ਸਕੂਲ ਮੁਖੀਆਂ ਨਾਲ ਮੀਟਿੰਗ ਕਰ ਕੀਤਾ ਮਿਸ਼ਨ ਸ਼ਤ ਪ੍ਰਤੀਸ਼ਤ ਅਤੇ ਈਚ ਵਨ ਬਰਿੰਗ ਵਨ ਲਈ ਪ੍ਰੇਰਿਤ।
ਪਠਾਨਕੋਟ, 16 ਫਰਵਰੀ ( ਬਲਕਾਰ ਅੱਤਰੀ )
ਸਿੱਖਿਆ ਸੱਕਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪਠਾਨਕੋਟ ਦੇ ਅਧੀ ਦਰਜਨ ਦੇ ਕਰੀਬ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਕੀਤਾ ਗਿਆ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਅਧਿਆਪਕਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਅਧਿਆਪਕਾਂ ਨੂੰ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿੱਖਿਆ ਸੱਕਤਰ ਕ੍ਰਿਸ਼ਨ ਕੁਮਾਰ ਸਵੇਰੇ ਲਗਭਗ 10 ਵਜੇ ਜ਼ਿਲ੍ਹਾ ਪਠਾਨਕੋਟ ਵਿੱਚ ਪਹੁੰਚ ਗਏ ਸਨ। ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੌਤਰਪੁਰ, ਸਰਕਾਰੀ ਹਾਈ ਸਕੂਲ ਬਾਰਠ ਸਾਹਿਬ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਰਠ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਆ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਆ, ਸਰਕਾਰੀ ਪ੍ਰਾਇਮਰੀ ਸਕੂਲ ਚੱਕਰਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜੀ ਖ਼ੁਰਦ, ਸਰਕਾਰੀ ਪ੍ਰਾਇਮਰੀ ਸਕੂਲ ਮੈਹਰਾ ਦਾ ਦੌਰਾ ਕੀਤਾ ਗਿਆ। ਇਹਨਾਂ ਸਕੂਲਾਂ ਵਿੱਚ ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਵੱਲੋਂ ਕੀਤੇ ਗਏ ਕੰਮਾਂ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੇ ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀ- ਬੋਰਡ ਪ੍ਰੀਖਿਆਵਾਂ ਦਾ ਜਾਇਜ਼ਾ ਲਿਆ ਅਤੇ ਅਧਿਆਪਕਾਂ ਵੱਲੋਂ ਮਿਸ਼ਨ ਸੱਤ ਪ੍ਰਤਿਸ਼ਤ ਦੀ ਪ੍ਰਾਪਤੀ ਅਤੇ ਈਚ ਵਨ ਬਰਿੰਗ ਵਨ ਲਈ ਕੀਤੇ ਜਾ ਰਹੇ ਕਾਰਜਾਂ, ਇੰਗਲਿਸ਼ ਬੁਸਟਰ ਕਲੱਬ, ਬੱਡੀ ਗਰੁੱਪ, ਸਮਾਰਟ ਸਕੂਲ ਮੁਹਿੰਮ , ਗਾਈਡੈਂਸ ਐਂਡ ਕੌਂਸਲਿਂਗ ਸੈਲ, ਮਸ਼ਾਲ ਪ੍ਰੋਜੈਕਟ ਅਤੇ ਲਾਇਬ੍ਰੇਰੀ, ਕੰਪਿਊਟਰ ਲੈਬ, ਸਾਇੰਸ ਲੈਬ, ਨਬਾਰਡ ਤਹਿਤ ਨਿਰਮਾਣ ਅਧੀਨ ਨਵੇਂ ਕਮਰਿਆਂ ਦੀ ਜਾਣਕਾਰੀ ਲਈ। ਉਹਨਾਂ ਨੇ ਅਧਿਆਪਕਾਂ ਨੂੰ ਸਕੂਲਾਂ ਦੀਆਂ ਉਪਲੱਬਧੀਆਂ ਨੂੰ ਲੋਕਾਂ ਵਿੱਚ ਲੈਕੇ ਜਾਣ ਲਈ ਪ੍ਰੇਰਿਤ ਕੀਤਾ ਅਤੇ ਹੋਰ ਵਧੀਆ ਤਰੀਕੇ ਨਾਲ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਸਿੱਖਿਆ ਸੱਕਤਰ ਦੇ ਇਸ ਦੌਰੇ ਨਾਲ ਅਧਿਆਪਕਾਂ ਵਿੱਚ ਉਤਸ਼ਾਹ ਦਾ ਮਹੌਲ ਪੈਦਾ ਹੋਇਆ ਹੈ।
ਸਕੂਲਾਂ ਦਾ ਦੌਰਾ ਕਰਨ ਤੋਂ ਬਾਅਦ ਸਿੱਖਿਆ ਸੱਕਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਮੀਨੀ ਵਿਖੇ ਮੀਟਿੰਗ ਕੀਤੀ ਗਈ ਅਤੇ ਸਕੂਲ ਮੁਖੀਆਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ, 50 ਫ਼ੀਸਦੀ ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਰੱਖ ਕੇ ਸਵੇਰ ਅਤੇ ਸ਼ਾਮ ਤੱਕ ਵੱਧ ਤੋਂ ਵੱਧ ਦੁਹਰਾਈ ਲਈ ਪ੍ਰੇਰਿਤ ਕਰਨ, ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਦੁਹਰਾਈ ਲਈ ਪ੍ਰਿੰਟਿੰਗ ਮਟੀਰੀਅਲ ਦੀ ਪੂਰਤੀ ਕੀਤੀ ਜਾਵੇ, ਬਡੀ ਗਰੁੱਪ ਰਾਹੀਂ ਈਚ ਵਨ ਆਸਕ ਵਨ ਐਕਟੀਵਿਟੀ ਕਰਦਿਆਂ ਧਾਰਨਾਵਾਂ ਨੂੰ ਸਮਝਣ ਅਤੇ ਸਮਝਾਉਣ ਲਈ ਯਤਨ ਕੀਤੇ ਜਾਣ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪ੍ਰੋਜੈਕਟਰਾਂ ਜਾਂ ਐੱਲ ਈ ਡੀਜ ਰਾਹੀਂ ਪੰਜਾਬ ਐਜੂਕੇਅਰ ਐਪ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।
ਸਰਕਾਰੀ ਹਾਈ ਸਕੂਲ ਬਾਰਠ ਸਾਹਿਬ ਵਿਖੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ। |