ਰੂਪਨਗਰ, 23 ਅਗਸਤ 2021: ਰੂਪਨਗਰ ਜਿਲ੍ਹਾ ਕੋਰੋਨਾ ਦੀ ਲਾਗ ਤੋਂ ਮੁਕਤ ਹੋ ਚੁੱਕਿਆ ਹੈ ਅਤੇ ਪਿਛਲੇ 06 ਦਿਨਾਂ ਵਿੱਚ ਜਿਲ੍ਹੇ ਅੰਦਰ ਕੋਰੋਨਾ ਦਾ ਇੱਕ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਨਾਂ ਹੀ ਕੋਈ ਐਕਟਿਵ ਕੇਸ ਮੋਜੂਦ ਹੈ। ਇਹ ਜਾਣਕਾਰੀ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਲੰਬੇ ਵਕਫੇ ਮਗਰੋਂ ਜਿਲ੍ਹੇ ਅੰਦਰ ਕੋਰੋਨਾ ਮਰੀਜ ਨਿੱਲ ਪਾਏ ਗਏ ਹਨ ਅਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਫਿਲਹਾਲ ਇਸ ਬੀਮਾਰੀ ਤੇ ਕਾਬੂ ਪਾਉਣ ਵਿੱਚ ਅਸੀ ਸਫਲ ਹੋਏ ਹਾਂ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਬੀਮਾਰੀ ਤੇ ਕਾਬੂ ਤਾਂ ਪਾਇਆ ਜਾ ਸਕਿਆ ਹੈ ਕਿਉਂਕਿ ਲੋਕਾਂ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਵੱਧ ਚੜ੍ਹ ਕੇ ਕੋਰੋਨਾ ਵੈਕਸੀਨੇਸ਼ਨ ਲਗਵਾਈ ਹੈ ਅਤੇ ਆਪਣੇ ਆਪ ਨੂੰ ਵੈਕਸੀਨੇਟ ਕਰਵਾਉਣਾ ਸਾਡਾ ਸੱਭ ਦਾ ਫਰਜ ਹੈ ਸੋ ਸਾਨੂੰ ਆਪਣਾ ਫਰਜ ਸਮਝਦੇ ਹੋਏ ਵੈਕਸੀਨੇਸ਼ਨ ਦੀਆਂ ਦੋਵੇ ਖੁਰਾਕਾਂ ਜਰੂਰ ਲਗਵਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਉਹਨਾਂ ਕਿਹਾ ਕਿ ਬੇਸ਼ਕ ਅਸੀਂ ਹਾਲ ਦੀ ਘੜੀ ਕੋਰੋਨਾ ਤੇ ਕਾਬੂ ਪਾ ਲਿਆ ਹੈ ਪਰ ਫਿਰ ਵੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜਰ ਸਾਨੂੰ ਕੋਵਿਡ ਅਨੂਰੁਪ ਵਿਵਹਾਰ ਅਪਣਾਉਦੇ ਹੋਏ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਮਾਸਕ ਪਾ ਕੇ ਰੱਖਣਾ ਚਾਹੀਦਾ ਹੈ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਣਾ ਚਾਹੀਦਾ ਹੈ ਜਾਂ ਸੈਨੇਟਾਇਜ ਕਰਦੇ ਰਹਿਣਾ ਚਾਹੀਦਾ ਹੈ।