*ਆਈਏਐਸ ਏਡੀਸੀ (ਡੀ) ਹਰਜਿੰਦਰ ਸਿੰਘ ਨੇ ਵੀ ਇਸ ਮੈਗਾ ਈਵੈਂਟ ਵਿੱਚ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ*
ਮਾਪਿਆਂ ਤੇ ਅਧਿਆਪਕਾਂ ਦੀ ਸਾਂਝ ਬੱਚਿਆਂ ਦੀ ਸਖਸ਼ੀਅਤ ਉਸਾਰੀ ਲਈ ਨਿਭਾਏਗੀ ਅਹਿਮ ਭੁਮਿਕਾ-ਡਿੰਪਲ ਮਦਾਨ
ਬੱਚੇ ਬਣਨਗੇ ਕੱਲ ਦੇ ਸਮੱਰਥ ਨਾਗਰਿਕ-ਰਵਿੰਦਰ ਕੌਰ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਿੱਖਿਆ ਕ੍ਰਾਂਤੀ ਤਹਿਤ ਵਿਦਿਆਰਥੀਆਂ ਦੇ ਗੁਣਾਤਮਕ ਬੌਧਿਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿਚ ਉੱਚ ਮਿਆਰੀ ਸਿੱਖਿਆ ਦੇਣ ਦੀ ਲੜੀ ਵਿਚ ਜ਼ਿਲ੍ਹੇ ਦੇ 1526 ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀਆਂ ਆਯੋਜਿਤ ਕੀਤੀਆਂ ਗਈਆਂ ਤਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਪੇ ਤੇ ਅਧਿਆਪਕ ਮਿਲ ਕੇ ਕੰਮ ਕਰ ਸਕਨ।
ਇਸੇ ਸੰਦਰਭ ਵਿਚ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਨੇ ਵਿਸੇਸ਼ ਤੌਰ ਤੇ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖੁਰਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਖੁਰਦ ਸਕੂਲਾਂ ਵਿਚ ਇੰਨ੍ਹਾਂ ਮਾਪੇ ਅਧਿਆਪਕ ਮਿਲਣੀਆਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਵਿੰਦਰ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੋਤੀਨਗਰ, ਕਿਲਾ ਰਾਏਪੁਰ (ਲੜਕੇ), ਸਰਕਾਰੀ ਪ੍ਰਾਇਮਰੀ ਸਕੂਲ ਸਾਇਆਂ, ਸਰਕਾਰੀ ਪ੍ਰਾਇਮਰੀ ਸਕੂਲ ਜਰਖੜ ਦੀਆਂ ਮਾਪੇ ਅਧਿਆਪਕ ਮਿਲਣੀਆਂ ਵਿਚ ਸ਼ਿਰਕਤ ਕੀਤੀ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਜਸਵਿੰਦਰ ਸਿੰਘ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੇਤ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਰੀਕੇ ਅਤੇ ਸਰਕਾਰੀ ਮਿਡਲ ਸਕੂਲ ਝਾਂਡੇ ਦੀਆਂ ਮਾਪੇ ਅਧਿਆਪਕ ਮਿਲਣੀਆਂ ਵਿਚ ਸ਼ਿਰਕਤ ਕੀਤੀ।ਰਵਿੰਦਰ ਕੌਰ ਨੇ ਦੱਸਿਆ ਕਿ ਮੋਤੀਨਗਰ ਸਕੂਲ ਵਿਚ ਗ੍ਰੀਨ ਦਿਵਾਲੀ ਦਾ ਵੀ ਇਕ ਮੇਲਾ ਲਗਾਇਆ ਹੋਇਆ ਸੀ ਜੋ ਸ਼ਲਾਘਾਯੋਗ ਸੀ।