ਮੁੱਖ ਮੰਤਰੀ ਵੱਲੋਂ ਆਜ਼ਾਦੀ ਸੰਘਰਸ਼ ਦੇ ਗੁੰਮਨਾਮ ਨਾਇਕਾਂ ਦੇ ਸਤਿਕਾਰ ਵਿੱਚ ਯਾਦਗਾਰ ਬਣਾਉਣ ਦਾ ਐਲਾਨ

 


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਭਾਰਤੀ ਆਜ਼ਾਦੀ ਸੰਘਰਸ਼ ਦੌਰਾਨ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿਚ ਜਾਨਾਂ ਨਿਛਾਵਰ ਕਰਨ ਵਾਲੇ ਅਣਗਿਣਤ ਗੁੰਮਨਾਮ ਨਾਇਕਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਵਜੋਂ ਇਕ ਯਾਦਗਾਰ ਦਾ ਨਿਰਮਾਣ ਛੇਤੀ ਕੀਤਾ ਜਾਵੇਗਾ।

ਇਹ ਯਾਦਗਾਰ ਵਤਨ ਦੇ ਪਰਵਾਨਿਆਂ ਨੂੰ ਸਮਰਪਿਤ ਹੋਵੇਗੀ ਜਿਨ੍ਹਾਂ ਨੂੰ ਕਾਲੇਪਾਣੀ ਵਜੋਂ ਜਾਣੀ ਜਾਂਦੀ ਬੇਰਹਿਮ ਸਜ਼ਾ ਭੁਗਤਣੀ ਪਈ।

ਅੱਜ ਇੱਥੇ ਰਾਜ ਪੱਧਰੀ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਯਾਦਗਾਰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਸੰਬਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਆਜ਼ਾਦੀ ਅੰਦੋਲਨ ਵਿਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਅਜਿਹੇ ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਖਾਸ ਕਰਕੇ ਪੰਜਾਬ ਨਾਲ ਸਬੰਧਤ ਵਤਨਪ੍ਰਸਤਾਂ ਦੀ ਸ਼ਨਾਖ਼ਤ ਕਰਨ ਲਈ ਉੱਘੇ ਇਤਿਹਾਸਕਾਰਾ ਅਤੇ ਵਿਦਵਾਨ ਪਹਿਲਾਂ ਹੀ ਬਹੁਤ ਖੋਜ ਕਰ ਚੁੱਕੇ ਹਨ।

ਮੁੱਖ ਮੰਤਰੀ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੁਨਾਮੀ ਨਾਲ ਤਬਾਹ ਹੋਏ ਇਲਾਕੇ ਦਾ ਦੌਰਾ ਕਰਨ ਮੌਕੇ ਅੰਡੇਮਨ ਟਾਪੂ ਵਿਚ ਸੈਲੂਲਰ ਜੇਲ੍ਹ ਦੀ ਫੇਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਕੰਧਾਂ ਉਤੇ ਸ਼ਹੀਦਾਂ ਦੇ ਉਕਰੇ ਹੋਏ ਨਾਵਾਂ ਵਿੱਚੋਂ ਉਹ ਕਿਸੇ ਨੂੰ ਵੀ ਨਹੀਂ ਜਾਣਦੇ ਸਨ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਕਾਲੇਪਾਣੀ ਦੀ ਸਜ਼ਾ ਭੁਗਤਦਿਆਂ ਗੁੰਮਨਾਮੀ ਵਿਚ ਹੀ ਇਸ ਜਹਾਨ ਤੋਂ ਤੁਰ ਗਏ ਅਤੇ ਉਨ੍ਹਾਂ ਦੀਆਂ ਯਾਦਾਂ ਵੀ ਜੇਲ੍ਹ ਤੱਕ ਹੀ ਮਹਿਦੂਦ ਹੋ ਕੇ ਰਹਿ ਗਈਆਂ। ਉਨ੍ਹਾਂ ਕਿਹਾ, “ਮਾਤਭੂਮੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਹੈ।”

ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਦੇ ਕਾਂਸੇ ਦੇ ਆਦਮ ਕੱਦ ਬੁੱਤ ਸਮੇਤ ਆਲ੍ਹਾ ਦਰਜੇ ਦੀ ਯਾਦਗਾਰ ਬਣਾਈ ਗਈ ਹੈ ਜਿਸ ਦੇ ਨਾਲ ਦੋਵੇਂ ਪਾਸੇ ਸਥਾਪਤ ਚਾਰ-ਚਾਰ ਪੱਥਰਾਂ ਉਤੇ ਸ਼ਹੀਦ ਊਧਮ ਸਿੰਘ ਦੇ ਜੀਵਨ, ਇਤਿਹਾਸ ਅਤੇ ਮਿਸਾਲੀ ਯੋਗਦਾਨ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿਚ ਉਕਰਿਆ ਹੋਇਆ ਹੈ। ਇਸ ਤੋਂ ਇਲਾਵਾ ਇਕ ਅਜਾਇਬ ਘਰ ਵੀ ਬਣਾਇਆ ਗਿਆ ਹੈ ਜਿੱਥੇ ਨਿਸ਼ਾਨੀਆਂ, ਵਿਲੱਖਣ ਤਸਵੀਰਾਂ, ਦਸਤਾਵੇਜ਼ ਤੇ ਮਹਾਨ ਸ਼ਹੀਦ ਦੀਆਂ ਅਸਥੀਆਂ ਕਲਸ਼ ਵਿਚ ਰੱਖੀਆਂ ਗਈਆਂ ਹਨ। ਇਸ ਯਾਦਗਾਰ ਉਤੇ 6.40 ਕਰੋੜ ਰੁਪਏ ਦੀ ਲਾਗਤ ਆਈ ਹੈ ਜਿਸ ਵਿੱਚੋਂ ਜ਼ਮੀਨ ਦੀ ਕੀਮਤ ਉਤੇ 3.40 ਕਰੋੜ ਜਦਕਿ ਬਾਕੀ 3 ਕਰੋੜ ਰੁਪਏ ਇਸ ਦੀ ਉਸਾਰੀ ਉਤੇ ਖਰਚ ਕੀਤੇ ਗਏ ਹਨ।

ਮਹਾਨ ਕ੍ਰਾਂਤੀਕਾਰੀ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦ ਦੀ ਮਿਸਾਲੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਵਿਚ ਕੌਮੀਅਤ ਅਤੇ ਦੇਸ਼ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਨੇ ਸਥਾਨਕ ਲੀਡਰਸ਼ਿਪ ਨੂੰ ਇਸ ਯਾਦਗਾਰ ਦਾ ਸਹੀ ਢੰਗ ਨਾਲ ਰੱਖ-ਰਖਾਅ ਕਰਨ ਦੀ ਅਪੀਲ ਕੀਤੀ ਕਿਉਂ ਜੋ ਉਨ੍ਹਾਂ ਨੇ ਦੇਖਿਆ ਹੈ ਕਿ ਕੁਝ ਸਮੇਂ ਬਾਅਦ ਸਤਿਕਾਰ ਦੇ ਪਾਤਰ ਅਜਿਹੀਆਂ ਥਾਵਾਂ ਅਣਗੌਲੀਆ ਹੋ ਜਾਂਦੀਆਂ ਹਨ ਜਦਕਿ ਅਜਿਹਾ ਨਹੀਂ ਵਾਪਰਨਾ ਚਾਹੀਦਾ।

ਇਸ ਦੌਰਾਨ ਮੁੱਖ ਮੰਤਰੀ ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਵੀ ਮਿਲੇ ਅਤੇ ਸਤਿਕਾਰ ਵਜੋਂ ਉਨ੍ਹਾਂ ਨੂੰ ਲੋਈ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਵਿਚ ਜੀਤ ਸਿੰਘ, ਗਿਆਨ ਸਿੰਘ, ਰਣਜੀਤ ਕੌਰ, ਜੀਤ ਸਿੰਘ ਪੁੱਤਰ ਬਚਨ ਸਿੰਘ, ਮੋਹਨ ਸਿੰਘ, ਸ਼ਾਮ ਸਿੰਘ, ਗੁਰਮੀਤ ਸਿੰਘ ਅਤੇ ਮਲਕੀਤ ਸਿੰਘ (ਸਾਰੇ ਸੁਨਾਮ ਵਾਸੀ) ਸ਼ਾਮਲ ਸਨ।

ਇਸ ਦੌਰਾਨ ਸਥਾਨਕ ਕਾਂਗਰਸੀ ਨੇਤਾ ਦਮਨ ਥਿੰਦ ਬਾਜਵਾ ਨੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੈਰ ਸਪਾਟਾ ਸੰਜੇ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਸੈਰ ਸਪਾਟਾ ਤੇ ਸਭਿੱਆਚਾਰਕ ਮਾਮਲੇ ਕਵੰਲ ਪ੍ਰੀਤ ਬਰਾੜ, ਡਿਪਟੀ ਕਮਿਸ਼ਨਰ ਰਾਮਵੀਰ, ਡੀ.ਆਈ.ਜੀ. ਵਿਕਰਮਜੀਤ ਦੁੱਗਲ ਅਤੇ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਹਾਜ਼ਰ ਸਨ।

Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends