ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਜੁਲਾਈ ਪ੍ਰੀਖਿਆਵਾਂ ਦਾ ਬਹੁਤ ਮਹੱਤਵ - ਜਿਲ੍ਹਾ ਸਿੱਖਿਆ ਅਫ਼ਸਰ
■ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਮਾਪਿਆਂ ਨੂੰ ਵੀ ਕੀਤੀ ਅਪੀਲ।
ਲੁਧਿਆਣਾ, 28 ਜੂਨ ( Dr Chhina )ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮੌਜ਼ੂਦਾ ਵਿੱਦਿਅਕ ਸੈਸ਼ਨ ਦੀ ਆਨਲਾਈਨ ਪੜ੍ਹਾਈ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਸਮਰਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਡਾ: ਚਰਨਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆ ਕਰਵਾਈ ਜਾ ਰਹੀ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕੀ 5 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਇਹਨਾਂ ਪ੍ਰੀਖਿਆਵਾਂ ਲਈ ਬਕਾਇਦਾ ਡੇਟਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ। ਸਿੱਖਿਆ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਪਾਬੰਦੀਆਂ ਦੇ ਚਲਦਿਆਂ ਵਿਦਿਆਰਥੀਆਂ ਲਈ ਸਕੂਲ ਬੰਦ ਹੋਣ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਅਤੇ ਟੈਲੀਵਿਜ਼ਨ ਜਰੀਏ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਅਧਿਆਪਕਾਂ ਵੱਲੋਂ ਰੋਜ਼ਾਨਾ ਆਨਲਾਈਨ ਜਮਾਤਾਂ ਲਗਾ ਕੇ ਵਿਦਿਆਰਥੀਆਂ ਨੂੰ ਪਾਠਕ੍ਰਮ ਕਰਵਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦਾ ਕੰਮ ਕਾਪੀਆਂ ਉੱਪਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਤਿਆਰ ਲੈਕਚਰ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ ਪੰਜਾਬੀ ਤੋਂ ਪ੍ਰਸਾਰਿਤ ਕਰਵਾ ਕੇ ਵੀ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖੀ ਜਾ ਰਹੀ ਹੈ। ਵਿਭਾਗ ਵੱਲੋਂ ਰੋਜ਼ਾਨਾ ਸਲਾਈਡਾਂ ਦੇ ਰੂਪ ਵਿੱਚ ਵੀ ਵਿਦਿਆਰਥੀਆਂ ਲਈ ਸਿੱਖਣ ਸਮੱਗਰੀ ਭੇਜੀ ਜਾ ਰਹੀ ਹੈ।
ਜਿਲ੍ਹਾ ਮੀਡੀਆ ਕੋਆਰਡੀਨੇਟਰ ਕਮ ਪ੍ਰਿੰਸੀਪਲ ਡਾ: ਦਵਿੰਦਰ ਸਿੰਘ ਛੀਨਾ and Distt social media coordinator madam Anju Sood ਨੇ ਦੱਸਿਆ ਕਿ ਜੂਨ ਮਹੀਨੇ ਦੀਆਂ ਛੁੱਟੀਆਂ ਤੋਂ ਪਹਿਲਾਂ ਅਧਿਆਪਕਾਂ ਵੱਲੋਂ ਆਪੋ ਆਪਣੇ ਵਿਸ਼ਿਆਂ ਦਾ ਅਪ੍ਰੈਲ ਅਤੇ ਮਈ ਮਹੀਨਿਆਂ ਦਾ ਪਾਠਕ੍ਰਮ ਵਿਦਿਆਰਥੀਆਂ ਨੂੰ ਕਰਵਾ ਦਿੱਤਾ ਗਿਆ ਸੀ।ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਵੀ ਪੜ੍ਹਾਈ ਨਾਲ ਜੋੜੀ ਰੱਖਣ ਲਈ ਜੂਨ ਮਹੀਨੇ ਦੌਰਾਨ ਵੀ ਦੂਰਦਰਸ਼ਨ ਤੋਂ ਦੁਹਰਾਈ ਲੈਕਚਰਾਂ ਦਾ ਪ੍ਰਸਾਰਣ ਜਾਰੀ ਰੱਖਿਆ ਗਿਆ। ਵਿਭਾਗ ਵੱਲੋਂ ਸੈਸ਼ਨ ਦੀ ਪੜ੍ਹਾਈ ਨੂੰ ਬਕਾਇਦਾ ਰੂਪ ਵਿੱਚ ਅੱਗੇ ਵਧਾਉਣ ਦੇ ਮਨੋਰਥ ਨਾਲ ਅਪ੍ਰੈਲ ਅਤੇ ਮਈ ਮਹੀਨਿਆਂ ਦੇ ਪਾਠਕ੍ਰਮ 'ਤੇ ਆਧਾਰਿਤ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆ ਕਰਵਾਈ ਜਾ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਕੀਤੀ ਹੁਣ ਤੱਕ ਦੀ ਪੜ੍ਹਾਈ ਦੇ ਆਪਣੇ ਪ੍ਰਾਪਤੀ ਪੱਧਰ ਬਾਰੇ ਪਤਾ ਲੱਗ ਸਕੇ। ਇਸ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਦੌਰਾਨ ਲਗਾਏ ਜਾਣ ਵਾਲੇ ਸੀ.ਸੀ.ਈ ਅੰਕਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਹਨਾਂ ਪ੍ਰੀਖਿਆਵਾਂ ਨੂੰ ਗੰਭੀਰਤਾ ਨਾਲ ਲੈਂਂਦਿਆਂ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੇਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਵੀ ਆਨਲਾਈਨ ਪ੍ਰੀਖਿਆਵਾਂ ਵਿੱਚ ਆਪੋ ਆਪਣੇ ਬੱਚਿਆਂ ਦੀ ਸੌ ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਜਸਬੀਰ ਸਿੰਘ ਸੇਖੋਂ ਜਿਲ੍ਹਾ ਮੈਂਟਰ ਵਿਗਿਆਨ, ਸੰਜੀਵ ਤਨੇਜਾ ਜਿਲ੍ਹਾ ਮੈਂਟਰ ਗਣਿਤ ਅਤੇ ਹੋਰਨਾਂ ਜਿਲ੍ਹਾ ਮੈਂਟਰਾਂ ਨੇ ਕਿਹਾ ਕਿ ਇਸ ਪ੍ਰੀਖਿਆ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਪਣੇ ਵਿੱਦਿਅਕ ਪੱਧਰ ਦਾ ਪਤਾ ਲੱਗੇਗਾ, ਉੱਥੇ ਹੀ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਆਨਲਾਈਨ ਪੜ੍ਹਾਈ ਦੀ ਅਗਲੀ ਰੂਪਰੇਖਾ ਬਣਾਉਣੀ ਸੌਖੀ ਹੋ ਜਾਵੇਗੀ।
ਸਰਕਾਰੀ ਸਕੂਲ ਦੀ ਵਿਦਿਆਰਥਣ ਟੈਲੀਵਿਜ਼ਨ ਤੋਂ ਆਨਲਾਈਨ ਪੜ੍ਹਾਈ ਕਰਦੀ ਹੋਈ |