ਪ੍ਰਸ਼ਨ 5: ਮੁਹਾਵਰੇ (ਮਾਡਲ ਟੈਸਟ ਪੇਪਰ ਅਨੁਸਾਰ)
ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਤਿੰਨ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪੱਸ਼ਟ ਹੋ ਜਾਣ:
ਸਹੀ ਉੱਤਰ (ਅਰਥ ਅਤੇ ਵਾਕ) ਦੇਖਣ ਲਈ ਹੇਠਾਂ ਦਿੱਤੇ ਮੁਹਾਵਰਿਆਂ 'ਤੇ ਕਲਿੱਕ ਕਰੋ।
(ੳ) ਅੱਡੀ ਨਾ ਲੱਗਣਾ
(ਅ) ਸਿੱਕਾ ਜੰਮਣਾ
(ੲ) ਸ਼ੇਰ ਦੀ ਮੁੱਛ ਫੜਨਾ
(ਸ) ਕਾਂਜੀ ਘੋਲਣਾ
(ਹ) ਖ਼ਾਨਿਓਂ ਜਾਣਾ
(ਕ) ਪੈਰ ਜੰਮਣਾ
ਪਾਠਕ੍ਰਮ/ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਮੁਹਾਵਰੇ
ਅਭਿਆਸ ਲਈ ਦਿੱਤੇ ਗਏ ਮੁਹਾਵਰੇ (ਅਰਥ ਅਤੇ ਵਾਕ ਸਮੇਤ)
1. ਧੌਲਿਆਂ ਦੀ ਲਾਜ ਰੱਖਣੀ
ਅਰਥ: ਬਿਰਧ ਜਾਣ ਕੇ ਲਿਹਾਜ਼ ਕਰਨਾ
ਵਾਕ: ਮਾਪਿਆਂ ਨੇ ਦੁਖੀ ਹੋ ਕੇ ਪੁੱਤਰ ਨੂੰ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਨ੍ਹਾਂ ਦੇ ਧੌਲਿਆਂ ਦੀ ਲਾਜ ਰੱਖੇ।
2. ਨੱਕ ਵਿੱਚ ਦਮ ਕਰਨਾ
ਅਰਥ: ਤੰਗ ਕਰਨਾ
ਵਾਕ: ਜ਼ਿੱਦੀ ਬੱਚੇ ਆਮ ਤੌਰ 'ਤੇ ਮਾਤਾ-ਪਿਤਾ ਦੇ ਨੱਕ ਵਿੱਚ ਦਮ ਕਰ ਛੱਡਦੇ ਹਨ।
3. ਨੱਸ ਭੱਜ ਕਰਨਾ
ਅਰਥ: ਯਤਨ ਕਰਨਾ
ਵਾਕ: ਮੋਹਨ ਕਈ ਚਿਰ ਤੋਂ ਨੌਕਰੀ ਲਈ ਨੱਸ ਭੱਜ ਕਰ ਰਿਹਾ ਹੈ, ਪਰ ਅਜੇ ਤਕ ਕਿਤੇ ਗੱਲ ਨਹੀਂ ਬਣੀ।
4. ਨੱਕ ਨਕੇਲ ਪਾਉਣੀ
ਅਰਥ: ਕਾਬੂ ਕਰਨਾ
ਵਾਕ: ਸਤਿੰਦਰ ਦੀ ਪਤਨੀ ਨੇ ਉਸਦੇ ਨੱਕ ਨਕੇਲ ਪਾਈ ਹੋਈ ਹੈ।
5. ਨੱਕ ਨਾਲ ਲਕੀਰਾਂ ਕੱਢਣਾ
ਅਰਥ: ਤੋਬਾ ਕਰਨੀ
