PSEB CLASS 10 PUNJABI B IMPORTANT LETTER/ APPLICATION

ਪ੍ਰਸ਼ਨ 3: ਪੱਤਰ/ਅਰਜ਼ੀ ਰਚਨਾ (ਪ੍ਰਸ਼ਨ ਪੱਤਰ ਅਨੁਸਾਰ)

ਕੋਈ ਦੋ ਵਿਸ਼ੇ ਦੇ ਕੇ ਕਿਸੇ ਇੱਕ 'ਤੇ ਪੱਤਰ/ਅਰਜ਼ੀ ਲਿਖਣ ਲਈ ਕਿਹਾ ਜਾਵੇਗਾ:

ਸਹੀ ਉੱਤਰ (ਪੱਤਰ/ਅਰਜ਼ੀ) ਦੇਖਣ ਲਈ ਹੇਠਾਂ ਦਿੱਤੇ ਵਿਸ਼ਿਆਂ 'ਤੇ ਕਲਿੱਕ ਕਰੋ।

(ੳ) ਆਪਣੇ ਮਿੱਤਰ ਨੂੰ ਨੀਟ (NEET) ਵਿੱਚ ਮੋਹਰੀ ਦਰਜਾ ਪ੍ਰਾਪਤ ਕਰਨ 'ਤੇ ਵਧਾਈ ਦੀ ਚਿੱਠੀ ਲਿਖੋ।

ਪ੍ਰੀਖਿਆ ਭਵਨ,
ਸ਼ਹਿਰ...................।
ਮਿਤੀ: 10 ਮਾਰਚ, 2026.

ਪਿਆਰੇ ਮਿੱਤਰ/ਸਹੇਲੀ,

ਸਤਿ ਸ੍ਰੀ ਅਕਾਲ।

ਅੱਜ ਸਵੇਰੇ ਜਦੋਂ ਮੈਂ ਅਖ਼ਬਾਰ ਵਿੱਚ ਨੀਟ (NEET) ਪ੍ਰੀਖਿਆ ਦਾ ਨਤੀਜਾ ਦੇਖਿਆ ਤਾਂ ਮੇਰੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਇਹ ਜਾਣ ਕੇ ਬਹੁਤ ਮਾਣ ਮਹਿਸੂਸ ਹੋਇਆ ਕਿ ਤੂੰ ਇਸ ਔਖੀ ਪ੍ਰੀਖਿਆ ਵਿੱਚੋਂ ਮੋਹਰੀ ਦਰਜਾ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਸਫ਼ਲਤਾ ਲਈ ਤੈਨੂੰ ਬਹੁਤ-ਬਹੁਤ ਵਧਾਈ।

ਮੈਨੂੰ ਪਤਾ ਹੈ ਕਿ ਤੂੰ ਇਸ ਪ੍ਰੀਖਿਆ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕੀਤੀ ਸੀ। ਤੇਰੀ ਲਗਨ ਅਤੇ ਦ੍ਰਿੜ੍ਹ ਇਰਾਦੇ ਦਾ ਹੀ ਇਹ ਨਤੀਜਾ ਹੈ ਕਿ ਅੱਜ ਤੂੰ ਇਹ ਮੁਕਾਮ ਹਾਸਲ ਕੀਤਾ ਹੈ। ਤੇਰੀ ਇਸ ਪ੍ਰਾਪਤੀ ਨੇ ਤੇਰੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਹੁਣ ਤੈਨੂੰ ਦੇਸ਼ ਦੇ ਕਿਸੇ ਵਧੀਆ ਮੈਡੀਕਲ ਕਾਲਜ ਵਿੱਚ ਦਾਖ਼ਲਾ ਆਸਾਨੀ ਨਾਲ ਮਿਲ ਜਾਵੇਗਾ ਅਤੇ ਤੂੰ ਇੱਕ ਵਧੀਆ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰੇਂਗਾ।

ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇਂ। ਸਮਾਂ ਮਿਲਣ 'ਤੇ ਮੈਂ ਤੈਨੂੰ ਨਿੱਜੀ ਤੌਰ 'ਤੇ ਵਧਾਈ ਦੇਣ ਜ਼ਰੂਰ ਆਵਾਂਗਾ। ਮਾਤਾ ਜੀ ਅਤੇ ਪਿਤਾ ਜੀ ਨੂੰ ਮੇਰੇ ਵੱਲੋਂ ਸਤਿਕਾਰ ਸਹਿਤ ਵਧਾਈ ਦੇਣਾ।

ਤੇਰਾ ਪੱਕਾ ਮਿੱਤਰ,
ਨਾਮ...............।

(ਅ) ਕਿਸੇ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੂੰ ਸੜਕਾਂ ਪਰ ਹੋ ਰਹੀਆਂ ਦੁਰਘਟਨਾਵਾਂ ਕਰਕੇ ਹੋ ਰਹੇ ਜਾਨੀ ਨੁਕਸਾਨ ਬਾਰੇ ਪੱਤਰ ਲਿਖੋ।

ਪ੍ਰੀਖਿਆ ਭਵਨ,
ਸਰਕਾਰੀ ਹਾਈ ਸਕੂਲ,
ਸ਼ਹਿਰ...................।
10 ਜੁਲਾਈ, 2021.

ਸੇਵਾ ਵਿਖੇ

ਮਾਨਯੋਗ ਸੰਪਾਦਕ ਸਾਹਿਬ,
ਜਗ ਬਾਣੀ,
ਜਲੰਧਰ।

ਵਿਸ਼ਾ: ਸੜਕ-ਦੁਰਘਟਨਾਵਾਂ ਕਾਰਨ ਹੋ ਰਹੇ ਜਾਨੀ ਨੁਕਸਾਨ ਸੰਬੰਧੀ।

ਸ਼੍ਰੀਮਾਨ ਜੀ,

ਮੈਂ ਜਗ ਬਾਣੀ ਅਖ਼ਬਾਰ ਰਾਹੀਂ ਨਿੱਤ ਦਿਨ ਸੜਕਾਂ 'ਤੇ ਹੁੰਦੀਆਂ ਦੁਰਘਟਨਾਵਾਂ ਵਿੱਚ ਹੋ ਰਹੇ ਜਾਨੀ ਨੁਕਸਾਨ ਬਾਰੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹਾਂ। ਅਸੀਂ ਅਖ਼ਬਾਰਾਂ ਅਤੇ ਟੈਲੀਵੀਜ਼ਨ ਰਾਹੀਂ ਪੜ੍ਹਦੇ ਅਤੇ ਵੇਖਦੇ ਹਾਂ ਕਿ ਹਰ ਰੋਜ਼ ਸੜਕਾਂ ਉੱਪਰ ਅਨੇਕਾਂ ਹਾਦਸੇ ਵਾਪਰ ਰਹੇ ਹਨ। ਕਈ ਵਾਰੀ ਤਾਂ ਹਾਦਸੇ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਹੀ ਮੌਤ ਦੀ ਭੇਟ ਚੜ੍ਹ ਜਾਂਦੇ ਹਨ। ਇੱਕਾ-ਦੁੱਕਾ ਜਾਨ ਲੇਵਾ ਘਟਨਾਵਾਂ ਤਾਂ ਅਣਗਿਣਤ ਹੁੰਦੀਆਂ ਹਨ। ਸੜਕ 'ਤੇ ਸਫ਼ਰ ਕਰਨ ਗਏ ਵਿਅਕਤੀ ਬਾਰੇ ਇਸ ਤਰ੍ਹਾਂ ਮਹਿਸੂਸ ਹੁੰਦਾ ਰਹਿੰਦਾ ਹੈ, ਜਿਵੇਂ ਉਹ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ਼ ਲੜਾਈ ਕਰਨ ਗਿਆ ਹੋਵੇ। ਸਾਨੂੰ ਸੜਕ ਦੁਰਘਟਨਾਵਾਂ ਦੇ ਕਾਰਨਾਂ ਬਾਰੇ ਗੰਭੀਰਤਾ ਨਾਲ਼ ਸੋਚਣ ਅਤੇ ਉਹਨਾਂ ਨੂੰ ਦੂਰ ਕਰਨ ਦੀ ਲੋੜ ਹੈ।

