ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤਮਈ ਧਰਨਿਆਂ ਲਈ ਥਾਵਾਂ ਨਿਸ਼ਚਿਤ
ਜਲੰਧਰ : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਅੰਦਰ ਸ਼ਾਂਤਮਈ ਧਰਨਿਆਂ ਲਈ ਵੱਖ-ਵੱਖ ਥਾਵਾਂ ਨਿਸ਼ਚਿਤ ਕੀਤੀਆਂ ਹਨ ਜਿਨ੍ਹਾਂ ਲਈ ਧਰਨਾਕਾਰੀਆਂ ਨੂੰ ਪ੍ਰਦਰਸ਼ਨ ਲਈ ਪੁਲਿਸ ਕਮਿਸ਼ਨਰ ਅਤੇ ਸਬੰਧਿਤ ਐਸ.ਡੀ.ਐਮ ਤੋਂ ਅਗਾਓਂ ਪ੍ਰਵਾਨਗੀ ਲੈਣੀ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਧਰਨਿਆਂ ਦੌਰਾਨ ਕੋਈ ਵੀ ਹਥਿਆਰ ਜਿਨ੍ਹਾਂ ਵਿੱਚ ਚਾਕੂ, ਲਾਠੀਆਂ ਆਦਿ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ। ਧਰਨਾਕਾਰੀਆਂ ਵਲੋਂ ਇਹ ਲਿਖਤੀ ਤੌਰ ’ਤੇ ਦਿੱਤਾ ਜਾਵੇਗਾ ਕਿ ਰੋਸ ਮਾਰਚ/ਧਰਨੇ ਨੂੰ ਸਾਂਤਮਈ ਰੱਖਿਆ ਜਾਵੇਗਾ। ਜਾਰੀ ਹੁਕਮਾਂ ਅਨੁਸਾਰ ਪੁਲਿਸ ਕਮਿਸ਼ਨਰ ਅਤੇ ਐਸ.ਡੀ.ਐਮ.ਜਲੰਧਰ ਦੇ ਅਧਿਕਾਰ ਖੇਤਰ ਵਿੱਚ ਪੁੱਡਾ ਗਰਾਊਂਡ ਸਾਹਮਣੇ ਤਹਿਸੀਲ ਕੰਪਲੈਕਸ, ਦੇਸ਼ ਭਗਤ ਯਾਦਗਾਰ ਹਾਲ, ਬਰਲਟਨ ਪਾਰਕ ਅਤੇ ਦੁਸਹਿਰਾ ਗਰਾਊਂਡ, ਜਲੰਧਰ ਛਾਉਣੀ ਸ਼ਾਂਤਮਈ ਧਰਨਿਆਂ ਲਈ ਨਿਸ਼ਚਿਤ ਕੀਤੇ ਗਏ ਹਨ। ਇਸੇ ਤਰ੍ਹਾਂ ਕਰਤਾਰਪੁਰ ਵਿਖੇ ਇੰਪਰੂਵਮੈਂਟ ਟਰੱਸਟ ਗਰਾਊਂਡ, ਭੋਗਪੁਰ ਵਿਖੇ ਦਾਣਾ ਮੰਡੀ ਭੋਗਪੁਰ, ਨਕੋਦਰ ਵਿਖੇ ਕਪੂਰਥਲਾ ਰੋਡ ਦੇ ਪੱਛਮ ਵਾਲੇ ਪਾਸੇ, ਫਿਲੌਰ ਵਿਖੇ ਦਾਣਾ ਮੰਡੀ, ਸ਼ੈਫਾਬਾਦ ਅਤੇ ਸ਼ਾਹਕੋਟ ਵਿਖੇ ਨਗਰ ਪੰਚਾਇਤ ਕੰਪਲੈਕਸ ਨੂੰ ਸਾਂਤਮਈ ਧਰਨੇ/ਪ੍ਰਦਰਸ਼ਨ ਲਈ ਥਾਂ ਵਜੋਂ ਨਿਸ਼ਚਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੇਕਰ ਕਿਸੇ ਧਰਨੇ/ਪ੍ਰਦਰਸ਼ਨ ਦੌਰਾਨ ਮਨੁੱਖੀ ਜਾਨ ਜਾਂ ਸੰਪਤੀ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਧਰਨਾ/ਪ੍ਰਦਰਸ਼ਨ ਕਰਨ ਵਾਲੇ ਪ੍ਰਬੰਧਕ ਜਿੰਮੇਵਾਰ ਹੋਣਗੇ।
Government of Punjab #jalandhar #jalandharadministration #visheshsarangal #dcjalandhar