ਵਾਕ: ਜਦੋਂ ਰਾਮੂ ਪਿੰਡ ਵਿੱਚ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਪੰਚਾਇਤ ਅੱਗੇ ਨੱਕ ਨਾਲ ਲਕੀਰਾਂ ਕੱਢ ਕੇ ਛੁੱਟਾ।
6. ਨੱਕ ਰਗੜਨਾ
ਅਰਥ: ਤਰਲੇ ਕਰਨੇ
ਵਾਕ: ਜਦੋਂ ਕੁਲਵੰਤ ਨਕਲ ਮਾਰਦਾ ਫੜਿਆ ਗਿਆ, ਤਾਂ ਉਸ ਨੇ ਸੁਪਰਡੈਂਟ ਅੱਗੇ ਨੱਕ ਰਗੜ ਕੇ ਮਾਫ਼ੀ ਮੰਗੀ।
7. ਨੀਂਦ ਹਰਾਮ ਹੋਣਾ
ਅਰਥ: ਪ੍ਰੇਸ਼ਾਨੀ ਹੋਣੀ
ਵਾਕ: ਘਰ ਦੇ ਫ਼ਿਕਰਾਂ ਨੇ ਤਾਂ ਮੇਰੀ ਨੀਂਦ ਹੀ ਹਰਾਮ ਕਰ ਦਿੱਤੀ ਹੈ।
8. ਪੱਤਰਾ ਵਾਚ ਜਾਣਾ
ਅਰਥ: ਖਿਸਕ ਜਾਣਾ
ਵਾਕ: ਗੁਰਮੀਤ ਆਪਣਾ ਮਤਲਬ ਕੱਢ ਕੇ ਪੱਤਰਾ ਵਾਚ ਗਿਆ।
9. ਪੱਥਰਾਂ ਨੂੰ ਰੁਆ ਦੇਣਾ
ਅਰਥ: ਕਠੋਰ ਮਨਾਂ ਨੂੰ ਵੀ ਪੰਘਰਾ ਦੇਣਾ
ਵਾਕ: ਵਿਧਵਾ ਦੇ ਕੀਰਨਿਆਂ ਨੇ ਪੱਥਰਾਂ ਨੂੰ ਵੀ ਰੁਆ ਦਿੱਤਾ।
10. ਪਾਜ ਖੁੱਲ੍ਹ ਜਾਣਾ
ਅਰਥ: ਭੇਦ ਖੁੱਲ੍ਹ ਜਾਣਾ
ਵਾਕ: ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਸਾਰਾ ਪਾਜ ਖੋਲ੍ਹ ਦਿੱਤਾ।
11. ਪਾਪੜ ਵੇਲਣਾ
ਅਰਥ: ਕਈ ਭਾਂਤ ਦੇ ਯਤਨ ਕਰਨੇ
ਵਾਕ: ਉਸ ਨੇ ਨੌਕਰੀ ਪ੍ਰਾਪਤ ਕਰਨ ਲਈ ਕਈ ਪਾਪੜ ਵੇਲੇ, ਪਰ ਸਫਲਤਾ ਨਾ ਮਿਲੀ।
12. ਪੈਰ ਧੋ-ਧੋ ਪੀਣਾ
ਅਰਥ: ਬਹੁਤ ਆਦਰ ਕਰਨਾ
ਵਾਕ: ਸੱਸ ਨੇ ਕਿਹਾ, "ਮੇਰੀਆਂ ਨੂੰਹਾਂ ਇੰਨੀਆਂ ਚੰਗੀਆਂ ਹਨ ਕਿ ਉਹ ਮੇਰੇ ਪੈਰ ਧੋ-ਧੋ ਪੀਂਦੀਆਂ ਹਨ।"
13. ਫੁੱਲੇ ਨਾ ਸਮਾਉਣਾ
ਅਰਥ: ਬਹੁਤ ਖ਼ੁਸ਼ ਹੋਣਾ
ਵਾਕ: ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖ਼ੁਸ਼ੀ ਨਾਲ ਫੁੱਲੀ ਨਾ ਸਮਾਈ।
14. ਬਲਦੀ ਉੱਤੇ ਤੇਲ ਪਾਉਣਾ
ਅਰਥ: ਲੜਾਈ ਨੂੰ ਤੇਜ਼ ਕਰਨਾ
ਵਾਕ: ਤੈਨੂੰ ਬਲਦੀ ਉੱਤੇ ਤੇਲ ਪਾਉਣ ਦੀ ਥਾਂ ਲੜਾਈ ਖ਼ਤਮ ਕਰਨ ਵਿੱਚ ਮੱਦਦ ਕਰਨੀ ਚਾਹੀਦੀ ਹੈ।
15. ਬਾਜ਼ੀ ਲੈ (ਮਾਰ) ਜਾਣਾ
ਅਰਥ: ਜਿੱਤ ਪ੍ਰਾਪਤ ਕਰਨਾ
ਵਾਕ: ਅੱਜ ਦੇ ਮੈਚ ਵਿੱਚ ਖ਼ਾਲਸਾ ਸਕੂਲ ਬਾਜ਼ੀ ਲੈ (ਮਾਰ) ਗਿਆ।
16. ਬੇੜਾ ਗ਼ਰਕ ਹੋਣਾ
ਅਰਥ: ਤਬਾਹੀ ਹੋਣਾ
ਵਾਕ: ਖ਼ੁਦਗਰਜ਼ ਲੀਡਰ ਦੇਸ਼ ਦਾ ਬੇੜਾ ਗਰਕ ਕਰ ਦਿੰਦੇ ਹਨ।
17. ਬੰਨ੍ਹ ਕੇ ਖੀਰ ਖਵਾਉਣਾ
ਅਰਥ: ਜ਼ਬਰਦਸਤੀ ਭਲਾ ਕਰਨਾ
ਵਾਕ: ਉਹ ਘਰ ਆਏ ਕਿਸੇ ਸਵਾਲੀ ਨੂੰ ਨਿਰਾਸ਼ ਨਹੀਂ ਜਾਣ ਦਿੰਦਾ। ਉਹ ਤਾਂ ਬੰਨ੍ਹ ਕੇ ਖੀਰ ਖਵਾਉਣ ਵਾਲਾ ਹੈ।
18. ਬੇੜਾ ਪਾਰ ਕਰਨਾ
ਅਰਥ: ਸਫਲ ਕਰਨਾ
ਵਾਕ: ਗੁਰੂ ਨਾਨਕ ਦੇਵ ਜੀ ਦੀ ਬਾਣੀ ਪਾਪੀ ਮਨੁੱਖ ਦਾ ਬੇੜਾ ਪਾਰ ਕਰ ਦਿੰਦੀ ਹੈ।
19. ਭੁੱਖੇ ਸ਼ੇਰ ਵਾਂਗ ਪੈਣਾ
ਅਰਥ: ਗੁੱਸੇ ਵਿੱਚ ਉੱਚੀ ਬੋਲਣਾ
ਵਾਕ: ਤੇਰੇ ਭਰਾ ਵਿੱਚ ਰਤਾ ਹਲੀਮੀ ਨਹੀਂ, ਰਤਾ ਗੱਲ ਕਰੋ, ਤਾਂ ਭੁੱਖੇ ਸ਼ੇਰ ਵਾਂਗ ਪੈਂਦਾ ਹੈ।
20. ਭਾਨੀ ਮਾਰਨੀ
ਅਰਥ: ਕੋਈ ਊਜ ਲਾ ਕੇ ਕਿਸੇ ਦਾ ਕੰਮ ਵਿਗਾੜਨਾ
ਵਾਕ: ਨੰਦੀ ਨੇ ਭਾਨੀ ਮਾਰ ਕੇ ਮੇਰੇ ਮੁੰਡੇ ਦਾ ਰਿਸ਼ਤਾ ਤੁੜਵਾ ਦਿੱਤਾ।
21. ਭਰਿਆ ਪੀਤਾ ਹੋਣਾ
ਅਰਥ: ਵਿੱਚੇ-ਵਿੱਚ ਗੁੱਸੇ ਨਾਲ ਭਰਿਆ ਹੋਣਾ
ਵਾਕ: ਸਵਰਨ ਹੋਰਾਂ ਨੇ ਕੁਲਬੀਰ ਨੂੰ ਗਾਲਾਂ ਕੱਢੀਆਂ। ਉਹ ਅੱਗੇ ਕਰਨ ਜੋਗਾ ਤਾਂ ਕੁੱਝ ਨਹੀਂ ਸੀ, ਵਿਚਾਰਾ ਭਰਿਆ ਪੀਤਾ ਆਪਣੇ ਘਰ ਨੂੰ ਚਲਾ ਗਿਆ।
22. ਭੰਗ ਭੁੱਜਣਾ
ਅਰਥ: ਘਰੋਂ ਗ਼ਰੀਬ ਹੋਣਾ