ਮੈਂ ਸਮਝਦਾ ਹਾਂ ਕਿ ਸੜਕ-ਹਾਦਸਿਆਂ ਦੇ ਅਨੇਕ ਕਾਰਨ ਹਨ, ਜਿਵੇਂਕਿ ਅਣਸਿੱਖਿਅਤ ਡ੍ਰਾਈਵਰ, ਨਸ਼ਾ, ਗੱਡੀਆਂ ਵੱਧ ਸਪੀਡ ’ਤੇ ਚਲਾਉਣਾ, ਡ੍ਰਾਈਵਿੰਗ-ਨਿਯਮਾਂ ਦੀ ਪਾਲਣਾ ਨਾ ਕਰਨਾ, ਇਸ਼ਾਰਿਆਂ ਜਾਂ ਡਿੱਪਰਾਂ ਦੀ ਵਰਤੋਂ ਨਾ ਕਰਨਾ, ਸੰਕੇਤ-ਚਿੰਨ੍ਹਾਂ ਦੀ ਘਾਟ, ਖ਼ਸਤਾ ਹਾਲਤ ਗੱਡੀਆਂ ਨੂੰ ਸੜਕ 'ਤੇ ਚਲਾਉਂਦੇ ਰਹਿਣਾ, ਅਵਾਰਾ ਪਸ਼ੂਆਂ ਦਾ ਸੜਕਾਂ ਤੇ ਘੁੰਮਣਾ ਅਤੇ ਸੜਕਾਂ ਦੀ ਹਾਲਤ ਠੀਕ ਨਾ ਹੋਣਾ ਆਦਿ।

ਸਰਕਾਰ, ਸਮਾਜ-ਸੇਵੀ ਸੰਸਥਾਵਾਂ ਅਤੇ ਮੀਡੀਏ ਨੂੰ ਸੜਕ-ਹਾਦਸਿਆਂ ਤੋਂ ਬਚਣ ਲਈ ਚੇਤਨਾ-ਲਹਿਰ ਚਲਾਉਣੀ ਚਾਹੀਦੀ ਹੈ ਜਿਸ ਸੜਕ ਨਿਯਮਾਂ ਸੰਬੰਧੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ। ਨਿਯਮ ਭੰਗ ਕਰਨ ਵਾਲ਼ਿਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਗੱਡੀ-ਚਾਲਕਾਂ ਨੂੰ ਵੀ ਆਪਣੀ ਜ਼ੁੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਸੋਚਣਾ ਚਾਹੀਦਾ ਹੈ ਕਿ ‘ਕਦੇ ਵੀ ਨਾ ਪਹੁੰਚਣ ਨਾਲੋਂ, ਦੇਰ ਨਾਲ਼ ਪਹੁੰਚਣਾ ਚੰਗਾ ਹੈ। ਇਸ ਤਰ੍ਹਾਂ ਕਰਨ ਨਾਲ਼ ਅਨੇਕਾਂ ਕੀਮਤੀ ਜਾਨਾਂ ਦਾ ਬਚਾਅ ਹੋ ਸਕਦਾ ਹੈ ਅਤੇ ਪੰਜਾਬ ਦੀਆਂ ਸੜਕਾਂ 'ਤੇ ਲੱਗਿਆ ‘ਖੂਨੀ ਸੜਕਾਂ’ ਹੋਣ ਦਾ ਦਾਗ਼ ਮਿਟ ਸਕਦਾ ਹੈ।

ਧੰਨਵਾਦ ਸਹਿਤ
ਤੁਹਾਡਾ ਸ਼ੁਭਚਿੰਤਕ,
ਨਾਮ ਤੇ ਪਤਾ..........

ਪਾਠਕ੍ਰਮ/ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਪੱਤਰ ਅਤੇ ਅਰਜ਼ੀਆਂ

1. ਵੱਖ-ਵੱਖ ਵਸਤਾਂ ਵਿੱਚ ਮਿਲਾਵਟ ਬਾਰੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ।

