ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਕਾਮਿਆਂ ਨਾਲ ਧੱਕੇਸ਼ਾਹੀ ਕਰਨ ਦੀ ਸਖ਼ਤ ਨਿਖੇਧੀ
ਜਲ ਸਪਲਾਈ ਦੇ ਕਾਮਿਆਂ ਦੀ ਹੱਕ ਮੰਗਣ ਬਦਲੇ ਕਾਰਜਕਾਰੀ ਇੰਜੀਨੀਅਰ ਵਲੋਂ ਤਨਖ਼ਾਹ ਰੋਕਣਾ ਗ਼ੈਰ ਜਮਹੂਰੀ
28 ਮਈ, ਫਤਿਹਗੜ੍ਹ ਸਾਹਿਬ ( ): ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ (ਜਿਲ੍ਹਾ ਫਤਹਿਗੜ੍ਹ ਸਾਹਿਬ) ਅਤੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ (ਡੀ.ਐਮ.ਐਫ.) ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕਾਰਜਕਾਰੀ ਇੰਜੀਨੀਅਰ ਮੰਡਲ ਫਤਹਿਗੜ੍ਹ ਸਾਹਿਬ ਵਲੋਂ, ਦਰਜਾ ਚਾਰ ਮੁਲਾਜ਼ਮਾਂ ਦੇ ਸਪੈਸ਼ਲ ਇੰਕਰੀਮੈਂਟ ਕੱਟਣ ਦਾ ਜਮਹੂਰੀ ਹੱਕਾਂ ਤਹਿਤ ਕੀਤੇ ਵਿਰੋਧ ਨੂੰ, ਦਬਾਉਣ ਲਈ ਧੱਕੇਸ਼ਾਹੀ ਭਰੇ ਢੰਗ ਤਰੀਕੇ ਅਪਣਾਉਣ ਦੀ ਸਖਤ ਨਿਖੇਧੀ ਕੀਤੀ ਹੈ।
ਡੀ.ਟੀ.ਐਫ. ਦੇ ਜਿਲ੍ਹਾ ਪ੍ਰਧਾਨ ਪ੍ਰਿ: ਲਖਵਿੰਦਰ ਸਿੰਘ, ਜਨਰਲ ਸਕੱਤਰ ਜੋਸ਼ੀਲ ਤਿਵਾਡ਼ੀ, ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਕਮੇਟੀ ਮੈਂਬਰ ਹਰਿੰਦਰਜੀਤ ਸਿੰਘ ਅਤੇ ਡੀ.ਐਮ.ਐਫ. ਦੇ ਸੂਬਾਈ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੀੜਤ ਕਾਮਿਆਂ ਵਲੋਂ ਬੀਤੀ 24 ਮਈ ਨੂੰ ਕਾਰਜਕਾਰੀ ਇੰਜੀਨੀਅਰ ਮੰਡਲ ਫਤਹਿਗੜ੍ਹ ਸਾਹਿਬ ਦੇ ਪੱਖਪਾਤੀ ਰਵੱਈਏ ਖ਼ਿਲਾਫ਼ ਦਫਤਰ ਅੱਗੇ ਰੋਸ ਜਾਹਰ ਕੀਤਾ ਗਿਆ ਸੀ। ਪ੍ਰੰਤੂ ਮੰਡਲ ਕਾਰਜਕਾਰੀ ਇੰਜੀਨੀਅਰ ਵੱਲੋਂ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਖੇੜਾ ਐਟ ਫਤਹਿਗਡ਼੍ਹ ਸਾਹਿਬ ਅਤੇ ਅਮਲੋਹ ਐਟ ਸੌਂਟੀ ਦੇ ਉਪ ਮੰਡਲ ਇੰਜੀਨੀਅਰਾਂ ਨੂੰ ਪੱਤਰ ਜਾਰੀ ਕਰਦਿਆਂ ਉਕਤ ਰੋਸ ਪ੍ਰਦਰਸ਼ਨ ਦਾ ਹਿੱਸਾ ਬਣਨ ਵਾਲੇ ਕਾਮਿਆਂ ਦੀਆਂ ਤਨਖਾਹਾਂ ਦੇ ਬਿਲ ਰੋਕਣ ਵਾਲਾ ਤਾਨਾਸ਼ਾਹੀ ਭਰਿਆ ਅਤੇ ਗ਼ੈਰ ਜਮਹੂਰੀ ਫ਼ੈਸਲਾ ਸੁਣਾ ਦਿੱਤਾ ਗਿਆ ਹੈ। ਮੁਲਾਜ਼ਮ ਆਗੂਆਂ ਨੇ ਜਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਵਿੱਚ ਦਖਲ ਦੇ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ (ਮੰਡਲ ਫਤਿਹਗਡ਼੍ਹ ਸਾਹਿਬ) ਦੇ ਕਾਮਿਆਂ ਦੇ ਮਸਲੇ ਹੱਲ ਕਰਵਾਉਣ ਅਤੇ ਮੰਡਲ ਕਾਰਜਕਾਰੀ ਇੰਜੀਨੀਅਰ ਵੱਲੋਂ ਤਨਖਾਹ ਬਿੱਲ ਰੋਕਣ ਵਾਲਾ ਪੱਤਰ ਤੁਰੰਤ ਰੱਦ ਕਰਨ ਦੀ ਪੁਰਜੋਰ ਮੰਗ ਵੀ ਕੀਤੀ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਕਾਮਿਆਂ ਨਾਲ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਨਿਤਰਨ ਦਾ ਐਲਾਨ ਵੀ ਕੀਤਾ ਗਿਆ।