ਵਾਕ: ਚਰਨੇ ਦਾ ਕੋਈ ਪੁੱਤਰ ਵੀ ਕਮਾਊ ਨਹੀਂ ਨਿਕਲਿਆ, ਇਸੇ ਕਾਰਨ ਵਿਚਾਰੇ ਦੇ ਘਰ ਭੰਗ ਭੁੱਜਦੀ ਹੈ।
23. ਮੁੱਛ ਦਾ ਵਾਲ ਬਣਨਾ
ਅਰਥ: ਨਿਕਟਵਰਤੀ ਬਣਨਾ
ਵਾਕ: ਮੇਰਾ ਗੁਆਂਢੀ ਆਪਣੇ ਪ੍ਰੇਮ ਭਰੇ ਵਤੀਰੇ ਨਾਲ ਮੇਰੀ ਮੁੱਛ ਦਾ ਵਾਲ ਬਣ ਗਿਆ ਹੈ।
24. ਮੁੱਠੀ ਗਰਮ ਕਰਨੀ
ਅਰਥ: ਵੱਢੀ ਦੇਣੀ (ਰਿਸ਼ਵਤ ਦੇਣੀ)
ਵਾਕ: ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਅਫ਼ਸਰਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
25. ਮੂੰਹ ਦੀ ਖਾਣੀ
ਅਰਥ: ਹਾਰ ਜਾਣਾ
ਵਾਕ: ਪਾਕਿਸਤਾਨ ਨੇ ਭਾਰਤ 'ਤੇ ਜਿੰਨੀ ਵਾਰ ਹਮਲਾ ਕੀਤਾ ਹੈ, ਓਨੀ ਵਾਰ ਮੂੰਹ ਦੀ ਖਾਧੀ ਹੈ।
26. ਮੂੰਹ ਅੱਡਣਾ
ਅਰਥ: ਲਾਲਚ ਕਰਨਾ
ਵਾਕ: ਬਹੁਤਾ ਮੂੰਹ ਅੱਡੋਗੇ, ਤਾਂ ਉਸ ਵਿੱਚ ਮੱਖੀਆਂ ਹੀ ਪੈਣਗੀਆਂ।
27. ਰੰਗ ਵਿੱਚ ਭੰਗ ਪਾਉਣਾ
ਅਰਥ: ਖ਼ੁਸ਼ੀ ਵਿੱਚ ਗ਼ਮੀ ਆ ਜਾਣੀ
ਵਾਕ: ਸਾਨੂੰ ਕਦੇ ਵੀ ਕਿਸੇ ਦੇ ਰੰਗ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
28. ਰਾਈ ਦਾ ਪਹਾੜ ਬਣਾਉਣਾ
ਅਰਥ: ਸਾਧਾਰਨ ਗੱਲ ਵਧਾ-ਚੜ੍ਹਾ ਕੇ ਕਰਨੀ
ਵਾਕ: ਤੂੰ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਏਂ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
29. ਰੇਖ ਵਿੱਚ ਮੇਖ ਮਾਰਨੀ
ਅਰਥ: ਕਿਸਮਤ ਬਦਲ ਦੇਣੀ
ਵਾਕ: ਹਿੰਮਤ ਰੇਖ ਵਿੱਚ ਮੇਖ ਮਾਰ ਕੇ ਕੰਗਾਲ ਨੂੰ ਧਨੀ ਬਣਾ ਦਿੰਦੀ ਹੈ।
30. ਰੰਗ ਉੱਡ ਜਾਣਾ
ਅਰਥ: ਘਬਰਾ ਜਾਣਾ
ਵਾਕ: ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਬਿੱਲੂ ਦਾ ਰੰਗ ਉੱਡ ਗਿਆ।
31. ਲੋਹਾ ਲਾਖਾ ਹੋਣਾ
ਅਰਥ: ਗੁੱਸੇ ਵਿੱਚ ਆਉਣਾ
ਵਾਕ: ਤੁਸੀਂ ਇਸ ਗੱਲ ਨੂੰ ਸ਼ਾਂਤੀ ਨਾਲ ਸੁਣੋ, ਐਵੇਂ ਲੋਹੇ ਲਾਖੇ ਹੋਣ ਦਾ ਕੋਈ ਲਾਭ ਨਹੀਂ।
32. ਲੱਕ ਬੰਨ੍ਹਣਾ
ਅਰਥ: ਤਿਆਰ ਹੋ ਪੈਣਾ
ਵਾਕ: ਹਿੰਮਤੀ ਲੋਕ ਜਦੋਂ ਕਿਸੇ ਕੰਮ ਨੂੰ ਕਰਨ ਲਈ ਲੱਕ ਬੰਨ੍ਹ ਲੈਂਦੇ ਹਨ, ਤਾਂ ਸਭ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ।
33. ਲੀਕ ਲੱਗਣੀ
ਅਰਥ: ਬਦਨਾਮੀ ਹੋਣੀ
ਵਾਕ: ਭੈੜੀ ਔਲਾਦ ਦੀਆਂ ਕਰਤੂਤਾਂ ਨੇ ਪਤਵੰਤੇ ਘਰਾਣੇ ਦੇ ਨਾਂ ਨੂੰ ਲੀਕ ਲਾ ਦਿੱਤੀ।
34. ਲਹੂ-ਪਸੀਨਾ ਇਕ ਕਰਨਾ
ਅਰਥ: ਕਰੜੀ ਮਿਹਨਤ ਕਰਨੀ
ਵਾਕ: ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਲਹੂ-ਪਸੀਨਾ ਇਕ ਕਰ ਕੇ ਕਮਾਈ ਕਰਦੇ ਹਨ।
35. ਲਾਲ ਪੀਲਾ ਹੋਣਾ
ਅਰਥ: ਗੁੱਸੇ ਹੋਣਾ
ਵਾਕ: ਤੂੰ ਉਸ ਨਾਲ ਜ਼ਰੂਰ ਕੋਈ ਉੱਚੀ-ਨੀਵੀਂ ਕੀਤੀ ਹੋਵੇਗੀ, ਐਵੇਂ ਤਾਂ ਨਹੀਂ ਉਹ ਲਾਲ ਪੀਲਾ ਹੁੰਦਾ ਗਿਆ।
36. ਵਕਤ ਨੂੰ ਧੱਕਾ ਦੇਣਾ
ਅਰਥ: ਸਮਾਂ ਔਖ ਨਾਲ ਕੱਟਣਾ
ਵਾਕ: ਅੱਜ-ਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿੱਚ ਗ਼ਰੀਬ ਆਦਮੀ ਤਾਂ ਵਕਤ ਨੂੰ ਧੱਕਾ ਦਿੰਦਾ ਹੈ।
37. ਵਾਲ ਕਰਨਾ (ਵਾਲ ਵਿੰਗਾ ਨਾ ਹੋਣਾ)
ਅਰਥ: ਕੁੱਝ ਨਾ ਵਿਗੜਨਾ
ਵਾਕ: ਜਿੰਨੀ ਦੇਰ ਮੈਂ ਬੈਠਾ ਹਾਂ, ਤੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।