ਸੇਵਾ ਵਿਖੇ

ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਨਹਿਰੂ ਗਾਰਡਨ ਰੋਡ,
ਜਲੰਧਰ।

ਵਿਸ਼ਾ : ਨਿੱਤ ਵਰਤੋਂ ਦੀਆਂ ਵਸਤਾਂ ਵਿੱਚ ਹੋ ਰਹੀ ਮਿਲਾਵਟ ਸੰਬੰਧੀ।

ਸ਼੍ਰੀਮਾਨ ਜੀ,

ਮੈਂ ਆਪਣੇ ਇਸ ਪੱਤਰ ਦੁਆਰਾ ਨਿੱਤ ਵਰਤੋਂ ਦੀਆਂ ਚੀਜ਼ਾਂ ਵਿੱਚ ਹੁੰਦੀ ਮਿਲਾਵਟ ਵੱਲ ਸਰਕਾਰ ਅਤੇ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦੀ ਹਾਂ। ਅੱਜ-ਕੱਲ੍ਹ ਸਾਡੇ ਦੇਸ ਵਿੱਚ ਕੁਝ ਵਪਾਰੀ ਅਤੇ ਦੁਕਾਨਦਾਰ ਵਧੇਰੇ ਮੁਨਾਫ਼ੇ ਲਈ ਖਾਣ-ਪੀਣ ਵਾਲ਼ੀਆਂ ਵਸਤਾਂ ਵਿੱਚ ਮਿਲਾਵਟ ਕਰ ਰਹੇ ਹਨ। ਦੇਸੀ ਘਿਓ ਦੀ ਕਹਿ ਕੇ ਵੇਚੀ ਜਾਂਦੀ ਮਿਠਿਆਈ ਅਕਸਰ ਬਣਾਉਟੀ ਘਿਓ ਦੁਆਰਾ ਤਿਆਰ ਕੀਤੀ ਜਾਂਦੀ ਹੈ। ਕੇਸਰ ਦੇ ਬਣੇ ਆਖੇ ਜਾਂਦੇ ਲੱਡੂਆਂ ਵਿੱਚ ਕੈਮੀਕਲ ਰੰਗ ਹੀ ਮਿਲਾਇਆ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਦੇ ਲਾਲਚੀ ਲੋਕ ਮਨੁੱਖੀ ਸਿਹਤ ਨਾਲ਼ ਸ਼ਰੇਆਮ ਖਿਲਵਾੜ ਕਰ ਰਹੇ ਹਨ। ਕੱਲ੍ਹ ਦੀ ਹੀ ਗੱਲ ਹੈ ਕਿ ਮੇਰੇ ਮਾਤਾ ਜੀ ਬਜ਼ਾਰ ਵਿੱਚੋਂ ਘਰ ਲਈ ਰਾਸ਼ਨ ਖ਼ਰੀਦ ਕੇ ਲਿਆਏ। ਘਰ ਜਾ ਕੇ ਵੇਖਿਆ ਕਿ ਦਾਲ਼ਾਂ ਵਿੱਚ ਬਰੀਕ ਕੰਕਰ ਕਾਫ਼ੀ ਮਾਤਰਾ ਵਿੱਚ ਰਲ਼ੇ ਹੋਏ ਸਨ। ਚਾਹ-ਪੱਤੀ ਵਿੱਚ ਲੋਹ-ਚੂਰਨ ਮਿਲਿਆ ਹੋਇਆ ਸੀ। ਦੇਸੀ ਘਿਓ ਵਿੱਚ ਬਣਾਉਟੀ ਘਿਓ ਮਿਲਾਇਆ ਪ੍ਰਤੀਤ ਹੁੰਦਾ ਸੀ। ਅਸੀਂ ਇਸ ਸੰਬੰਧੀ ਉਪਭੋਗਤਾ ਸੁਰੱਖਿਆ ਵਿਭਾਗ ਨੂੰ ਸ਼ਿਕਾਇਤ ਕਰਨ ਦਾ ਫ਼ੈਸਲਾ ਕੀਤਾ ਹੈ। ਦੁੱਧ, ਪਨੀਰ, ਖੋਏ ਅਤੇ ਮਿਠਿਆਈ ਨੂੰ ਤਿਆਰ ਕਰਨ ਵਾਲ਼ੀਆਂ ਫ਼ੈਕਟਰੀਆਂ ਦੇ ਫੜੇ ਜਾਣ ਦੀਆਂ ਖ਼ਬਰਾਂ ਅਖ਼ਬਾਰਾਂ ਅਤੇ ਟੀ. ਵੀ. ਚੈਨਲਾਂ ਰਾਹੀਂ ਜੱਗ-ਜ਼ਾਹਰ ਹੋ ਰਹੀਆਂ ਹਨ ਪਰੰਤੂ ਇਹਨਾਂ ਦੋਸ਼ੀਆਂ 'ਤੇ ਕੋਈ ਸਖ਼ਤ ਕਾਰਵਾਈ ਨਾ ਹੋਣ ਕਰਕੇ ਮਨ ਬਹੁਤ ਦੁਖੀ ਹੁੰਦਾ ਹੈ।

ਮੇਰਾ ਸੁਝਾਅ ਹੈ ਕਿ ਸੰਬੰਧਿਤ ਅਧਿਕਾਰੀਆਂ ਨੂੰ ਅਜਿਹੇ ਲੋਕਾਂ ਦੇ ਟਿਕਾਣਿਆਂ 'ਤੇ ਲਗਾਤਾਰ ਛਾਪੇ ਮਾਰ ਕੇ ਉਹਨਾਂ ਦੁਆਰਾ ਤਿਆਰ ਕੀਤੀਆਂ ਵਸਤੂਆਂ ਦੇ ਨਮੂਨੇ ਭਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਜਿਹੇ ਲੋਕ ਮਿਲਾਵਟ ਨਾ ਕਰ ਸਕਣ। ਜੇਕਰ ਇਸ ਸੰਬੰਧੀ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਉੱਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਆਸ ਹੈ ਕਿ ਸੰਬੰਧਿਤ ਅਧਿਕਾਰੀ ਅਤੇ ਜਨਤਾ ਦੇ ਆਗੂ ਇਸ ਪ੍ਰਕਾਰ ਦੇ ਹੋ ਰਹੇ ਘਿਣਾਉਣੇ ਅਪਰਾਧ ਰੋਕਣ ਲਈ ਹਰ ਸੰਭਵ ਯਤਨ ਕਰਨਗੇ।

ਆਪ ਜੀ ਦੀ ਵਿਸ਼ਵਾਸਪਾਤਰ,
ਨਾਮ.................
ਮਿਤੀ: 8 ਜੁਲਾਈ, 2021
ਪਤਾ.................।

2. ਸਰਪੰਚ/ਨਗਰਪਾਲਿਕਾ ਦੇ ਪ੍ਰਧਾਨ ਨੂੰ ਗਲ਼ੀਆਂ ਤੇ ਨਾਲ਼ੀਆਂ ਦੀ ਸਫ਼ਾਈ/ਮੁਰੰਮਤ ਲਈ ਬਿਨੈ-ਪੱਤਰ।

ਸੇਵਾ ਵਿਖੇ

ਪ੍ਰਧਾਨ ਸਾਹਿਬ,
ਨਗਰਪਾਲਿਕਾ,
ਸ਼੍ਰੀ ਮੁਕਤਸਰ ਸਾਹਿਬ।

ਵਿਸ਼ਾ : ਮੁਹੱਲੇ ਦੀਆਂ ਗਲ਼ੀਆਂ ਅਤੇ ਨਾਲ਼ੀਆਂ ਦੀ ਮੁਰੰਮਤ ਸੰਬੰਧੀ।

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਸਾਡੇ ਨਗਰ ਦੇ ਵਾਰਡ ਨੰਬਰ ਪੰਜ ਦੀਆਂ ਗਲ਼ੀਆਂ ਤੇ ਨਾਲ਼ੀਆਂ ਦੀ ਹਾਲਤ ਬਹੁਤ ਹੀ ਖ਼ਰਾਬ ਹੈ। ਗਲ਼ੀਆਂ ਵਿੱਚ ਥਾਂ-ਥਾਂ ਟੋਏ ਪਏ ਹੋਏ ਹਨ। ਇਹ ਟੋਏ ਹਰ ਸਮੇਂ ਨਾਲ਼ੀਆਂ ਦੇ ਗੰਦੇ ਪਾਣੀ ਨਾਲ਼ ਭਰੇ ਰਹਿੰਦੇ ਹਨ। ਬਰਸਾਤ ਦੇ ਦਿਨਾਂ ਵਿੱਚ ਤਾਂ ਇਹਨਾਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਜਾਂਦੀ ਹੈ। ਇਸ ਵਾਰਡ ਦੀਆਂ ਗਲ਼ੀਆਂ ਵਿੱਚ ਸਾਈਕਲ, ਸਕੂਟਰ, ਰਿਕਸ਼ੇ, ਕਾਰਾਂ ਆਦਿ ਗਲ਼ੀਆਂ ਦੇ ਚਿੱਕੜ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਹਨ। ਬਾਹਰੋਂ ਆਉਣ ਵਾਲ਼ੇ ਲੋਕਾਂ ਨੂੰ ਤਾਂ ਹੋਰ ਵੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

ਇਸ ਸਮੇਂ ਸਾਰੇ ਮੁਹੱਲੇ ਵਿੱਚ ਗੰਦਗੀ ਜਮ੍ਹਾ ਹੋ ਗਈ ਹੈ ਅਤੇ ਮੱਛਰ ਵੀ ਬਹੁਤ ਹੋ ਗਿਆ ਹੈ। ਜੇ ਅਧਿਕਾਰੀਆਂ ਵੱਲੋਂ ਨਾਲ਼ੀਆਂ ਅਤੇ ਗਲ਼ੀਆਂ ਦੀ ਮੁਰੰਮਤ ਤੁਰੰਤ ਨਾ ਕਰਵਾਈ ਗਈ ਤਾਂ ਮੁਹੱਲੇ ਵਿੱਚ ਕੋਈ ਨਾ ਕੋਈ ਗੰਭੀਰ ਬਿਮਾਰੀ ਫੈਲ ਜਾਣ ਦਾ ਡਰ ਹੈ।

ਆਪ ਦਾ ਵਿਸ਼ਵਾਸਪਾਤਰ,
ਨਾਮ..................
ਮਿਤੀ: 9 ਜੁਲਾਈ, 2021
ਪਤਾ...................।

3. ਸਾਈਕਲ/ਸਕੂਟਰ/ਮੋਟਰ-ਸਾਈਕਲ ਚੋਰੀ ਹੋਣ ਸੰਬੰਧੀ ਥਾਣਾ ਮੁਖੀ ਨੂੰ ਪੱਤਰ।

ਸੇਵਾ ਵਿਖੇ

ਐਸ. ਐਚ. ਓ. ਸਾਹਿਬ,
ਥਾਣਾ ਕੋਟਭਾਈ,
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।

ਵਿਸ਼ਾ: ਚੋਰੀ ਹੋ ਗਏ ਸਾਈਕਲ ਦੀ ਰਿਪੋਰਟ ਦਰਜ ਕਰਵਾਉਣ ਬਾਰੇ।

ਸ਼੍ਰੀਮਾਨ ਜੀ,

ਮੈਂ ਕੱਲ੍ਹ ਦੁਪਹਿਰ ਤੋਂ ਬਾਅਦ ਸਟੇਟ ਬੈਂਕ ਆਫ਼ ਪਟਿਆਲਾ ਦੀ ਸ਼ਾਖਾ ਵਿੱਚ ਆਪਣਾ ਖਾਤਾ ਖੁੱਲ੍ਹਵਾਉਣ ਲਈ ਗਿਆ ਸੀ। ਮੈਂ ਬੈਂਕ ਅੱਗੇ ਆਪਣਾ ਸਾਈਕਲ ਖੜ੍ਹਾ ਕਰਕੇ ਅਤੇ ਇਸ ਨੂੰ ਤਾਲਾ ਲਾ ਕੇ ਬੈਂਕ ਅੰਦਰ ਚਲਾ ਗਿਆ। ਬੈਂਕ ਵਿੱਚ ਭੀੜ ਹੋਣ ਕਾਰਨ ਮੈਨੂੰ ਉੱਥੇ ਲਗ-ਪਗ ਇੱਕ ਘੰਟਾ ਸਮਾਂ ਲੱਗ ਗਿਆ। ਜਦੋਂ ਮੈਂ ਬੈਂਕ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਮੇਰਾ ਸਾਈਕਲ ਉਸ ਜਗ੍ਹਾ ਨਹੀਂ ਸੀ, ਜਿਸ ਜਗ੍ਹਾ ਮੈਂ ਖੜ੍ਹਾ ਕੀਤਾ ਸੀ। ਆਲ਼ੇ-ਦੁਆਲ਼ੇ ਦੇ ਦੁਕਾਨਦਾਰਾਂ ਅਤੇ ਰੇਹੜੀ ਵਾਲ਼ਿਆਂ ਤੋਂ ਪੁੱਛ-ਗਿੱਛ ਕੀਤੀ ਪਰ ਕਿਸੇ ਨੂੰ ਮੇਰੇ ਸਾਈਕਲ ਬਾਰੇ ਕੁਝ ਪਤਾ ਨਹੀਂ ਸੀ। ਅੱਧਾ ਘੰਟਾ ਪੜਤਾਲ ਕਰਨ ਤੋਂ ਬਾਅਦ ਮੈਂ ਇਸ ਸਿੱਟੇ 'ਤੇ ਪੁੱਜਾ ਕਿ ਮੇਰਾ ਸਾਈਕਲ ਚੋਰੀ ਹੋ ਗਿਆ ਸੀ।

ਮੈਂ ਇਹ ਸਾਈਕਲ ਇਸੇ ਸਾਲ ਰਾਮਾ ਮੰਡੀ ਦੇ ‘ਪੰਜਾਬ ਸਾਈਕਲ ਸਟੋਰ’ ਤੋਂ ਖ਼ਰੀਦਿਆ ਸੀ। ਮੇਰੇ ਕੋਲ਼ ਦੁਕਾਨ ਦੀ ਰਸੀਦ ਵੀ ਹੈ। ਸਾਈਕਲ ਐਟਲਸ ਕੰਪਨੀ ਦਾ ਹੈ ਅਤੇ ਇਸ ਦਾ ਨੰ: ਐੱਸ -936589 ਹੈ। ਸਾਈਕਲ ਦਾ ਰੰਗ ਨੀਲਾ ਹੈ। ਇਸ ਨੂੰ ਕੈਰੀਅਰ ਅਤੇ ਸਟੀਲ ਦੀ ਟੋਕਰੀ ਲੱਗੀ ਹੋਈ ਹੈ।

ਕਿਰਪਾ ਕਰਕੇ ਮੇਰੇ ਸਾਈਕਲ ਨੂੰ ਲੱਭਣ ਲਈ ਯੋਗ ਕਾਰਵਾਈ ਕੀਤੀ ਜਾਵੇ।

ਧੰਨਵਾਦ ਸਹਿਤ,

ਆਪ ਦਾ ਵਿਸ਼ਵਾਸਪਾਤਰ,
ਨਾਮ........................
ਮਿਤੀ: 10 ਜੁਲਾਈ, 2021
ਪਤਾ........................।

4. ਡਿਪਟੀ ਕਮਿਸ਼ਨਰ ਨੂੰ ਆਪਣੀ ਯੋਗਤਾ ਦੱਸਦੇ ਹੋਏ ਨੌਕਰੀ ਲੈਣ ਲਈ ਅਰਜ਼ੀ।

ਸੇਵਾ ਵਿਖੇ

ਡਿਪਟੀ ਕਮਿਸ਼ਨਰ ਸਾਹਿਬ,
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।

ਵਿਸ਼ਾ: ਨੌਕਰੀ ਲੈਣ ਸੰਬੰਧੀ।

ਸ਼੍ਰੀਮਾਨ ਜੀ,

ਬੇਨਤੀ ਹੈ ਕਿ 8 ਜੁਲਾਈ ਦੇ ‘ਅਜੀਤ’ ਅਖ਼ਬਾਰ ਵਿੱਚ ਮੈਂ ਆਪ ਵੱਲੋਂ ਦਿੱਤੇ ਇਸ਼ਤਿਹਾਰ ਵਿੱਚ ਪੜ੍ਹਿਆ ਹੈ ਕਿ ਜ਼ਿਲ੍ਹੇ ਦੇ ਸੁਵਿਧਾ ਕੇਂਦਰ ਵਿੱਚ ਕੰਪਿਊਟਰ ਉੱਤੇ ਚਿੱਠੀ-ਪੱਤਰ ਟਾਈਪ ਕਰਨ ਵਾਲ਼ੇ ਇੱਕ ਕਲਰਕ ਦੀ ਜ਼ਰੂਰਤ ਹੈ। ਮੈਂ ਆਪਣੇ ਆਪ ਨੂੰ ਇਸ ਨੌਕਰੀ ਦੇ ਯੋਗ ਸਮਝਦਾ ਹਾਂ ਅਤੇ ਇਹ ਨੌਕਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ। ਇਸ ਨੌਕਰੀ ਲਈ ਮੇਰੀ ਯੋਗਤਾ ਅਤੇ ਹੋਰ ਲੋੜੀਂਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