ਮਾਪੇ ਗ੍ਰੀਨ ਦਿਵਾਲੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਜੇਤੂ ਵਿਦਿਆਰਥੀਆਂ ਨੂੰ ਕੰਬਲ ਦੇ ਕੇ ਉਤਸ਼ਾਹਿਤ ਕੀਤਾ। ਕਿਲਾ ਰਾਏਪੁਰ ਦੇ ਸਕੂਲ ਵਿਚ ਪੜ੍ਹੇ ਮੋਗਾ ਵਿਖੇ ਜਗਵਿੰਦਰ ਸਿੰਘ ਏ ਡੀ ਸੀ ਨੇ ਸਕੂਲ ਨੂੰ 6 ਏ ਸੀ ਦਾਨ ਕੀਤੇ। ਇਸ ਦੇ ਨਾਲ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨੋਜ ਕੁਮਾਰ ਦੁਆਰਾ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ2, ਸਰਕਾਰੀ ਪ੍ਰਾਇਮਰੀ ਸਕੂਲ ਮਾਣੇਵਾਲ, ਸਰਕਾਰੀ ਪ੍ਰਾਇਮਰੀ ਸਕੂਲ ਰਾਈਆਂ ਸਕੂਲਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਤਰਾਂ ਦੀਆਂ ਮਾਪੇ ਅਧਿਆਪਕ ਮਿਲਣੀਆਂ ਰੱਖਣ ਦਾ ਉਦੇਸ਼ ਹੈ ਕਿ ਮਾਪੇ ਅਤੇ ਅਧਿਆਪਕ ਦੋਹਾਂ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦੇ ਨਾਲ ਨਾਲ ਜੀਵਨ ਵਿਚ ਚੰਗੇ ਨਾਗਰਿਕ ਵੀ ਬਣਾ ਸਕਨ। ਉਨ੍ਹਾਂ ਨੇ ਕਿਹਾ ਕਿ ਸਕੂਲ ਤੇ ਘਰ ਵਿਚ ਬੱਚੇ ਦੇ ਵਿਹਾਰ ਦੀ ਮਾਪਿਆਂ ਤੇ ਅਧਿਆਪਕਾਂ ਨੂੰ ਸਮਝ ਹੋਵੇਗੀ ਤਾਂ ਉਹ ਉਸਦੀ ਸਖ਼ਸੀਅਤ ਉਸਾਰੀ ਨੂੰ ਹੋਰ ਬਿਹਤਰ ਕਰ ਸਕਦੇ ਹਨ।
ਉਹਨਾਂ ਨੇ ਆਖਿਆ ਕਿ ਇਸ ਤਰਾਂ ਜਿੱਥੇ ਮਾਪਿਆਂ ਨੂੰ ਬੱਚੇ ਦੇ ਸਿੱਖਣ ਪੱਧਰ, ਆਦਤਾਂ ਆਦਿ ਦੀ ਜਾਣਕਾਰੀ ਸਬੰਧੀ ਅਧਿਆਪਕਾਂ ਤੋਂ ਅਤੇ ਅਧਿਆਪਕਾਂ ਨੂੰ ਮਾਪਿਆਂ ਤੋਂ ਜਾਣਕਾਰੀ ਮਿਲਦੀ ਹੈ ਜਿਸ ਨਾਲ ਉਹ ਅਧਿਆਪਨ ਨੂੰ ਹੋਰ ਬਿਹਤਰ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਮਾਪਿਆਂ ਦਾ ਸਹਿਯੋਗ ਵੀ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਬੱਚੇ ਵਿਚ ਕੁਝ ਵਿਸੇਸ਼ ਗੁਣ ਹੁੰਦੇ ਹਨ ਅਤੇ ਇੰਨ੍ਹਾਂ ਦੀ ਪਹਿਚਾਣ ਹੋ ਜਾਵੇ ਤਾਂ ਅਜਿਹੇ ਬੱਚੇ ਹੋਰ ਅੱਗੇ ਵੱਧ ਸਕਦੇ ਹਨ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਸਕੂਲਾਂ ਵਿਚ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਮਾਪਿਆਂ ਤੇ ਅਧਿਆਪਕਾਂ ਦੀਆਂ ਸਾਂਝੀਆਂ ਕੋਸ਼ਿਸਾਂ ਰੂਪੀ ਸਹਿਯੋਗ ਨਾਲ ਇੰਨ੍ਹਾਂ ਉਪਰਾਲਿਆਂ ਨੂੰ ਹੋਰ ਬਲ ਮਿਲਦਾ ਹੈ ਅਤੇ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਹੋਰ ਸਮਰੱਥ ਪੀੜ੍ਹੀ ਵਜੋਂ ਵੱਡੇ ਕਰ ਸਕਦੇ ਹਾਂ।
ਇਸ ਮੌਕੇ ਮਾਪਿਆਂ ਅਤੇ ਪੰਚਾਇਤਾਂ ਵੱਲੋਂ ਵੀ ਸਕੂਲਾਂ ਵਿਚ ਪੜਾਈ ਦੇ ਪੱਧਰ ਵਿਚ ਹੋਏ ਸੁਧਾਰ ਲਈ ਸਰਕਾਰ ਦਾ ਧੰਨਵਾਦ ਕੀਤਾ।