ਅੰਮ੍ਰਿਤਸਰ ਦੇ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਾਪੇ ਤੇ ਪ੍ਰਸ਼ਾਸਨ ਵਿੱਚ ਹੜਕੰਪ
ਅੰਮ੍ਰਿਤਸਰ 12 ਦਸੰਬਰ 2025 – ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਕਈ ਪ੍ਰਸਿੱਧ ਪ੍ਰਾਈਵੇਟ ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ ਹੈ। ਇਹ ਧਮਕੀ ਸਕੂਲ ਪ੍ਰਬੰਧਕਾਂ ਨੂੰ ਈਮੇਲ ਰਾਹੀਂ ਭੇਜੀ ਗਈ, ਜਿਸ ਤੋਂ ਬਾਅਦ ਸਕੂਲਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਸਕੂਲ ਪ੍ਰਬੰਧਨ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਤੁਰੰਤ ਸੂਚਨਾ ਭੇਜ ਕੇ ਕਿਹਾ ਗਿਆ ਕਿ ਆਪਣੇ ਬੱਚਿਆਂ ਨੂੰ ਸਕੂਲ ਤੋਂ ਘਰ ਲੈ ਜਾਓ। ਇਸ ਤੋਂ ਬਾਅਦ ਸਕੂਲ ਵੈਨ ਬੁਲਾਕੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਸਕਵਾਯਡ ਅਤੇ ਫਾਇਰ ਬ੍ਰਿਗੇਡ ਨੂੰ ਵੀ ਤੁਰੰਤ ਬੁਲਾਇਆ ਗਿਆ।
ਸਕੂਲ ਵੱਲੋਂ ਆਏ ਅਚਾਨਕ ਮੈਸੇਜ ਕਾਰਨ ਮਾਪੇ ਵੀ ਘਬਰਾਏ ਹੋਏ ਸਕੂਲਾਂ ‘ਚ ਪਹੁੰਚੇ। ਛੁੱਟੀ ਕਰਵਾਉਣ ਦੀ ਹੜਬੜਾਹਟ ਵਿਚ ਬੱਚਿਆਂ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ। ਸੁਰੱਖਿਆ ਕਾਰਨਾਂ ਕਰਕੇ ਸਕੂਲਾਂ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਪੁਲਿਸ ਟੀਮਾਂ ਕਲਾਸਰੂਮ ਅਤੇ ਪੂਰੇ ਕੈਂਪਸ ਦੀ ਤਲਾਸ਼ੀ ਕਰ ਰਹੀਆਂ ਹਨ। ਮਿਲੀ ਈਮੇਲ ਨੂੰ ਸਾਇਬਰ ਸੈਲ ਨੂੰ ਭੇਜ ਦਿੱਤਾ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਧਮਕੀ ਕਿਸਨੇ ਭੇਜੀ ਹੈ। ਫਿਲਹਾਲ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ।
ਪੁਲਿਸ ਨੇ ਕਿਹਾ ਹੈ ਕਿ ਜਾਂਚ ਪੂਰੀ ਹੋਣ ਤੱਕ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ।
