ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਪੁਰਾਣੀ ਪੈਨਸ਼ਨ ਸਕੀਮ (OPS) ਬਹਾਲ ਕਰਨ ਤੋਂ ਕੀਤਾ ਇਨਕਾਰ; UPS ਦੇ ਨਵੇਂ ਨਿਯਮ ਕੀਤੇ ਸਪੱਸ਼ਟ
ਨਵੀਂ ਦਿੱਲੀ 17 ਦਸੰਬਰ 2025 ( ਜਾਬਸ ਆਫ ਟੁਡੇ)
ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਮੁੜ ਬਹਾਲ ਕਰਨ ਬਾਰੇ ਇਸ ਸਮੇਂ ਕੋਈ ਵੀ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਕਿਹਾ ਕਿ ਸਰਕਾਰ ਹੁਣ ਨੈਸ਼ਨਲ ਪੈਨਸ਼ਨ ਸਿਸਟਮ (NPS) ਅਤੇ ਯੂਨੀਫਾਈਡ ਪੈਨਸ਼ਨ ਸਕੀਮ (UPS) ‘ਤੇ ਹੀ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ।
ਰਾਜਾਂ ਨੂੰ ਨਹੀਂ ਮਿਲੇਗਾ NPS ਦਾ ਪੈਸਾ
ਕੇਂਦਰ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਹੜੇ ਰਾਜ, ਜਿਵੇਂ ਕਿ ਪੰਜਾਬ, ਰਾਜਸਥਾਨ, ਹਿਮਾਚਲ ਪ੍ਰਦੇਸ਼ ਆਦਿ, ਆਪਣੇ ਪੱਧਰ ‘ਤੇ ਪੁਰਾਣੀ ਪੈਨਸ਼ਨ ਸਕੀਮ (OPS) ਲਾਗੂ ਕਰ ਚੁੱਕੇ ਹਨ, ਉਨ੍ਹਾਂ ਨੂੰ NPS ਦੇ ਅਧੀਨ ਕਰਮਚਾਰੀਆਂ ਅਤੇ ਸਰਕਾਰ ਵੱਲੋਂ ਜਮ੍ਹਾਂ ਕਰਵਾਇਆ ਗਿਆ ਫੰਡ (Corpus) ਵਾਪਸ ਨਹੀਂ ਕੀਤਾ ਜਾ ਸਕਦਾ। ਸਰਕਾਰ ਮੁਤਾਬਕ, ਇਹ ਫੈਸਲਾ PFRDA ਦੇ ਮੌਜੂਦਾ ਨਿਯਮਾਂ ਦੇ ਅਨੁਸਾਰ ਹੈ।
ਯੂਨੀਫਾਈਡ ਪੈਨਸ਼ਨ ਸਕੀਮ (UPS) ਦੀਆਂ ਮੁੱਖ ਵਿਸ਼ੇਸ਼ਤਾਵਾਂ
ਸਰਕਾਰ ਵੱਲੋਂ ਜਾਰੀ ਦਸਤਾਵੇਜ਼ਾਂ ਅਨੁਸਾਰ, ਯੂਨੀਫਾਈਡ ਪੈਨਸ਼ਨ ਸਕੀਮ (UPS) ਤਹਿਤ ਕਰਮਚਾਰੀਆਂ ਨੂੰ ਹੇਠ ਲਿਖੇ ਲਾਭ ਮਿਲਣਗੇ:
ਨਿਸ਼ਚਿਤ ਪੈਨਸ਼ਨ:
25 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਪਿਛਲੇ 12 ਮਹੀਨਿਆਂ ਦੀ ਔਸਤ ਬੇਸਿਕ ਤਨਖਾਹ ਦਾ 50 ਪ੍ਰਤੀਸ਼ਤ ਹਿੱਸਾ ਪੈਨਸ਼ਨ ਵਜੋਂ ਦਿੱਤਾ ਜਾਵੇਗਾ। ਜਿਨ੍ਹਾਂ ਕਰਮਚਾਰੀਆਂ ਦੀ ਸੇਵਾ 10 ਤੋਂ 25 ਸਾਲ ਦੇ ਦਰਮਿਆਨ ਹੋਵੇਗੀ, ਉਨ੍ਹਾਂ ਨੂੰ ਅਨੁਪਾਤਕ ਆਧਾਰ ‘ਤੇ ਪੈਨਸ਼ਨ ਮਿਲੇਗੀ।ਪਰਿਵਾਰਕ ਪੈਨਸ਼ਨ:
