ਰੋੌਬੋਟਿਕਸ ਤਕਨਾਲੋਜੀ ‘ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵੱਲੋਂ ਮੀਲ ਪੱਥਰ ਸਥਾਪਤ
ਦੇਸ਼ ਭਰ ‘ਚੋਂ ਚੁਣੇ 100 ਵਿਦਿਆਰਥੀਆਂ ‘ਚੋਂ 18 ਬੱਚੇ ਪੰਜਾਬ ਦੇ
ਐਸ.ਏ.ਐਸ. ਨਗਰ 15 ਫਰਵਰੀ (ਪ੍ਰਮੋਦ ਭਾਰਤੀ) : ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਮਾਣ ਵਧਾਇਆ ਹੈ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਨੌਜਵਾਨ ਪੀੜ੍ਹੀ ‘ਚ ਰੌਬੋਟ ਤਕਨਾਲੋਜੀ ਪ੍ਰਤੀ ਉਤਸ਼ਾਹ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕਰਵਾਏ ਗਏ ਪ੍ਰਤਿਭਾ ਖੋਜ਼ ਮੁਕਾਬਲੇ ‘ਚ ਪੰਜਾਬ ਦੇ ਸਰਕਾਰੀ ਸਕੂਲ ਮੋਹਰੀ ਰਹੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਆਰੰਭ ਹੋਈ ਇਸ ਮੁਹਿੰਮ ਤਹਿਤ ਦੇਸ਼ ਭਰ ਦੇ ਸਰਕਾਰੀ ਸਕੂਲਾਂ ‘ਚੋਂ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇੰਨ੍ਹਾਂ ਹਜ਼ਾਰਾਂ ਵਿਦਿਆਰਥੀਆਂ ‘ਚੋਂ ਪੂਰੇ ਦੇਸ਼ ‘ਚੋਂ 100 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਜਿੰਨ੍ਹਾਂ ‘ਚ 18 ਵਿਦਿਆਰਥੀ ਇਕੱਲੇ ਪੰਜਾਬ ਦੇ ਸ਼ਾਮਲ ਹਨ। ਇਸ ਤਰ੍ਹਾਂ ਦੇਸ਼ ਭਰ ‘ਚੋਂ ਗਿਣਤੀ ਪੱਖੋਂ ਪੰਜਾਬ ਪਹਿਲੇ ਸਥਾਨ ‘ਤੇ ਰਿਹਾ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਵਿਦਿਆਰਥੀਆਂ ‘ਚ ਰੋਬੋਟ ਤਕਨਾਲੋਜੀ ਪ੍ਰਤੀ ਰੁਚੀ ਪੈਦਾ ਕਰਨਾ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕੌਸ਼ਲਾਂ ਨੂੰ ਉਭਾਰਨਾ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਮਾਜ ਵੱਲੋਂ ਉਤਸ਼ਾਹਿਤ ਕਰਨਾ ਹੈ।
ਪਹਿਲੇ ਪੜਾਅ ਤਹਿਤ ਦੇਸ਼ ਭਰ ‘ਚੋਂ ਕੰਪਿਊਟਰ ਅਧਿਆਪਕਾਂ ਨੂੰ 30 ਮਈ ਤੋਂ 30 ਜੂਨ 2020 ਤੱਕ ਰੌਬੋਟਿਕਸ ਤਕਨਾਲੋਜੀ ਦੀ ਸਿਖਲਾਈ ਦਿੱਤੀ ਗਈ। ਜਿਸ ਤਹਿਤ ਪੰਜਾਬ ਦੇ 16 ਕੰਪਿਊਟਰ ਅਧਿਆਪਕਾਂ ਨੂੰ ਰੌਬੋਟਿਕਸ ਤਕਨਾਲੋਜੀ ਦੀ ਸਿਖਲਾਈ ਦਿੱਤੀ ਗਈ। ਜਿੰਨ੍ਹਾਂ ਨੇ ਅਗਲੇ ਪੜਾਅ ਦੌਰਾਨ 6 ਜੁਲਾਈ ਤੋਂ 31 ਅਕਤੂਬਰ ਤੱਕ ਸਕੂਲਾਂ ਦੇ ਬੱਚਿਆਂ ਨੂੰ ਸਿਖਲਾਈ ਦਿੱਤੀ। ਜਿਸ ਤਹਿਤ ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਦੇ ਵੀ ਸੈਂਕੜੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਿਖਾਈ। ਜਿੰਨ੍ਹਾਂ ‘ਚੋਂ ਵਧੀਆ ਪੇਸ਼ਕਾਰੀਆਂ ਲਈ ਪੰਜਾਬ ਦੇ 125 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਅਤੇ ਇੰਨ੍ਹਾਂ ‘ਚੋਂ 18 ਵਿਦਿਆਰਥੀ ਦੇਸ਼ ਭਰ ‘ਚੋਂ ਚੁਣੇ ਗਏ ਸਿਖਰਲੇ 100 ਵਿਦਿਆਰਥੀਆਂ ‘ਚ ਸ਼ਾਮਲ ਹੋਏ। ਇੰਨ੍ਹਾਂ 18 ਵਿਦਿਆਰਥੀਆਂ ਨੂੰ ਲੈਪਟਾਪ ਨਾਲ ਸਨਮਾਨਿਤ ਕੀਤਾ ਗਿਆ।
ਸਕੱਤਰ ਸਕੂਲ ਸਿੱਖਿਆ ਨੇ ਪੰਜਾਬ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਵੱਡੀ ਉਪਲਬਧੀ ਲਈ ਮੁਬਾਰਕਬਾਦ ਦਿੱਤੀ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ‘ਚੋਂ ਇਨਾਮ ਦੇ ਹੱਕਦਾਰ ਬਣੇ 18 ਵਿਦਿਆਰਥੀਆਂ ‘ਚ ਸ਼ਰਨਜੀਤ ਸਿੰਘ ਤੇ ਗੁਰਮੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਬਾਜੇਵਾਲਾ, ਸੁਖਨੈਬ ਸਿੰਘ ਤੇ ਸੁਖਚੈਨ ਸਿੰਘ ਸਰਕਾਰੀ ਸੈਕੰਡਰੀ ਸਕੂਲ ਝੂੰਬਾ, ਕਸ਼ਿਸ਼ ਸੋਢਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਮਲੋਟ, ਜੋਤੀ ਰਾਣੀ ਸਰਕਾਰੀ ਸੈਕੰਡਰੀ ਸਕੂਲ ਅਮਲੋਹ, ਗਗਨਜੋਤ ਕੌਰ ਗੁਰਕੀਰਤ ਸਿੰਘ ਸਰਕਾਰੀ ਹਾਈ ਸਕੂਲ ਬੁੱਗਾ ਕਲਾਂ, ਪਲਕ ਤੇ ਅੰਕਿਤਾ ਸਰਕਾਰੀ ਸੈਕੰਡਰੀ ਸਕੂਲ ਉੜਮੁੜ ਟਾਂਡਾ, ਡਿੰਪਲ ਵਰਮਾ ਤੇ ਵਿਸ਼ਾਲੀ ਸ਼ਰਮਾ ਸਰਕਾਰੀ ਸੈਕੰਡਰੀ ਸਕੂਲ ਬਨੇਰਾ, ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਜੱਲ੍ਹਾ, ਨਿਤਿਨ ਸ਼ਰਮਾ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਕਲਾਂ, ਮਨਪ੍ਰੀਤ ਸਿੰਘ ਤੇ ਯੁਗਰਾਜ ਸਿੰਘ ਸਰਕਾਰੀ ਹਾਈ ਸਕੂਲ ਤਲਾਣੀਆਂ, ਭਾਵਨਾ ਸਰਕਾਰੀ ਸੈਕੰਡਰੀ ਸਕੂਲ ਧੀਰਾ, ਯਸ਼ਮੀਨ ਸਰਕਾਰੀ ਸੈਕੰਡਰੀ ਸਕੂਲ ਮੂਲੇਪੁਰ ਸ਼ਾਮਲ ਹਨ।
ਤਸਵੀਰ:- ਸਰਕਾਰੀ ਸੈਕੰਡਰੀ ਸਕੂਲ ਅਮਲੋਹ (ਫਤਿਹਗੜ੍ਹ ਸਾਹਿਬ) ਦੇ ਪ੍ਰਿੰ. ਸੰਦੀਪ ਨਾਗਰ ਆਪਣੇ ਸਕੂਲ ਦੀ ਵਿਦਿਆਰਥਣ ਜੋਤੀ ਰਾਣੀ ਨੂੰ ਲੈਪਟਾਪ ਨਾਲ ਸਨਮਾਨਿਤ ਕਰਦੇ ਹੋਏ। |