ਵਿਭਾਗ ਵੱਲੋਂ ਕੋਵਿਡ ਦੀਆਂ ਹਦਾਇਤਾਂ ਸਬੰਧੀ ਸਾਵਧਾਨੀਆਂ ਦੀ ਵਰਤੋਂ ਯਕੀਨੀ ਬਨਾਉਣ ਲਈ ਹਦਾਇਤਾਂ ਜਾਰੀ
ਐੱਸ.ਏ.ਐੱਸ. ਨਗਰ 19 ਫਰਵਰੀ ( ਪ੍ਰਮੋਦ ਭਾਰਤੀ )
ਕੋਵਿਡ ਕਾਰਨ ਹੋਏ ਲਾਕਡਾਊਨ ਉਪਰੰਤ ਸਮੂਹ ਸਕੂਲ ਖੋਲ੍ਹੇ ਜਾ ਚੁੱਕੇ ਹਨ। ਸਕੂਲਾਂ ਵਿੱਚ ਕੋਵਿਡ-19 ਤੋਂ ਬਚਾਅ ਲਈ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਲਈ ਹਰੇਕ ਸਕੂਲ ਵਿੱਚ ਇੱਕ ਅਧਿਆਪਕ ਨੂੰ ਨੋਡਲ ਅਫ਼ਸਰ ਅਤੇ ਜਮਾਤ ਅਨੁਸਾਰ ਇੱਕ ਵਿਦਿਆਰਥੀ ਨੂੰ ਮੋਨੀਟਰ ਨਿਯੁਕਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਕਈ ਵਾਰੀ ਸਕੂਲ ਖੁੱਲਣ ਸਮੇਂ ਜਾਰੀ ਐੱਸ.ਓ.ਪੀ. ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ਜਿਸ ਵਿੱਚ ਮਾਸਕ ਨੂੰ ਸਹੀ ਢੰਗ ਨਾਲ ਨਾ ਪਹਿਨਣਾ, ਆਪਸੀ ਲੋੜੀਂਦੀ ਦੂਰੀ ਨਾ ਬਣਾ ਕੇ ਰੱਖਣਾ ਆਦਿ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕੋਵਿਡ-19 ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਐੱਸ.ਓ.ਪੀ. ਅਗਵਾਈ ਲੀਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਲਈ ਸਕੂਲ ਵਿੱਚ ਇੱਕ ਅਧਿਆਪਕ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇ ਜੋ ਕਿ ਮਾਸਕ ਪਹਿਨਣ ਦੀ ਸਹੀ ਵਿਧੀ ਜਾਂ ਢੰਗ ਬਾਰੇ ਜਾਗਰੂਕ ਕਰ ਸਕੇ। ਇਸੇ ਢੰਗ ਨਾਲ ਹਰੇਕ ਜਮਾਤ ਵਿੱਚ ਇੱਕ ਵਿਦਿਆਰਥੀ ਨੂੰ ਮੋਨੀਟਰ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਬਾਕੀ ਵਿਦਿਆਰਥੀਆਂ ਦੀ ਸਿਹਤ ਸੰਭਾਲ ਲਈ ਮਾਸਕ ਦੀ ਸਹੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਹਦਾਇਤਾਂ ਪੰਜਾਬ ਰਾਜ ਦੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ 'ਤੇ ਲਾਗੂ ਹੋਣਗੀਆਂ। ਸਕੂਲ ਮੁਖੀ ਇਸ ਜਾਗਰੂਕਤਾ ਮੁਹਿੰਮ ਵਿੱਚ ਅਸਰਦਾਇਕ ਭੂਮਿਕਾ ਨਿਭਾਉਣ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਆਪਣੇ-ਆਪਣੇ ਜ਼ਿਲਿ੍ਹਆਂ ਦੇ ਸਰਕਾਰੀ ਸਕੂਲਾਂ ਦੇ ਨਾਲ-ਨਾਲ ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੀ ਸਮੇਂ-ਸਮੇਂ 'ਤੇ ਮਾਨਿਟਰਿੰਗ ਕਰਕੇ ਵਿਭਾਗ ਵੱਲੋਂ ਜਾਰੀ ਐੱਸ.ਓ.ਪੀਜ਼. ਅਗਵਾਈ ਲੀਹਾਂ ਦੀ ਪਾਲਣਾ ਕਰਨਾ ਵੀ ਯਕੀਨੀ ਬਨਾਉਣਗੇ।