ਭਾਰਤ 'ਤੇ ਅਮਰੀਕਾ ਵੱਲੋਂ 25% ਵਾਧੂ ਟੈਰਿਫ਼ ਲਾਗੂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ 25% ਵਾਧੂ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਉਨ੍ਹਾਂ ਨੇ ਅੱਜ ਇੱਕ ਐਗਜ਼ੀਕਿਊਟਿਵ ਆਰਡਰ 'ਤੇ ਦਸਤਖ਼ਤ ਕਰਕੇ ਕੀਤਾ। ਇਹ ਆਦੇਸ਼ 27 ਅਗਸਤ ਤੋਂ ਲਾਗੂ ਹੋਵੇਗਾ।
ਇਸ ਤੋਂ ਪਹਿਲਾਂ ਵੀ 30 ਜੁਲਾਈ ਨੂੰ 25% ਟੈਰਿਫ਼ ਲਾਉਣ ਦਾ ਐਲਾਨ ਹੋ ਚੁੱਕਾ ਸੀ। ਹੁਣ ਤੱਕ ਅਮਰੀਕਾ ਵੱਲੋਂ ਭਾਰਤ ਉੱਤੇ ਕੁੱਲ 50% ਟੈਰਿਫ਼ ਲੱਗ ਚੁੱਕੀ ਹੈ।
ਰੂਸੀ ਤੇਲ ਖਰੀਦ ਕਾਰਨ ਲਿਆ ਗਿਆ ਇਹ ਕਦਮ
ਟਰੰਪ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ, ਜਿਸ ਨਾਲ ਰੂਸ ਨੂੰ ਯੂਕਰੇਨ ਜੰਗ ਜਾਰੀ ਰੱਖਣ ਵਿੱਚ ਮਦਦ ਮਿਲ ਰਹੀ ਹੈ। ਇਸ ਕਾਰਨ ਅਮਰੀਕਾ ਨੇ ਭਾਰਤ ਉੱਤੇ ਕਾਰਵਾਈ ਕਰਨ ਦਾ ਫੈਸਲਾ ਲਿਆ।
ਐਗਜ਼ੀਕਿਊਟਿਵ ਆਰਡਰ ਵਿੱਚ ਕੀ ਲਿਖਿਆ?
ਟਰੰਪ ਨੇ ਆਰਡਰ ਵਿੱਚ ਲਿਖਿਆ ਕਿ ਭਾਰਤ ਸਰਕਾਰ ਸਿੱਧੇ ਜਾਂ ਅਣਸਿੱਧੇ ਤਰੀਕੇ ਨਾਲ ਰੂਸ ਤੋਂ ਤੇਲ ਦੀ ਆਯਾਤ ਕਰ ਰਹੀ ਹੈ। ਇਸ ਕਰਕੇ ਭਾਰਤ ਤੋਂ ਅਮਰੀਕਾ ਆਉਣ ਵਾਲੇ ਸਮਾਨਾਂ 'ਤੇ 25% ਵਾਧੂ ਟੈਰਿਫ਼ ਲਾਗੂ ਹੋਵੇਗੀ, ਜੋ ਕਿ 21 ਦਿਨਾਂ ਬਾਅਦ ਲਾਗੂ ਹੋ ਜਾਵੇਗੀ।
ਕੁਝ ਹਾਲਾਤਾਂ ਵਿੱਚ ਮਿਲੇਗੀ ਛੂਟ
ਹਾਲਾਂਕਿ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਛੂਟ ਦਿੱਤੀ ਜਾਵੇਗੀ ਜਿਵੇਂ ਕਿ ਜੇ ਸਮਾਨ ਪਹਿਲਾਂ ਹੀ ਸਮੁੰਦਰ ਰਾਹੀਂ ਭੇਜਿਆ ਜਾ ਚੁੱਕਾ ਹੋਵੇ ਜਾਂ ਰਾਹ ਵਿੱਚ ਹੋਵੇ, ਜਾਂ ਕਿਸੇ ਨਿਰਧਾਰਤ ਤਾਰੀਖ ਤੋਂ ਪਹਿਲਾਂ ਦਾ ਹੋਵੇ।
