18 ਮਹੀਨੇ ਪੁਰਾਣੀ ਵੀਡੀਓ ਵਾਇਰਲ ਕਰਕੇ ਵਿਭਾਗ ਅਤੇ ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ਦਾ ਅਕਸ ਖਰਾਬ ਕਰਨ ਦੀ ਕੋਝੀ ਸਾਜ਼ਿਸ਼ – ਖਹਿਰਾ, ਪ੍ਰਧਾਨ ਗੈਸਾ
ਚੰਡੀਗੜ੍ਹ 23 ਅਪ੍ਰੈਲ ( )
ਸਰਕਾਰੀ ਸਕੂਲ ਦੀ ਵਾਇਰਲ ਹੋ ਰਹੀ ਇੱਕ ਬੱਚੀ ਦੀ ਕੁੱਟ ਸਬੰਧੀ ਵੀਡੀਓ ਵਿੱਚ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਹੋਣ ਤੋਂ ਬਾਅਦ ਗਜ਼ਟਿਡ ਐਜੂਕਸ਼ਨਲ ਸਕੂਲ ਸਰਵਿਸਜ਼ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਦੀਪਇੰਦਰ ਸਿੰਘ ਖਹਿਰਾ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਰੋਪੜ ਦੀ ਪ੍ਰਿੰਸੀਪਲ ਅੰਜੂ ਚੌਧਰੀ ਸੈਣੀ ਦੇ ਵਿਰੁੱਧ ਸਿੱਖਿਆ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਅਧਿਆਪਕ-ਵਿਦਿਆਰਥੀ ਦੇ ਰਿਸ਼ਤੇ ਨੂੰ ਤਾਰਪੀਡੋ ਕਰਨ ਦੀ ਕੋਝੀ ਸਾਜਿਸ਼ ਦੇ ਹਰੇਕ ਪਹਿਲੂ ਨੂੰ ਘੋਖ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਵਿਭਾਗ ਪ੍ਰਿੰਸੀਪਲ ਅੰਜੂ ਚੌਧਰੀ ਸੈਣੀ ਵਿਰੁੱਧ ਕੋਈ ਕਾਰਵਾਈ ਕਰਦਾ ਹੈ ਤਾਂ ਗਜ਼ਟਿਡ ਐਜੂਕਸ਼ਨਲ ਸਕੂਲ ਸਰਵਿਸਜ਼ ਐਸੋਸ਼ੀਏਸ਼ਨ ਇਸਦਾ ਵਿਰੋਧ ਕਰਕੇ ਫੈਸਲੇ ਵਿਰੁੱਧ ਡਟ ਕੇ ਖੜੇਗੀ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਇੱਕ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਸਕੂਲ ਮੁਖੀ ਨਾਲ ਸ਼ਰੇਆਮ ਧੱਕਾਸ਼ਾਹੀ ਹੈ ਅਤੇ ਇੱਕ ਨੇਕ ਅਤੇ ਇਮਾਨਦਾਰ ਕਰਮਚਾਰੀ ਦਾ ਅਕਸ ਖਰਾਬ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਇਹ ਵੀਡੀਓ ਮੌਜੂਦਾ ਸਮੇਂ ਦੀ ਨਹੀਂ ਸਗੋਂ ਬਹੁਤ ਸਮਾਂ ਪਹਿਲਾਂ ਦੀ ਹੈ।
