ਹੁਸੈਨੀਵਾਲਾ ਹੈਡ ਵਰਕਸ ਤੋਂ ਛੱਡਿਆ ਜਾ ਰਿਹਾ ਹੈ 282875 ਕਿਉਸਿਕ ਪਾਣੀ—ਡਿਪਟੀ ਕਮਿਸ਼ਨਰ
ਰਾਹਤ ਕਾਰਜ ਤੇਜੀ ਨਾਲ ਜਾਰੀ, ਲੋਕ ਪ੍ਰਸ਼ਾਸਨ ਦੀ ਸਲਾਹ ਅਨੁਸਾਰ ਸੁਰੱਖਿਤ ਥਾਂਵਾਂ ਤੇ ਪਹੁੰਚਣ ਲੱਗੇ
ਫਾਜਿ਼ਲਕਾ, 19 ਅਗਸਤ
ਸ਼ਨੀਵਾਰ ਨੂੰ ਹੁਸੈਨੀਵਾਲਾ ਹੈਡਵਰਕਸ ਤੋਂ 282875 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਫਾਜਿ਼ਲਕਾ ਜਿ਼ਲ੍ਹੇ ਵਿਚੋਂ ਲੰਘਦੀ ਸਤਲੁਜ਼ ਦੀ ਕਰੀਕ ਵਿਚ ਤੇਜੀ ਨਾਲ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਜਿ਼ਲ੍ਹੇ ਵਿਚ ਹਾਲੇ ਤੱਕ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਅਤੇ ਹੜ੍ਹ ਰਾਹਤ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਅਪੀਲਾਂ ਨੂੰ ਮੰਨਿਦਿਆਂ ਲੋਕਾਂ ਨੇ ਨੀਂਵੇਂ ਥਾਂਵਾਂ ਤੋਂ ਬਾਹਰ ਆਉਣਾ ਸੁਰੂ ਕਰ ਦਿੱਤਾ ਹੈ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਸਾਰੇ ਪਿੰਡਾਂ ਵਿਚ ਤਾਇਨਾਤ ਹਨ ਜ਼ੋ ਕਿ ਲੋਕਾਂ ਨਾਲ ਲਗਾਤਾਰ ਰਾਬਤਾ ਰੱਖ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਸਤਾਂ ਕਲਾਂ ਵਿਖੇ ਬਣੇ ਰਾਹਤ ਕੇਂਦਰ ਵਿਚ 70 ਲੋਕ ਪਹੁੰਚੇ ਹਨ ਅਤੇ 35 ਜਾਨਵਰ ਵੀ ਉਹ ਆਪਣੇ ਨਾਲ ਲੈ ਕੇ ਆਏ ਹਨ। ਜਦ ਕਿ ਕੁਝ ਲੋਕ ਆਪਣੇ ਰਿਸਤੇਦਾਰਾਂ ਦੇ ਘਰਾਂ ਵਿਚ ਸੁਰੱਖਿਅਤ ਥਾਂਵਾਂ ਤੇ ਗਏ ਹਨ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਪੁੱਜਣ ਲਈ ਟਰੈਕਟਰ ਟਰਾਲੀਆਂ ਦੀ ਮਦਦ ਵੀ ਮੰਗ ਅਨੁਸਾਰ ਮੁਹਈਆ ਕਰਵਾਈ ਜਾ ਰਹੀ ਹੈ।ਸਿਹਤ ਵਿਭਾਗ ਨੇ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਵੀ ਸੁਰੱਖਿਅਤ ਥਾਂਵਾਂ ਤੇ ਪਹੁੰਚਣ ਲਈ ਪਹਿਲਾਂ ਹੀ ਪ੍ਰੇਰਿਤ ਕਰ ਲਿਆ ਸੀ।
ਇਸੇ ਤਰਾਂ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਹਸਤਾਂ ਕਲਾਂ ਦੇ ਰਾਹਤ ਕੈਂਪ ਵਿਚ ਜਾਨਵਰਾਂ ਲਈ 20 ਕੁਇੰਟਲ ਹਰਾ ਚਾਰਾ ਮੁਹਈਆ ਕਰਵਾਇਆ ਗਿਆ ਹੈ। ਇਸੇ ਤਰਾਂ 25 ਕਿਉਂਟਿਲ ਹਰਾ ਚਾਰਾ ਪਿੰਡ ਦੋਨਾ ਨਾਨਕਾ ਵਿਖੇ ਭੇਜਿਆ ਗਿਆ ਹੈ। ਪਿੰਡ ਚੱਕ ਰੁਹੇਲਾ ਅਤੇ ਤੇਜਾ ਰੁਹੇਲਾ ਵਿਚ 600 ਪੈਕਟ ਭੋਜਨ ਅਤੇ 100 ਬੈਗ ਕੈਟਲ ਫੀਡ ਵੰਡਿਆ ਗਿਆ ਹੈ।
ਦੁਜ਼ੇ ਪਾਸੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਭਾਵੇਂ ਹੁਸੈਨੀਵਾਲਾ ਹੈਡਵਰਕਸ ਤੋਂ ਪਾਣੀ ਲਗਾਤਾਰ ਵੱਧ ਰਿਹਾ ਹੈ ਪਰ ਹਰੀਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਦੋ ਤਿੰਨ ਦਿਨ ਹੋਰ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਦੀ ਸਲਾਹਾਂ ਤੇ ਅਮਲ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਹ ਦੋ ਤਿੰਨ ਦਿਨ ਫਾਜਿ਼ਲਕਾ ਲਈ ਮਹੱਤਵਪੂਰਨ ਹਨ। ਫਾਜਿ਼ਲਕਾ ਦੇ ਐਸਡੀਐਮ ਸ੍ਰੀ ਨਿਕਾਸ ਖੀਂਚੜ ਅਤੇ ਜਲਾਲਾਬਾਦ ਦੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ ਆਪ ਅਗਲੇਰੇ ਪਿੰਡਾਂ ਤੱਕ ਪਹੁੰਚ ਕੇ ਲੋਕਾਂ ਤੱਕ ਰਾਹਤ ਪਹੁੰਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂਵਾਂ ਤੇ ਆਉਣ ਲਈ ਪ੍ਰੇਰਿਤ ਕਰ ਰਹੇ ਹਨ।