤੇ ਐਲੀਮੈਂਟਰੀ ਸਿੱਖਿਆ, ਸਮੂਹ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅਤੇ ਐਲੀਮੈਂਟਰੀ ਸਿੱਖਿਆ, ਸਮੂਹ ਡੀ ਐੱਸ ਐੱਮ, ਸਮੂਹ ਜ਼ਿਲ੍ਹਾ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।