ਸਿੱਖਣ ਸਹਾਇਕ ਸਮੱਗਰੀ ਦੀ ਇੱਕ ਦਿਨਾ ਵਿਸ਼ੇਸ਼ ਸਿਖਲਾਈ ਵਰਕਸ਼ਾਪ ਆਯੋਜਿਤ
ਐਸ.ਏ.ਐਸ. ਨਗਰ 30 ਸਤੰਬਰ: ਨੈਸ਼ਨਲ ਅਚੀਵਮੈਂਟ ਸਰਵੇ-2021 ‘ਚ ਸ਼ਾਨਦਾਰ ਨਤੀਜੇ ਦੇਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਨਿਰਦੇਸ਼ਕ ਰਾਜ ਸਿੱਖਿਆ ਖੋਜ਼ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਤੀਸਰੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਸਿੱਖਣ ਸਹਾਇਕ ਸਮੱਗਰੀ ਦੀ ਵਰਤੋਂ ਕਰਨ ਸਬੰਧੀ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਦੌਰਾਨ ਸਵੇਰ ਦੇ ਸ਼ੈਸ਼ਨ ‘ਚ ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਰੂਪਨਗਰ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ ਸੰਗਰੂਰ ਜਿਲਿ੍ਹਆਂ ਦੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੇ ਰਿਸੋਰਸ ਪਰਸਨਜ਼ ਨੂੰ ਸਿਖਲਾਈ ਦਿੱਤੀ ਗਈ। ਬਾਅਦ ਦੁਪਹਿਰ ਦੇ ਸ਼ੈਸ਼ਨ ਦੌਰਾਨ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਮੋਗਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਤੇ ਤਰਨਤਾਰਨ ਦੇ ਰਿਸੋਰਸਪਰਸਨਜ਼ ਨੂੰ ਸਿਖਲਾਈ ਦਿੱਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਨੇ ਕਿਹਾ ਕਿ ਇਹ ਰਿਸੋਰਸਪਰਸਨਜ਼ ਅੱਗੇ ਬਲਾਕ ਪੱਧਰ ‘ਤੇ ਸੈਂਟਰ ਹੈੱਡ ਟੀਚਰਜ਼, ਹੈੱਡ ਟੀਚਰਜ਼, ਪੰਜਵੀਂ ਤੇ ਤੀਸਰੀ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸਿਖਲਾਈ ਦੇਣਗੇ। ਬਲਾਕ ਪੱਧਰ ‘ਤੇ ਸਿਖਲਾਈ 4, 5 ਤੇ 6 ਅਕਤੂਬਰ ਨੂੰ ਬੈੱਚ ਵਾਈਜ਼ ਦਿੱਤੀ ਜਾਵੇਗੀ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਵਿਸ਼ੇਸ਼ ਬੁੱਕਲੈੱਟ ਪ੍ਰਦਾਨ ਕੀਤੀ ਗਈ ਹੈ। ਸਬੰਧਤ ਅਧਿਆਪਕਾਂ ਦਾ ਉਕਤ ਸਿਖਲਾਈ ਮੁਹਿੰਮ ‘ਚ ਸ਼ਾਮਲ ਹੋਣਾ ਲਾਜ਼ਮੀ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਅਗਵਾਈ ‘ਚ ਲਗਾਈਆਂ ਜਾਣ ਵਾਲੀਆਂ ਸਿਖਲਾਈ ਵਰਕਸ਼ਾਪਾਂ ਦਾ ਸਮੇਂ-ਸਮੇਂ ਸਿਰ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਨਿਰੀਖਣ ਕਰਦੇ ਰਹਿਣਗੇ।
ਤਸਵੀਰ:- ਸਿੱਖਣ ਸਹਾਇਕ ਸਮੱਗਰੀ ਸਬੰਧੀ ਵਰਕਸ਼ਾਪ ‘ਚ ਹਿੱਸਾ ਲੈਂਦੇ ਹੋਏ ਰਿਸੋਰਸ ਪਰਜ਼ਨਜ਼। |