  1. ਮੇਰਾ ਨਾਂ ........................ਹੈ।
  2. ਮੇਰੇ ਪਿਤਾ ਦਾ ਨਾਂ...................ਹੈ।
  3. ਮੇਰੀ ਜਨਮ ਮਿਤੀ 10 ਅਗਸਤ, 2001 ਹੈ।
  4. ਮੈਂ ਦਸਵੀਂ ਜਮਾਤ 622 ਨੰਬਰ ਲੈ ਕੇ ਫ਼ਸਟ ਡਿਵੀਜ਼ਨ ਵਿੱਚ ਪਾਸ ਕੀਤੀ ਹੈ।
  5. ਮੈਂ ਮਾਈਕ੍ਰੋਸਾਫ਼ਟ ਵਰਡ ਤੇ ਐਕਸਲ ਦਾ ਡਿਪਲੋਮਾ ਹਾਸਲ ਕੀਤਾ ਹੈ।
  6. ਮੈਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਚਿੱਠੀ-ਪੱਤਰ ਟਾਈਪ ਕਰ ਸਕਦਾ ਹਾਂ।

ਮੈਨੂੰ ਆਸ ਹੈ ਕਿ ਆਪ ਇਸ ਅਸਾਮੀ ਲਈ ਮੈਨੂੰ ਯੋਗ ਸਮਝਦੇ ਹੋਏ, ਮੈਨੂੰ ਇਸ ਨੌਕਰੀ ਦੁਆਰਾ ਸੇਵਾ ਕਰਨ ਦਾ ਮੌਕਾ ਦਿਓਗੇ। ਮੈਂ ਵਿਸ਼ਵਾਸ ਦੁਆਉਂਦਾ ਹਾਂ ਕਿ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ਼ ਨਿਭਾਵਾਂਗਾ।

ਧੰਨਵਾਦ ਸਹਿਤ

ਆਪ ਦਾ ਵਿਸ਼ਵਾਸ ਪਾਤਰ,
ਨਾਮ ਅਤੇ ਪਤਾ............।
ਮਿਤੀ: 10 ਜੁਲਾਈ, 2021
ਫ਼ੋਨ ਨੰਬਰ...............

5. ਅਧਿਆਪਕ/ਰਿਸ਼ਤੇਦਾਰ ਤੋਂ ਦਸਵੀਂ ਉਪਰੰਤ ਅਗਲੇਰੀ ਪੜ੍ਹਾਈ ਸੰਬੰਧੀ ਸਲਾਹ ਲਈ ਪੱਤਰ।

ਪ੍ਰੀਖਿਆ ਭਵਨ,
ਪਿੰਡ/ਸ਼ਹਿਰ............।
25 ਜੁਲਾਈ, 2021.

ਸਤਿਕਾਰਯੋਗ ਅਧਿਆਪਕ ਡਾ. ਨਰਿੰਦਰ ਕੁਮਾਰ ਜੀ,

ਸਤਿ ਸ੍ਰੀ ਅਕਾਲ।

ਦਸਵੀਂ ਦੇ ਇਮਤਿਹਾਨ ਹੋ ਚੁੱਕੇ ਹਨ। ਉਮੀਦ ਹੈ ਮੇਰਾ ਨਤੀਜਾ ਵਧੀਆ ਹੀ ਆਵੇਗਾ। ਸ਼੍ਰੇਣੀ ਵਿੱਚ ਆਪ ਵੱਲੋਂ ਕਰਵਾਈ ਮਿਹਨਤ ਅਤੇ ਸੂਝ ਭਰੀ ਅਗਵਾਈ ਸਦਕਾ ਮੈਨੂੰ ਮੈਰਿਟ ਸੂਚੀ ਵਿੱਚ ਆਉਣ ਦੀ ਪੂਰੀ ਉਮੀਦ ਹੈ। ਸ਼੍ਰੇਣੀ ਵਿੱਚ ਪੜ੍ਹਾਉਂਦੇ ਸਮੇਂ ਆਪ ਸਾਨੂੰ ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਨਾ ਦਿੰਦੇ ਰਹਿੰਦੇ ਸੀ। ਹੁਣ ਮੈਂ ਇੱਕ ਵਾਰ ਫਿਰ ਆਪ ਤੋਂ ਉਚੇਰੀ ਵਿੱਦਿਆ ਸੰਬੰਧੀ ਸਲਾਹ ਲੈਣੀ ਚਾਹੁੰਦਾ ਹਾਂ।

ਸ਼ਾਇਦ ਆਪ ਨੂੰ ਸਾਡੇ ਘਰ ਦੀ ਆਰਥਿਕ ਹਾਲਤ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਅਸੀਂ ਤਿੰਨ ਭੈਣ-ਭਰਾ ਹਾਂ। ਮੇਰੇ ਪਿਤਾ ਜੀ ਦੀ ਮਾਸਿਕ ਆਮਦਨ ਲਗ-ਪਗ ਦਸ ਹਜ਼ਾਰ ਰੁਪਏ ਹੈ। ਸਾਰੇ ਪਰਿਵਾਰ ਦਾ ਗੁਜ਼ਾਰਾ ਕੇਵਲ ਉਹਨਾਂ ਦੀ ਤਨਖ਼ਾਹ 'ਤੇ ਹੀ ਚੱਲਦਾ ਹੈ। ਜੇ ਮੈਂ ਕਾਲਜ ਵਿੱਚ ਦਾਖ਼ਲ ਹੋ ਜਾਵਾਂ ਤਾਂ ਉਹ ਮੇਰੀ ਕਾਲਜ ਦੀ ਪੜ੍ਹਾਈ ਦਾ ਖ਼ਰਚ ਨਹੀਂ ਦੇ ਸਕਣਗੇ। ਉਹਨਾਂ ਦੀ ਇੱਛਾ ਹੈ ਕਿ ਮੈਂ ਕੋਈ ਛੋਟੀ-ਮੋਟੀ ਨੌਕਰੀ ਕਰ ਲਵਾਂ ਅਤੇ ਘਰ ਦਾ ਖ਼ਰਚਾ ਚਲਾਉਣ ਵਿੱਚ ਉਹਨਾਂ ਦੀ ਸਹਾਇਤਾ ਕਰਾਂ।

ਮੈਂ ਉੱਚ-ਵਿੱਦਿਆ ਪ੍ਰਾਪਤ ਕਰਕੇ ਅਧਿਆਪਕ ਬਣਨਾ ਚਾਹੁੰਦਾ ਹਾਂ। ਸੋ, ਮੈਂ ਸੋਚਿਆ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਜਾਂ ਜਿੱਥੇ ਵੀ ਮਿਲੇ, ਕੋਈ ਨੌਕਰੀ ਕਰ ਲਵਾਂ। ਇਸ ਦੇ ਨਾਲ ਹੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਕਿਸੇ ਲਰਨਿੰਗ ਸੈਂਟਰ ਤੋਂ ਛੇ ਮਹੀਨੇ ਦਾ ਕੰਪਿਊਟਰ ਪ੍ਰੋਗ੍ਰਾਮਿੰਗ ਅਸਿਸਟੈਂਟ ਦਾ ਕੋਰਸ ਕਰਕੇ ਅਗਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚਲਾਈ ਜਾ ਰਹੀ ਓਪਨ ਸਕੂਲ ਪ੍ਰਣਾਲ਼ੀ ਰਾਹੀਂ ਕਿਸੇ ਸਕੂਲ ਵਿੱਚ ਦਾਖ਼ਲ ਹੋ ਕੇ ਪੱਤਰ-ਵਿਹਾਰ ਰਾਹੀਂ 10 + 2 ਕਰ ਲਵਾਂ। ਇਸ ਤੋਂ ਬਾਅਦ ਮੈਂ ਕਿਸੇ ਯੂਨੀਵਰਸਿਟੀ ਤੋਂ ਪੱਤਰ-ਵਿਹਾਰ ਰਾਹੀਂ ਡਿਗਰੀ ਸ਼ੁਰੂ ਕਰ ਲਵਾਂਗਾ। ਇਸ ਤਰ੍ਹਾਂ ਕਰਨ ਨਾਲ਼ ਮੈਂ ਘਰ ਦੇ ਖ਼ਰਚ ਲਈ ਸਹਾਇਤਾ ਵੀ ਕਰ ਸਕਾਂਗਾ ਅਤੇ ਆਪਣੀ ਪੜ੍ਹਾਈ ਦਾ ਖ਼ਰਚਾ ਵੀ ਕੱਢ ਸਕਾਂਗਾ।

ਮੈਨੂੰ ਉਮੀਦ ਹੈ ਕਿ ਆਪ ਮੇਰੇ ਇਸ ਪ੍ਰੋਗ੍ਰਾਮ ਬਾਰੇ ਆਪਣੇ ਵਿਚਾਰ, ਸਲਾਹ ਅਤੇ ਅਗਵਾਈ ਦੇਣ ਦੀ ਕਿਰਪਾਲਤਾ ਕਰੋਗੇ। ਮੈਂ ਆਪ ਦੇ ਪੱਤਰ ਦੀ ਉਡੀਕ ਕਰਾਂਗਾ।

ਧੰਨਵਾਦ ਸਹਿਤ

ਆਪ ਦਾ ਵਿਦਿਆਰਥੀ,
ਨਾਮ.......................।

6. ਅਖ਼ਬਾਰ ਦੇ ਸੰਪਾਦਕ ਨੂੰ ਵਿਦਿਆਰਥੀ ਜੀਵਨ ਵਿੱਚ ਮੋਬਾਈਲ ਫ਼ੋਨ ਦੀ ਦੁਰਵਰਤੋਂ ਸੰਬੰਧੀ ਪੱਤਰ।

ਪ੍ਰੀਖਿਆ ਭਵਨ,
ਪਿੰਡ/ਸ਼ਹਿਰ.............।
ਮਿਤੀ : 28 ਜੁਲਾਈ, 2021.

ਸੇਵਾ ਵਿਖੇ

ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।

ਵਿਸ਼ਾ : ਵਿਦਿਆਰਥੀਆਂ ਦੁਆਰਾ ਮੋਬਾਈਲ ਫ਼ੋਨ ਦੀ ਦੁਰਵਰਤੋਂ ਸੰਬੰਧੀ।

ਸ਼੍ਰੀ ਮਾਨ ਜੀ,

ਬੇਨਤੀ ਹੈ ਕਿ ਆਪ ਆਪਣੇ ਅਖ਼ਬਾਰ ਵਿੱਚ ਵਿਦਿਆਰਥੀਆਂ ਦੁਆਰਾ ਮੋਬਾਈਲ ਫ਼ੋਨ ਦੀ ਹੋ ਰਹੀ ਦੁਰਵਰਤੋਂ ਸੰਬੰਧੀ ਵੱਧ ਤੋਂ ਵੱਧ ਖ਼ਬਰਾਂ ਅਤੇ ਲੇਖ ਛਾਪ ਕੇ ਸਮਾਜ ਅਤੇ ਵਿਦਿਆਰਥੀ ਵਰਗ ਨੂੰ ਇਸ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਓ। ਮੈਂ ਵੀ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ, ਉਮੀਦ ਕਰਦਾ ਹਾਂ ਕਿ ਆਪ ਆਪਣੇ ਅਖ਼ਬਾਰ ਵਿੱਚ ਇਸ ਨੂੰ ਜ਼ਰੂਰ ਜਗ੍ਹਾ ਦੇਵੋਗੇ। ਅਜੋਕੇ ਸਮੇਂ ਮੋਬਾਈਲ ਦੀ ਸਭ ਤੋਂ ਵੱਧ ਵਰਤੋਂ ਨੌਜਵਾਨ ਵਰਗ ਵੱਲੋਂ ਕੀਤੀ ਜਾ ਰਹੀ ਹੈ। ਬੇਸ਼ੱਕ ਮੋਬਾਈਲ ਫ਼ੋਨ ਵਿਦਿਆਰਥੀ ਵਰਗ ਲਈ ਕਈ ਪੱਖਾਂ ਤੋਂ ਬਹੁਤ ਹੀ ਲਾਭਦਾਇਕ ਯੰਤਰ ਹੈ। ਪਰੰਤੂ ਇਸ ਦੇ ਨਾਲ਼ ਹੀ ਇਸ ਤੋਂ ਬੱਚਿਆਂ ਤੇ ਨੌਜਵਾਨ ਵਰਗ ਖ਼ਾਸ ਕਰ ਵਿਦਿਆਰਥੀਆਂ ਨੂੰ ਬਹੁਤ ਸਾਰਾ ਨੁਕਸਾਨ ਵੀ ਪਹੁੰਚਿਆ ਹੈ।

