ਕਿਰਤਪੁਰ ਸਾਹਿਬ: ਤੇਜ਼ ਰਫ਼ਤਾਰ ਟਰੱਕ ਨੇ 11ਵੀਂ ਦੇ ਵਿਦਿਆਰਥੀ ਦੀ ਲਈ ਜਾਨ, ਸਾਥੀ ਗੰਭੀਰ
ਰੂਪਨਗਰ (ਰੋਪੜ) ਦੇ ਕਿਰਤਪੁਰ ਸਾਹਿਬ ਵਿੱਚ ਮਨਾਲੀ ਰੋਡ ‘ਤੇ ਹੋਈ ਇੱਕ ਦਰਦਨਾਕ ਸੜਕ ਹਾਦਸੇ ਨੇ 11ਵੀਂ ਵਿੱਚ ਪੜ੍ਹਦੇ ਨੌਜਵਾਨ ਦੀ ਜਾਨ ਲੈ ਲਈ, ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਟੱਕਰ ਵਿੱਚ ਉਸ ਦਾ ਸਾਥੀ ਵੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ। ਮਰਹੂਮ ਘਰ ਵਿੱਚ ਇਕੱਲਾ ਪੁੱਤਰ ਸੀ।
ਮਿਲੀ ਜਾਣਕਾਰੀ ਮੁਤਾਬਕ, ਹਾਦਸੇ ਵਿੱਚ ਮਰਣ ਵਾਲੇ ਨੌਜਵਾਨ ਦੀ ਪਹਿਚਾਣ ਮਿਆਂਪੁਰ ਅਖਾੜਾ ਵਾਸੀ ਗੁਰਸਿਮਰਨ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਲਗਭਗ 16 ਸਾਲ ਦੱਸੀ ਜਾ ਰਹੀ ਹੈ। ਦੋਵੇਂ ਵਿਦਿਆਰਥੀ ਬਾਈਕ ‘ਤੇ ਸਵਾਰ ਸੀ, ਜਦੋਂ ਟਰੱਕ ਨੇ ਟੱਕਰ ਮਾਰੀ। ਗੁਰਸਿਮਰਨ ਸਿੰਘ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਦਾਖ਼ਲ ਹੈ।
ਸੂਤਰਾਂ ਅਨੁਸਾਰ ਮਰਹੂਮ ਸਕੂਲ ਆਫ਼ ਐਮਿਨੈਂਸ, ਕਿਰਤਪੁਰ ਸਾਹਿਬ ਦਾ ਵਿਦਿਆਰਥੀ ਸੀ। ਹਾਦਸੇ ਵਿੱਚ ਸ਼ਾਮਲ ਦੋਵੇਂ ਵਾਹਨਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਟਰੱਕ ਚਾਲਕ ਨਾਲ ਨਾਲ ਜ਼ਖਮੀ ਵਿਦਿਆਰਥੀ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।
ਪੁਲਿਸ ਮੁਤਾਬਕ, ਟੱਕਰ ਦੌਰਾਨ ਗੁਰਸਿਮਰਨ ਦਾ ਸਿਰ ਟਰੱਕ ਦੀ ਖਿੜਕੀ ਨਾਲ ਜਾ ਟਕਰਾਇਆ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ, ਜਿਸ ਰਾਹੀਂ ਜ਼ਖਮੀ ਵਿਦਿਆਰਥੀ ਨੂੰ ਭਾਈ ਜੈਤਾ ਜੀ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਲਿਜਾਇਆ ਗਿਆ, ਜਿੱਥੋਂ ਉਸ ਨੂੰ ਹੁਣ ਰੂਪਨਗਰ ਰੈਫਰ ਕਰ ਦਿੱਤਾ ਗਿਆ ਹੈ। 🕯️