ਕਰਮਚਾਰੀ ਦੀ ਮੌਤ ਦੀ ਸਥਿਤੀ ਵਿੱਚ, ਉਸ ਦੇ ਜੀਵਨ ਸਾਥੀ ਨੂੰ ਮਿਲਣ ਵਾਲੀ ਪੈਨਸ਼ਨ ਦਾ 60 ਪ੍ਰਤੀਸ਼ਤ ਹਿੱਸਾ ਪਰਿਵਾਰਕ ਪੈਨਸ਼ਨ ਵਜੋਂ ਦਿੱਤਾ ਜਾਵੇਗਾ।ਘੱਟੋ-ਘੱਟ ਪੈਨਸ਼ਨ:
10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਲਈ ਘੱਟੋ-ਘੱਟ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਗਰੰਟੀ ਹੋਵੇਗੀ।ਮਹਿੰਗਾਈ ਭੱਤਾ (DR):
ਸੇਵਾਮੁਕਤ ਕਰਮਚਾਰੀਆਂ ਨੂੰ ਵੀ ਸੇਵਾ ਵਿੱਚ ਰਹਿੰਦੇ ਕਰਮਚਾਰੀਆਂ ਵਾਂਗ AICPI-IW ਸੂਚਕਾਂਕ ਦੇ ਆਧਾਰ ‘ਤੇ ਮਹਿੰਗਾਈ ਰਾਹਤ (Dearness Relief) ਦਿੱਤੀ ਜਾਵੇਗੀ।ਇਕਮੁਸ਼ਤ ਭੁਗਤਾਨ (Lump Sum):
ਗ੍ਰੈਚੂਟੀ ਤੋਂ ਇਲਾਵਾ, ਸੇਵਾਮੁਕਤੀ ਸਮੇਂ ਕਰਮਚਾਰੀ ਨੂੰ ਹਰ ਪੂਰੇ ਕੀਤੇ 6 ਮਹੀਨੇ ਦੀ ਸੇਵਾ ਲਈ ਮਹੀਨਾਵਾਰ ਤਨਖਾਹ (ਬੇਸਿਕ + ਡੀਏ) ਦਾ 1/10ਵਾਂ ਹਿੱਸਾ ਇਕਮੁਸ਼ਤ ਰਕਮ ਵਜੋਂ ਦਿੱਤਾ ਜਾਵੇਗਾ।ਕੀ ਕਰਮਚਾਰੀਆਂ ਦਾ ਆਪਣਾ ਯੋਗਦਾਨ ਵਾਪਸ ਮਿਲੇਗਾ?
ਸਰਕਾਰੀ ਦਸਤਾਵੇਜ਼ਾਂ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਕਰਮਚਾਰੀ ਦੀ ਪੈਨਸ਼ਨ ਸ਼ੁਰੂ ਹੋ ਜਾਵੇਗੀ, ਉਸ ਤੋਂ ਬਾਅਦ ਸੇਵਾ ਦੌਰਾਨ ਤਨਖਾਹ ਵਿੱਚੋਂ ਕੱਟਿਆ ਗਿਆ ਕਰਮਚਾਰੀ ਦਾ ਯੋਗਦਾਨ ਵਾਪਸ ਕਰਨ ਦਾ ਕੋਈ ਪ੍ਰਬੰਧ ਨਹੀਂ ਹੋਵੇਗਾ। ਹਾਲਾਂਕਿ, ਸੇਵਾਮੁਕਤੀ ਵੇਲੇ ਕਰਮਚਾਰੀ ਨੂੰ ਆਪਣੇ ਕੁੱਲ ਜਮ੍ਹਾਂ ਫੰਡ (Corpus) ਵਿੱਚੋਂ ਵੱਧ ਤੋਂ ਵੱਧ 60 ਪ੍ਰਤੀਸ਼ਤ ਰਕਮ ਕਢਵਾਉਣ ਦਾ ਵਿਕਲਪ ਮਿਲੇਗਾ। ਪਰ ਅਜਿਹਾ ਕਰਨ ਦੀ ਸਥਿਤੀ ਵਿੱਚ ਉਸ ਦੀ ਮਹੀਨਾਵਾਰ ਪੈਨਸ਼ਨ ਵਿੱਚ ਕਟੌਤੀ ਕੀਤੀ ਜਾਵੇਗੀ।

