ਨਵ-ਨਿਯੁਕਤ ਸੀਐੱਚਟੀ ਅਤੇ ਐੱਚਟੀ ਦੀ ਤਿੰਨ ਰੋਜ਼ਾ ਵਰਕਸ਼ਾਪ 16 ਤੋਂ 18 ਫਰਵਰੀ ਤੱਕ
ਸਕੂਲ ਮੁਖੀਆਂ ਨੂੰ ਸਕੂਲ ਪ੍ਰਬੰਧਨ, ਸਿੱਖਣ-ਸਿਖਾਉਣ ਵਿਧੀਆਂ ਅਤੇ ਸਮਾਂ-ਪ੍ਰਬੰਧਨ ਦੀ ਦਿੱਤੀ ਜਾ ਰਹੀ ਹੈ ਸਿਖਲਾਈ
ਐੱਸ.ਏ.ਐੱਸ. ਨਗਰ 17 ਫਰਵਰੀ (ਪ੍ਰਮੋਦ ਭਾਰਤੀ )
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ 16 ਤੋਂ 18 ਫਰਵਰੀ ਤੱਕ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਆਯੋਜਿਤ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਿੱਧੀ ਭਰਤੀ ਰਾਹੀਂ ਨਵ-ਨਿਯੁਕਤ 100 ਦੇ ਕਰੀਬ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਭਾਗ ਲੈ ਰਹੇ ਹਨ। ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਦੇਣ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਮੁਹਿੰਮਾਂ ਦੀ ਜਾਣਕਾਰੀ ਦੇਣ ਲਈ ਸਟੇਟ ਰਿਸੋਰਸ ਪਰਸਨ ਮਾਈਕ੍ਰੋ ਗਰੁੱਪਾਂ ਵਿੱਚ ਉਚੇਚੇ ਤੌਰ 'ਤੇ ਸਿਖਲਾਈ ਦੇ ਰਹੇ ਹਨ। ਇਸ ਸਿਖਲਾਈ ਵਰਕਸ਼ਾਪ ਦੌਰਾਨ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਸਿੱਖਣ ਪਰਿਣਾਮਾਂ ਦਾ ਮੁਲਾਂਕਣ, ਸਕੂਲ ਪਬੰਧ, ਸਮਾਂ ਪ੍ਰਬੰਧਨ, ਸੁੰਦਰ ਲਿਖਾਈ, ਪੰਜਾਬ ਐਜੂਕੇਅਰ ਐਪ, ਸਿਹਤ ਸੰਭਾਲ ਲਈ ਪੀ.ਟੀ. ਅਤੇ ਹੋਰ ਕਸਰਤਾਂ, ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਵਾਤਾਵਰਨ ਸਿੱਖਿਆ ਅਤੇ ਹਿੰਦੀ ਦੀਆਂ ਜਮਾਤ ਅਨੁਸਾਰ ਸਿੱਖਣ ਸਿਖਾਉਣ ਵਿਧੀਆਂ, ਸਕੂਲਾਂ ਵਿੱਚ ਨਵੇਂ ਸ਼ੁਰੂ ਕੀਤੇ ਗਏ ਵਿਸ਼ੇ ਸਵਾਗਤ ਜ਼ਿੰਦਗੀ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਕੂਲ ਮੁਖੀਆਂ ਨੂੰ ਸਮਾਰਟ ਸਕੂਲ ਨੀਤੀ, ਖੇਡ ਨੀਤੀ ਅਤੇ ਅੱਖਰਕਾਰੀ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਸਿਖਲਾਈ ਵਰਕਸ਼ਾਪ ਵਿੱਚ ਲਲਿਤ ਕਿਸ਼ੋਰ ਘਈ ਡੀਪੀਆਈ ਐਲੀਮੈਂਟਰੀ ਅਤੇ ਜਗਤਾਰ ਸਿੰਘ ਕੁਲੜੀਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਵੀ ਸਿੱਧੀ ਭਰਤੀ ਰਾਹੀਂ ਨਿਯੁਕਤ ਸਕੂਲ ਮੁਖੀਆਂ ਨੂੰ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਕਰਨ ਲਈ ਕਾਰਜ ਕਰਨ ਹਿੱਤ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ।
ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਨਵ-ਨਿਯੁਕਤ ਸਕੂਲ ਮੁਖੀ ਇਸ ਸਿਖਲਾਈ ਵਰਕਸ਼ਾਪ ਦੌਰਾਨ ਬਹੁਤ ਹੀ ਉਤਸ਼ਾਹ ਅਤੇ ਲਗਨ ਨਾਲ ਭਾਗ ਲੈ ਰਹੇ ਹਨ। ਸਕੂਲ ਮੁਖੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ, ਸਿਖਲਾਈ ਮਾਡਿਊਲਾਂ ਅਤੇ ਸਕੂਲ ਪ੍ਰਬੰਧ ਦੇ ਨੇਮਾਂ ਬਾਰੇ ਵੀ ਉਚੇਚੇ ਤੌਰ ਤੇ ਅਗਵਾਈ ਦਿੱਤੀ ਜਾ ਰਹੀ ਹੈ।
--