ਅੱਜ-ਕੱਲ੍ਹ ਬੱਚਿਆਂ ਕੋਲ਼ ਮੋਬਾਈਲ ਫ਼ੋਨ ਦਾ ਹੋਣਾ ਆਮ ਜਿਹੀ ਗੱਲ ਹੈ। ਪਰ ਬੱਚੇ ਇਸ ਦੀ ਸਹੀ ਵਰਤੋਂ ਕਰਨ ਦੀ ਥਾਂ ਜ਼ਿਆਦਾਤਰ ਇਸ ਦੀ ਗ਼ਲਤ ਵਰਤੋਂ ਹੀ ਕਰਦੇ ਹਨ। ਬੱਚਿਆਂ ਨੂੰ ਜੋ ਸਮਾਂ ਵਿਹਲਾ ਮਿਲਦਾ ਹੈ, ਜ਼ਿਆਦਾਤਰ ਬੱਚੇ ਕਿਤਾਬਾਂ ਪੜ੍ਹਨ ਜਾਂ ਖੇਡਣ ਦੀ ਥਾਂ ਇਸ ਸਮੇਂ ਨੂੰ ਮੋਬਾਈਲ ਫ਼ੋਨ ਉੱਪਰ ਵਾਧੂ ਦੀਆਂ ਕਿਰਿਆਵਾਂ ਲਈ ਨਸ਼ਟ ਕਰ ਦਿੰਦੇ ਹਨ। ਕੁਝ ਬੱਚੇ ਤਾਂ ਆਪਣਾ ਪੜ੍ਹਾਈ ਦਾ ਸਮਾਂ ਵੀ ਮੋਬਾਈਲ ਫ਼ੋਨ ਉੱਪਰ ਹੀ ਗੁਜ਼ਾਰ ਦਿੰਦੇ ਹਨ। ਇਸ ਨਾਲ਼ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ, ਉੱਥੇ ਉਹਨਾਂ ਨੂੰ ਸਰੀਰਕ ਪੱਖ ਤੋਂ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਕਾਫ਼ੀ ਬੱਚਿਆਂ ਦੇ ਛੋਟੀ ਉਮਰ ਵਿੱਚ ਹੀ ਐਨਕ ਲੱਗ ਜਾਂਦੀ ਹੈ। ਮੋਬਾਈਲ ਫ਼ੋਨ ਵਿੱਚ ਰੁੱਝ ਕੇ ਬੱਚੇ ਸਮਾਜ ਨਾਲ਼ ਵੀ ਟੁੱਟ ਰਹੇ ਹਨ। ਬੱਚਿਆਂ ਅੰਦਰ ਸਮਾਜ ਵਿੱਚ ਵਿਚਰਨ ਦੀ ਜੀਵਨ-ਜਾਚ ਗੁਆਚ ਰਹੀ ਹੈ। ਮੋਬਾਈਲ ਫ਼ੋਨ ਵਿੱਚ ਰੁੱਝੇ ਬੱਚਿਆਂ ਕੋਲ਼ ਆਪਣੇ ਮਾਂ-ਬਾਪ ਅਤੇ ਦਾਦਾ-ਦਾਦੀ ਕੋਲ਼ ਬੈਠ ਕੇ ਗੱਲਾਂ ਕਰਨ ਅਤੇ ਜੀਵਨ-ਸੇਧ ਲੈਣ ਦਾ ਵੀ ਸਮਾਂ ਨਹੀਂ। ਮੋਬਾਈਲ ਫ਼ੋਨ ਦੀ ਦੁਰਵਰਤੋਂ ਨਾਲ਼ ਬਹੁਤ ਬੱਚੇ ਅਪਰਾਧ ਦੀ ਦੁਨੀਆ ਦਾ ਸ਼ਿਕਾਰ ਹੋ ਰਹੇ ਹਨ ਜਾਂ ਖੁਦ ਅਪਰਾਧ ਵਿੱਚ ਸ਼ਾਮਲ ਹੋ ਰਹੇ ਹਨ।

ਇਸ ਪ੍ਰਕਾਰ ਮੋਬਾਈਲ ਫ਼ੋਨ ਦੀ ਦੁਰਵਰਤੋਂ ਨਾਲ਼ ਬੱਚੇ ਸਮਾਜ ਤੋਂ ਦੂਰ ਜਾਣ ਦੇ ਨਾਲ਼-ਨਾਲ਼ ਨੈਤਿਕ ਕਦਰਾਂ-ਕੀਮਤਾਂ ਤੋਂ ਵੀ ਸੱਖਣੇ ਹੋ ਰਹੇ ਹਨ। ਜੇਕਰ ਇਸ ਗ਼ਲਤ ਵਰਤੋਂ ਨੂੰ ਰੋਕਿਆ ਨਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਨੌਜੁਆਨ ਪੀੜ੍ਹੀ ਪੜ੍ਹਾਈ ਪੱਖ ਤੋਂ ਪਿਛੜਨ ਦੇ ਨਾਲ਼-ਨਾਲ਼ ਨੈਤਿਕ ਅਤੇ ਸਮਾਜਿਕ ਪੱਖ ਤੋਂ ਵੀ ਕੋਰੀ ਹੋ ਜਾਵੇਗੀ। ਦਿਨ-ਦਿਨ ਅਪਰਾਧ ਵੱਧਣ ਦਾ ਕਾਰਨ ਵੀ ਮੋਬਾਈਲ ਫ਼ੋਨ ਦੀ ਦੁਰਵਰਤੋਂ ਹੀ ਹੈ। ਮੈਂ ਆਸ ਕਰਦਾ ਹਾਂ ਮੇਰੇ ਇਹ ਵਿਚਾਰ ਪੜ੍ਹ ਕੇ ਬਹੁਤ ਸਾਰੇ ਸਮਾਜ-ਸੇਵੀ ਲੋਕ ਅਤੇ ਮਾਤਾ-ਪਿਤਾ ਇਸ ਪ੍ਰਤੀ ਫ਼ਿਕਰਮੰਦ ਜ਼ਰੂਰ ਹੋਣਗੇ ਅਤੇ ਕੋਈ ਢੁਕਵਾਂ ਉਪਾਅ ਵੀ ਸੋਚਣਗੇ।

ਧੰਨਵਾਦ ਸਹਿਤ

ਆਪ ਦਾ ਪਾਠਕ,
ਨਾਮ...............।
ਪਿੰਡ/ਸ਼ਹਿਰ..........
ਜ਼ਿਲ੍ਹਾ.................

7. ਖ਼ਰਾਬ ਏ.ਟੀ.ਐਮ. ਦੀ ਸ਼ਿਕਾਇਤ ਸੰਬੰਧੀ ਬੈਂਕ ਨੂੰ ਪੱਤਰ।

ਸੇਵਾ ਵਿਖੇ

ਮਾਨਯੋਗ ਮੈਨੇਜਰ ਸਾਹਿਬ,
ਭਾਰਤੀ ਸਟੇਟ ਬੈਂਕ,
ਸ਼ਾਖਾ ਬਰਨਾਲ਼ਾ।

ਵਿਸ਼ਾ: ਏ.ਟੀ.ਐਮ. ਦੇ ਖ਼ਰਾਬ ਰਹਿਣ ਸੰਬੰਧੀ।

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਭਾਰਤੀ ਸਟੇਟ ਬੈਂਕ ਦਾ ਜਿਹੜਾ ਏ.ਟੀ.ਐੱਮ. ਬੱਸ-ਅੱਡੇ ਦੇ ਨਜ਼ਦੀਕ ਹੈ, ਉਹ ਅਕਸਰ ਹੀ ਖ਼ਰਾਬ ਰਹਿੰਦਾ ਹੈ। ਕਈ ਵਾਰੀ ਤਾਂ ਬਿਲਕੁਲ ਹੀ ਬੰਦ ਰਹਿੰਦਾ ਹੈ। ਅਕਸਰ ਵਾਰ-ਵਾਰ ਕਾਰਡ ਪਾਉਣ 'ਤੇ ਵੀ ਨਹੀਂ ਚੱਲਦਾ ਅਤੇ ਪੈਸੇ ਕਢਵਾਉਣ ਵਾਲ਼ਿਆਂ ਦੀ ਭੀੜ ਲੱਗੀ ਰਹਿੰਦੀ ਹੈ। ਕਈ ਵਾਰੀ ਤਾਂ ਕਾਰਡ ਇਸ ਦੇ ਅੰਦਰ ਹੀ ਰਹਿ ਜਾਂਦਾ ਹੈ ਅਤੇ ਕਈ ਵਾਰ ਪੈਸੇ ਕੱਢਣ ਤੋਂ ਬਿਨਾਂ ਹੀ ਗਾਹਕ ਦੇ ਖਾਤੇ ਵਿੱਚੋਂ ਕਟੌਤੀ ਹੋ ਜਾਂਦੀ ਹੈ। ਇਹ ਸਾਰਾ ਕੁਝ ਗਾਹਕਾਂ ਲਈ ਬੇਹੱਦ ਪਰੇਸ਼ਾਨੀ ਦਾ ਕਾਰਨ ਬਣਦਾ ਹੈ।

ਇਹ ਏ.ਟੀ.ਐੱਮ. ਬੱਸ-ਅੱਡੇ ਦੇ ਨਜ਼ਦੀਕ ਹੋਣ ਕਾਰਨ ਬਹੁਤ ਜ਼ਿਆਦਾ ਲੋਕਾਂ ਲਈ ਸਹੂਲਤ ਪ੍ਰਦਾਨ ਕਰ ਸਕਦਾ ਹੈ ਪਰੰਤੂ ਇਸ ਦੇ ਤਕਨੀਕੀ ਨੁਕਸਾਂ ਕਾਰਨ ਇਹ ਆਮ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਰਿਹਾ ਹੈ। ਇਸ ਲਈ ਬੇਨਤੀ ਹੈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਏ.ਟੀ.ਐੱਮ. ਨੂੰ ਤੁਰੰਤ ਠੀਕ ਕੀਤਾ ਜਾਵੇ ਜਾਂ ਬਦਲ ਕੇ ਨਵਾਂ ਲਾਇਆ ਜਾਵੇ। ਉਮੀਦ ਹੈ ਆਪ ਇਸ ਵਿਸ਼ੇ ਵੱਲ ਤੁਰੰਤ ਧਿਆਨ ਦਿਓਗੇ।

ਧੰਨਵਾਦ ਸਹਿਤ

ਆਪ ਜੀ ਦੀ ਸ਼ੁਭਚਿੰਤਕ,
ਨਾਮ......................,
ਮਿਤੀ: 7 ਜੁਲਾਈ, 2021.
ਪਤਾ............................।

8. ਡਿਪਟੀ ਕਮਿਸ਼ਨਰ ਨੂੰ ਆਰਾ ਬੰਦ ਕਰਵਾਉਣ ਸੰਬੰਧੀ ਬਿਨੈ-ਪੱਤਰ।

ਸੇਵਾ ਵਿਖੇ

ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ,
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ।

ਵਿਸ਼ਾ : ਰਹਾਇਸ਼ੀ ਖੇਤਰ ਵਿੱਚ ਆਰਾ ਬੰਦ ਕਰਵਾਉਣ ਸੰਬੰਧੀ।

ਸ਼੍ਰੀਮਾਨ ਜੀ,

ਬੇਨਤੀ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 68 ਦੇ ਰਹਾਇਸ਼ੀ ਖੇਤਰ ਵਿੱਚ ਇੱਕ ਲੱਕੜ ਚੀਰਨ ਵਾਲ਼ਾ ਆਰਾ ਲੱਗਿਆ ਹੋਇਆ ਹੈ। ਇਹ ਆਰਾ ਦਿਨ-ਰਾਤ ਚੱਲਦਾ ਰਹਿੰਦਾ ਹੈ। ਇਸ ਨਾਲ਼ ਹਰ ਵਕਤ ਹਵਾ ਅਤੇ ਸ਼ੋਰ-ਪ੍ਰਦੂਸ਼ਣ ਪੈਦਾ ਹੁੰਦਾ ਰਹਿੰਦਾ ਹੈ ਜਿਸ ਨਾਲ਼ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਬਜ਼ੁਰਗ ਅਤੇ ਬਿਮਾਰ ਵਿਅਕਤੀ ਚੈਨ ਨਾਲ਼ ਸੌਂ ਨਹੀਂ ਸਕਦੇ ਅਤੇ ਬੱਚੇ ਪੜ੍ਹ ਨਹੀਂ ਸਕਦੇ। ਇਸ ਨਾਲ਼ ਬੱਚਿਆਂ ਦੀ ਪੜ੍ਹਾਈ ਅਤੇ ਨਤੀਜਿਆਂ 'ਤੇ ਬੁਰਾ ਅਸਰ ਪੈਂਦਾ ਹੈ। ਆਰੇ ਲਈ ਲੱਕੜ ਦੀ ਢੋ-ਢੁਆਈ ਕਰਨ ਵਾਲ਼ੇ ਟਰੱਕਾਂ, ਟਰਾਲੀਆਂ ਅਤੇ ਹੋਰ ਗੱਡੀਆਂ ਕਾਰਨ ਸ਼ੋਰ-ਸ਼ਰਾਬੇ ਅਤੇ ਟ੍ਰੈਫ਼ਿਕ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਜਿਸ ਨਾਲ਼ ਕੰਮ ’ਤੇ ਆਉਣ-ਜਾਣ ਵਾਲ਼ੇ ਲੋਕਾਂ ਲਈ ਰੁਕਾਵਟ ਪੈਦੀ ਹੁੰਦੀ ਹੈ। ਇਹਨਾਂ ਗੱਡੀਆਂ ਕਾਰਨ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਚੁੱਕੀਆਂ ਹਨ।

ਬਾਰਸ਼ ਦੇ ਦਿਨਾਂ ਵਿੱਚ ਲੱਕੜੀ ਦੇ ਕਚਰੇ ਦੇ ਗਲ਼ਨ ਕਾਰਨ ਸਾਰੇ ਇਲਾਕੇ ਵਿੱਚ ਬਦਬੋ ਫੈਲੀ ਰਹਿੰਦੀ ਹੈ ਜਿਸ ਕਾਰਨ ਕਦੇ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਇਸ ਸੰਬੰਧੀ ਪੰਜਾਬ ਪ੍ਰਦੂਸ਼ਣ ਬੋਰਡ ਦੇ ਡਾਇਰੈਕਟਰ ਨੂੰ ਮਿਲ਼ ਕੇ ਲਿਖਤੀ ਰੂਪ ਵਿੱਚ ਬੇਨਤੀ ਵੀ ਕਰ ਚੁੱਕੇ ਹਾਂ ਪਰੰਤੂ ਇਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਅਸੀਂ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਹ ਆਰਾ ਇੱਥੋਂ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਇਸ ਇਲਾਕੇ ਦੇ ਵਸਨੀਕ ਅਰਾਮ ਨਾਲ਼ ਜੀਵਨ ਬਤੀਤ ਕਰ ਸਕਣ। ਉਮੀਦ ਹੈ ਕਿ ਆਪ ਇਹ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਕਰੋਗੇ।

ਧੰਨਵਾਦ ਸਹਿਤ

ਆਪ ਜੀ ਦੇ ਸ਼ੁਭਚਿੰਤਕ,
ਸਮੂਹ ਇਲਾਕਾ ਨਿਵਾਸੀ,
ਫੇਜ਼ 68, ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਮਿਤੀ: 26 ਜੁਲਾਈ, 2021.

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends