ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸ਼ੀਏਸ਼ਨ ਦੇ ਵਫਦ ਨੇ ਸਿੱਖਿਆ ਸਕੱਤਰ ਨਾਲ ਕੀਤੀ ਅਹਿਮ ਮੀਟਿੰਗ
ਅਧਿਆਪਕਾਂ ਦੀਆਂ ਕਈ ਅਹਿਮ ਮੰਗਾਂ ਨੂੰ ਕੀਤਾ ਪ੍ਰਵਾਨ
ਫ਼ਰੀਦਕੋਟ, 23 ਅਗਸਤ 2021: ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸ਼ੀਏਸ਼ਨ ਦੇ ਵਫਦ ਨੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨਾਲ ਕੀਤੀ ਅਹਿਮ ਮੀਟਿੰਗ ਕੀਤੀ ਗਈ | ਇਸ ਮੀਟਿੰਗ ਸਬੰਧੀ ਗੁਰਪ੍ਰੀਤ ਸਿੰਘ ਰੁਪਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਸਕੱਤਰ ਨੇ ਕਿਹਾ ਹੈ ਕਿ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀਆਂ ਰਹਿੰਦੀਆਂ ਤਰੱਕੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਕਰ ਦਿੱਤਾ ਜਾਵੇਗਾ | ਸ੍ਰੀ ਰੂਪਰਾ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਕੋਰੋਨਾ ਪੀੜਿਤ ਹੋਏ ਅਧਿਆਪਕਾਂ ਵੱਲੋਂ ਲਈਆਂ ਗਈਆਂ ਛੁੱਟੀਆਂ ਨੂੰ ਇਕਾਂਤਵਾਸ ਛੁੱਟੀਆਂ 'ਚ ਬਦਲਣ ਦੀ ਮੰਗ ਸਬੰਧੀ ਜਲਦ ਹੀ ਵਿਭਾਗ ਵੱਲੋਂ ਪੱਤਰ ਜਾਰੀ ਕਰ ਦਿੱਤਾ ਜਾਵੇਗਾ | ਸ੍ਰੀ ਰੂਪਰਾ ਪ੍ਰਧਾਨ ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸ਼ੀਏਸ਼ਨ ਨੇ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਸਕੱਤਰ ਨੇ ਕਿਹਾ ਹੈ ਕਿ ਰੈਗੁਲਰ ਹੋਏ 8886 ਅਧਿਆਪਕਾਂ ਨੂੰ ਪੁਰਾਣੀ ਸਰਵਿਸ ਦੀ ਨੋਸ਼ਨਲ ਤੌਰ 'ਤੇ ਸੀਨੀਅਰਤਾ ਦੀ ਮੰਗ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ | ਐੱਸ.ਐੱਸ.ਏ./ਰਮਸਾ ਨਾਨ ਟੀਚਿੰਗ ਸਟਾਫ ਅਤੇ ਰਮਸਾ ਲੈੱਬ ਅਟੈਂਡੈਂਟਾਂ ਨੂੰ ਸਿੱਖਿਆ ਵਿਭਾਗ 'ਚ ਲਿਆ ਕੇ ਰੈਗੂਲਰ ਕਰਨ ਸਬੰਧੀ ਫਾਇਲ ਵਿਭਾਗ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਭੇਜੀ ਹੋਈ ਹੈ | ਸ੍ਰੀ ਰੂਪਰਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਆਮ ਬਦਲੀਆਂ ਸਬੰਧੀ ਵੀ ਅਹਿਮ ਮੁੱਦਿਆਂ 'ਤੇ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨਾਲ ਵਿਚਾਰ ਵਟਾਂਦਰਾ ਹੋਇਆ ਅਤੇ ਐਸੋਸ਼ੀਏਸ਼ਨ ਵੱਲੋਂ ਰੱਖੀਆਂ ਮੰਗਾਂ ਸਬੰਧੀ ਸਾਕਾਰਾਤਮਕ ਨਜ਼ਰੀਆ ਦੇਖਣ ਨੂੰ ਮਿਲਿਆ | ਇਸ ਵਿੱਚ ਬਦਲੀ ਰੱਦ ਕਰਵਾਉਣ ਤੋਂ ਬਾਅਦ ਜਿਹੜੇ ਅਧਿਆਪਕਾਂ ਨੂੰ 3 ਸਾਲ ਲਈ ਡੀ-ਬਾਰ ਕੀਤਾ ਜਾਂਦਾ ਹੈ ਉਹ ਨੂੰ ਨਿਆਂਪੂਰਨ ਨਹੀਂ ਕਿਹਾ ਜਾ ਸਕਦਾ | ਇਸ 'ਤੇ ਵਿਭਾਗ ਵੱਲੋਂ ਡੀਬਾਰ ਦੀ ਸ਼ਰਤ ਹਟਾਉਣ ਦੀ ਮੰਗ ਰੱਖੀ | ਜਿਸ ਸਬੰਧੀ ਵਿਭਾਗ ਨੇ ਕਿਹਾ ਕਿ ਇਹ ਕੇਸ ਮਾਨਯੋਗ ਅਦਾਲਤ 'ਚ ਲੰਬਿਤ ਹੈ | ਮਾਨਯੋਗ ਅਦਾਲਤ ਦਾ ਫੈਸਲਾ ਆਉੁਣ ਤੋਂ ਬਾਅਦ ਇਸ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ | ਐਸੋਸ਼ੀਏਸ਼ਨ ਨੇ ਚੌਥੇ ਗੇੜ 'ਚ ਹੋਈਆਂ ਬਦਲੀਆਂ ਸਬੰਧੀ ਅਧਿਆਪਕਾਂ ਦੀ ਮੰਗ ਰੱਖਦਿਆਂ ਕਿਹਾ ਕਿ ਜਿਹੜੇ ਅਧਿਆਪਕ ਬਦਲੀ ਰੱਦ ਕਰਵਾਉਣਾ ਚਾਹੁੰਦੇ ਹਨ | ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਬਦਲੀਆਂ ਸਿੱਖਿਆ ਸਕੱਤਰ ਨੇ ਕਿਹਾ ਕਿ ਬਦਲੀਆਂ ਦਾ ਆਖਰੀ ਗੇੜ ਲਾਗੂ ਹੋਣ ਉਪਰੰਤ ਬਦਲੀ ਰੱਦ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ | ਸ੍ਰੀ ਰੂਪਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਦਰਜਾ ਚਾਰ ਕਰਮਚਾਰੀਆਂ ਜਿਨ੍ਹਾਂ 'ਚ ਸਵੀਪਰ ਅਤੇ ਚੌਂਕੀਦਾਰ ਦੀ ਲੋੜ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ | ਇਸ ਲਈ ਸਕੂਲਾਂ 'ਚ ਦਰਜਾ ਚਾਰ ਦੀਆਂ ਅਸਾਮੀਆਂ ਦੀ ਭਰਤੀ ਕੀਤੀ ਜਾਵੇ | ਜਿਸ ਬਾਰੇ ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਦਰਜਾ ਚਾਰ ਕਰਮਚਾਰੀਆਂ ਜਿਸ 'ਚ ਸਵੀਪਰ ਅਤੇ ਚੌਂਕੀਦਾਰ ਆਉਂਦੇ ਹਨ | ਇਸ ਸਬੰਧੀ ਵਿੱਤ ਵਿਭਾਗ ਤੋਂ ਮਨਜ਼ੂਰੀ ਲੈ ਕੇ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ | ਇਸ ਮੌਕੇ ਸ਼ਮਿੰਦਰ ਮਾਨ ਫਰੀਦਕੋਟ, ਹੈਡਮਾਸਟਰ ਨਵਦੀਪ ਸ਼ਰਮਾ ਫਰੀਦਕੋਟ, ਸਪਰਜਨ ਜੌਨ ਫਰੀਦਕੋਟ, ਸੁਨੀਲ ਮੋਹਾਲੀ, ਸੁਨੀਲ ਧਨਾਸ ਅਤੇ ਐਸੋਸ਼ੀਏਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ |