ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਕਪੂਰਥਲਾ
ਜ਼ਿਲ੍ਹ ਮੈਜਿਸਟਰੇਟ ਵਲੋਂ ਦੀਵਾਲੀ, ਗੁਰਪੁਰਬ , ਕ੍ਰਿਸਮਸ ਅਤੇ ਨਵੇਂ ਸਾਲ ’ਤੇ ਪਟਾਖੇ ਚਲਾਉਣ ਲਈ ਸਮਾਂ ਨਿਰਧਾਰਿਤ
ਕਪੂਰਥਲਾ, 29 ਅਕਤੂਬਰ : ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਹਾੜੇ ’ਤੇ ਪਟਾਖੇ/ਆਤਿਸ਼ਬਾਜੀ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਹੈ। ਇਸ ਨਿਰਧਾਰਿਤ ਸਮੇਂ ਤੋਂ ਬਾਅਦ ਜਾਂ ਪਹਿਲਾ ਪਟਾਖੇ/ਆਤਿਸ਼ਬਾਜੀ ਚਲਾਉਣ ’ਤੇ ਪੂਰਨ ਪਾਬੰਦੀ ਰਹੇਗੀ।
ਜਾਰੀ ਹੁਕਮਾਂ ਅਨੁਸਾਰ 31 ਅਕਤੂਬਰ ਨੂੰ ਦੀਵਾਲੀ ਮੌਕੇ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ , ਗੁਰਪੁਰਬ (ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ) ਮੌਕੇ 15 ਨਵੰਬਰ ਨੂੰ ਤੜਕਸਾਰ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ ਰਾਤ 10 ਵਜੇ ਤੱਕ, 25 ਦਸੰਬਰ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਰਾਤ 11.55 ਵਜੇ ਤੋਂ ਰਾਤ 12.30 ਵਜੇ ਤੱਕ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਾਈਲੈਂਸ ਜ਼ੋਨ ਜਿਵੇਂ ਕਿ ਹਸਪਤਾਲ, ਸਿੱਖਿਆ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਘੇਰੇ ਦੇ ਅੰਦਰ ਪਟਾਖੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਹੁਕਮ 30-10-2024 ਤੋਂ 01-01-2025 ਤੱਕ ਲਾਗੂ ਰਹਿਣਗੇ।