ਸ. ਖਹਿਰਾ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਸ ਸਮੇਂ ਦਾਖ਼ਲਾ ਮੁਹਿੰਮ ਬਹੁਤ ਜ਼ੋਰਾਂ 'ਤੇ ਚਲ ਰਹੀ ਹੈ ਜਿਸ ਨਾਲ ਬਹੁਤ ਸਾਰੇ ਨਿਜੀ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈ ਰਹੇ ਹਨ। ਇਸ ਸਪੱਸ਼ਟ ਹੈ ਕਿ ਲਗਭਗ 18 ਮਹੀਨੇ ਪਹਿਲਾਂ ਦੀ ਇੱਕ ਵੀਡੀਓ ਨੂੰ ਦਾਖ਼ਲਿਆਂ ਸਮੇਂ ਵਾਇਰਲ ਕਰਨਾ ਵਿਭਾਗ ਦੇ ਅਧਿਆਪਕਾਂ, ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਦੀ ਭਰੋਸੇਯੋਗਤਾ ਨੂੰ ਘੱਟ ਕਰਨਾ ਅਤੇ ਸਰਕਾਰੀ ਸਕੂਲਾਂ ਦੇ ਅਕਸ ਨੂੰ ਜਾਣ-ਬੁੱਝ ਕੇ ਗਲਤ ਪੇਸ਼ ਕਰਨਾ ਬਿਲਕੁਲ ਸੋਚੀ ਸਮਝੀ ਸਾਜਿਸ਼ ਹੈ। ਉਹਨਾਂ ਕਿਹਾ ਕਿ ਵਿਭਾਗ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਮਿਹਨਤੀ ਕਰਮਚਾਰੀਆਂ ਵਿਰੁੱਧ ਕੋਈ ਕਾਰਵਾਈ ਕਰਨੀ ਨਹੀਂ ਚਾਹੀਦੀ। ਉਹਨਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਪ੍ਰਿੰਸੀਪਲ ਅੰਜੂ ਚੌਧਰੀ ਸੈਣੀ ਅਤੇ ਟੀਮ ਨੇ ਸਕੂਲ ਵਿੱਚ ਬੱਚਿਆਂ ਦਾ ਦਾਖਲਾ ਵਧਾਇਆ ਸੀ।
ਸ. ਖਹਿਰਾ ਨੇ ਕਿਹਾ ਕਿ ਪ੍ਰਿੰਸੀਪਲ ਅੰਜੂ ਸੈਣੀ ਬਹੁਤ ਹੀ ਵਧੀਆ ਅਤੇ ਮਿਹਨਤੀ ਕਰਮਚਾਰੀ ਹਨ। ਉਹਨਾਂ ਨੇ ਹਮੇਸ਼ਾ ਬੱਚੀਆਂ ਦਾ ਭਵਿੱਖ ਉੱਜਵਲ ਬਣਾਉਣ ਲਈ ਵਿਦਿਆਰਥੀਆਂ ਦੀ ਅਗਵਾਈ ਕੀਤੀ ਹੈ। ਅਜਿਹੇ ਕਰਮਚਾਰੀ ਵਿਰੁੱਧ ਕਾਰਵਾਈ ਕੀਤੇ ਜਾਣ 'ਤੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਤਰੇੜ ਆਵੇਗੀ। ਜਥੇਬੰਦੀ ਨੇ ਅਪੀਲ ਕੀਤੀ ਹੈ ਕਿ ਇਸ ਕੇਸ ਨੂੰ ਬਹੁਤ ਹੀ ਹਮਦਰਦੀ ਨਾਲ ਵਿਚਾਰਿਆ ਜਾਵੇ ਅਤੇ ਪ੍ਰਿੰਸੀਪਲ ਨੂੰ ਪੁਰਾਣੇ ਸਟੇਸ਼ਨ 'ਤੇ ਨਿਯੁਕਤ ਕਰਕੇ ਉਹਨਾਂ ਦਾ ਮਨੋਬਲ ਬਣਾ ਕੇ ਰੱਖਿਆ ਜਾਵੇ। ਇਸ ਮੌਕੇ ਗਜ਼ਟਿਡ ਐਜੂਕਸ਼ਨਲ ਸਕੂਲ ਸਰਵਿਸਜ਼ ਐਸੋਸ਼ੀਏਸ਼ਨ ਪੰਜਾਬ ਵੱਲੋਂ ਗੁਰਚਰਨ ਸਿੰਘ ਚਾਹਲ, ਹਰਮੇਸ਼ ਲਾਲ ਘੇੜਾ, ਅਮਰੀਕ ਸਿੰਘ, ਸੁਖਦੇਵ ਲਾਲ, ਸਤਪਾਲ ਸੋਢੀ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।