ਪੰਜਾਬ ਸਰਕਾਰ ਗੰਨੇ ਦੇ ਬਕਾਇਆ ਦਾ ਤੁਰੰਤ ਭੁਗਤਾਨ ਕਰੇ; ਭਾਅ 400 ਰੁਪਏ ਫੀ ਕੁਇੰਟਲ ਤੈਅ ਕੀਤਾ ਜਾਵੇ: ਕਿਸਾਨ ਮੋਰਚਾ
19 ਵਿਰੋਧੀ ਪਾਰਟੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਖੜ੍ਹਨ ਲਈ ਮਜ਼ਬੂਰ ਹੋਈਆਂ; ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਉਭਾਰੀ: ਕਿਸਾਨ ਆਗੂ
ਚੰਡੀਗੜ੍ਹ, 21 ਅਗਸਤ 2021: ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਸੂਬੇ ਭਰ 'ਚ ਜਾਰੀ ਪੱਕੇ-ਧਰਨੇ 325ਵੇਂ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਹੇ। ਅੱਜ ਧਰਨਿਆਂ ਵਿੱਚ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਜਲੰਧਰ ਜਿਲ੍ਹੇ ਵਿੱਚ ਗੰਨੇ ਦੀ ਲਾਹੇਵੰਦ ਭਾਅ ਲੈਣ ਲਈ ਅਤੇ ਬਕਾਇਆ ਦੇ ਭੁਗਤਾਨ ਲਈ ਲਾਏ ਧਰਨੇ ਦਾ ਮੁੱਦਾ ਭਾਰੂ ਰਿਹਾ। ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਗੰਨੇ ਦਾ ਭਾਅ ਨਹੀਂ ਵਧਾਇਆ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਗੰਨੇ ਦੇ ਭਾਅ ਵਿੱਚ ਮਹਿਜ਼ 15 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਸ ਭਾਅ ਨਾਲ ਫਸਲ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ ਗੰਨੇ ਦਾ ਮੁੱਲ 358 ਰੁਪਏ ਪ੍ਰਤੀ ਕੁਇੰਟਲ ਹੈ। ਪੰਜਾਬ ਦੇ ਕਿਸਾਨ 400 ਰੁਪਏ ਦੀ ਮੰਗ ਪੂਰੀ ਕਰਵਾਏ ਬਗੈਰ ਧਰਨਾ ਨਹੀਂ ਚੁੱਕਣਗੇ। ਪੰਜਾਬ ਦੇ ਕਿਸਾਨਾਂ ਦੇ ਗੰਨੇ ਦਾ 200 ਕਰੋੜ ਦਾ ਬਕਾਇਆ ਪਿਛਲੇ ਦੋ ਸਾਲ ਤੋਂ ਖੜ੍ਹਾ ਹੈ। ਆਗੂਆਂ ਨੇ ਕਿਹਾ ਕਿ ਇਸ ਬਕਾਇਆ ਦਾ ਭੁਗਤਾਨ ਤੁਰੰਤ ਕੀਤਾ ਜਾਵੇ, ਵਰਨਾ ਜਲੰਧਰ ਜਿਲ੍ਹੇ ਵਰਗੇ ਧਰਨੇ ਹੋਰ ਥਾਂਈ ਵੀ ਲਾਏ ਜਾਣਗੇ।
ਪੰਜਾਬ ਵਿੱਚ ਥਾਂ-ਥਾਂ ਤੇ ਕਿਸਾਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀਆਂ 19 ਸਿਆਸੀ ਪਾਰਟੀਆਂ ਨੇ 20 ਸਤੰਬਰ ਤੋਂ ਦਸ ਦਿਨ ਦਾ ਰੋਸ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਹੈ। ਆਪਣੀਆਂ ਮੰਗਾਂ ਦੇ ਚਾਰਟਰ ਵਿੱਚ ਇਨ੍ਹਾਂ ਪਾਰਟੀਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ। ਸਿਆਸੀ ਪਾਰਟੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਆਪਣੇ ਏਜੰਡੇ ਦਾ ਹਿੱਸਾ ਬਣਾਉਣਾ ਸਾਡੀ ਇਖਲਾਕੀ ਜਿੱਤ ਹੈ। ਅਸੀਂ ਜਿੱਤ ਵੱਲ ਵਧ ਰਹੇ ਹਾਂ ਅਤੇ ਸਾਡੀ ਹਮਾਇਤ ਦਾ ਘੇਰਾ ਦਿਨ-ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਹ ਪਾਰਟੀਆਂ ਸਾਡੀ ਜਥੇਬੰਦਕ ਤਾਕਤ ਕਾਰਨ ਹੀ ਸਾਡੀ ਗੱਲ ਕਰਨ ਲਈ ਮਜ਼ਬੂਰ ਹੋ ਰਹੀਆਂ ਹਨ। ਸਾਨੂੰ ਆਪਣਾ ਇਹ ਏਕਾ ਤੇ ਜਥੇਬੰਦਕ ਤਾਕਤ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦੀ ਜਰੂਰਤ ਹੈ।